ਇੱਛਾਵਾਂ ਦਾ ਕੋਈ ਅੰਤ ਨਹੀਂ। ਇਸ ਲਈ ਕਿਹਾ ਗਿਆ ਹੈ ਕਿ ਅਸਲ ਵਿਚ ਬੁੱਧੀਮਾਨ ਵਿਅਕਤੀ ਉਹੀ ਹੈ ਜੋ ਉਨ੍ਹਾਂ ਵਸਤਾਂ ਲਈ ਕਦੇ ਸੋਗ ਨਹੀਂ ਕਰਦਾ ਜੋ ਉਸ ਕੋਲ ਨਹੀਂ ਹਨ ਬਲਕਿ ਉਨ੍ਹਾਂ ਵਸਤਾਂ ਦਾ ਆਨੰਦ ਲੈਂਦਾ ਹੈ ਜੋ ਉਸ ਕੋਲ ਉਪਲਬਧ ਹਨ। ਇੱਛਾਵਾਂ ਦੇ ਵਸ ਪੈ ਕੇ ਅਸੀਂ ਆਮ ਤੌਰ ’ਤੇ ਉਨ੍ਹਾਂ ਦਾ ਵੀ ਆਨੰਦ ਨਹੀਂ ਲੈ ਪਾਉਂਦੇ ਜੋ ਸਾਡੇ ਕੋਲ ਹੁੰਦਾ ਹੈ।

ਧਰਤੀ ’ਤੇ ਮਨੁੱਖ ਨੂੰ ਸਭ ਤੋਂ ਬੁੱਧੀਮਾਨ ਪ੍ਰਾਣੀ ਮੰਨਿਆ ਗਿਆ ਹੈ। ਕੁਦਰਤ ਨੇ ਉਸ ਨੂੰ ਖ਼ਾਸ ਬੁੱਧੀ ਅਤੇ ਵਿਵੇਕ ਦਿੱਤੇ ਹਨ ਪਰ ਕਈ ਕਾਰਨਾਂ ਕਰ ਕੇ ਉਹ ਰਾਹ ਤੋਂ ਭਟਕ ਜਾਂਦਾ ਹੈ। ਇਸ ਦਾ ਇਕ ਮੁੱਖ ਕਾਰਨ ਅਸੰਤੁਸ਼ਟੀ ਦਾ ਭਾਵ ਹੁੰਦਾ ਹੈ। ਅਸਲ ਵਿਚ ਇਹ ਮਨੁੱਖ ਦਾ ਇਕ ਸੁਭਾਅ ਹੈ ਕਿ ਜੀਵਨ ਦੇ ਜ਼ਿਆਦਾਤਰ ਪਲਾਂ ਵਿਚ ਉਹ ਕਦੇ ਸੰਤੁਸ਼ਟ ਨਹੀਂ ਰਹਿੰਦਾ। ਇਸ ਦਾ ਮੂਲ ਇਹੀ ਹੈ ਕਿ ਉਸ ਨੂੰ ਜਿੰਨਾ ਹਾਸਲ ਹੋਇਆ ਰਹਿੰਦਾ ਹੈ, ਉਸ ਤੋਂ ਜ਼ਿਆਦਾ ਦੀ ਇੱਛਾ ਉਸ ਨੂੰ ਅਸ਼ਾਂਤ ਬਣਾਈ ਰੱਖਦੀ ਹੈ। ਇਹੀ ਅਸ਼ਾਂਤੀ ਅਸੰਤੁਸ਼ਟੀ ਦਾ ਆਧਾਰ ਹੈ। ਮਨੁੱਖੀ ਜੀਵਨ ਦੀ ਹਕੀਕਤ ਨੂੰ ਦੇਖਿਆ ਜਾਵੇ ਤਾਂ ਸੰਤੁਸ਼ਟੀ ਪ੍ਰਾਪਤੀ ਵਿਚ ਨਾ ਹੋ ਕੇ , ਉਸ ਦੇ ਅਹਿਸਾਸ ਵਿਚ ਹੈ। ਇਹ ਇਕ ਮਾਨਸਿਕ ਅਵਸਥਾ ਹੈ। ਅਸੀਂ ਕੋਈ ਕਾਮਨਾ ਕਰਦੇ ਹਾਂ। ਉਸ ਦੀ ਪੂਰਤੀ ਹੁੰਦੀ ਹੈ। ਇਸ ਨਾਲ ਹੋਰ ਕਾਮਨਾਵਾਂ ਦੀ ਅਗਨੀ ਭੜਕਦੀ ਜਾਂਦੀ ਹੈ ਜੋ ਅਸੰਤੁਸ਼ਟੀ ਨੂੰ ਹੱਲਾਸ਼ੇਰੀ ਦਿੰਦੀ ਹੈ ਜੋ ਕਦੇ ਸੰਪੂਰਨਤਾ ਨੂੰ ਹਾਸਲ ਨਹੀਂ ਹੁੰਦੀ। ਇਸ ਸੰਦਰਭ ਵਿਚ ਮਸ਼ਹੂਰ ਸਾਹਿਤਕਾਰ-ਵਿਚਾਰਕ ਲਿਓ ਟਾਲਸਟਾਏ ਕਹਿੰਦੇ ਹਨ, ‘ਜੇ ਤੁਸੀਂ ਸੰਪੂਰਨਤਾ ਲਈ ਦੇਖ ਰਹੇ ਹੋ ਤਾਂ ਤੁਸੀਂ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੇ।’ ਭੌਤਿਕਤਾ ਦੀ ਵਿਆਪਕਤਾ ਨੂੰ ਦੇਖਿਆ ਜਾਵੇ ਤਾਂ ਅਸੀਂ ਆਪਣੇ ਜੀਵਨ ਵਿਚ ਕਦੇ ਸੰਤੁਸ਼ਟ ਹੋ ਹੀ ਨਹੀਂ ਸਕਦੇ ਕਿਉਂਕਿ ਇੱਛਾਵਾਂ ਦਾ ਕੋਈ ਅੰਤ ਨਹੀਂ। ਇਸ ਲਈ ਕਿਹਾ ਗਿਆ ਹੈ ਕਿ ਅਸਲ ਵਿਚ ਬੁੱਧੀਮਾਨ ਵਿਅਕਤੀ ਉਹੀ ਹੈ ਜੋ ਉਨ੍ਹਾਂ ਵਸਤਾਂ ਲਈ ਕਦੇ ਸੋਗ ਨਹੀਂ ਕਰਦਾ ਜੋ ਉਸ ਕੋਲ ਨਹੀਂ ਹਨ ਬਲਕਿ ਉਨ੍ਹਾਂ ਵਸਤਾਂ ਦਾ ਆਨੰਦ ਲੈਂਦਾ ਹੈ ਜੋ ਉਸ ਕੋਲ ਉਪਲਬਧ ਹਨ। ਇੱਛਾਵਾਂ ਦੇ ਵਸ ਪੈ ਕੇ ਅਸੀਂ ਆਮ ਤੌਰ ’ਤੇ ਉਨ੍ਹਾਂ ਦਾ ਵੀ ਆਨੰਦ ਨਹੀਂ ਲੈ ਪਾਉਂਦੇ ਜੋ ਸਾਡੇ ਕੋਲ ਹੁੰਦਾ ਹੈ। ਇਸ ਵਿਸ਼ੇ ਵਿਚ ਐੱਨ. ਬ੍ਰੈਸ਼ੇਅਰਜ਼ ਦਾ ਕਹਿਣਾ ਹੈ ਕਿ ਜੋ ਨਹੀਂ ਹੈ ਉਸ ਦੀ ਇੱਛਾ ਕਰ ਕੇ ਉਸ ਨੂੰ ਬਰਬਾਦ ਨਾ ਕਰੋ ਜੋ ਤੁਹਾਡੇ ਕੋਲ ਹੈ। ਸੰਤੁਸ਼ਟੀ ਹਾਸਲ ਕਰਨ ਦੇ ਦੋ ਮੁੱਖ ਤਰੀਕੇ ਹਨ। ਪਹਿਲਾ ਇਹੀ ਕਿ ਜ਼ਿਆਦਾ ਤੋਂ ਜ਼ਿਆਦਾ ਜਮ੍ਹਾ ਕਰਦੇ ਰਹੋ, ਜੋ ਕਦੇ ਸੰਭਵ ਨਹੀਂ ਹੋ ਸਕਦਾ। ਅਜਿਹੇ ਵਿਚ ਬਿਹਤਰ ਹੈ ਕਿ ਦੂਜਾ ਰਸਤਾ ਅਪਣਾਇਆ ਜਾਵੇ ਜਿਸ ਵਿਚ ਘੱਟ ਇੱਛਾ ਰੱਖਣੀ ਚਾਹੀਦੀ ਹੈ। ਚੇਤੇ ਰਹੇ ਕਿ ਜੀਵਨ ਜਿਹੋ ਜਿਹਾ ਵੀ ਹੋਵੇ ਜਾਂ ਜੋ ਸਾਨੂੰ ਮਿਲਿਆ ਹੋਵੇ, ਉਸ ਵਿਚ ਸਾਨੂੰ ਵੱਧ ਤੋਂ ਵੱਧ ਪ੍ਰਸੰਨ ਰਹਿ ਕੇ ਜੀਵਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
-ਨਰਪੇਂਦਰ ਅਭਿਸ਼ੇਕ ਨਰਪ