Jagannath RathYatra : ਸਨਾਤਨ ਪਰੰਪਰਾ 'ਚ ਮੰਨਿਆ ਜਾਂਦਾ ਹੈ ਕਿ ਜੋ ਵੀ ਸ਼ਰਧਾਲੂ ਇਸ ਰਥ ਯਾਤਰਾ 'ਚ ਸ਼ਾਮਲ ਹੋ ਕੇ ਰੱਥ ਨੂੰ ਖਿੱਚਦੇ ਹਨ, ਉਸ ਨੂੰ ਜੀਵਨ-ਮਰਨ ਦੇ ਚੱਕਰ ਤੋਂ ਮੁਕਤੀ ਮਿਲਦੀ ਹੈ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਇਸ ਸਾਲ ਇਹ ਵਿਸ਼ਾਲ ਰਥ ਯਾਤਰਾ ਕਦੋਂ ਸ਼ੁਰੂ ਹੋਵੇਗੀ?

ਧਰਮ ਡੈਸਕ, ਨਵੀਂ ਦਿੱਲੀ : ਓਡੀਸ਼ਾ ਦੇ ਪੁਰੀ 'ਚ ਹੋਣ ਵਾਲੀ ਜਗਗਨਾਥ ਰਥ ਯਾਤਰਾ ਸਿਰਫ਼ ਧਾਰਮਿਕ ਉਤਸਵ ਨਹੀਂ ਬਲਕਿ ਸ਼ਰਧਾ ਤੇ ਭਗਤੀ ਦਾ ਮਹਾਂਕੁੰਭ ਹੈ। ਹਰ ਸਾਲ ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਦਵਿਤੀਆ ਤਿਥੀ ਨੂੰ ਮਹਾਪ੍ਰਭੂ ਜਗਨਨਾਥ ਆਪਣੇ ਵੱਡੇ ਭਰਾ ਬਲਭੱਦਰ ਤੇ ਭੈਣ ਸੁਭਦਰਾ ਨਾਲ ਨਗਰ ਯਾਤਰਾ ਤੇ ਆਪਣੀ ਮਾਸੀ ਦੇ ਘਰ ਗੁੰਡੀਚਾ ਮੰਦਰ ਜਾਣ ਲਈ ਨਿਕਲਦੇ ਹਨ।
ਸਨਾਤਨ ਪਰੰਪਰਾ 'ਚ ਮੰਨਿਆ ਜਾਂਦਾ ਹੈ ਕਿ ਜੋ ਵੀ ਸ਼ਰਧਾਲੂ ਇਸ ਰਥ ਯਾਤਰਾ 'ਚ ਸ਼ਾਮਲ ਹੋ ਕੇ ਰੱਥ ਨੂੰ ਖਿੱਚਦੇ ਹਨ, ਉਸ ਨੂੰ ਜੀਵਨ-ਮਰਨ ਦੇ ਚੱਕਰ ਤੋਂ ਮੁਕਤੀ ਮਿਲਦੀ ਹੈ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਇਸ ਸਾਲ ਇਹ ਵਿਸ਼ਾਲ ਰਥ ਯਾਤਰਾ ਕਦੋਂ ਸ਼ੁਰੂ ਹੋਵੇਗੀ?
16 ਜੁਲਾਈ 2026 (ਵੀਰਵਾਰ): ਰਥ ਯਾਤਰਾ ਦੀ ਸ਼ੁਰੂਆਤ, ਮਹਾਪ੍ਰਭੂ ਗੁੰਡੀਚਾ ਮੰਦਰ ਲਈ ਰਵਾਨਾ ਹੋਣਗੇ।
17 ਜੁਲਾਈ ਤੋਂ 23 ਜੁਲਾਈ 2026: ਭਗਵਾਨ ਜਗਨਨਾਥ, ਬਲਭੱਦਰ ਤੇ ਸੁਭਦਰਾ ਜੀ ਗੁੰਡੀਚਾ ਮੰਦਰ 'ਚ ਆਰਾਮ ਕਰਨਗੇ ਤੇ ਭਗਤਾਂ ਨੂੰ ਦਰਸ਼ਨ ਦੇਣਗੇ।
24 ਜੁਲਾਈ 2026 (ਸ਼ੁੱਕਰਵਾਰ): ਬਹੁਦਾ ਯਾਤਰਾ ਯਾਨੀ ਭਗਵਾਨ ਦੀ ਆਪਣੇ ਮੁੱਖ ਮੰਦਰ 'ਚ ਵਾਪਸੀ ਹੋਵੇਗੀ।
ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਯਾਤਰਾ ਜ਼ਰੀਏ ਭਗਵਾਨ ਜਗਨਨਾਥ ਆਪਣੀ ਮਾਸੀ ਦੇ ਘਰ ਯਾਨੀ ਗੁੰਡੀਚਾ ਮੰਦਰ ਜਾਂਦੇ ਹਨ। ਇੱਥੇ ਤਿੰਨੋਂ ਭਰਾ-ਭੈਣ ਲਗਪਗ 9 ਦਿਨ ਆਰਾਮ ਕਰਦੇ ਹਨ। ਸਕੰਦ ਪੁਰਾਣ 'ਚ ਦੱਸਿਆ ਗਿਆ ਹੈ ਕਿ ਰੱਥ ਯਾਤਰਾ ਦੌਰਾਨ ਸ਼੍ਰੀਹਰਿ ਦੇ ਮੁੱਖ ਰੱਥ 'ਨੰਦੀਘੋਸ਼' ਦੇ ਦਰਸ਼ਨ ਮਾਤਰ ਨਾਲ ਹੀ ਵਿਅਕਤੀ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।
ਰੱਥ ਖਿੱਚਣ ਦੀ ਪਰੰਪਰਾ ਨੂੰ ਲੈ ਕੇ ਮਾਨਤਾ ਹੈ ਕਿ ਮਹਾਪ੍ਰਭੂ ਖੁਦ ਆਪਣੇ ਭਗਤਾਂ ਨੂੰ ਦਰਸ਼ਨ ਦੇਣ ਲਈ ਰਾਜਮਹਿਲ ਤੋਂ ਬਾਹਰ ਆਉਂਦੇ ਹਨ, ਇਸ ਲਈ ਉਨ੍ਹਾਂ ਦੇ ਰੱਥ ਨੂੰ ਅੱਗੇ ਵਧਾਉਣਾ ਸਿੱਧਾ ਮੋਕਸ਼ ਦੇ ਰਾਹ ਵੱਲ ਕਦਮ ਵਧਾਉਣ ਵਰਗਾ ਹੈ।
ਰੱਥ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਕਈ ਰਵਾਇਤੀ ਰਸਮਾਂ ਨਿਭਾਈਆਂ ਜਾਂਦੀਆਂ ਹਨ। ਜੇਠ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਭਗਵਾਨ ਦਾ ਮਹਾ-ਇਸ਼ਨਾਨ ਹੁੰਦਾ ਹੈ ਜਿਸ ਤੋਂ ਬਾਅਦ ਉਹ 15 ਦਿਨਾਂ ਲਈ ਬਿਮਾਰ ਹੋ ਜਾਂਦੇ ਹਨ।
ਇਸ ਤੋਂ ਬਾਅਦ ਹਾੜ੍ਹ ਦਵਿਤੀਆ ਨੂੰ 'ਛੇਰਾ ਪਹਿਰਾ' ਦੀ ਰਸਮ ਹੁੰਦੀ ਹੈ, ਜਿਸ ਵਿਚ ਪੁਰੀ ਦੇ ਗਜਪਤੀ ਰਾਜਾ ਸੋਨੇ ਦੇ ਝਾੜੂ ਨਾਲ ਰੱਥਾਂ ਦੇ ਮੰਡਪ ਨੂੰ ਸਾਫ਼ ਕਰਦੇ ਹਨ। ਇਸ ਤੋਂ ਬਾਅਦ ਹੀ ਰੱਥ ਖਿੱਚਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਸਾਰੇ ਸ਼ਰਧਾਲੂ ਪੂਰੀ ਸ਼ਰਧਾ ਨਾਲ ਸ਼ੰਖ ਦੀ ਆਵਾਜ਼ ਤੇ ਜੈਕਾਰਿਆਂ ਦੇ ਵਿਚਕਾਰ ਰੱਥ ਨੂੰ ਅੱਗੇ ਤੋਰਦੇ ਹਨ।