ਮਰਿਆਦਾ ਪਰਸ਼ੋਤਮ ਦਾ ਚੁਣੌਤੀਪੂਰਨ ਜੀਵਨ ਹੈ ਸਭਨਾਂ ਲਈ ਮਿਸਾਲ
ਜੰਗਲ ਵਿਚ ਉਨ੍ਹਾਂ ਨੂੰ ਅਪਾਰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਰਾਵਣ ਦੁਆਰਾ ਭੇਜੇ ਗਏ ਦਾਨਵਾਂ ਨਾਲ ਸੰਘਰਸ਼ ਕਰਨਾ ਪਿਆ। ਇਸੇ ਦੌਰਾਨ ਉਨ੍ਹਾਂ ਦੀ ਪਤਨੀ ਦਾ ਹਰਨ ਖ਼ੁਦ ਰਾਵਣ ਨੇ ਛਲ-ਕਪਟ ਨਾਲ ਕਰ ਲਿਆ।
Publish Date: Tue, 13 Jan 2026 10:43 PM (IST)
Updated Date: Wed, 14 Jan 2026 07:47 AM (IST)
ਜੀਵਨ ਜਿਉਣ ਦੇ ਵੱਖ-ਵੱਖ ਢੰਗ ਹੁੰਦੇ ਹਨ। ਇਕ ਤਾਂ ਆਲਸ ਭਰਿਆ ਜੀਵਨ ਹੁੰਦਾ ਹੈ। ਆਲਸੀ ਵਿਅਕਤੀ ਹਰ ਕੰਮ ਕੱਲ੍ਹ ’ਤੇ ਟਾਲਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਕੰਮਾਂ ਦਾ ਜਦ ਅੰਬਾਰ ਲੱਗ ਜਾਂਦਾ ਹੈ ਤਦ ਉਹ ਪਰੇਸ਼ਾਨ ਹੋਣ ਲੱਗਦਾ ਹੈ। ਇਸ ਕਾਰਨ ਬਹੁਤ ਸਾਰੇ ਮੌਕਿਆਂ ਤੋਂ ਉਹ ਖੁੰਝ ਜਾਂਦਾ ਹੈ। ਦੂਜੇ ਤਰ੍ਹਾਂ ਦੇ ਵਿਅਕਤੀ ‘ਜਿਹੋ ਜਿਹੇ ਹਾਲਾਤ ਹਨ, ਉਹੋ ਜਿਹੇ ਹੀ ਰਹਿਣ’ ਦੇ ਧਾਰਨੀ ਹੁੰਦੇ ਹਨ। ਜੋ ਜਿਹੋ ਜਿਹਾ ਹੋ ਰਿਹਾ ਹੈ, ਉਸੇ ਮੁਤਾਬਕ ਖ਼ੁਦ ਨੂੰ ਢਾਲ ਲੈਂਦੇ ਹਨ। ਅਜਿਹੀ ਸਥਿਤੀ ਵਿਚ ਉਹ ਜਿੱਥੇ ਹਨ, ਉੱਥੋਂ ਦੇ ਹੀ ਰਹਿ ਜਾਂਦੇ ਹਨ।
ਤੀਜੀ ਤਰ੍ਹਾਂ ਦੇ ਲੋਕ ਚੁਣੌਤੀਪੂਰਨ ਜੀਵਨ ਜਿਉਂਦੇ ਹਨ ਅਤੇ ਚੁਣੌਤੀਆਂ ’ਤੇ ਜਿੱਤ ਪ੍ਰਾਪਤ ਕਰ ਕੇ ਆਪਣਾ ਨਾਂ ਰੋਸ਼ਨ ਕਰਦੇ ਹਨ। ਗੋਸਵਾਮੀ ਤੁਲਸੀਦਾਸ ਨੇ ਮਰਿਆਦਾ ਪਰਸ਼ੋਤਮ ਸ੍ਰੀਰਾਮ ਦੇ ਚੁਣੌਤੀਪੂਰਨ ਕੰਮਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ, ‘‘ਪਿਤਾਂ ਦੀਨਹ ਮੋਹਿ ਕਾਨਨ ਰਾਜੂ, ਜਹੰ ਸਬ ਭਾਂਤਿ ਮੋਰ ਬੜ ਕਾਜੂ।’’ ਇਸ ਵਿਚ ਸ੍ਰੀਰਾਮ ਮਾਂ ਕੌਸ਼ੱਲਿਆ ਕੋਲ ਜਾ ਕੇ ਕਹਿੰਦੇ ਹਨ ਕਿ ਪਿਤਾ ਨੇ ਮੈਨੂੰ ਜੰਗਲ ਦਾ ਰਾਜ ਦਿੱਤਾ ਹੈ, ਜਿੱਥੇ ਵੱਡੇ ਕੰਮ ਕਰਨ ਦਾ ਮੌਕਾ ਮਿਲੇਗਾ। ਮਾਤਾ ਕੌਸ਼ੱਲਿਆ ਸਮਝ ਗਈ ਕਿ ਸ੍ਰੀਰਾਮ ਜੰਗਲ ਦੀਆਂ ਚੁਣੌਤੀਆਂ ਨਾਲ ਜੂਝਣ ਜਾ ਰਹੇ ਹਨ।
ਸੁਭਾਵਕ ਹੈ ਕਿ ਜੰਗਲ ਦਾ ਜੀਵਨ ਆਸਾਨ ਨਹੀਂ ਸੀ। ਜੰਗਲ ਵਿਚ ਉਨ੍ਹਾਂ ਨੂੰ ਅਪਾਰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਰਾਵਣ ਦੁਆਰਾ ਭੇਜੇ ਗਏ ਦਾਨਵਾਂ ਨਾਲ ਸੰਘਰਸ਼ ਕਰਨਾ ਪਿਆ। ਇਸੇ ਦੌਰਾਨ ਉਨ੍ਹਾਂ ਦੀ ਪਤਨੀ ਦਾ ਹਰਨ ਖ਼ੁਦ ਰਾਵਣ ਨੇ ਛਲ-ਕਪਟ ਨਾਲ ਕਰ ਲਿਆ। ਇਸ ਦੇ ਬਾਵਜੂਦ ਜੰਗਲ ਛੱਡ ਕੇ ਸ੍ਰੀਰਾਮ ਭੱਜੇ ਨਹੀਂ। ਉਨ੍ਹਾਂ ਨੇ ਵਾਨਰਾਂ ਤੇ ਹੋਰਾਂ ਨਾਲ ਸੰਧੀ ਕਰ ਕੇ ਧਰਤੀ ’ਤੇ ਦਹਿਸ਼ਤ ਮਚਾਉਣ ਵਾਲੇ ਰਾਵਣ ਦਾ ਅੰਤ ਕੀਤਾ। ਭਗਵਾਨ ਸ੍ਰੀਰਾਮ ਦੇ ਇਨ੍ਹਾਂ 14 ਸਾਲਾਂ ਦੇ ਕਾਰਜਾਂ ਨੂੰ ਸਾਰੇ ਜਾਣਦੇ ਹਨ।
ਇਨ੍ਹਾਂ 14 ਵਰ੍ਹਿਆਂ ਦੇ ਕਾਰਜਾਂ ’ਤੇ ਅਨੇਕ ਗ੍ਰੰਥ ਲਿਖੇ ਗਏ ਹਨ ਜਦਕਿ ਉਨ੍ਹਾਂ ਨੇ ਅਯੁੱਧਿਆ ਵਿਚ ਹਜ਼ਾਰਾਂ ਸਾਲਾਂ ਤੱਕ ਸ਼ਾਸਨ ਕੀਤਾ, ਉਸ ਨੂੰ ਕੋਈ ਨਹੀਂ ਜਾਣਦਾ। ਭਗਵਾਨ ਰਾਮ ਚੁਣੌਤੀਆਂ ਦੇ ਰਸਤੇ ਨੂੰ ਚੁਣ ਕੇ ਇਕ ਸੰਦੇਸ਼ ਵੀ ਦਿੰਦੇ ਹਨ ਕਿ ਜੋ ਸੰਘਰਸ਼ ਕਰਦਾ ਹੈ, ਨਾਂ ਉਸੇ ਦਾ ਹੁੰਦਾ ਹੈ। ਇਸ ਲਈ ਸਾਨੂੰ ਚੁਣੌਤੀਆਂ ਤੋਂ ਡਰਨਾ ਨਹੀਂ ਚਾਹੀਦਾ। ਜਿੱਥੇ ਕਿਤੇ ਉਲਟ ਹਾਲਾਤ ਦਿਖਾਈ ਦੇਣ, ਉਨ੍ਹਾਂ ਨਾਲ ਜੂਝਣ ਦਾ ਯਤਨ ਕਰੀਏ।
-ਸਲਿਲ ਪਾਂਡੇ