ਸੰਸਾਰ ਅੰਦਰ ਹਰ ਮਨੁੱਖ ਦੁੱਖਾਂ ਦੀ ਪੰਡ ਚੁੱਕੀ ਸੁੱਖ ਦੀ ਤਲਾਸ਼ 'ਚ ਭਟਕ ਰਿਹਾ ਹੈ। ਸੁੱਖ ਲਈ ਉਹ ਧਰਮ-ਕਰਮ ਕਰਦਾ ਹੈ ਪਰ ਸੁੱਖ ਦੂਰ ਹੀ ਰਹਿੰਦੇ ਹਨ। ਮਨ ਦੇ ਸੰਤਾਪ, ਕਲੇਸ਼ ਘੱਟ ਨਹੀਂ ਹੁੰਦੇ।

ਪਰਮਾਤਮਾ ਦਇਆ ਤੇ ਕ੍ਰਿਪਾ ਦਾ ਸਾਗਰ ਹੈ। ਉਸ ਦੇ ਘਰ ਸੁੱਖ ਤੇ ਵਡਿਆਈ ਦੇ ਬੇਅੰਤ ਖ਼ਜ਼ਾਨੇ ਹਨ। ਪਰਮਾਤਮਾ ਇਨ੍ਹਾਂ ਖ਼ਜ਼ਾਨਿਆਂ 'ਚੋਂ ਅਨਗਿਣਤ ਦਾਤਾਂ ਵੰਡ ਰਿਹਾ ਹੈ ਪਰ ਫਿਰ ਵੀ ਉਸ ਦੇ ਖ਼ਜ਼ਾਨੇ ਸਦਾ ਭਰੇ ਰਹਿੰਦੇ ਹਨ। ਪਰਮਾਤਮਾ ਦੀ ਸ਼ਰਣ ਲੈਣਾ ਸੁੱਖ ਦੀ ਅਵਸਥਾ 'ਚ ਆਉਣਾ ਹੈ :
ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ।।
ਸੰਸਾਰ ਅੰਦਰ ਹਰ ਮਨੁੱਖ ਦੁੱਖਾਂ ਦੀ ਪੰਡ ਚੁੱਕੀ ਸੁੱਖ ਦੀ ਤਲਾਸ਼ 'ਚ ਭਟਕ ਰਿਹਾ ਹੈ। ਸੁੱਖ ਲਈ ਉਹ ਧਰਮ-ਕਰਮ ਕਰਦਾ ਹੈ ਪਰ ਸੁੱਖ ਦੂਰ ਹੀ ਰਹਿੰਦੇ ਹਨ। ਮਨ ਦੇ ਸੰਤਾਪ, ਕਲੇਸ਼ ਘੱਟ ਨਹੀਂ ਹੁੰਦੇ। ਕਦੇ ਮਨ ਦੇ ਦੁੱਖ, ਕਦੇ ਤਨ ਦੇ ਦੁੱਖ ਤੇ ਕਰਮਾਂ ਦੇ ਦੰਡ ਉਸ ਨੂੰ ਬੰਦੀ ਬਣਾਈ ਰੱਖਦੇ ਹਨ। ਮਨੁੱਖ ਨੂੰ ਕੋਈ ਰਾਹ ਨਹੀਂ ਵਿਖਾਈ ਦਿੰਦਾ, ਜੋ ਦੁੱਖਾਂ ਤੋਂ ਮੁਕਤੀ ਦਿਵਾਏ। ਵਡਭਾਗੀ ਹੈ ਉਹ ਮਨੁੱਖ ਜੋ ਗੁਰਬਾਣੀ ਨਾਲ ਜੁੜ ਕੇ ਗੁਰੂ ਦੇ ਹੁਕਮ ਨੂੰ ਜੀਵਨ 'ਚ ਉਤਾਰਦਾ ਹੈ। ਗੁਰਬਾਣੀ ਦਾ ਹੁਕਮ ਹੈ - ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ।।
ਮਨੁੱਖ ਪਰਮਾਤਮਾ ਨੂੰ ਜੀਵਨ ਦਾ ਆਧਾਰ ਬਣਾ ਕੇ ਸਦਾ ਉਸ ਦਾ ਧਿਆਨ ਕਰੇ। ਪਰਮਾਤਮਾ ਦੀ ਵਡਿਆਈ, ਉਸ ਦੇ ਗੁਣਾਂ ਨੂੰ ਮਹਿਸੂਸ ਕਰੇ, ਆਪਣੇ ਜੀਵਨ ਤੇ ਸੰਸਾਰ ਅੰਦਰ ਉਸ ਨੂੰ ਵੇਖਣ ਦਾ ਉੱਦਮ ਕਰੇ। ਗੁਰਬਾਣੀ ਮਨੁੱਖ ਨੂੰ ਸਰਬ ਸਮਰੱਥ ਸ਼ਕਤੀ ਨਾਲ ਜੋੜਦੀ ਹੈ, ਜਿਸ ਦੀ ਵਡਿਆਈ ਅਕੱਥ ਹੈ - ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ£ ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ£ ਹੋਰ ਕੋਈ ਥਾਂ, ਸ਼ਕਤੀ ਜਾਂ ਜੁਗਤ ਨਹੀਂ ਜਿੱਥੋਂ ਸੁੱਖ ਪ੍ਰਾਪਤ ਹੋ ਸਕੇ। ਪਰਮਾਤਮਾ ਹੀ ਮਨੁੱਖ ਦਾ ਤਾਰਨਹਾਰ ਹੈ। ਉਸ ਦੀ ਕ੍ਰਿਪਾ ਹੋਵੇ ਤਾਂ ਜੀਵਨ ਸੁੱਖਾਂ ਨਾਲ ਭਰਪੂਰ ਹੋ ਜਾਂਦਾ ਹੈ ਤੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਪਰਮਾਤਮਾ ਸਦਾ ਕ੍ਰਿਪਾ ਕਰਨ ਵਾਲਾ ਹੈ। ਉਹ ਕ੍ਰਿਪਾ ਕਰਦਾ ਹੈ ਤਾਂ ਮਨੁੱਖ ਦਾ ਜੀਵਨ ਸਫਲ ਹੁੰਦਾ ਹੈ - ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ।।
ਸੁੱਖ-ਦੁੱਖ ਦੀ ਹਰ ਮਨੁੱਖ ਦੀ ਆਪੋ ਆਪਣੀ ਵਿਆਖਿਆ ਹੈ। ਕੋਈ ਸੰਸਾਰਕ ਪਦਾਰਥਾਂ 'ਚ ਤੇ ਕੋਈ ਕੁਲ-ਜਾਤ ਵਿਚ, ਕੋਈ ਤਾਕਤ-ਅਹੁਦੇ 'ਚ ਤੇ ਕੋਈ ਪ੍ਰਸ਼ੰਸਾ 'ਚ ਸੁੱਖ ਵੇਖਦਾ ਹੈ। ਕਿਸੇ ਦਾ ਦੁੱਖ ਧਨ-ਦੌਲਤ ਤੇ ਕਿਸੇ ਦਾ ਸੰਤਾਨ, ਪਰਿਵਾਰ ਤੇ ਕਿਸੇ ਨੂੰ ਸੱਤਾ, ਅਹੁਦਾ, ਮਰਤਬਾ ਨਾ ਹੋਣ ਦਾ ਦੁੱਖ ਹੈ। ਕਿਸੇ ਨੂੰ ਤਨ ਦਾ ਦੁੱਖ ਹੈ, ਕਿਸੇ ਨੂੰ ਦੂਜਿਆਂ ਤੋਂ ਪਿੱਛੇ ਰਹਿ ਜਾਣ ਦਾ ਦੁੱਖ ਹੈ।
ਗੁਰਬਾਣੀ ਨੇ ਸੁੱਖ ਤੇ ਦੁੱਖ ਦੀ ਸਪਸ਼ਟ ਵਿਆਖਿਆ ਕੀਤੀ ਹੈ। ਗੁਰਬਾਣੀ ਦਾ ਮਨੋਰਥ ਗੁਰਸਿੱਖ ਨੂੰ ਦੁੱਖ-ਦਰਦ ਤੋਂ ਮੁਕਤ ਕਰ ਕੇ ਪੂਰਨ ਆਨੰਦ ਦੀ ਅਵਸਥਾ 'ਚ ਲੈ ਜਾਣਾ ਹੈ - ਸੁਖੁ ਹੋਇ ਘਣਾ£ ਗੁਰਬਾਣੀ ਦਾ ਹੁਕਮ ਹੈ - ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ£ ਗੁਰਸਿੱਖ ਦਾ ਮਨ ਜਦੋਂ ਪਰਮਾਤਮਾ ਦੀ ਸ਼ਰਨ 'ਚ ਟਿਕ ਜਾਂਦਾ ਹੈ ਤਾਂ - ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ£ ਦੀ ਭਾਵਨਾ ਦ੍ਰਿੜ੍ਹ ਹੁੰਦੀ ਹੈ। ਉਸ ਅੰਦਰ ਨਿਰਮਾਣਤਾ ਦਾ ਵਾਸ ਹੁੰਦਾ ਹੈ ਪਰ ਆਪਣੀ ਮੱਤ-ਸਿਆਣਪ ਨਾ ਤਿਆਗਣ ਵਾਲਾ - ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇ 'ਤੇ ਹੀ ਅਟਕ ਜਾਂਦਾ ਹੈ। ਉਹ ਗੁਰ ਸ਼ਬਦ ਤੋਂ ਬੇਮੁੱਖ ਹੋ ਮਨ ਦੇ ਵੱਸ ਹੋ ਜਾਂਦਾ ਹੈ। ਉਸ ਦਾ ਕਲਪਨਾ-ਲੋਕ ਵੱਡੇ ਤੋਂ ਵੱਡਾ ਹੁੰਦਾ ਜਾਂਦਾ ਹੈ, ਜਿਸ ਵਿਚ ਸੰਸਾਰ ਦੇ ਸਾਰੇ ਰਸ ਸ਼ਾਮਲ ਹੁੰਦੇ ਜਾਂਦੇ ਹਨ ਪਰ ਗੁਰੂ ਦਾ ਮੂਲ ਹੁਕਮ ਅਲੋਪ ਹੁੰਦਾ ਜਾਂਦਾ ਹੈ। ਸੰਸਾਰਕ ਖ਼ੁਸੀਆਂ ਦੇ ਖ਼ਾਸ ਮੌਕੇ 'ਤੇ ਇਹ ਪੰਕਤੀਆਂ ਵਾਰ-ਵਾਰ ਪੜ੍ਹੀਆਂ ਜਾਂਦੀਆਂ ਹਨ - ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇ।।
ਮਨੁੱਖੀ ਸਿਆਣਪ ਮੂਲ ਗੁਰੂ-ਹੁਕਮ - ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ£ ਤੋਂ ਤੋੜਨ ਵਾਲੀ ਸਾਬਤ ਹੁੰਦੀ ਹੈ। ਉਸ ਵੇਲੇ ਮਨ ਅੰਦਰ ਨਾਮ ਦੀ ਦਾਤ ਨਹੀਂ, ਕੁਝ ਹੋਰ ਮੰਗ ਚੱਲ ਰਹੀ ਹੁੰਦੀ ਹੈ। ਗੁਰੂ ਦੇ ਹੁਕਮ ਨਾਲੋਂ ਟੁੱਟੇ ਮਨ ਲਈ ਸੁੱਖ–ਦੁੱਖ ਦੀ ਵਿਆਖਿਆ ਦੁਨਿਆਵੀ ਹੋ ਜਾਂਦੀ ਹੈ। ਦਰਅਸਲ 'ਲਖ ਖੁਸੀਆ ਪਾਤਿਸਾਹੀਆ' ਦੀ ਭਾਵਨਾ ਨਾਮ ਦੀ ਪ੍ਰਾਪਤੀ ਤੇ ਮਨ ਦੀ ਨਿਰਮਲਤਾ ਵੱਲ ਤੋਰਨ ਵਾਲੀ ਹੈ। ਜਦੋਂ ਇਹ ਸ਼ਬਦ ਪੜ੍ਹਦਿਆਂ, ਸੁਣਦਿਆਂ ਮਨ ਨਾਮ ਜਪਣ ਲਈ ਤੇ ਨਿਰਮਲ, ਸਹਿਜ ਅਵਸਥਾ ਹਾਸਲ ਕਰਨ ਲਈ ਪ੍ਰੇਰਿਤ ਨਹੀਂ ਹੁੰਦਾ ਤਾਂ ਇਹ ਮਨ ਦੀ ਭਟਕਣ ਪ੍ਰਗਟ ਕਰਦਾ ਹੈ। ਮਨ ਗੁਰੂ ਦੇ ਆਸ਼ੇ ਨਾਲੋਂ ਟੁੱਟ ਕੇ ਸੰਸਾਰ ਦੇ ਰੰਗ-ਰਸ ਵਿਚ ਟਿਕਾਣਾ ਲੱਭਣ ਤੁਰ ਪੈਂਦਾ ਹੈ। ਮਨੁੱਖ ਦਾ ਮਨ ਪਰਮਾਤਮਾ ਦੇ ਮਾਰਗ ਤੇ ਚੱਲ ਤਾਂ ਪੈਂਦਾ ਹੈ ਪਰ ਸੰਸਾਰਕ ਪ੍ਰਾਪਤੀਆਂ ਵੱਲ ਖਿੱਚਿਆ ਜਾਂਦਾ ਹੈ ਕਿਉਂਕਿ ਇਸ ਯਾਤਰਾ ਲਈ ਲੋੜੀਂਦਾ ਸੰਕਲਪ ਨਹੀਂ ਧਾਰਨ ਕੀਤਾ ਹੁੰਦਾ।
ਧਰਮ ਦੀ ਯਾਤਰਾ ਦੋ ਥੰਮ੍ਹਾਂ 'ਤੇ ਟਿਕੀ ਹੋਈ ਹੈ - ਪਹਿਲਾ ਥੰਮ੍ਹ ਹੈ ਸੰਕਲਪ ਤੇ ਦੂਜਾ ਹੈ ਭਰੋਸਾ। ਮਨੁੱਖ ਦਾ ਸੰਕਲਪ ਹੈ - ਸਭੇ ਠੋਕ ਪਰਾਪਤੇ ਜੇ ਆਵੈ ਇਕੁ ਹਥਿ।। ਪਰਮਾਤਮਾ ਦੀ ਸ਼ਰਨ ਤੇ ਕ੍ਰਿਪਾ ਪ੍ਰਾਪਤ ਕਰਨਾ ਮਨੁੱਖ ਦੇ ਜੀਵਨ ਦਾ ਮੂਲ ਮਨੋਰਥ ਹੈ। ਮਨ 'ਚ ਸੰਕਲਪ ਹੋਵੇ ਕਿ ਪਰਮਾਤਮਾ ਹੀ ਸਿਰਜਣਹਾਰ, ਪਾਲਣਹਾਰ, ਦਾਤਾ ਤੇ ਤਾਰਨਹਾਰ ਹੈ। ਉਸ ਦੀ ਕ੍ਰਿਪਾ ਬਿਨਾਂ ਕੋਈ ਵੀ ਪ੍ਰਾਪਤੀ ਮੁਮਕਿਨ ਨਹੀਂ। ਪਰਮਾਤਮਾ ਦੀ ਕ੍ਰਿਪਾ ਦੁਆਰਾ ਹੀ ਜੀਵਨ ਦੀ ਗਤਿ ਸੰਭਵ ਹੈ। ਪਰਮਾਤਮਾ ਕ੍ਰਿਪਾ ਕਰਦਾ ਹੈ ਤਾਂ ਜੀਵਨ ਖ਼ੁਸ਼ੀਆਂ ਨਾਲ ਭਰਪੂਰ ਕਰ ਦਿੰਦਾ ਹੈ, ਕੋਈ ਤੋਟ ਨਹੀਂ ਆਉਂਦੀ, ਮਨ ਅੰਦਰ ਪਰਮਾਤਮਾ ਦੀ ਮਿਹਰ ਪ੍ਰਾਪਤ ਕਰ ਕੇ ਜੀਵਨ ਖ਼ੁਸ਼ੀਆਂ ਨਾਲ ਭਰਨ ਦਾ ਸੰਕਲਪ ਹੀ ਪਰਮਾਤਮਾ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਤੇ ਉਤਸ਼ਾਹ ਦਿੰਦਾ ਹੈ। ਦੂਜਾ ਥੰਮ੍ਹ ਹੈ ਭਰੋਸਾ - ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ£ ਪਰਮਾਤਮਾ ਦੀ ਨਦਰਿ ਹਾਸਲ ਕਰਨ ਦਾ ਇੱਕੋ ਮਾਰਗ ਹੈ ਪਰਮਾਤਮਾ ਦਾ ਨਾਮ ਜਪਣਾ, ਉਸ ਦੀ ਉਸਤਤ ਕਰਨਾ ਤੇ ਉਸ ਦੇ ਹੁਕਮ ਨੂੰ ਜੀਵਨ ਦਾ ਆਧਾਰ ਬਣਾਉਣਾ। ਜੀਵਨ ਦਾ ਉਹੀ ਸਮਾਂ ਸਫਲ ਹੈ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਉਸ ਦੇ ਹੁਕਮ 'ਚ ਵਿਚਰ ਰਿਹਾ ਹੁੰਦਾ ਹੈ। ਇਸ ਸੰਕਲਪ ਤੇ ਭਰੋਸੇ ਨਾਲ ਜਦੋਂ ਮਨ ਪਰਮਾਤਮਾ ਦੀ ਭਗਤੀ, ਉਸਤਤ ਕਰਦਾ ਹੈ ਤਾਂ ਸੰਸਾਰਕ ਪਦਾਰਥਾਂ, ਰਸਾਂ ਤੋਂ ਉਪਰਾਮ ਹੋ ਜਾਂਦਾ ਹੈ। ਉਸ ਦਾ ਚਿੱਤ ਬਸ ਪਰਮਾਤਮਾ ਵਿਚ ਹੀ ਰਮਦਾ ਹੈ।
ਮਨੁੱਖ ਦੇ ਮਨ ਅੰਦਰ ਪਰਮਾਤਮਾ ਦੇ ਨਾਮ, ਭਗਤੀ ਲਈ ਸੱਚੀ ਤਾਂਘ ਉੱਠਦੀ ਹੈ, ਸੰਸਾਰ ਦੇ ਰੰਗ-ਰਸ ਵਿਸਰ ਜਾਂਦੇ ਹਨ। ਇਸ ਅਵਸਥਾ ਵਿਚ ਹੀ 'ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇ' ਦੀ ਸੱਚੀ ਵਿਆਖਿਆ ਸਮਝ ਆਉਂਦੀ ਹੈ। ਸਤਿਗੁਰੂ ਦੀ ਨਦਰਿ ਨਾਲ ਲੱਖਾਂ ਖ਼ੁਸੀਆਂ, ਪਾਤਿਸਾਹੀਆਂ ਪ੍ਰਾਪਤ ਕਰਨ ਦੀ ਥਾਂ ਉਹ ਸਤਿਗੁਰੂ ਦੀ ਨਦਰਿ ਵਿਚ ਖ਼ੁਸ਼ੀਆਂ ਤੇ ਪਾਤਿਸ਼ਾਹੀਆਂ ਲੱਭਣ ਲੱਗ ਪੈਂਦਾ ਹੈ। ਪਰਮਾਤਮਾ ਦੀ ਮਿਹਰ ਉਸ ਨੂੰ ਸੰਸਾਰਕ ਪ੍ਰਾਪਤੀਆਂ ਤੋਂ ਵੱਧ ਨਜ਼ਰ ਆਉਣ ਲਗਦੀ ਹੈ। ਉਹ ਪਰਮਾਤਮਾ ਦੇ ਮਾਰਗ ਤੇ ਚੱਲਣ ਲਈ ਸਭ ਕੁਝ ਵਾਰ ਦੇਣ ਲਈ ਤਿਆਰ ਹੋ ਜਾਂਦਾ ਹੈ - ਸਿਰੁ ਦੀਜੈ ਕਾਣਿ ਨ ਕੀਜੈ। ਪਰਮਾਤਮਾ ਦੀ ਨਦਰਿ ਪੂਰਨ ਸਮਰਪਣ ਨਾਲ ਪ੍ਰਾਪਤ ਹੁੰਦੀ ਹੈ। ਆਪਾ ਵਾਰ ਕੇ ਪਰਮਾਤਮਾ ਦੀ ਨਦਰਿ ਪ੍ਰਾਪਤ ਕਰ ਲੈਣਾ ਵਡਭਾਗੇ ਹੋਣ ਦੀ ਨਿਸ਼ਾਨੀ ਹੈ - ਜਿਸ ਕਉ ਪੁਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ£ ਧਨ, ਦੌਲਤ, ਜਾਇਦਾਦ, ਸੰਤਾਨ, ਪਰਿਵਾਰ-ਕੁਲ, ਅਹੁਦਾ, ਸ਼ੁਹਰਤ, ਤਾਕਤ, ਗਿਆਨ ਆਦਿ ਦਾ ਹੋਣਾ ਕੋਈ ਮਹੱਤਵ ਨਹੀਂ ਰੱਖਦਾ। ਗੁਰੂ ਦ੍ਰਿਸ਼ਟੀ 'ਚ ਸੰਪੂਰਨ ਮਹੱਤਤਾ ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰਨ ਵਿਚ ਹੈ। ਜਿਸ ਨੇ ਇਹ ਸੱਚੀ ਦ੍ਰਿਸ਼ਟੀ ਧਾਰਨ ਕਰ ਲਈ, ਉਸ ਦੇ ਮਨ ਅੰਦਰ ਇੱਕੋ ਤਰੰਗ ਉੱਠਦੀ ਹੈ - ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ£ ਨਾਮ ਤੇ ਮਨ ਦੀ ਨਿਰਮਲ ਅਵਸਥਾ ਵਿਚ ਉਸ ਨੂੰ ਲੱਖਾਂ ਖ਼ੁਸ਼ੀਆਂ ਤੇ ਪਾਤਿਸ਼ਾਹੀਆਂ ਵਿਖਾਈ ਦੇਣ ਲੱਗ ਪੈਂਦੀਆਂ ਹਨ।
ਗੁਰਸਿੱਖ ਖ਼ੁਸ਼ੀਆਂ ਤੇ ਵਡਿਆਈਆਂ ਗੁਰ ਸ਼ਬਦ ਅੰਦਰ ਲੱਭਦਾ ਹੈ। ਉਸ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਂਦੀ। ਗੁਰ ਸ਼ਬਦ ਹੀ ਉਸ ਦੇ ਜੀਵਨ ਦੀ ਸਾਰ ਸੰਭਾਲ ਕਰਨ 'ਚ ਸਮਰੱਥ ਹੈ - ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ£ ਗੁਰ ਸ਼ਬਦ ਨੇ ਜੀਵਨ ਦੀ ਸਫਲਤਾ ਦਾ ਪੈਮਾਨਾ ਬਦਲ ਦਿੱਤਾ। ਗੁਰਸਿੱਖ ਦੀ ਸਫਲਤਾ ਪਰਮਾਤਮਾ ਲਈ ਭਾਵਨਾ ਅੰਦਰ ਜਿਊਂਣ ਵਿਚ ਹੈ - ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ£ ਜਦੋਂ ਜੀਵਨ ਸਫਲਤਾ ਦਾ ਮਾਪਦੰਡ ਪਰਮਾਤਮਾ ਲਈ ਭਾਵਨਾ ਤੇ ਸਮਰਪਣ ਹੋ ਜਾਏ ਤਦ ਹੀ ਖ਼ੁਸ਼ੀਆਂ ਤੇ ਪਾਤਿਸ਼ਾਹੀਆਂ ਦੇ ਅਰਥ ਬਦਲਦੇ ਹਨ ਤੇ ਮਨ ਦਾ ਮਾਰਗ ਨਿਰਵਿਘਨ ਹੋ ਜਾਂਦਾ ਹੈ।
- ਡਾ. ਸਤਿੰਦਰ ਪਾਲ ਸਿੰਘ
94159-60533