ਪ੍ਰਯੋਜਨ ਜੇ ਈਸ਼ਵਰੀ ਵਿਧਾਨ ਦੀ ਪਾਲਣਾ ਮੁਤਾਬਕ ਹੋਵੇ ਤਾਂ ਖ਼ੁਦ ਹੀ ਹਿਤਕਾਰੀ ਹੋਵੇਗਾ ਕਿਉਂਕਿ ਮਨੁੱਖ ਰੱਬ ਦਾ ਹੀ ਰੂਪ ਹੈ। ਕੇਵਲ ਦਿਖਾਵੇ ਲਈ ਰੁੱਝੇ ਰਹਿਣ ਦੇ ਕੋਈ ਮਾਅਨੇ ਨਹੀਂ ਹਨ। ਕੰਮ ਦੀ ਪ੍ਰਕਿਰਤੀ, ਦਿਸ਼ਾ ਤੇ ਨਤੀਜਾ ਅਹਿਮ ਹੈ। ਰੁਝੇਵਾਂ ਉਸੇ ਦਾ ਸਾਰਥਕ ਹੈ ਜਿਸ ਨੇ ਇਕ ਟੀਚਾ ਸੇਧ ਰੱਖਿਆ ਹੈ ਤੇ ਮਨੋਯੋਗ ਨਾਲ ਉਸ ਦਿਸ਼ਾ ’ਚ ਯੋਜਨਾਬੱਧ ਤਰੀਕੇ ਨਾਲ ਮਜ਼ਬੂਤੀ ਨਾਲ ਵਧਦਾ ਰਹਿੰਦਾ ਹੈ।
ਤੁਸੀਂ ਲੋਕਾਂ ਨੂੰ ਇਹ ਸ਼ਿਕਾਇਤ ਕਰਦੇ ਹੋਏ ਅਕਸਰ ਸੁਣਿਆ ਹੋਵੇਗਾ ਕਿ ਰੁਝੇਵਾਂ ਕੁਝ ਜ਼ਿਆਦਾ ਹੀ ਹੈ ਤੇ ਉਸ ਕਾਰਨ ਤਮਾਮ ਕੰਮ ਲੰਬਿਤ ਪਏ ਹਨ। ਅਸਲ ’ਚ ਅਜਿਹਾ ਜੀਵਨ ਰੁਝੇਵਾਂ ਭਰਪੂਰ ਨਹੀਂ ਸਗੋਂ ਅਸਤ-ਵਿਅਸਤ ਹੁੰਦਾ ਹੈ। ਸਫਲਤਾ ਦੀ ਕੁੰਜੀ ਸਮੇਂ ਦੇ ਪ੍ਰਬੰਧਨ ’ਚ ਹੀ ਲੁਕੀ ਹੋਈ ਹੈ। ਸਮੇਂ ਦੇ ਪ੍ਰਬੰਧ ਦਾ ਆਪਾ-ਵਿਰੋਧ ਦੇਖੋ। ਲਗਪਗ ਸਮਾਨ ਕੱਦ-ਕਾਠੀ, ਸਿੱਖਿਆ, ਸਿਹਤ ਤੇ ਪਰਿਵਾਰਕ ਪਿਛੋਕੜ ਦੇ ਦੋ ਵਿਅਕਤੀਆਂ ’ਚੋਂ ਇਕ ਕਾਰੋਬਾਰੀ ਹੈ। ਉਹ ਪੂਰਨ ਭਰੋਸੇ ਤੇ ਉਤਸ਼ਾਹ ਨਾਲ ਕਈ ਅਦਾਰੇ ਸੰਚਾਲਿਤ ਕਰਦਾ ਹੈ। ਉਸੇ ਦੀ ਇਕ ਕੰਪਨੀ ’ਚ ਕੰਮ ਕਰਦੇ ਦੂਜੇ ਵਿਅਕਤੀ ਤੋਂ ਆਪਣਾ ਨਪਿਆ-ਤੁਲਿਆ ਜਾਂ ਨਿਰਧਾਰਤ ਕੰਮ ਨਹੀਂ ਸੰਭਾਲ ਹੁੰਦਾ। ਪਹਿਲਾ ਇਕ ਹੋਰ ਕੰਪਨੀ ਖੋਲ੍ਹਣ ਜਾ ਰਿਹਾ ਹੈ। ਨਵੀਂ ਜਾਣਕਾਰੀ ਜਾਂ ਹੁਨਰ ਹਾਸਲ ਕਰਨ ਦੀ ਲਾਲਸਾ ਸਦਕਾ ਅਜਿਹਾ ਵਿਅਕਤੀ ਆਪਣੇ ਰੁਝੇਵਿਆਂ ਵਾਲੀ ਜੀਵਨ-ਸ਼ੈਲੀ ’ਚੋਂ ਬੜੇ ਮਜ਼ੇ ਨਾਲ ਸਮਾਂ ਕੱਢੇਗਾ। ਅਸਲ ’ਚ ਕੋਈ ਇੰਨਾ ਰੁੱਝਿਆ ਨਹੀਂ ਹੁੰਦਾ ਕਿ ਉਸ ਨੂੰ ਲੋੜੀਂਦਾ ਕੰਮ ਕਰਨ ਦਾ ਸਮਾਂ ਹੀ ਨਾ ਮਿਲੇ। ਮਨੁੱਖ ’ਚ ਸ਼ਾਮਲ ਅਥਾਹ ਸਮਰੱਥਾਵਾਂ ਕਾਰਨ ਉਸ ਤੋਂ ਇਕ ਖ਼ਾਸ ਭੂਮਿਕਾ ਨਿਭਾਉਣ ਦੀ ਉਮੀਦ ਹੁੰਦੀ ਹੈ ਜਿਸ ਨੂੰ ਇਹ ਗਿਆਨ ਹੋਵੇਗਾ, ਉਹ ਇਕ ਵੀ ਪਲ ਫ਼ਜ਼ੂਲ ਨਹੀਂ ਗੁਆਵੇਗਾ। ਅਜਿਹਾ ਵਿਅਕਤੀ ਕੰਮ ਨੂੰ ਬੋਝ ਨਹੀਂ ਸਮਝਦਾ ਬਲਕਿ ਕੰਮ ’ਚ ਰੁੱਝੇ ਰਹਿਣ ਕਾਰਨ ਆਨੰਦ ਨਾਲ ਭਰਪੂਰ ਤੇ ਸੰਤੁਸ਼ਟ ਰਹਿੰਦਾ ਹੈ। ਕੰਮ ’ਚ ਚਿੱਤ ਲਗਾਉਣ ਵਾਲਾ ਨਾ ਤਾਂ ਕੰਮ ਤੋਂ ਕਤਰਾਏਗਾ ਤੇ ਨਾ ਉਸ ਨੂੰ ਲਟਕਾਵੇਗਾ। ਮਨ ਤੇ ਸਰੀਰ ਦੀ ਬਣਤਰ ਅਜਿਹੀ ਹੈ ਕਿ ਉਸ ਨੂੰ ਰੁਝੇਵੇਂ ’ਚ ਨਹੀਂ ਰੱਖਾਂਗੇ ਤਾਂ ਵੱਖ-ਵੱਖ ਅੰਗਾਂ-ਹਿੱਸਿਆਂ ਦੀ ਕਾਰਜ-ਸਮਰੱਥਾ ਘਟਦੀ ਜਾਵੇਗੀ। ਨਿਕੰਮਾ ਵਿਅਕਤੀ ਦੇਸ਼, ਸਮੁਦਾਇ, ਰਾਸ਼ਟਰ ਤੇ ਖ਼ੁਦ ਆਪਣੇ ਲਈ ਬੋਝ ਹੁੰਦਾ ਹੈ। ਜੀਵਨ ’ਚ ਗਤੀ ਜਾਂ ਵੇਗ ਬਣਾਈ ਰੱਖਣ ਲਈ ਮਨ-ਮੰਦਰ ’ਚ ਇਕ ਸਪਸ਼ਟ, ਸਾਰਥਕ ਪ੍ਰਯੋਜਨ ਕਰਨਾ ਹੋਵੇਗਾ। ਪ੍ਰਯੋਜਨ ਜੇ ਈਸ਼ਵਰੀ ਵਿਧਾਨ ਦੀ ਪਾਲਣਾ ਮੁਤਾਬਕ ਹੋਵੇ ਤਾਂ ਖ਼ੁਦ ਹੀ ਹਿਤਕਾਰੀ ਹੋਵੇਗਾ ਕਿਉਂਕਿ ਮਨੁੱਖ ਰੱਬ ਦਾ ਹੀ ਰੂਪ ਹੈ। ਕੇਵਲ ਦਿਖਾਵੇ ਲਈ ਰੁੱਝੇ ਰਹਿਣ ਦੇ ਕੋਈ ਮਾਅਨੇ ਨਹੀਂ ਹਨ। ਕੰਮ ਦੀ ਪ੍ਰਕਿਰਤੀ, ਦਿਸ਼ਾ ਤੇ ਨਤੀਜਾ ਅਹਿਮ ਹੈ। ਰੁਝੇਵਾਂ ਉਸੇ ਦਾ ਸਾਰਥਕ ਹੈ ਜਿਸ ਨੇ ਇਕ ਟੀਚਾ ਸੇਧ ਰੱਖਿਆ ਹੈ ਤੇ ਮਨੋਯੋਗ ਨਾਲ ਉਸ ਦਿਸ਼ਾ ’ਚ ਯੋਜਨਾਬੱਧ ਤਰੀਕੇ ਨਾਲ ਮਜ਼ਬੂਤੀ ਨਾਲ ਵਧਦਾ ਰਹਿੰਦਾ ਹੈ।
-ਹਰੀਸ਼ ਬੜਥਵਾਲ