ਖ਼ੁਦ ’ਚ ਸੁਧਾਰ ਲਿਆਉਣਾ ਬੇਹੱਦ ਜ਼ਰੂਰੀ
ਸਮਾਜ ਅੱਜ ਜਿਸ ਅਸੰਤੁਲਨ, ਤਣਾਅ ਅਤੇ ਕਦਰਾਂ-ਕੀਮਤਾਂ ਤੋਂ ਹੀਣਤਾ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ, ਉਸ ਦੌਰਾਨ ਇਕ ਨਵੇਂ ਮਨੁੱਖ ਦੀ ਖੋਜ ਬੇਹੱਦ ਜ਼ਰੂਰੀ ਹੋ ਗਈ ਹੈ। ਅਜਿਹੇ ਮਨੁੱਖ ਦੀ, ਜੋ ਸਹੀ-ਗ਼ਲਤ ਦੇ ਫ਼ੈਸਲੇ ਵਿਚ ਸਿਰਫ਼ ਤਰਕ ਹੀ ਨਹੀਂ, ਸਗੋਂ ਵਿਸ਼ਵਾਸ, ਵਿਵੇਕ ਅਤੇ ਡੂੰਘੇ ਤਜਰਬੇ ਨੂੰ ਵੀ ਜਗ੍ਹਾ ਦੇਵੇ।
Publish Date: Fri, 23 Jan 2026 11:42 PM (IST)
Updated Date: Sat, 24 Jan 2026 07:43 AM (IST)
ਸਮਾਜ ਅੱਜ ਜਿਸ ਅਸੰਤੁਲਨ, ਤਣਾਅ ਅਤੇ ਕਦਰਾਂ-ਕੀਮਤਾਂ ਤੋਂ ਹੀਣਤਾ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ, ਉਸ ਦੌਰਾਨ ਇਕ ਨਵੇਂ ਮਨੁੱਖ ਦੀ ਖੋਜ ਬੇਹੱਦ ਜ਼ਰੂਰੀ ਹੋ ਗਈ ਹੈ। ਅਜਿਹੇ ਮਨੁੱਖ ਦੀ, ਜੋ ਸਹੀ-ਗ਼ਲਤ ਦੇ ਫ਼ੈਸਲੇ ਵਿਚ ਸਿਰਫ਼ ਤਰਕ ਹੀ ਨਹੀਂ, ਸਗੋਂ ਵਿਸ਼ਵਾਸ, ਵਿਵੇਕ ਅਤੇ ਡੂੰਘੇ ਤਜਰਬੇ ਨੂੰ ਵੀ ਜਗ੍ਹਾ ਦੇਵੇ।
ਅੱਜ ਲੋੜ ਉਸ ਵਿਅਕਤੀ ਦੀ ਹੈ ਜੋ ਆਪਣੀਆਂ ਭੁੱਲਾਂ ਨੂੰ ਸਵੀਕਾਰ ਕਰਨ ਦਾ ਹੌਸਲਾ ਰੱਖੇ, ਉਨ੍ਹਾਂ ’ਤੇ ਪਛਤਾਵਾ ਕਰੇ ਅਤੇ ਸਵੈ-ਪੜਚੋਲ ਦੇ ਰਾਹ ’ਤੇ ਅੱਗੇ ਵਧੇ। ਜੋ ਗ਼ਲਤੀ ਨੂੰ ਢਕਣ ਜਾਂ ਸਹੀ ਠਹਿਰਾਉਣ ਦੀ ਬਜਾਏ ਉਸ ਤੋਂ ਸਬਕ ਸਿੱਖ ਕੇ ਆਪਣੇ-ਆਪ ਨੂੰ ਬਿਹਤਰ ਬਣਾਏ। ਅਜਿਹਾ ਮਨੁੱਖ ਹੀ ਸਮਾਜ ਵਿਚ ਨੈਤਿਕਤਾ ਅਤੇ ਸੰਵੇਦਨਾ ਦੀ ਪੁਨਰ-ਸਥਾਪਨਾ ਕਰ ਸਕਦਾ ਹੈ। ਸਮੇਂ ਦੀ ਸਭ ਤੋਂ ਵੱਡੀ ਵਿਡੰਬਣਾ ਇਹ ਹੈ ਕਿ ਅਸੀਂ ਜ਼ਰੂਰਤ ਅਤੇ ਉਪਯੋਗਿਤਾ ਦੇ ਵਿਚਕਾਰ ਦਾ ਵਿਵੇਕ ਖੋ ਦਿੱਤਾ ਹੈ। ਜ਼ਰੂਰਤ ਸੀਮਤ ਹੁੰਦੀ ਹੈ ਜਦਕਿ ਖ਼ਾਹਿਸ਼ਾਂ ਅਸੀਮ ਹੁੰਦੀਆਂ ਹਨ। ਜਦੋਂ ਸੰਗ੍ਰਹਿ ਜ਼ਰੂਰਤ ਤੋਂ ਵੱਧ ਅਤੇ ਖ਼ਾਹਿਸ਼ ਇਸਤੇਮਾਲ ਤੋਂ ਅੱਗੇ ਨਿਕਲ ਜਾਂਦੀ ਹੈ ਤਦ ਜੀਵਨ ਅਤੇ ਜੀਵਿਕਾ ਦੇ ਵਿਚਕਾਰ ਅਸੰਤੁਲਨ ਪੈਦਾ ਹੁੰਦਾ ਹੈ।
ਇਹ ਅਸੰਤੁਲਨ ਹੀ ਅਸ਼ਾਂਤੀ, ਮੁਕਾਬਲੇਬਾਜ਼ੀ, ਹਿੰਸਾ ਅਤੇ ਸ਼ੋਸ਼ਣ ਨੂੰ ਜਨਮ ਦਿੰਦਾ ਹੈ। ਅੱਜ ਦਾ ਨਵਾਂ ਮਨੁੱਖ ਉਹੀ ਹੋਵੇਗਾ ਜੋ ਇਹ ਸਮਝ ਸਕੇ ਕਿ ਵੱਧ ਹੋਣਾ ਸ੍ਰੇਸ਼ਠ ਨਹੀਂ, ਸੰਤੁਲਿਤ ਹੋਣਾ ਹੀ ਸਾਰਥਕ ਹੈ। ਸਮਾਂ, ਸ਼ਕਤੀ, ਸੰਪਦਾ ਅਤੇ ਪ੍ਰਤਿਭਾ-ਇਹ ਸਭ ਪ੍ਰਭੂ ਜਾਂ ਕੁਦਰਤ ਦੀਆਂ ਅਨਮੋਲ ਦਾਤਾਂ ਹਨ। ਇਨ੍ਹਾਂ ਦਾ ਸਹੀ ਨਿਯੋਜਨ ਹੀ ਵਿਅਕਤੀ ਨੂੰ ਉੱਚਾ ਚੁੱਕਦਾ ਹੈ ਅਤੇ ਸਮਾਜ ਨੂੰ ਸਿਹਤਮੰਦ ਬਣਾਉਂਦਾ ਹੈ। ਜੇ ਸਮਾਂ ਸਿਰਫ਼ ਦੌੜ ਵਿਚ ਲੱਗੇ, ਸ਼ਕਤੀ ਸਿਰਫ਼ ਭੋਗ ਵਿਚ, ਧਨ-ਦੌਲਤ ਸਿਰਫ਼ ਸੰਗ੍ਰਹਿ ਵਿਚ ਅਤੇ ਪ੍ਰਤਿਭਾ ਸਿਰਫ਼ ਸਵਾਰਥ ਵਿਚ ਖਪ ਜਾਵੇ ਤਾਂ ਸੱਭਿਅਤਾ ਖੋਖਲੀ ਹੋ ਜਾਂਦੀ ਹੈ।
ਨਵੇਂ ਮਨੁੱਖ ਦਾ ਧਰਮ ਹੋਵੇਗਾ-ਇਨ੍ਹਾਂ ਸਭ ਦਾ ਵਿਵੇਕਪੂਰਨ, ਲੋਕ-ਮੰਗਲਕਾਰੀ ਅਤੇ ਮਾਨਵੀ ਇਸਤੇਮਾਲ। ਇਸ ਸਿਲਸਿਲੇ ਵਿਚ ਭਾਰਤੀ ਸੰਸਕ੍ਰਿਤੀ ਸਾਡੇ ਲਈ ਇਕ ਚਾਨਣ-ਮੁਨਾਰਾ ਹੈ ਜੋ ਅਨੁਸ਼ਾਸਨ ਅਤੇ ਆਤਮ-ਅਨੁਸ਼ਾਸਨ ਦੀ ਸਿੱਖਿਆ ਦਿੰਦੀ ਹੈ। ਭਾਰਤੀ ਨਜ਼ਰੀਏ ਵਿਚ ਹਰ ਸਮੱਸਿਆ ਦਾ ਹੱਲ ਤਲਵਾਰ ਨਾਲ ਨਹੀਂ, ਸੰਵਾਦ ਨਾਲ, ਹਿੰਸਾ ਨਾਲ ਨਹੀਂ, ਅਹਿੰਸਾ ਨਾਲ ਅਤੇ ਨਫ਼ਰਤ ਨਾਲ ਨਹੀਂ, ਪ੍ਰੇਮ ਨਾਲ ਲੱਭਿਆ ਜਾਂਦਾ ਹੈ।
-ਸਵਾਮੀ ਦੇਵੇਂਦਰ ਬ੍ਰਹਮਚਾਰੀ।