ਸੁਣਨ ਦੀ ਸਾਧਨਾ
ਸੰਜੀਦਗੀ ਨਾਲ ਸੁਣਨਾ ਸਭ ਤੋਂ ਮੁਸ਼ਕਲ ਪੱਖ ਹੈ- ਆਪਣੇ ਅੰਦਰ ਉੱਠਣ ਵਾਲੀ ਉਸ ਤੀਬਰ ਇੱਛਾ ਨੂੰ ਸ਼ਾਂਤ ਕਰਨਾ, ਜੋ ਤੁਰੰਤ ਸਲਾਹ ਦੇਣ ਜਾਂ ਹੱਲ ਪੇਸ਼ ਕਰਨ ਲਈ ਉਤਾਵਲੀ ਹੋ ਜਾਂਦੀ ਹੈ। ਹਕੀਕੀ ਸੁਣਨਾ ਤਦ ਹੀ ਸੰਭਵ ਹੈ ਜਦੋਂ ਅਸੀਂ ਸਮਝਣ ਲਈ ਸੁਣੀਏ, ਨਾ ਕਿ ਪ੍ਰਤੀਕਿਰਿਆ ਦੇਣ ਲਈ।
Publish Date: Wed, 21 Jan 2026 11:31 PM (IST)
Updated Date: Thu, 22 Jan 2026 07:42 AM (IST)
ਸੰਜੀਦਗੀ ਨਾਲ ਸੁਣਨ ਦੀ ਸਮਰੱਥਾ ਇਕ ਵਿਲੱਖਣ ਗੁਣ ਹੈ ਜੋ ਵਿਅਕਤੀ ਨੂੰ ਆਮ ਤੋਂ ਖ਼ਾਸ ਬਣਾਉਂਦੀ ਹੈ। ਸੁਣਨਾ ਸਿਰਫ਼ ਇਕ ਇੰਦਰੀ ਕਿਰਿਆ ਨਹੀਂ ਬਲਕਿ ਇਹ ਸਾਵਧਾਨੀ ਅਤੇ ਨਿਮਰਤਾ ਦਾ ਸੰਯੁਕਤ ਅਭਿਆਸ ਹੈ। ਜੋ ਵਿਅਕਤੀ ਸੱਚਮੁੱਚ ਸੁਣਨਾ ਜਾਣਦਾ ਹੈ, ਉਹ ਆਸਾਨੀ ਨਾਲ ਲੋਕਾਂ ਦਾ ਪਿਆਰਾ ਬਣ ਜਾਂਦਾ ਹੈ। ਅੱਜ ਮਨੁੱਖ ਬੋਲਣ ਵਿਚ ਨਿਪੁੰਨ ਹੋਣਾ ਚਾਹੁੰਦਾ ਹੈ ਜਿਸ ਕਾਰਨ ਸੁਣਨ ਦੀ ਕਲਾ ਲੁਪਤ ਹੁੰਦੀ ਜਾ ਰਹੀ ਹੈ। ਬਹੁਤ ਸਾਰੇ ਲੋਕ ਸੰਵਾਦ ਇਸ ਲਈ ਕਰਦੇ ਹਨ ਤਾਂ ਜੋ ਉਹ ਆਪਣੀ ਬੋਲ-ਬਾਣੀ ਨਾਲ ਹੋਰਾਂ ਨੂੰ ਪ੍ਰਭਾਵਿਤ ਕਰ ਸਕਣ। ਜਦਕਿ ਜ਼ਿਆਦਾ ਬੋਲਣਾ ਅਕਸਰ ਵਿਅਕਤੀ ਨੂੰ ਮੁਸ਼ਕਲਾਂ ਵਿਚ ਫਸਾ ਦਿੰਦਾ ਹੈ। ਇਸ ਦੇ ਉਲਟ ਸੁਣਨ ਦੀ ਕਲਾ ਉਸ ਨੂੰ ਪਰਪੱਕ ਅਤੇ ਸੰਜੀਦਾ ਦਿਖਾਉਂਦੀ ਹੈ।
ਸੰਜੀਦਾ ਹੋ ਕੇ ਸੁਣਨ ਦਾ ਅਰਥ ਹੈ ਕਿ ਸਿਰਫ਼ ਸ਼ਬਦਾਂ ’ਤੇ ਨਹੀਂ, ਬਲਕਿ ਭਾਵਾਂ ’ਤੇ ਵੀ ਇਕਾਗਰ ਹੋਣਾ ਹੈ। ਵਕਤਾ ਦੀਆਂ ਅੱਖਾਂ, ਹਾਵ-ਭਾਵ ਨੂੰ ਸਮਝਣਾ, ਉਸ ਦੇ ਸ਼ਬਦਾਂ ਦੇ ਪਿੱਛੇ ਛੁਪੀ ਭਾਵਨਾ ਨੂੰ ਜਾਣਨਾ। ਇਹ ਇਕ ਮੌਨ ਭਾਈਵਾਲੀ ਹੈ ਜੋ ਵਿਸ਼ਵਾਸ ਦਿੰਦੀ ਹੈ ਕਿ ਸਰੋਤਾ ਪੂਰੀ ਤਰ੍ਹਾਂ ਜਾਗਰੂਕ ਹੁੰਦਾ ਹੈ। ਸੱਚਾ ਸਰੋਤਾ ਜਗਿਆਸੂ ਹੁੰਦਾ ਹੈ ਪਰ ਦਖ਼ਲਅੰਦਾਜ਼ੀ ਕਰਨ ਵਾਲਾ ਨਹੀਂ। ਉਹ ਸਰਲ, ਸੁਭਾਵਕ ਪ੍ਰਸ਼ਨ ਪੁੱਛਦਾ ਹੈ। ਅਜਿਹੇ ਪ੍ਰਸ਼ਨ ਦਿਖਾਵੇ ਦੇ ਨਹੀਂ ਹੁੰਦੇ। ਇਸ ਨਾਲ ਵਕਤਾ ਆਪਣੇ-ਆਪ ਨੂੰ ਸਨਮਾਨਤ ਮਹਿਸੂਸ ਕਰਦਾ ਹੈ।
ਸੰਜੀਦਗੀ ਨਾਲ ਸੁਣਨਾ ਸਭ ਤੋਂ ਮੁਸ਼ਕਲ ਪੱਖ ਹੈ- ਆਪਣੇ ਅੰਦਰ ਉੱਠਣ ਵਾਲੀ ਉਸ ਤੀਬਰ ਇੱਛਾ ਨੂੰ ਸ਼ਾਂਤ ਕਰਨਾ, ਜੋ ਤੁਰੰਤ ਸਲਾਹ ਦੇਣ ਜਾਂ ਹੱਲ ਪੇਸ਼ ਕਰਨ ਲਈ ਉਤਾਵਲੀ ਹੋ ਜਾਂਦੀ ਹੈ। ਹਕੀਕੀ ਸੁਣਨਾ ਤਦ ਹੀ ਸੰਭਵ ਹੈ ਜਦੋਂ ਅਸੀਂ ਸਮਝਣ ਲਈ ਸੁਣੀਏ, ਨਾ ਕਿ ਪ੍ਰਤੀਕਿਰਿਆ ਦੇਣ ਲਈ। ਅੱਧ-ਵਿਚਾਲੇ ਟੋਕਣਾ, ਵਿਸ਼ਾ ਬਦਲਣਾ ਜਾਂ ਵਾਰੀ ਦੀ ਉਡੀਕ ਕੀਤੇ ਬਗ਼ੈਰ ਬੋਲਣਾ, ਸੰਵਾਦ ਨੂੰ ਖੋਖਲਾ ਬਣਾ ਦਿੰਦਾ ਹੈ।
ਸੁਣਨ ਦਾ ਸਬਰ ਅਨੇਕ ਵਾਰ ਇਲਾਜ ਦਾ ਕੰਮ ਕਰਦਾ ਹੈ। ਜ਼ਿਆਦਾਤਰ ਹਾਲਾਤ ਵਿਚ ਵਿਅਕਤੀ ਆਪਣੀ ਸਮੱਸਿਆ ਸਾਂਝੀ ਕਰਦੇ-ਕਰਦੇ ਖ਼ੁਦ ਹੀ ਹੱਲ ਤੱਕ ਪਹੁੰਚ ਜਾਂਦਾ ਹੈ। ਉਸ ਨੂੰ ਸਲਾਹ ਨਹੀਂ, ਸੁਣੇ ਜਾਣ ਦੀ ਸਹੂਲਤ ਚਾਹੀਦੀ ਹੁੰਦੀ ਹੈ। ਸੰਜੀਦਗੀ ਨਾਲ ਸੁਣਨਾ ਇਕ ਅਜਿਹੀ ਤਕਨੀਕ ਹੈ ਜੋ ਆਪਣੇ ਹੰਕਾਰ ਨੂੰ ਘਟਾਉਂਦੀ ਹੈ, ਸਬਰ ਦਾ ਪ੍ਰੀਖਣ ਕਰਨਾ ਸਿਖਾਉਂਦੀ ਹੈ ਅਤੇ ਰਿਸ਼ਤਿਆਂ ਨੂੰ ਨਵੀਆਂ ਉੱਚਾਈਆਂ ਪ੍ਰਦਾਨ ਕਰਦੀ ਹੈ।
-ਟਵਿੰਕਲ ਤੋਮਰ ਸਿੰਘ।