ਜਦੋਂ ਵੀ ਦੁਨੀਆ ’ਚ ਮਨੁੱਖੀ ਅਧਿਕਾਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਸ਼ਵ ਕਲਿਆਣਕਾਰੀ ਅਮਲੀ ਦਿ੍ਰਸ਼ਟੀ ਸਾਹਮਣੇ ਨਜ਼ਰ ਆਉਂਦੀ ਹੈ। ਮਨੁੱਖ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਨ ਬਾਬਤ ਸਮੁੱਚੇ ਆਲਮ ਨੂੰ ਗੁਰੂ ਜੀ ਪਾਸੋਂ ਸੇਧ ਲੈਣ ਦੀ ਜ਼ਰੂਰਤ ਹੈ। ਜਦੋਂ ਤੋਂ ਹੀ ਮਨੁੱਖ ਦੇ ਮਨ ’ਚ ਧਰਮ ਤੇ ਨਿੱਜੀ ਅਧਿਕਾਰਾਂ ਦਾ ਵਲਵਲਾ ਜਾਂ ਵਿਚਾਰ ਪੈਦਾ ਹੋਇਆ।

ਜਦੋਂ ਵੀ ਦੁਨੀਆ ’ਚ ਮਨੁੱਖੀ ਅਧਿਕਾਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਸ਼ਵ ਕਲਿਆਣਕਾਰੀ ਅਮਲੀ ਦਿ੍ਰਸ਼ਟੀ ਸਾਹਮਣੇ ਨਜ਼ਰ ਆਉਂਦੀ ਹੈ। ਮਨੁੱਖ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਨ ਬਾਬਤ ਸਮੁੱਚੇ ਆਲਮ ਨੂੰ ਗੁਰੂ ਜੀ ਪਾਸੋਂ ਸੇਧ ਲੈਣ ਦੀ ਜ਼ਰੂਰਤ ਹੈ। ਜਦੋਂ ਤੋਂ ਹੀ ਮਨੁੱਖ ਦੇ ਮਨ ’ਚ ਧਰਮ ਤੇ ਨਿੱਜੀ ਅਧਿਕਾਰਾਂ ਦਾ ਵਲਵਲਾ ਜਾਂ ਵਿਚਾਰ ਪੈਦਾ ਹੋਇਆ। ਹਰੇਕ ਧਾਰਮਿਕ ਰਹਿਬਰ ਨੇ ਮਾਨਵੀ ਹੱਕਾਂ ਲਈ ਜੱਦੋ-ਜਹਿਦ ਕੀਤੀ ਪਰ ਉਹ ਸੰਘਰਸ਼ ਇਕ ਵਰਗ ਤੱਕ ਸੀਮਤ ਰਹਿ ਗਿਆ ਪਰ ਕਿਸੇ ਦੂਜੇ ਧਰਮ ਦੀ ਰਾਖੀ ਕਰਨੀ ਕਿਸੇ ਮਹਾਬਲੀ ਦੇ ਹਿੱਸੇ ਆਉਂਦਾ ਹੈ। ਗੁਰਬਾਣੀ ਦੀ ਵਿਸ਼ਵ ਦਿ੍ਰਸਟੀ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ’ਚ ਲੈ ਲੈਂਦੀ ਹੈ :
ਅਵਲਿ ਅਲਹ ਨੂਰੁ ਉਪਾਇਆ ਕੁਦਰਤ ਕੇ ਸਭ ਬੰਦੇ॥
ਏਕ ਨੂਰੁ ਤੇ ਸਭੁ ਜਗ ਉਪਜਿਆ ਕਉਨ ਭਲੇ ਕੋ ਮੰਦੇ॥
ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ :
ਮਾਨਸ ਕੀ ਜਾਤਿ ਸਬੈ
ਏਕੈ ਪਹਿਚਾਨਬੋ॥
ਗੁਰਬਾਣੀ ਨੇ ਹਲੀਮੀ ਰਾਜ ਦੀ ਸਿਰਜਣਾ ਦਾ ਦਿ੍ਰਸ਼ ਖਿੱਚਿਆ ਹੈ, ਜੋ ਮਾਨਵੀ ਅਧਿਕਾਰਾਂ ਦੀ ਸਿਰਮੌਰ ਮਿਸਾਲ ਹੈ :
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥
ਮਾਨਵੀ ਅਧਿਕਾਰਾਂ ਦਾ ਜ਼ਿਕਰ ਜਾਂ ਚਿੰਤਨ ਕਰਦੇ ਸਮੇਂ ਇਕ ਵਿਚਾਰ ਹਮੇਸ਼ਾ ਮਨ ’ਚ ਆਉਂਦਾ ਹੈ ਕਿ ਮਨੁੱਖ ਕੇਵਲ ਮਨੁੱਖੀ ਜਾਤੀ ਦੇ ਅਧਿਕਾਰਾਂ ਪ੍ਰਤੀ ਚਿੰਤਤ ਹੈ ਨਾ ਕਿ ਕਿਸੇ ਹੋਰ ਪਰਜਾਤੀ ਲਈ। ਗੁਰਬਾਣੀ ਬ੍ਰਹਿਮੰਡੀ ਚਿੰਤਨ ਰਾਹੀਂ ਹਰੇਕ ਪ੍ਰਾਣੀ ਦੇ ਅਧਿਕਾਰ ਲਈ ਵਚਨਬੱਧ ਹੈ। ਸੰਯੁਕਤ ਰਾਸ਼ਟਰ ਦੇ ਆਰਟੀਕਲ ਨੰ: 18 ’ਚ ਮਨੁੱਖੀ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ, ‘ਧਰਮ ਦੀ ਆਜ਼ਾਦੀ ਉਹ ਸਿਧਾਂਤ ਹੈ ਜਿਸ ਤਹਿਤ ਹਰ ਇਕ ਵਿਅਕਤੀ ਨੂੰ ਵਿਚਾਰ, ਜ਼ਮੀਰ ਤੇ ਧਰਮ ਦੀ ਆਜ਼ਾਦੀ ਦਾ ਅਧਿਕਾਰ ਹੈ। ਇਸ ਅਧਿਕਾਰ ਅਨੁਸਾਰ ਆਪਣਾ ਧਰਮ ਜਾਂ ਵਿਸ਼ਵਾਸ ਬਦਲਣ, ਇਕੱਲੇ ਜਾਂ ਦੂਜਿਆਂ ਦੇ ਨਾਲ ਮਿਲ ਕੇ, ਜਨਤਕ ਰੂਪ ’ਚ ਤੇ ਨਿੱਜੀ ਤੌਰ ’ਤੇ ਆਪਣੇ ਧਰਮ ਜਾਂ ਵਿਸ਼ਵਾਸ ਨੂੰ ਪ੍ਰਚਾਰ ਅਮਲ ਪੂਜਾ ਤੇ ਪਾਲਣ ਦੁਆਰਾ ਜ਼ਾਹਿਰ ਕਰਨ ਦੀ ਆਜ਼ਾਦੀ ਹੈ।’ ਇਨ੍ਹਾਂ ਵਿਚਾਰਾਂ ਦੀ ਸਿਰਜਣਾਤਮਿਕਤਾ ਤੇ ਮੌਲਿਕਤਾ ਦਾ ਆਧਾਰ ਗੁਰਮਤਿ ਵਿਚਾਰਧਾਰਾ ਦਾ ਅਮਲੀ ਜੀਵਨ ਹੈ।
ਜਗਾਈ ਸੁੱਤੀ ਹੋਈ ਜ਼ਮੀਰ
ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕ ਕੇ ਹਿੰਦੁਸਤਾਨ ਦੀ ਜਨਤਾ ਦੀ ਜ਼ਮੀਰ ਨੂੰ ਜਗਾਇਆ ਤੇ ਬਾਬਰ ਦੀ ਜ਼ਾਲਮ ਤੇ ਮੁਤੱਸਬੀ ਸੁਰ ਨੂੰ ਸੱਚ ਦੀ ਗੂੰਜ ਨਾਲ ਵੰਗਾਰਿਆ। ਮਨੁੱਖਤਾ ਦੇ ਭਲੇ ਲਈ ਬਾਬਰ ਨੂੰ ਜਾਬਰ ਕਹਿ ਕੇ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਲਈ ਕ੍ਰਾਂਤੀਕਾਰੀ ਕਦਮ ਚੁੱਕਿਆ :
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਗੁਰਬਾਣੀ ਇਕ ਪਾਸੇ ਮਨੁੱਖ ਦੇ ਸਚਿਆਰ ਹੋਣ ’ਤੇ ਜ਼ੋਰ ਦਿੰਦੀ ਹੈ ਤੇ ਦੂਜੇ ਪਾਸੇ ਮਨੁੱਖ ਨੂੰ ਕਿਸੇ ਦੂਜੇ ਦਾ ਹੱਕ ਖੋਹਣ ਤੋਂ ਵਰਜਦੀ ਹੈ :
ਹਕੁ ਪਰਾਇਆ ਨਾਨਕਾ
ਉਸੁ ਸੂਅਰ ਉਸੁ ਗਾਇ॥
ਹੋਇਆ ਮਨੁੱਖਤਾ ਦਾ ਘਾਣ
ਗੁਰੂ ਸਾਹਿਬਾਨ ਤੋਂ ਪਹਿਲਾਂ ਜਾਂ ਸਮਕਾਲੀ ਹਾਲਾਤ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜਦੋਂ ਵੀ ਕੋਈ ਹਮਲਾਵਰ ਕਿਸੇ ਦੂਜੇ ਦੇਸ਼, ਰਾਜ ਜਾਂ ਰਿਆਸਤ ’ਤੇ ਹਮਲਾ ਕਰਦਾ ਤਾਂ ਉਹ ਆਮ ਲੋਕਾਂ ’ਤੇ ਤਸ਼ੱਦਦ ਕਰਦਾ ਹੋਇਆ ਮਨੁੱਖਤਾ ਦਾ ਘਾਣ ਕਰਦਾ। ਇਸ ਦੀ ਵੱਡੀ ਮਿਸਾਲ ਤੁਰਕਾਂ ਵੱਲੋਂ ਹੋਏ ਹਿੰਦੁਸਤਾਨ ’ਤੇ ਹਮਲੇ ਤੋਂ ਵੇਖੀ ਜਾ ਸਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਅੱਖਾਂ ਨਾਲ ਮਨੁੱਖਤਾ ਦਾ ਘਾਣ ਹੁੰਦਾ ਦੇਖਿਆ :
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ॥
ਮੈਕਾਲਿਫ ਅਨੁਸਾਰ ਔਰੰਗਜ਼ੇਬ ਨੇ ਆਪਣੇ ਹਮਾਇਤੀ ਮੌਲਵੀ ਨੂੰ ਪੱੁਛਿਆ ਕਿ ਹੁਣ ਉਹ ਕੀ ਕਰੇ ਜਿਸ ਨਾਲ ਘੱਟੋ-ਘੱਟ ਸਾਰੇ ਮੁਸਲਮਾਨਾਂ ਦੇ ਦਿਲ ਉਹ ਜਿੱਤ ਲਵੇ। ਉਨ੍ਹਾਂ ਨੇ ਸਲਾਹ ਕੀਤੀ ਕਿ ਹਿੰਦੂਆਂ ਨੂੰ ਇਸਲਾਮ ਵਿਚ ਲਿਆ ਕੇ ਹੀ ਉਹ ਮੁਸਲਮਾਨਾਂ ’ਚ ਹਰਮਨਪਿਆਰਾ ਹੋ ਸਕਦਾ ਹੈ। ਉਸ ਨੇ ਹਿੰਦੂਆਂ ਨੂੰ ਵੱਡੇ ਅਹੁਦੇ ਦੇਣੇ ਬੰਦ ਕਰ ਦਿੱਤੇ। ਡਾ. ਫੌਜਾ ਸਿੰਘ ਅਨੁਸਾਰ 1666 ’ਚ ਮਥੁਰਾ ਦੇ ਮਸ਼ਹੂਰ ਕੇਸ਼ਵ ਰਾਏ ਮੰਦਰ ਦਾ ਜੰਗਲਾ ਸ਼ਾਹੀ ਹੁਕਮ ਨਾਲ ਹਟਾ ਦਿੱਤਾ ਗਿਆ। ਤਿੰਨ ਸਾਲਾਂ ਬਾਅਦ 1669 ’ਚ ਇਕ ਆਮ ਫੁਰਮਾਨ ਜਾਰੀ ਕੀਤਾ ਗਿਆ ਕਿ ਹਿੰਦੂਆਂ ਦੇ ਮੰਦਰ ਤੇ ਪਾਠਸ਼ਾਲਾਵਾਂ ਤਬਾਹ ਕੀਤੀਆਂ ਜਾਣ। ਮਈ 1669 ’ਚ ਸ਼ਾਹੀ ਦੂਤ ਮਲਾਰਿਨ ਦਾ ਮੰਦਰ ਨਾਸ਼ ਕਰਨ ਲਈ ਭੇਜਿਆ ਗਿਆ। 1669 ’ਚ ਬਨਾਰਸ ਦਾ ਵਿਸ਼ਵਨਾਥ ਮੰਦਰ ਨਾਸ਼ ਕੀਤਾ ਗਿਆ ਤੇ ਉਸ ਉੱਪਰ ਮਸਜਿਦ ਉਸਾਰੀ ਗਈ। ਫਿਰ ਗੋਪੀਨਾਥ ਮੰਦਰ ਬਨਾਰਸ ’ਚ ਜੰਗਮ ਵਾੜੀ, ਸ਼ਿਵ ਮੰਦਰ, ਅਜਮੇਰ, ਉਜੈਨ, ਬੰਗਾਲ ਆਦਿ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਔਰੰਗਜ਼ੇਬ ਦਾ ਧਿਆਨ ਸਿੱਖਾਂ ਦੇ ਧਾਰਮਿਕ ਅਸਥਾਨਾਂ ਵੱਲ ਵੀ ਸੀ। ਉਸ ਨੇ ਟੈਕਸ ਦੀ ਨੀਤੀ ਨੂੰ ਵਰਤਿਆ ਤੇ ਗ਼ੈਰ ਮੁਸਲਮਾਨਾਂ ’ਤੇ ਕਈ ਤਰ੍ਹਾਂ ਦੇ ਟੈਕਸ ਲਾਏ ਤੇ ਉਨ੍ਹਾਂ ਨੂੰ ਇਸਲਾਮ ਧਾਰਨ ਕਰਨ ਲਈ ਮਜਬੂਰ ਕੀਤਾ ਜਾਣ ਲੱਗਾ। ਡਾ. ਜੋਧ ਸਿੰਘ ਅਨੁਸਾਰ ਕਸ਼ਮੀਰ ਪੰਡਿਤ ਵਿਦਵਾਨਾਂ ਦਾ ਇਕ ਪ੍ਰਮੁੱਖ ਕੇਂਦਰ ਸੀ। ਇਸ ਲਈ ਔਰੰਗਜ਼ੇਬ ਨੇ ਇਨ੍ਹਾਂ ਕਸ਼ਮੀਰੀ ਪੰਡਿਤਾਂ ਨੂੰ ਧਰਮ ਬਦਲਣ ਲਈ ਮਜਬੂਰ ਕੀਤਾ।
ਪ੍ਰੋ. ਐੱਨਡੀ ਆਹੂਜਾ ਆਪਣੇ ਲੇਖ ‘ਸੱਤਿਆਗ੍ਰਹੀ ਗੁਰੂ ਤੇਗ ਬਹਾਦਰ ਸਾਹਿਬ ਜੀ’ ’ਚ ਲਿਖਦੇ ਹਨ ਕਿ ਔਰੰਗਜ਼ੇਬ ਨੇ ਆਪਣੇ ਰਾਜ ਪ੍ਰਬੰਧ ’ਚ ਮੁਸਲਮਾਨਾਂ ’ਤੇ ਵੀ ਕਹਿਰ ਢਾਹਿਆ ਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮੇ ’ਚ
ਔਰੰਗਜ਼ੇਬ ਦੀ ਇਸ ਝੂਠੀ ਧਾਰਮਿਕ ਬਿਰਤੀ ਦੀ ਅਸਲੀਅਤ ਨੂੰ ਉਸ ਦੇ ਸਾਹਮਣੇ ਰੱਖਿਆ :
ਨ ਈਮਾਂ ਪ੍ਰਸਤੀ ਨ ਔਜਾਇ ਦੀ
ਨ ਸਾਹਿਬ ਸਨਾਸੀ ਨ ਮੁਹੰਮਦ ਯਕੀ॥
ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਅਰਾਜਕਤਾ ਤੇ ਭਿਆਨਕ ਸਮੇਂ ’ਚ ਮਾਨਵਤਾ ਦੇ ਰਾਖੇ ਬਣੇ ਤੇ ਮਨੁੱਖੀ ਹੱਕਾਂ ਲਈ ਆਪਣਾ ਆਪ ਨਿਛਾਵਰ ਕਰ ਦਿੱਤਾ।
ਬੁਲੰਦ ਕੀਤੀ ਸੱਚ ਦੀ ਆਵਾਜ਼
ਪਿ੍ਰੰ. ਸਤਿਬੀਰ ਸਿੰਘ ਲਿਖਦੇ ਹਨ ਕਿ ਧੀਰਮਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤੰਗ ਕਰਨਾ ਸ਼ੁਰੂ ਕੀਤਾ ਤੇ ਬਾਅਦ ’ਚ ਗੁਰੂ ਜੀ ਨੂੰ ਮਾਰਨ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਧੀਰਮਲ ਦੇ ਦੁਰਵਿਵਹਾਰ ਨੂੰ ਦੇਖ ਕੇ ਅਣਡਿੱਠ ਕਰ ਕੇ ਮਾਫ਼ ਕਰ ਦਿੱਤਾ। ਗੁਰੂ ਹਰਗੋਬਿੰਦ ਜੀ ਨੇ ਗੁਰਿਆਈ ਗੁਰੂ ਹਰਿਰਾਇ ਜੀ ਨੂੰ ਦਿੱਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਕ ਰੁਮਾਲ ਤੇ ਕਟਾਰ ਦਿੱਤੀ। ਬਾਬਾ ਬਕਾਲਾ ਵਿਖੇ ਆਪ ਜੀ ਨੇ 21 ਸਾਲ ਤਪ ਤਿਆਗ ਸੇਵਾ
ਤੇ ਸਿਮਰਨ ਕੀਤਾ। ਇਸ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤ੍ਰ ਨਾਟਕ ’ਚ ਲਿਖਿਆ :
ਤਾਤ ਮਾਤ ਮੁਰ ਅਲਖ ਅਰਾਧਾ॥
ਬਹੁ ਬਿਧਿ ਜੋਗ ਸਾਧਨਾ ਸਾਧਾ॥
ਗੁਰੂ ਜੀ ਵੱਲੋਂ ਪੂਰਬ ਦੇ ਪ੍ਰਾਂਤਾਂ ਦੇ ਰਟਨ ਦਾ ਮਕਸਦ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਤਪਦੀ ਮਨੁੱਖਤਾ ਨੂੰ ਠਾਰਨਾ ਸੀ। ਉਸ ਨੇ ਯਾਤਰਾ ਕਰ ਕੇ ਮਨੁੱਖਤਾ ਦੇ ਭਲੇ ਤੇ ਮਾਨਵਤਾ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕੀਤਾ :
ਮੁਰ ਪਿਤ ਪੂਰਬ ਕਿਯਸਿ ਪਯਾਨਾ॥
ਭਾਂਤਿ ਭਾਂਤਿ ਕੇ ਤੀਰਥਿ ਨਾਨਾ॥
ਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਸਾ ਕੇ ਕ੍ਰਾਂਤੀ ਦਾ ਨਗਾਰਾ ਵਜਾਇਆ ਤੇ ਸੱਚ ਦੀ ਆਵਾਜ਼ ਬੁਲੰਦ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਰਾਇ ਜੀ ਨੂੰ ਫ਼ੌਜ ਰੱਖਣ ਦਾ ਆਦੇਸ਼ ਦਿੱਤਾ। ਸ੍ਰੀ ਗੁਰੂ ਹਰਿਰਾਇ ਜੀ ਨੇ ਗੁਰੂ ਹਰਿਕਿ੍ਰਸ਼ਨ ਜੀ ਨੂੰ ਔਰੰਗਜ਼ੇਬ ਨੂੰ ਨਾ ਮਿਲਣ ਦਾ ਹੁਕਮ ਦਿੱਤਾ। ਗੁਰੂ ਸਾਹਿਬਾਨ ਨੂੰ ਭਲੀਭਾਂਤ ਪਤਾ ਸੀ ਕਿ ਇਹ ਹਕੂਮਤ ਕਿਸੇ ਧਰਮ ਜਾਂ ਮਨੁੱਖਤਾ ਦੀ ਸਕੀ ਨਹੀਂ। ਇਹ ਜ਼ਾਲਮ ਹਨ ਜੋ ਨਿੱਜਤਵ ਲਈ ਮਨੁੱਖਤਾ ਦਾ ਘਾਣ ਕਰ ਰਹੇ ਹਨ। ਔਰੰਗਜ਼ੇੇਬ ਨੇ ਰਾਜਸੀ ਗੱਦੀ ’ਤੇ ਬੈਠ ਕੇ ਹਿੰਦੂਆਂ ਨੂੰ ਮੁਸਲਮਾਨ ਬਣਨ ਲਈ ਮਜਬੂਰ ਕਰ ਦਿੱਤਾ ਤੇ ਦੂਜੇ ਪਾਸੇ ਸਿੱਖਾਂ ਦੇ ਵਧਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਸਾਜ਼ਿਸ਼ ਕਰਨੀਆਂ ਸ਼ੁਰੂ ਕਰ ਦਿੱਤੀਆਂ। ਔਰੰਗਜ਼ੇਬ ਨੇ ਇਸ ਰਾਜਸੀ ਨੀਤੀ ਅਧੀਨ ਗੁਰੂ ਸਾਹਿਬਾਨ ਨੂੰ ਦਿੱਲੀ ਆਉਣ ਲਈ ਸ਼ਾਹੀ ਫੁਰਮਾਨ ਭੇਜਣ ਲੱਗਾ। ਗੁਰੂ ਜੀ ਔਰੰਗਜ਼ੇਬ ਦੀ ਇਸ ਨੀਤੀ ਤੋਂ ਭਲੀਭਾਂਤ ਜਾਣੂ ਸਨ। ਸਾਰਾ ਹਿੰਦੁਸਤਾਨ ਔਰੰਗਜ਼ੇਬ ਦੇ ਕਹਿਰ ਦਾ ਸ਼ਿਕਾਰ ਹੋ ਰਿਹਾ ਸੀ। ਔਰੰਗਜ਼ੇਬ ਨੇ ਇਹ ਮਨ ਬਣਾ ਲਿਆ ਕਿ ਸਾਰੇ ਹਿੰਦੁਸਤਾਨ ਨੂੰ ਦਾਰੁਲ ਇਸਲਾਮ ਕਰਨਾ ਹੈ। ਪਿ੍ਰੰ. ਸਤਬੀਰ ਸਿੰਘ ਅਨੁਸਾਰ ਔਰੰਗਜ਼ੇਬ ਨੇ ਕੁਝ ਸਿੱਖ ਸਥਾਨਾਂ ਨੂੰ ਵੀ ਕੱਟੜ ਧਾਰਮਿਕ ਨੀਤੀ ਦਾ ਸ਼ਿਕਾਰ ਬਣਾਇਆ। ਔਰੰਗਜ਼ੇਬ ਦੀਆਂ ਇਨ੍ਹਾਂ ਮਾਰੂ ਨੀਤੀਆਂ ਕਾਰਨ ਮਨੁੱਖਤਾ ਤ੍ਰਾਹ- ਤ੍ਰਾਹ ਕਰ ਉੱਠੀ। ਔਰੰਗਜ਼ੇਬ ਦੇ ਮੁਤਸਬੀ ਮੌਲਵੀਆਂ ਤੇ ਕਾਜ਼ੀਆਂ ਨੇ ਕਸ਼ਮੀਰੀ ਪੰਡਿਤਾਂ ਨੂੰ ਇਸਲਾਮ ਵਿਚ ਲਿਆਉਣ ਲਈ ਸ਼ਾਹੀ ਫ਼ਤਵੇ ਜਾਰੀ ਕਰਨੇ ਸ਼ੁਰੂ ਕੀਤੇ। ਔਰੰਗਜ਼ੇਬ ਨੂੰ ਪਤਾ ਸੀ ਕਿ ਜੇ ਇਹ ਪੰਡਿਤ ਇਸਲਾਮ ਧਾਰਨ ਕਰ ਗਏ ਤਾਂ ਆਮ ਲੋਕਾਂ ਨੂੰ ਇਸਲਾਮ ’ਚ ਲਿਆਉਣਾ ਸੌਖਾ ਹੋਵੇਗਾ। ਆਪਣੀ ਦੁਰਦਸ਼ਾ ਹੁੰਦੀ ਦੇਖ ਕੇ ਕਸ਼ਮੀਰੀ ਪੰਡਿਤ ਕਿ੍ਰਪਾ ਰਾਮ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਪਹੰੁਚੇ ਤਾਂ ਉਨ੍ਹਾਂ ਗੁਰੂ ਜੀ ਅੱਗੇ ਪੁਕਾਰ ਕੀਤੀ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਿਪਾ ਰਾਮ ਦੀ ਗੁਹਾਰ ਸੁਣੀ ਤਾਂ ਗੁਰੂ ਜੀ ਨੇ ਬਚਨ ਕੀਤਾ :
ਜੇ ਸਿਰ ਦੀਏ ਪਰਜਾ ਬਚੇ ਤੇ ਬਿਨ ਦੇਰੀ ਕਈਏ॥
ਨਫੇ ਵਾਰ ਇਸ ਕੇ ਸਮ ਸੌਦਾ ਔਰ ਨਾ ਕੋਈ ਪਕਈਏ॥
ਮਨੁੱਖੀ ਭਾਵ ਦੀ
ਕੀਤੀ ਤਰਜਮਾਨੀ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਰੂਹਾਨੀ ਆਵੇਸ਼ ਗੁਰੂ ਜੀ ਦੀ ਬਾਣੀ ’ਚ ਲੁਕਿਆ ਹੋਇਆ ਹੈ, ਜਿਸ ਨੂੰ ਗੁਰੂ ਜੀ ਨੇ ਅਮਲੀ ਰੂਪ ਵਿਚ ਸਾਰੇ ਵਿਸ਼ਵ ਵਿਚ ਪ੍ਰਗਟ ਕੀਤਾ :
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਗੁਰੂ ਜੀ ਨੇ ਪਹਿਲਾਂ ਹੀ ਇਹ ਸਿੱਧ ਕਰ ਦਿੱਤਾ ਕਿ ਇਹ ਸਰੀਰ ਨਾਸ਼ਵਾਨ ਹੈ। ਰੱਬੀ ਰੰਗ ਵਿਚ ਰੱਤੇ ਇਸ ਸੰਸਾਰ ਨੂੰ ਮਿੱਟੀ ਸਮਝਦੇ ਹਨ :
ਜੋ ਨਰੁ ਦੁਖੁ ਮੈ ਦੁਖ ਨਹੀ ਮਾਨੈ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥
ਗੁਰੂ ਜੀ ਦਾ ਰੂਹਾਨੀ ਤੇ ਸਰਬ ਵਿਆਪਕ ਉਪਦੇਸ਼ ਇਹ ਹੈ ਕਿ ਨਾ ਹੀ ਕਿਸੇ ਦਾ ਭੈ ਰੱਖਣਾ ਤੇ ਨਾ ਹੀ ਕਿਸੇ ਨੂੰ ਭੈ ਦੇਣਾ। ਇਹ ਮਨੁੱਖੀ ਅਧਿਕਾਰਾਂ ਦਾ ਮੱੁਢਲਾ ਸਿਧਾਂਤ ਹੈ। ਇਸੇ ਪ੍ਰਕਿਰਿਆ ’ਚੋਂ ਖ਼ਾਲਸਾ ਪੰਥ ਪ੍ਰਗਟ ਹੋਇਆ। ਗੁਰੂ ਜੀ ਦੀ ਸ਼ਹਾਦਤ ਨੂੰ ਕਲਯੁਗ ਵਿਚ ਸਾਧਨ ਦੀ ਰੱਖਿਆ ਲਈ ਤੇ ਧਰਮ ਦੀ ਸਥਾਪਨਾ ਲਈ ਕੀਤਾ ਵੱਡਾ ਸਾਕਾ ਕਿਹਾ ਜਾ ਸਕਦਾ ਹੈ। ਸਮੁੱਚੇ ਕਾਲ ਤੇ ਸਥਾਨ ’ਚ ਇਸ ਸਾਕੇ ਵਰਗਾ ਹੋਰ ਕੋਈ ਸਾਕਾ ਨਹੀਂ ਹੋਇਆ। ਬਚਿਤ੍ਰ ਨਾਟਕ’ ਦੀਆਂ ਪੰਕਤੀਆਂ ਰਾਹੀਂ ਪ੍ਰਭੂ ਹੁਕਮ, ਕਲਯੁਗ ਦੀ ਹਾਲਤ, ਸ਼ਹੀਦੀ ਸਾਕਾ, ਸ਼ਹੀਦੀ ਦੇ ਮੰਤਵ, ਸ਼ਹੀਦੀ ਦੇ ਰੂਪ, ਸ਼ਹਾਦਤ ’ਚ ਸਮਕਾਲੀ ਰਾਜ ਦੀ ਨੀਤੀ ਤੇ ਜ਼ਿੰਮੇਵਾਰੀ, ਸੰਸਾਰ ਦੇ ਸ਼ਹੀਦੀ ਇਤਿਹਾਸ ਅਤੇ ਸ਼ਹਾਦਤ ਦੇ ਪ੍ਰਭਾਵ ਬਾਰੇ ਬਾਰੀਕੀ ਨਾਲ ਸੰਕੇਤ ਦਿਤੇ ਹਨ। ਇਹ ਸੰਕੇਤ ਸਿੱਖੀ ਦੇ ਅਸੂਲਾਂ ਤੇ ਆਦਰਸ਼ਾਂ ਨੂੰ ਪ੍ਰਗਟ ਕਰਦੇ ਹਨ :
ਤਿਲਕਜੰਝੂ ਰਾਖਾ ਪ੍ਰਭ ਤਾਕਾ॥
ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨੀ ਕਰੀ॥
ਸੀਸ ਦੀਆ ਪਰ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨ ਕੀਆ॥
ਸੀਸ ਦੀਆ ਪਰ ਸਿਰਰੁ ਨ ਦੀਆ॥
ਨਾਟਕ ਚੇਟਕ ਕੀਏ ਕੁਕਾਜਾ॥
ਪ੍ਰਭ ਲੋਗਨ ਕਹ ਆਵਤ ਲਾਜਾ॥
ਜ਼ਾਲਮ ਹਕੂਮਤ ਦੇ ਮਨਸੂਬਿਆਂ ’ਤੇ ਫੇਰਿਆ ਪਾਣੀ
ਪ੍ਰਭੂ ਆਪ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿਚ ਤਿਲਕ ਜੰਝੂ ਦਾ ਰਾਖਾ ਹੋਇਆ। ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਨੇ ਸ਼ਹਾਦਤ ਦੀ ਪਵਿੱਤਰਤਾ ਨੂੰ ਬਿਆਨ ਕਰਦਿਆਂ ਕਿਹਾ ਕਿ ਆਪ ਜੀ ਨੇ ਭਲੇ ਲੋਕਾਂ ਤੇ ਧਰਮ ਦੀ ਰੱਖਿਆ ਲਈ ਸੀਸ ਕੁਰਬਾਨ ਕਰ ਦਿੱਤਾ। ਗੁਰੂ ਜੀ ਨੇ ਕਿਸੇ ਹੋਰ ਧਰਮ ਤੇ ਧਾਰਮਿਕ ਚਿੰਨ੍ਹ ਦੀ ਰੱਖਿਆ ਕੀਤੀ, ਜਿਸ ਨਾਲ ਸਿੱਖੀ ਦੀ ਸਿਧਾਂਤਕ ਤੌਰ ’ਤੇ ਕੋਈ ਸਾਂਝ ਨਹੀਂ ਪਰ ਆਪ ਜੀ ਨੇ ਮਨੁੱਖੀ ਭਾਵ ਦੀ ਤਰਜਮਾਨੀ ਕੀਤੀ ਤੇ ਜ਼ਾਲਮ ਹਕੂਮਤ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਕਲਗੀਧਰ ਜੀ ਆਪ ਜੀ ਦੀ ਇਸ ਅਦੁੱਤੀ ਦੇਣ ਨੂੰ ਆਪਣੀ ਕਲਮ ਰਾਹੀਂ ਸੰਸਾਰ ਸਾਹਮਣੇ ਪ੍ਰਗਟ ਕਰਦੇ ਹਨ। ਗੁਰੂ ਜੀ ਦਾ ਇਹ ਸਾਕਾ ਮਨੁੱਖੀ ਚੇਤਨਾ ਨੂੰ ਜਗਾਉਣ ਤੇ ਮਨੁੱਖੀ ਹੱਕਾਂ ਦੀ ਤਰਜਮਾਨੀ ਕਰਦਾ ਹੋਇਆ ‘ਕਰੀ ਨਾ ਕਿਨਹੂ ਆਨ’ ਦੇ ਰੂਪ ’ਚ ਪ੍ਰਗਟ ਹੋਇਆ। ਮਨੁੱਖਤਾ ਨੇ ਗੁਰੂ ਜੀ ਦੇ ਇਸ ਸਾਕੇ ’ਤੇ ਸੋਗ ਦਾ ਹਉਕਾ ਭਰਿਆ ਜੋ ਬੁਲੰਦ ਹੌਸਲਾ ਬਣ ਕੇ ਖ਼ਾਲਸਾਈ ਰੰਗ ’ਚ ਪ੍ਰਗਟ ਹੋਇਆ। ਇਸ ਸ਼ਹਾਦਤ ਨੇ ਸਿੱਖਾਂ ’ਚ ਤਾਂ ਜਜ਼ਬਾ ਪੈਦਾ ਕੀਤਾ ਹੀ ਸਗੋਂ ਨਾਲ ਹੀ ਗ਼ੈਰ ਸਿੱਖਾਂ ਅੰਦਰ ਵੀ ਮਨੁੱਖੀ ਅਧਿਕਾਰਾਂ ਪ੍ਰਤੀ ਪ੍ਰਚੰਡ ਅਗਨੀ ਬਲ ਉੱਠੀ :
ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕਿ੍ਰਆ ਕਰੀ ਨ ਕਿਨਹੂੰਆਨ॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ॥
ਕਵੀ ਸੈਨਾਪਿਤ ਲਿਖਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ, ਸਾਰੇ ਸੰਸਾਰ ਦਾ ਪਰਦਾ ਸਰੀਰ ਰੂਪੀ ਚਾਦਰ ਪਾ ਕੇ ਢੱਕਿਆ ਤੇ ਦੂਸਰੇ ਧਰਮ ਤੇ ਕਰਮ ਦੀ ਪਤਿ ਰੱਖੀ। ਕਲਯੁਗ ’ਚ ਅਜਿਹਾ ਸਾਕਾ ਕੀਤਾ ਜੋ ਸਦਾ ਯਾਦ ਰਹੇਗਾ। ਸਾਰੇ ਸੰਸਾਰ ’ਚ ਗੁਰੂ ਜੀ ਦੀ ਉਪਮਾ ਹੋਈ। ਗੁਰੂ ਜੀ ਦੇ ਪਵਿੱਤਰ ਖ਼ੂਨ ਨਾਲ ਸਭ ਧਰਮਾਂ ਦੀ ਹੋਂਦ ਬਣੀ। ਸਾਰੇ ਪਾਸੇ ਜੈ-ਜੈ ਕਾਰ ਹੋਈ ਤੇ ਸਤਿਗੁਰੂ ਨੇ ਪੈਜ ਰੱਖੀ। ਗੁਰੂ ਜੀ ਨੇ ਕਿਰਪਾ ਕਰ ਕੇ ਤਿਲਕ ਜੰਝੂ ਤੇ ਮੰਦਰ ਨੂੰ ਨਸ਼ਟ ਹੋਣ ਤੋਂ ਬਚਾ ਲਿਆ। ਧਰਮ ਹੇਤ ਹੀ ਗੁਰੂ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ ਉਨ੍ਹਾਂ ਦਾ ਰੂਪ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ, ਜਿਨ੍ਹਾਂ ਨੇ ਦੁਸ਼ਟਾਂਨੂੰ ਪਛਾੜਿਆ, ਸੰਤ ਨੂੰ ਉਬਾਰਿਆ ਤੇ ਸਾਰੇ ਜਗਤ ਦਾ ਸਮ ਦਿ੍ਰਸ਼ਟੀ ਰਾਹੀਂ ਉਧਾਰ ਕੀਤਾ :
ਪ੍ਰਗਟ ਭਏ ਗੁਰੂ ਤੇਗ ਬਹਾਦਰ।
ਸਗਲ ਸਿ੍ਰਸਟਿ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ।
ਅਟਲ ਕਰੀ ਕਲਯੁਗ ਮੇ ਸਾਖੀ।
ਸਗਲ ਸਿ੍ਰਸਟਿ ਜਾ ਕਾ ਜਸ ਭਯੋ।
ਜਿਹ ਤੇ ਸਰਬ ਧਰਮ ਬਚਯੋ।
ਤੀਨ ਲੋਕ ਮੈ ਜੈ ਜੈ ਭਈ।
ਸਤਿਗੁਰੂ ਪੈਜ ਰਾਖਿ ਇਮ ਲਈ।
ਤਿਲਕ ਜਨੇਉ ਘਰਿ ਧਰਮਸਾਲਾ ।।
ਅਟਲ ਕਰੀ ਗੁਰ ਭਏ ਦਾਇਆਲਾ
ਗੁਰੂ ਗੋਬਿੰਦ ਸਿੰਘ ਕਹਿਲਾਏ॥
ਭੇਦਭਾਵ ਲਈ ਨਹੀਂ ਕੋਈ ਜਗ੍ਹਾ
ਮਨੁੱਖੀ ਅਧਿਕਾਰ ਜਾਂ ਮਨੁੱਖੀ ਆਜ਼ਾਦੀ ਦੇ ਵਿਚਾਰ ਨੂੰ ਜਦੋਂ ਆਲਮੀ ਚਿੰਤਨ ਰਾਹੀਂ ਪ੍ਰਗਟ ਕੀਤਾ ਜਾਦਾ ਹੈ ਤਾਂ ਇਸ ਵਿਚ ਮਨੁੱਖ ਦੀ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਆਜ਼ਾਦੀ ਦਾ ਮਸਲਾ ਖੜ੍ਹਾ ਹੁੰਦਾ ਹੈ। ਅੱਜ ਭਾਵੇਂ ਸੰਯੁਕਤ ਰਾਸਟਰ ਜਾਂ ਹਰੇਕ ਦੇਸ਼ ਨੇ ਮਨੁੱਖੀ ਅਧਿਕਾਰਾਂ ਦੀ ਸੀਮਾ ਨੂੰ ਨਿਸ਼ਚਿਤ ਕੀਤਾ ਹੈ ਅਤੇ ਇਸ ਦੇ ਕੁਝ ਪੈਮਾਨੇ ਰੱਖੇ ਹਨ ਪਰ ਗੁਰਮਤਿ ਦੀ ਬ੍ਰਹਿਮੰਡੀ ਦਿ੍ਰਸ਼ਟੀ ’ਚ ਹਰੇਕ ਪ੍ਰਾਣੀ ਮਾਤਰ ਬਰਾਬਰ ਹੈ ਤੇ ਉਸ ਨਾਲ ਕਿਸੇ ਪੱਖੋਂ ਭੇਦਭਾਵ ਨਹੀਂ ਕੀਤਾ ਜਾ ਸਕਦਾ। ਗ੍ਰੀਕ ਦੇ ਮਿਨਰਵਾ ਨਾਮੀ ਦੇਵਤੇ ਨੂੰ ਬੁੱਧੀ ਦਾ ਪ੍ਰਕਾਸ਼ਕ ਕਿਹਾ ਗਿਆ ਹੈ ਤੇ ਸਾਰੇ ਧਰਮ ਦੇ ਵਿਸ਼ਵਾਸੀਆਂ ਦਾ ਰਾਖਾ ਮੰਨਿਆ ਗਿਆ ਹੈ ਪਰ ਇਸ ਦੀ ਅਮਲੀ ਉਦਾਹਰਨ ਨਹੀਂ ਮਿਲਦੀ। ਸਾਇਰਸ ਮਹਾਨ ਨੇ ਅਚੇਮਨੀਡ ਸਾਮਰਾਜ ਦੀ ਸਥਾਪਨਾ ਅੰਦਾਜ਼ਨ 550 ਈ. ਪੂ. ਦੇ ਨੇੜੇ ਕੀਤੀ ਸੀ ਤੇ ਉਸ ਨੇ ਸਾਇਰਸ ਕੈਲੰਡਰ ’ਤੇ ਇਸ ਨੂੰ ਦਸਤਾਵੇਜ਼ੀ ਤੌਰ ’ਤੇ ਦਰਜ ਕਰਦਿਆਂ ਸਾਰੇ ਸਾਮਰਾਜ ’ਚ ਧਾਰਮਿਕ ਆਜ਼ਾਦੀ ਦੀ ਆਗਿਆ ਦੇਣ ਦੀ ਇਕ ਆਮ ਨੀਤੀ ਸ਼ੁਰੂ ਕੀਤੀ ਸੀ।
ਨਹੀਂ ਮਿਲਦੀ ਕਿਸੇ ਹੋਰ ਧਰਮ ਲਈ ਕੁਰਬਾਨੀ ਦੀ ਮਿਸਾਲ
ਕਿਸੇ ਵੀ ਪੈਗੰਬਰ, ਅਵਤਾਰ ਜਾਂ ਰਾਜੇ ਵੱਲੋਂ ਕਿਸੇ ਹੋਰ ਧਰਮ ਲਈ ਸ਼ਹਾਦਤ ਦੀ ਮਿਸਾਲ ਨੂੰ ਪੂਰੀ ਦੁਨੀਆ ’ਚ ਲੱਭਣਾ ਬੜਾ ਮੁਸ਼ਕਿਲ ਹੈ। ਸੁਕਰਾਤ, ਮਨਸੂਰ, ਸਮਸ਼ ਤਬਰੇਜ਼ ਤੇ ਸਰਮਦ ਉਹ ਆਦਰਸ਼ਕ ਇਨਸਾਨ ਸਨ, ਜਿਨ੍ਹਾਂ ਨੂੰ ਧਾਰਮਿਕ ਆਜ਼ਾਦੀ ਮਾਣਨ ਦਾ ਅਧਿਕਾਰ ਨਹੀਂ ਮਿਲਿਆ। ਇਹ ਮਹਾਪੁਰਸ਼ ਮਜ਼ਹਬੀ ਕੱਟੜਤਾ ਦੇ ਸ਼ਿਕਾਰ ਹੋਏ। ਇੱਥੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਤਾਂ ਹੋਇਆ ਹੈ ਪਰ ਕਿਸੇ ਹੋਰ ਧਰਮ, ਜਾਤ ਤੇ ਮਨੁੱਖ ਲਈ ਕੁਰਬਾਨੀ ਦੇਣ ਦਾ ਕੋਈ ਸੰਕੇਤ ਨਹੀਂ ਮਿਲਦਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚ, ਧਰਮ ਤੇ ਉੱਚ ਆਦਰਸ਼ ਲਈ ਸ਼ਹਾਦਤ ਦੇ ਕੇ ਸਿੱਖ ਪੰਥ ਦੀਆ ਜੜ੍ਹਾਂ ਨੂੰ ਮਜ਼ਬੂਤ ਕੀਤਾ, ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਰਾਹੀਂ ਇਕ ਸੰਘਣੇ ਰੁੱਖ ਵਾਂਗ ਪੂਰੇ ਸੰਸਾਰ ਨੂੰ ਛਾਂ ਦੇਣ ਲਈ ਫੈਲਿਆ। ਗੁਰੂ ਸਾਹਿਬਾਨ ਵੱਲੋਂ ਦਿੱਤੀ ਵਿਚਾਰਧਾਰਾ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਧਰਮਸਾਲ, ਸੰਗਤ ਤੇ ਪੰਗਤ ਦੀ ਸਥਾਪਨਾ, ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਮੱਲ ਅਖਾੜਾ ਤੇ ਗੁਰਮੁਖੀ ਲਿਪੀ ਦਾ ਵਿਕਾਸ, ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸਤੀ ਪ੍ਰਥਾ, ਬਾਲ ਵਿਆਹ, ਜਾਤ- ਪਾਤ, ਊਚ-ਨੀਚ ਦਾ ਵਿਰੋਧ ਤੇ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਦਾ ਯਤਨ, ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸਰੋਵਰ ਖੁਦਵਾਉਣੇ ਤੇ ਸ਼ਹਿਰ ਵਸਾਉਣਾ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਨ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤੇ ਸ਼ਹੀਦੀ, ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਮੀਰੀ- ਪੀਰੀ ਦੀਆਂ ਤਲਵਾਰਾਂ ਧਾਰਨ ਕਰਨਾ, ਅਕਾਲ ਤਖ਼ਤ ਦੀ ਸਿਰਜਣਾ, ਸ੍ਰੀ ਗੁਰੂ ਹਰਿਰਾਇ ਜੀ ਵੱਲੋਂ ਕੁਦਰਤ ਨਾਲ ਪ੍ਰੇਮ ਤੇ ਦਵਾ-ਦਾਰੂ ਤਿਆਰ ਕਰਨਾ, ਮਨੁੱਖੀ ਹੱਕਾਂ ਦੀ ਰਾਖੀ ਲਈ 2200 ਘੋੜ ਸਵਾਰ ਰੱਖਣਾ, ਸ੍ਰੀ ਗੁਰੂ ਹਰਿਕਿ੍ਰਸ਼ਨ ਜੀ ਵੱਲੋਂ ਰੋਗੀਆਂ ਦੀ ਹੱਥੀਂ ਸੇਵਾ, ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦੂਜੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਕਰਨਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ਾਲਮ ਹਕੂਮਤ ਨਾਲ ਮਨੁੱਖੀ ਅਧਿਕਾਰਾਂ ਲਈ ਜੰਗ ਕਰਨਾ, ਖ਼ਾਲਸੇ ਦੀ ਸਿਰਜਣਾ ਤੇ ਸਾਹਿਤ ਰਚਨਾ ਆਦਿ ਉਹ ਮਹਾਨ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਦਾਹਰਨਾਂ ਹਨ, ਜੋ ਹੋਰ ਕਿਤੇ ਵੀ ਨਹੀਂ ਮਿਲਦੀਆਂ।
- ਪੋ੍ਰ. ਬਲਵਿੰਦਰ ਸਿੰਘ