ਜੇਕਰ ਇਨਸਾਨ ਹੌਸਲਾ, ਵਿਸ਼ਵਾਸ ਤੇ ਸਕਾਰਾਤਮਕ ਸੋਚ ਬਣਾਈ ਰੱਖੇ ਤਾਂ ਉਹ ਚਿੰਤਾ 'ਤੇ ਆਸਾਨੀ ਨਾਲ ਜਿੱਤ ਹਾਸਲ ਕਰ ਸਕਦਾ ਹੈ। ਭਗਵਦ ਗੀਤਾ ਸਿਰਫ਼ ਇਕ ਧਾਰਮਿਕ ਗ੍ਰੰਥ ਨਹੀਂ ਹੈ, ਬਲਕਿ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੇ ਗਿਆਨ ਦਾ ਭੰਡਾਰ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੱਜ ਦੀ ਭੱਜਦੌੜ ਭਰੀ ਜ਼ਿੰਦਗੀ 'ਚ ਹਰ ਇਨਸਾਨ ਕਿਸੇ ਨਾ ਕਿਸੇ ਚਿੰਤਾ ਨਾਲ ਘਿਰਿਆ ਨਜ਼ਰ ਆਉਂਦਾ ਹੈ। ਕਦੇ ਭਵਿੱਖ ਦੀ ਚਿੰਤਾ, ਕਦੇ ਕਰੀਅਰ ਦਾ ਡਰ ਤੇ ਕਦੇ ਰਿਸ਼ਤਿਆਂ ਅਤੇ ਪੈਸਿਆਂ ਦੀ ਫ਼ਿਕਰ। ਕਈ ਵਾਰ ਤਾਂ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਹੀ ਇੰਨਾ ਜ਼ਿਆਦਾ ਸੋਚਣ ਲੱਗ ਜਾਂਦੇ ਹਾਂ ਕਿ ਮਨ ਬੇਚੈਨ ਹੋ ਉੱਠਦਾ ਹੈ ਤੇ ਜੀਵਨ ਅੰਦਰੋਂ ਸੁੱਖ ਹੀ ਗ਼ਾਇਬ ਹੋ ਜਾਂਦਾ ਹੈ। ਹਜ਼ਾਰਾਂ ਸਾਲ ਪਹਿਲਾਂ ਆਖੀਆਂ ਗਈਆਂ ਸ਼੍ਰੀਮਦਭਗਵਦ ਗੀਤਾ (Bhagavad Gita) ਦੀਆਂ ਸਿੱਖਿਆਵਾਂ ਅੱਜ ਵੀ ਸਾਨੂੰ ਮਾਨਸਿਕ ਸ਼ਾਂਤੀ ਦਾ ਮਾਰਗ ਦਿਖਾਉਂਦੀਆਂ ਹਨ।
ਸ਼੍ਰੀਕ੍ਰਿਸ਼ਨ ਨੇ ਗੀਤਾ 'ਚ ਅਰਜੁਨ ਨੂੰ ਸਮਝਾਉਂਦਿਆਂ ਆਖਿਆ ਸੀ ਕਿ ਜੀਵਨ 'ਚ ਸੁੱਖ-ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ। ਗੀਤਾ ਦੇ ਸਲੋਕ 2.14 'ਚ ਕਿਹਾ ਗਿਆ ਹੈ ਕਿ 'ਇੰਦਰੀਆਂ ਤੇ ਵਿਸ਼ਿਆਂ ਦੇ ਸੰਪਰਕ ਨਾਲ ਸੁੱਖ ਤੇ ਦੁੱਖ ਪੈਦਾ ਹੁੰਦੇ ਹਨ। ਇਹ ਬਿਲਕੁਲ ਸਰਦੀ ਤੇ ਗਰਮੀ ਦੀ ਤਰ੍ਹਾਂ ਹੈ ਜੋ ਕੁਝ ਸਮੇਂ ਲਈ ਆਉਂਦੇ ਹਨ ਤੇ ਫਿਰ ਚਲੇ ਵੀ ਜਾਂਦੇ ਹਨ। ਇਸ ਲਈ, ਵਿਅਕਤੀ 'ਚ ਇੰਨੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਕਿ ਸਬਰ-ਸੰਤੋਖ ਨਾਲ ਇਨ੍ਹਾਂ ਨੂੰ ਸਹਿਣ ਕਰ ਸਕੇ।'
ਸੰਸਕ੍ਰਿਤ 'ਚ 'ਆਗਮਪਾਇਨੋ' ਸ਼ਬਦ ਦਾ ਅਰਥ ਹੁੰਦਾ ਹੈ 'ਆਉਣਾ-ਜਾਣਾ'। ਯਾਨੀ ਚਿੰਤਾ ਕਦੇ ਵੀ ਪੱਕੇ ਤੌਰ 'ਤੇ ਨਹੀਂ ਰਹਿੰਦੀ। ਇਹ ਸਿਰਫ਼ ਕੁਝ ਸਮੇਂ ਲਈ ਸਾਡੇ ਮਨ ਤੇ ਜੀਵਨ 'ਚ ਆਉਂਦੀ ਹੈ। ਪਰ ਜਦੋਂ ਇਨਸਾਨ ਵਾਰ-ਵਾਰ ਚਿੰਤਾ ਕਰਦਾ ਹੈ ਤਾਂ ਉਹ ਆਪਣੇ ਮਨ ਨੂੰ ਕਮਜ਼ੋਰ ਬਣਾ ਲੈਂਦਾ ਹੈ। ਹੌਲੀ-ਹੌਲੀ ਉਸ ਦਾ ਆਤਮ ਵਿਸ਼ਵਾਸ ਡਗਮਗਾਉਣ ਲਗਦੈ ਤੇ ਉਹ ਹਰ ਪਰਿਸਥਿਤੀ ਤੋਂ ਡਰਨ ਲਗ ਜਾਂਦਾ ਹੈ।
ਭਗਵਾਨ ਕ੍ਰਿਸ਼ਨ ਅਨੁਸਾਰ, ਚਿੰਤਾ ਦਾ ਸਭ ਤੋਂ ਵੱਡਾ ਕਾਰਨ ਭਵਿੱਖ ਦਾ ਡਰ ਹੈ। ਇਨਸਾਨ ਉਨ੍ਹਾਂ ਚੀਜ਼ਾਂ ਬਾਰੇ ਸੋਚ ਕੇ ਪਰੇਸ਼ਾਨ ਹੁੰਦਾ ਰਹਿੰਦਾ ਹੈ ਜੋ ਅਜੇ ਹੋਈਆਂ ਵੀ ਨਹੀਂ ਹੁੰਦੀਆਂ। ਇਹੀ ਕਾਰਨ ਹੈ ਕਿ ਉਸ ਦਾ ਮਨ ਵਰਤਮਾਨ ਤੋਂ ਹੱਟ ਕੇ ਡਰ ਅਤੇ ਭਰਮ ਵਿਚ ਫਸ ਜਾਂਦਾ ਹੈ। ਗੀਤਾ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਆਪਣੇ ਕਰਮਾਂ 'ਤੇ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਉਸ ਦੇ ਨਤੀਜੇ ਦੀ ਚਿੰਤਾ ਕਰਨੀ ਚਾਹੀਦੀ ਹੈ।
ਜਦੋਂ ਵੀ ਮਨ ਅੰਦਰ ਬੇਚੈਨੀ ਵਧੇ ਤਾਂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਹਰ ਮੁਸ਼ਕਲ ਸਮਾਂ ਹਮੇਸ਼ਾ ਨਹੀਂ ਰਹਿੰਦਾ। ਜਿਵੇਂ ਮੌਸਮ ਬਦਲਦਾ ਹੈ, ਠੀਕ ਉਸੇ ਤਰ੍ਹਾਂ ਜੀਵਨ ਦੀਆਂ ਪਰਿਸਥਿਤੀਆਂ ਵੀ ਬਦਲ ਜਾਂਦੀਆਂ ਹਨ। ਜੇਕਰ ਇਨਸਾਨ ਹੌਸਲਾ, ਵਿਸ਼ਵਾਸ ਤੇ ਸਕਾਰਾਤਮਕ ਸੋਚ ਬਣਾਈ ਰੱਖੇ ਤਾਂ ਉਹ ਚਿੰਤਾ 'ਤੇ ਆਸਾਨੀ ਨਾਲ ਜਿੱਤ ਹਾਸਲ ਕਰ ਸਕਦਾ ਹੈ। ਭਗਵਦ ਗੀਤਾ ਸਿਰਫ਼ ਇਕ ਧਾਰਮਿਕ ਗ੍ਰੰਥ ਨਹੀਂ ਹੈ, ਬਲਕਿ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੇ ਗਿਆਨ ਦਾ ਭੰਡਾਰ ਹੈ। ਇਸ ਦੀਆਂ ਸਿੱਖਿਆਵਾਂ ਅੱਜ ਵੀ ਲੋਕਾਂ ਨੂੰ ਮਾਨਸਿਕ ਤਣਾਅ, ਡਰ ਤੇ ਚਿੰਤਾ ਤੋਂ ਬਾਹਰ ਕੱਢਣ ਦੀ ਪ੍ਰੇਰਣਾ ਦਿੰਦੀਆਂ ਹਨ।