Motivational Stories: ਨਿੰਦਾ, ਇਕ ਅਜਿਹਾ ਸ਼ਬਦ ਹੈ, ਜਿਸ ’ਚ ਇਨਸਾਨ ਦੀਆਂ ਖ਼ੁਦ ਦੀਆਂ ਕਮੀਆਂ ਲੁਕੀਆਂ ਹੁੰਦੀਆਂ ਹਨ। ਉਹ ਦੂਸਰੇ ਦੀ ਨਿੰਦਾ ਕਰਦਾ ਹੈ, ਨਿੰਦਾ ਰਸ ਦਾ ਆਨੰਦ ਲੈਂਦਾ ਹੈ, ਪਰ ਉਹ ਖ਼ੁਦ ਬਾਰੇ ਨਹੀਂ ਸੋਚਦਾ। ਕਈ ਵਾਰ ਅਸੀਂ ਆਪਣੀ ਗਲ਼ਤ ਸੋਚ ਜਾਂ ਨਾਸਮਝੀ ਕਾਰਨ ਵੀ ਅਜਿਹਾ ਕਰਦੇ ਹਾਂ। ਜੇਕਰ ਤੁਸੀਂ ਵੀ ਦੂਸਰਿਆਂ ਦੀ ਨਿੰਦਾ ਕਰਦੇ ਹੋ ਤਾਂ ਜਾਗਰਣ ਅਧਿਆਤਮ ’ਚ ਅੱਜ ਅਸੀਂ ਤੁਹਾਨੂੰ ਇਕ ਪ੍ਰੇਰਕ ਕਥਾ ਬਾਰੇ ਦੱਸ ਰਹੇ ਹਾਂ, ਜਿਸਨੂੰ ਪੜ੍ਹ ਕੇ ਤੁਸੀਂ ਇਕ ਵਾਰ ਸੋਚਣ ਲਈ ਮਜਬੂਰ ਹੋ ਜਾਵੋਗੇ।

ਇਕ ਨਗਰ ’ਚ ਇਕ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਹ ਪੁਰਾਣਾ ਕਮਰਾ ਬਦਲ ਕੇ ਨਵੇਂ ਘਰ ’ਚ ਰਹਿਣ ਲਈ ਪਹੁੰਚਿਆ। ਉਸਦਾ ਸਾਰਾ ਸਾਮਾਨ ਵਿਵਸਥਿਤ ਕਰ ਦਿੱਤਾ ਗਿਆ ਸੀ। ਉਸਦੇ ਮਕਾਨ ਦੇ ਸਾਹਮਣੇ ਹੀ ਇਕ ਹੋਰ ਮਕਾਨ ਸੀ। ਉਸਦੇ ਘਰ ਦੀ ਮੇਨ ਖਿੜਕੀ ਤੋਂ ਦੂਸਰੇ ਘਰ ਦੀ ਛੱਤ ਦਿਖਾਈ ਦਿੰਦੀ ਸੀ।

ਅਗਲੀ ਸਵੇਰ ਉਸ ਵਿਅਕਤੀ ਦੀ ਪਤਨੀ ਨੇ ਉਸਨੂੰ ਕਿਹਾ, ਦੇਖੋ ਸਾਹਮਣੇ ਵਾਲੀ ਛੱਤ ’ਤੇ ਕਿੰਨੇ ਮੈਲੇ ਕੱਪੜੇ ਫੈਲਾਏ ਗਏ ਹਨ। ਲੱਗਦਾ ਹੈ, ਉਨ੍ਹਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਆਪਣੇ ਕੱਪੜੇ ਸਾਫ ਕਰਨਾ ਵੀ ਨਹੀਂ ਆਉਂਦਾ। ਪਤੀ ਨੇ ਪਤਨੀ ਦੀ ਗੱਲ ਅਣਸੁਣੀ ਕਰ ਦਿੱਤੀ। ਕੁਝ ਦਿਨ ਬੀਤ ਗਏ। ਫਿਰ ਇਕ ਦਿਨ ਪਤਨੀ ਨੇ ਪਤੀ ਨਾਲ ਇਹੀ ਗੱਲ ਦੁਬਾਰਾ ਕੀਤੀ।

ਪਤੀ ਨੇ ਇਸ ਵਾਰ ਪਤਨੀ ਦੀ ਗੱਲ ਸੁਣ ਲਈ, ਪਰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਪਤਨੀ ਸੋਚਣ ਲੱਗੀ ਕਿ ਇਹ ਕੁਝ ਬੋਲਦੇ ਕਿਉਂ ਨਹੀਂ ਹਨ। ਕੁਝ ਦਿਨਾਂ ਬਾਅਦ ਉਹ ਦੋਵੇਂ ਉਸੀ ਖਿੜਕੀ ਦੇ ਕੋਲ ਬੈਠ ਕੇ ਨਾਸ਼ਤਾ ਕਰ ਰਹੇ ਸੀ। ਪਤਨੀ ਦੀ ਨਜ਼ਰ ਹਮੇਸ਼ਾ ਵਾਂਗ ਸਾਹਮਣੇ ਵਾਲੀ ਛੱਤ ’ਤੇ ਗਈ ਅਤੇ ਉਹ ਚਹਿਕ ਉੱਠੀ। ਉਸਨੇ ਬੋਲਿਆ, ‘ਅਰੇ, ਕੀ ਅੱਜ ਸੂਰਜ ਪੱਛਮ ਵੱਲੋਂ ਚੜਿਆ ਹੈ? ਲੱਗਦਾ ਹੈ ਕਿ ਅੱਜ ਕਿਸੇ ਹੋਰ ਨੇ ਕੱਪੜੇ ਧੋਤੇ ਹਨ। ਕਿੰਨੇ ਸਾਫ਼ ਕੱਪੜੇ ਧੋਤੇ ਹਨ।’

ਪਤਨੀ ਦੀ ਗੱਲ ਸੁਣ ਕੇ ਪਤੀ ਮੁਸਕਰਾਉਣ ਲੱਗਾ। ਉਸਨੇ ਪਤਨੀ ਨੂੰ ਕਿਹਾ, ਉਨ੍ਹਾਂ ਦੇ ਕੱਪੜੇ ਜਿਵੇਂ ਪਹਿਲਾਂ ਧੋਤੇ ਸੀ, ਉਵੇਂ ਹੀ ਹੁਣ ਵੀ ਧੋਤੇ ਹਨ। ਦਰਅਸਲ, ਸਾਡੀ ਖਿੜਕੀ ਦਾ ਸ਼ੀਸ਼ਾ ਹੀ ਗੰਦਾ ਸੀ, ਜਿਸਨੂੰ ਅੱਜ ਸਵੇਰੇ ਉੱਠ ਕੇ ਮੈਂ ਸਾਫ਼ ਕਰ ਦਿੱਤਾ। ਪਤੀ ਦੀ ਇਹ ਗੱਲ ਸੁਣ ਕੇ ਪਤਨੀ ਸ਼ਰਮਿੰਦਾ ਹੋ ਗਈ। ਉਹ ਸੋਚਣ ਲੱਗੀ ਕਿ ਉਹ ਤਾਂ ਬੇਕਾਰ ’ਚ ਹੀ ਸਾਹਮਣੇ ਵਾਲੇ ਦੀ ਨਿੰਦਾ ਕਰਦੀ ਰਹੀ, ਕਮੀ ਤਾਂ ਉਸ ’ਚ ਹੀ ਸੀ। ਕਮਰੇ ਦੀ ਖਿੜਕੀ ਤਾਂ ਉਸਦੀ ਹੀ ਗੰਦੀ ਸੀ।

ਕਥਾ ਦਾ ਸਾਰ

ਕਿਸੇ ਦੂਸਰੇ ਦੀ ਨਿੰਦਾ ਜਾਂ ਅਲੋਚਨਾ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਕ ਕੇ ਦੇਖ ਲੈਣਾ ਚਾਹੀਦਾ ਹੈ, ਤਾਂਕਿ ਬਾਅਦ ’ਚ ਖ਼ੁਦ ਨੂੰ ਸ਼ਰਮਿੰਦਾ ਨਾ ਹੋਣਾ ਪਵੇ।

Posted By: Ramanjit Kaur