ਗੁਰੂ ਨਾਨਕ ਦਾ ਵਿਸ਼ਵਾਸ ਇਕ ਕਰਤਾ (ਪਰਮਾਤਮਾ) ਉੱਪਰ ਹੈ। ਚਾਰ ਦਿਸ਼ਾਵਾਂ ਵੱਲ ਕੀਤੀਆਂ ਚਾਰ ਯਾਤਰਾਵਾਂ ਦੌਰਾਨ ਉਨ੍ਹਾਂ ਤਰਕ ਆਸਰੇ, ਸਹਿਜ਼ ਭਾਸ਼ਾ-ਵਿਹਾਰ ਨਾਲ ਲੋਕਾਂ ਨੂੰ ਭਰਮਾਂ, ਵਹਿਮਾਂ, ਅੰਧਵਿਸ਼ਵਾਸਾਂ ਵੱਲ ਜਾਣ ਤੋਂ ਹੋੜਿਆ। ਉਨ੍ਹਾਂ ਆਪਣੇ ਵਿਚਾਰ ਨੂੰ ਮਨਵਾਉਣ ਵਾਸਤੇ ਜ਼ੋਰ-ਜਬਰ ਦਾ ਸਹਾਰਾ ਨਹੀਂ ਲਿਆ।

ਇਹ ਦ੍ਰਿਸ਼-ਰਚਨਾ ਵਿਸ਼ੇਸ਼ ਹੈ। ਕਿਰਪਾਲ ਸਿੰਘ ਨੇ ਜਿਸ ਸਮੇਂ ਇਹ ਰਚੀ, ਉਹ ਆਪਣੇ ਸਮੇਂ ਤੋਂ ਲਗਪਗ ਪੰਜ ਜੌ ਸਾਲ ਪਿੱਛੇ ਵੱਲ ਜਾਂਦਾ ਹੈ। ਉਸ ਪਾਸ ਸਿਰਫ਼ ਲਿਖੇ ਤੇ ਸੁਣੇ ਵੇਰਵੇ ਹਨ। ਦ੍ਰਿਸ਼ ਵਿਚ ਭਾਵੇਂ ਦੋ ਵਿਪਰੀਤ ਧਿਰਾਂ ਆਪੋ-ਆਪਣੇ ਅੰਦਾਜ਼ |ਚ ਹਾਜ਼ਰ ਹਨ ਪਰ ਤਾਂ ਵੀ ਮਾਹੌਲ ਵਿਚ ਖਿੱਚ-ਤਾਣ ਨਹੀਂ। ਬੈਠਕ ਦੇ ਅੰਦਾਜ਼ ਤੇ ਹਾਜ਼ਰ ਲੋਕਾਂ ਦੇ ਹਾਵ-ਭਾਵ ਵੀ ਇਸ ਤੋਂ ਮੁਕਤ ਹਨ।
ਚਿੱਤਰਕਾਰ ਆਪਣੇ ਇਸ਼ਟ ਨੂੰ ਨਾਇਕ ਵਜੋਂ ਉਭਾਰਦਾ ਹੈ, ਜਿਹੜਾ ਉਚਿਤ ਵੀ ਹੈ ਕਿਉਂਕਿ ਉਹ ਸੰਸਾਰਕ ਵਿਅਕਤੀ ਨਹੀਂ ਦੈਵੀ ਸ਼ਖ਼ਸੀਅਤ ਹਨ, ਜਿਨ੍ਹਾਂ ਅੱਗੇ ਦੁਨਿਆਵੀ ਵਸਤਾਂ ਤੁੱਛ ਹਨ। ਚਿੱਤਰ ਇਸ ਗੁਣ-ਲੱਛਣ ਨੂੰ ਪੂਰੀ ਸ਼ਿੱਦਤ ਨਾਲ ਬਿਆਨ ਕਰ ਰਿਹਾ ਹੈ।
ਇਸ ਕਿਰਤ ਦੇ ਪਿਛੋਕੜ ਵਿਚ ਇਤਿਹਾਸਕ ਘਟਨਾ ਦਾ ਵੇਰਵਾ ਹੈ। ਜਦ ਗੁਰੂ ਜੀ ਸੈਦਪੁਰ (ਐਮਨਾਬਾਦ) ਟਿਕੇ ਹੋਏ ਸਨ ਤਾਂ ਉਨ੍ਹੀਂ ਦਿਨੀਂ ਕਾਬੁਲੋਂ ਤੁਰਿਆ ਬਾਬਰ ਪੰਜਾਬ ਦੇ ਨਗਰਾਂ ਨੂੰ ਲੁੱਟਦਾ-ਉਜਾੜਦਾ ਸੈਦਪੁਰ ਪਹੁੰਚਦਾ ਹੈ। ਪਠਾਣ ਬਾਬਰ ਦਾ ਮੁਕਾਬਲਾ ਕਰਨੋਂ ਅਸਮਰੱਥ ਰਹਿੰਦੇ ਹਨ। ਸ਼ਹਿਰ ਦੀ ਤਬਾਹੀ ਮਗਰੋਂ ਉੱਥੋਂ ਦੇ ਨਿਵਾਸੀਆਂ ਨੂੰ ਕੈਦੀ ਬਣਾ ਲਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਵੀ ਉਨ੍ਹਾਂ 'ਚ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਅੰਨ ਪੀਸਣ ਲਈ ਚੱਕੀਆਂ ਦਿੱਤੀਆਂ ਜਾਂਦੀਆਂ ਹਨ।
ਹਕੂਮਤ ਦੇ ਲੋਕ ਆਪਣਿਆਂ ਤੋਂ ਉੱਪਰਲਿਆਂ ਨੂੰ ਚੱਕੀਆਂ ਆਪਣੇ ਆਪ ਚੱਲਣ ਦੀ ਖ਼ਬਰ ਦੇਂਦੇ ਹਨ। ਖ਼ਬਰ ਜਦ ਬਾਬਰ ਤਕ ਅੱਪੜਦੀ ਹੈ ਤਾਂ ਉਹ ਅਜਿਹੇ ਕਰਾਮੀਤੀ ਫ਼ਕੀਰ ਨੂੰ ਅੱਖੀਂ ਦੇਖਣਾ ਚਾਹੁੰਦਾ ਹੈ। ਕਿਰਪਾਲ ਸਿੰਘ ਉਸੇ ਵੇਰਵੇ ਨੂੰ ਆਪਣੀ ਪੇਂਟਿੰਗ ਦਾ ਆਧਾਰ ਬਣਾਉਂਦਾ ਹੈ। ਉਹ ਪ੍ਰਚਲਿਤ ਸ਼ਬਦ ਸਾਖੀ ਨੂੰ ਚਿੱਤਰ ਰਾਹੀਂ ਸਥਾਈ ਰੂਪ ਦੇਂਦਾ ਹੈ।
ਗੁਰੂ ਸਾਹਿਬ ਨੂੰ ਮਿਲਣ ਬਾਬਰ ਜੇਲ੍ਹ 'ਚ ਆਉਂਦਾ ਹੈ। ਸੰਭਵ ਹੈ ਤਾਹੀਓਂ ਇਸ ਥਾਂ ਨੂੰ ਸੁਲਤਾਨ ਦੀ ਆਮਦ ਲਈ ਸਜਾਇਆ ਗਿਆ ਹੈ। ਜੇਲ੍ਹ ਨੂੰ ਬਾਬਰ ਦੇ ਰੁਤਬੇ ਮੂਜਬ ਤਿਆਰ ਕੀਤਾ ਗਿਆ। ਜੋ ਵੀ ਇਕਾਈਆਂ ਮਹੰਗੀਆਂ ਤੇ ਦੇਖਣਯੋਗ ਪ੍ਰਤੀਤ ਹੁੰਦੀਆਂ ਹਨ, ਸਭ ਆਰਜੀ ਸਮੇਂ ਲਈ ਸਨ। ਓਦਾਂ, ਦੂਸਰੇ ਖ਼ਿਆਲ ਅਨੁਸਾਰ ਸਾਰਾ ਕੁਝ ਆਰਜੀ ਹੋਣ ਦੇ ਬਾਵਜੂਦ ਵਾਪਰੀ ਘਟਨਾ ਦਾ ਪ੍ਰਭਾਵ ਸਿੱਖ ਸਮਾਜ ਉੱਪਰ ਸਦਾ ਰਹਿਣ ਵਾਲਾ ਸੀ। ਜਿੱਥੇ ਗੁਰੂ ਜੀ ਨੂੰ ਕੈਦ ਰੱਖਿਆ ਸੀ, ਅਜੋਕੇ ਸਮੇਂ ਉੱਥੇ ਗੁਰਦੁਆਰਾ ਕਾਇਮ ਹੈ।
ਮਿਲਣ ਵਾਲੀਆਂ ਦੋਹਾਂ ਧਿਰਾਂ ਵਿਚਾਲੇ ਸਮਾਨਤਾ ਵਾਲਾ ਕੋਈ ਤੱਤ ਨਹੀਂ ਸੀ। ਇਕ ਧਿਰ ਪਰਾਲੌਕਿਕਤਾ ਨਾਲ ਜੁੜੀ ਹੈ, ਦੂਜੀ ਇਹਲੌਕਿਕਤਾ ਨੂੰ ਹੀ ਆਖ਼ਰੀ ਮੰਤਵ ਮੰਨ ਕੇ ਕੱਟ-ਵੱਢ, ਮਾਰ-ਧਾੜ ਕਰੀ ਜਾ ਰਹੀ ਹੈ। ਇਸ ਨੁਕਤੇ ਤੋਂ ਇਹ ਅਸਾਵਾਂ ਮੇਲ ਹੈ। ਇਸ ਦੇ ਬਾਵਜੂਦ ਮਨ 'ਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੌਣ ਆਪਣਾ ਰਾਹ ਤਿਆਗ ਕੇ ਦੂਸਰੇ ਦੇ ਰਾਹ ਉੱਪਰ ਤੁਰੇਗਾ? ਮਿਲਣ ਦੀ ਜਗਿਆਸਾ ਬਾਬਰ ਨੇ ਪ੍ਰਗਟਾਈ ਸੀ। ਇਸ ਨੂੰ ਧਿਆਨ 'ਚ ਰੱਖ ਕੇ ਤਵੱਕੋ ਇਹੋ ਹੈ ਕਿ ਬਾਬਰ ਆਪਣੇ ਰਾਹ ਨੂੰ ਤਿਆਗ ਦੇਵੇਗਾ। ਬਾਬਰ ਜੇਤੂ ਹੈ ਪਰ ਮਿਲਣ ਸਮੇਂ ਉਹ ਤਖ਼ਤ ਉੱਪਰ ਬੈਠਾ ਹੋਇਆ ਨਹੀਂ। ਸੁੰਦਰ, ਮਹਿੰਗੇ ਗਲੀਚਿਆਂ ਦੀ ਵਿਛਾਈ ਉੱਪਰ ਹੀ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ, ਬਾਬਰ, ਉਸ ਦਾ ਲੜਕਾ ਹਮਾਯੂੰ ਤੇ ਦੂਸਰੇ ਅਹਿਲਕਾਰ ਬੈਠੇ ਹੋਏ ਹਨ। ਕੁਝ ਸਿਪਾਹੀ ਖੜ੍ਹੇ ਦਿਖਾਈ ਦੇ ਰਹੇ ਹਨ।
ਸਾਰੀ ਸ਼ਾਨੋ-ਸ਼ੌਕਤ ਦੇ ਬਾਵਜੂਦ ਪੇਂਟਿੰਗ ਇਕ ਪੱਖ ਨੂੰ ਪ੍ਰਮੁੱਖਤਾ ਦੇ ਰਹੀ ਹੈ। ਜਿਸ ਪਾਸ ਇਹ ਸਮੱਗਰੀਆਂ ਨਹੀਂ ਹਨ। ਕਿਰਪਾਲ ਸਿੰਘ ਕਿਸੇ ਵਹਿਣ ਨਾਲ ਵਹਿ ਕੇ ਰਚਨਾ ਨਹੀਂ ਕਰ ਰਿਹਾ। ਚਿੱਤਰ ਰਚਨਾ ਦੇ ਨਾਲ-ਨਾਲ ਉਹ ਆਪਣੇ ਵਿਸ਼ਵਾਸ ਨੂੰ ਵੀ ਪ੍ਰਗਟਾਅ ਰਿਹਾ ਹੈ।
ਗੁਰੂ ਨਾਨਕ ਉਸੇ ਵਿਅਕਤੀ ਦੇ ਸਾਹਮਣੇ ਬੈਠੇ ਹਨ ਜਿਸ ਬਾਰੇ ਭਾਈ ਲਾਲੋ ਲਾਲੋ ਜੀ ਨੂੰ ਮੁਖਾਤਿਬ ਹੋ ਕੇ ਨਿਡਰ ਭਾਸ਼ਾ ਵਿਚ ਕਿਹਾ ਸੀ :
ਪਾਪ ਕੀ ਜੰਝ ਲੈ ਕਾਬਲਓ ਧਾਇਆ ਜੋਰੀਂ ਮੰਗੈ ਦਾਨ ਵੇ ਲਾਲੋ।।
ਸਰਮ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।।
ਅਸੀਂ ਮੰਨ ਕੇ ਚੱਲ ਸਕਦੇ ਹਾਂ, ਭਾਵੇਂ ਪੂਰੀ ਤਰ੍ਹਾਂ ਨਾ ਸਹੀ, ਤਸਵੀਰ ਦੀ ਬੁਣਤੀ ਇਸੇ ਆਧਾਰ ਉੱਪਰ ਕੀਤੀ ਹੈ। ਗੁਰੂ ਜੀ ਰਚਨਾ ਕੇ ਕੇਂਦਰ ਵਿਚ ਹਨ ਭਾਵੇਂ ਉਹ ਕੈਨਵਸ ਵਿਚਕਾਰ ਨਹੀਂ। ਉਹ ਚੌਂਕੜਾ ਲਾਈ ਬੈਠੇ ਹਨ। ਸੱਜਾ ਹੱਥ ਉੱਪਰ ਵੱਲ ਹੈ। ਕਹੇ ਜਾ ਚੁੱਕੇ ਬੋਲਾਂ ਨੂੰ ਹੱਥ ਦਾ 'ਜੈਸਚਰ' ਅਨੁਵਾਦ ਕਰ ਰਿਹਾ ਹੈ। ਉਨ੍ਹਾਂ ਦੇ ਬੈਠਣ ਤੇ ਦੇਖਣ ਦਾ ਅੰਦਾਜ਼ 'ਨਿਰਭਉ ਨਿਰਵੈਰ' ਵਾਲਾ ਹੈ।
ਕੈਨਵਸ ਦੇ ਸੱਜੇ ਵੱਲ ਬਾਬਰ ਬੈਠਾ ਹੈ, ਜਿਸ ਦੇ ਖੱਬੇ ਹੱਥ 'ਚ ਸ਼ਰਾਬ ਦੀ ਸੁਰਾਹੀ ਹੈ ਤੇ ਸੱਜੇ ਹੱਥ ਵਿਚ ਸ਼ਰਾਬ ਦਾ ਪਿਆਲਾ, ਜਿਸ ਨੂੰ ਗੁਰੂ ਜੀ ਵੱਲ ਵਧਾਇਆ ਜਾ ਰਿਹਾ ਹੈ। ਮੁੱਖ ਸੰਵਾਦ ਇਹੋ ਹੈ। ਬਾਤਚੀਤ ਵੀ ਉਨ੍ਹਾਂ ਦੋਹਾਂ ਵਿਚਾਲੇ ਹੈ। ਬਾਕੀ ਸਾਰੇ ਤਾਂ ਦਰਸ਼ਕ ਹਨ। ਇਹ ਸਰੋਤਾ ਵੀ ਹਨ ਪਰ ਜੋ ਕੁਝ ਇਨ੍ਹਾਂ ਸਾਹਮਣੇ ਹੋ ਰਿਹਾ ਹੈ ਉਸ ਵਿਚ ਇਨ੍ਹਾਂ ਦੀ ਦਖ਼ਲਅੰਦਾਜ਼ੀ ਬਿਲਕੁਲ ਨਹੀਂ ਹੈ। ਖੱਬੇ ਵੱਲ ਬੈਠੇ ਬਾਬਰ ਦੇ
ਲੜਕੇ ਦੀ ਵੀ ਨਹੀਂ। ਸੰਵਾਦ ਦੋ ਸ਼ਖ਼ਸੀਅਤਾਂ ਵਿਚਾਲੇ ਹੈ। ਦੋਹਾਂ ਦੇ ਆਪੋ-ਆਪਣੇ ਮਾਰਗ ਹਨ। ਇਹ ਇਕ-ਦੂਜੇ ਦੇ ਪੂਰਕ ਨਹੀਂ ਬਲਕਿ ਧੁਰ ਵਿਪਰੀਤ ਹਨ।
ਚਿੱਤਰ ਦੀ ਕੇਂਦਰੀ ਕਿਰਿਆ ਅਨੁਸਾਰ ਬਾਬਰ ਗੁਰੂ ਸਾਹਿਬ ਨੂੰ ਸ਼ਰਾਬ ਦਾ ਪਿਆਲਾ ਦੇ ਰਿਹਾ ਹੈ। ਇਹ ਨਿਰੋਲ ਪੇਸ਼ਕਸ਼ ਨਹੀਂ ਬਲਕਿ ਦੋਸਤੀ ਦਾ ਹੱਥ ਵਧਾਉਣ ਦੀ ਕਵਾਇਦ ਵੀ ਹੈ ਪਰ ਗੁਰੂ ਜੀ ਨੂੰ ਇਹ ਪ੍ਰਵਾਨ ਨਹੀਂ। ਜਿਸ ਹੱਥ ਨਾਲ ਪਿਆਲਾ ਫੜਨਾ ਸੀ ਉਹ ਤਾਂ ਕਿਸੇ ਹੋਰ 'ਵਸਤ' ਵੱਲ ਸੰਕੇਤ ਕਰ ਰਿਹਾ ਹੈ। ਪਿਆਲਾ ਅਤੇ ਹੱਥ ਸਮਾਨਾਂਤਰ ਹਨ, ਭਾਵ ਦੋਹਾਂ ਦਾ ਮੇਲ ਅਸੰਭਵ ਹੈ।
ਇਕ ਹੋਰ ਖ਼ਿਆਲ ਸਾਹਮਣੇ ਆਉਂਦਾ ਹੈ। ਬਾਬਰ ਤਾਮਸਿਕ ਗੁਣਾਂ ਨੂੰ ਅਪਣਾਈ ਬੈਠਾ ਹੈ। ਉਹ ਪੂਰੀ ਤਰ੍ਹਾਂ ਸੰਸਾਰੀ ਹੈ। ਸੰਸਾਰ ਸੁੱਖ ਹੀ ਅੰਤਿਮ ਸੁੱਖ ਹੈ। ਗੁਰੂ ਸਾਹਿਬ ਦੇ ਵਿਚਾਰ ਭਿੰਨ ਹਨ। ਉਹ ਸਾਤਵਿਕ ਗੁਣਾਂ ਦੇ ਧਾਰਨੀ ਹਨ। ਸੰਸਾਰ ਵਿਚ ਮਨੁੱਖ ਦਾ ਹੋਣਾ ਸਦੀਵੀ ਨਹੀਂ। ਉਸ ਨੂੰ ਇਕ ਨਾ ਇਕ ਦਿਨ ਸੰਸਾਰ ਤਿਆਗਣਾ ਪੈਣਾ ਹੈ। ਸੋ ਉਸ 'ਕਰਤਾ ਪੁਰਖ' ਨੂੰ ਸਦਾ ਚੇਤੇ ਰੱਖਣ ਦੇ ਨਾਲ-ਨਾਲ ਸਾਨੂੰ ਆਪਸ ਵਿਚ ਪ੍ਰੇਮ ਭਾਵ ਨਾਲ ਰਹਿਣਾ ਚਾਹੀਦਾ ਹੈ।
ਇਸ ਬਿੰਦੂ ਉੱਪਰ ਸਾਡਾ ਧਿਆਨ ਵਸਤਰਾਂ ਵੱਲ ਜਾਂਦਾ ਹੈ। ਬਾਬਰ ਨੇ ਰੰਗਦਾਰ ਅਤੇ ਮੋਤੀਆਂ-ਹੀਰਿਆਂ ਜੜਿਤ ਪੁਸ਼ਾਕ ਪਾਈ ਹੋਈ ਹੈ, ਸਿਰ ਪਾਈ ਟੋਪੀ ਉੱਪਰ ਕਲਗੀ ਵੀ ਹੈ। ਕੋਲ ਹੀ ਅੰਗਰੱਖਿਅਕ ਖੜ੍ਹੇ ਹਨ। ਇਕ ਜਣੇ ਦੇ ਹੱਥ ਬਾਜ਼ ਹੈ। ਇਹਦੇ ਇਲਾਵਾ ਉਸ ਦਾ ਲੜਕਾ ਅਤੇ ਹੋਰ ਅਹੁਦੇਦਾਰ ਮੌਜੂਦ ਹਨ। ਇਨ੍ਹਾਂ ਦੇ ਪਿਆਲੇ ਭਰਨ ਲਈ ਬਾਂਦੀ ਹਾਜ਼ਰ ਹੈ। ਇਹ ਅਮੀਰੀ ਅਤੇ ਠਾਠ ਦੇ ਲੱਛਣ ਮੰਨੇ ਜਾ ਸਕਦੇ ਹਨ। ਇਹ ਸਮੂਹ ਵਿਸ਼ੇਸ਼ ਹੈ, ਸਾਧਾਰਨ ਤੋਂ ਵੱਖਰਾ ਅਚਤੇ ਪੂਰੀ ਤਰ੍ਹਾਂ ਅਲੱਗ-ਥਲੱਗ।
ਬਾਬਰ ਅਤੇ ਉਸ ਦੇ ਅਹਿਲਕਾਰਾਂ ਦੇ ਮੁਕਾਬਲੇ ਗੁਰੂ ਨਾਨਕ ਆਪ ਹਨ ਅਤੇ ਸਦਾ ਉਨ੍ਹਾਂ ਦੇ ਨਾਲ ਰਹਿਣ ਵਾਲਾ ਸੰਗੀ ਮਰਦਾਨਾ। ਗੁਰੂ ਜੀ ਦੇ ਸਾਰੇ ਵਸਤਰ ਸਫ਼ੈਦ ਹਨ। ਮੋਢੇ ਉੱਪਰ ਭੂਰੇ ਜਿਹੇ ਰੰਗ ਦੀ ਚਾਦਰ ਹੈ। ਉਨ੍ਹਾਂ ਦੇ ਗਲ, ਹੱਥ, ਸਿਰ ਬੰਨ੍ਹੀ ਦਸਤਾਰ ਉੱਪਰ ਕੋਈ ਮਾਲਾ ਨਹੀਂ। ਸਿਮਰਨਾ, ਸੇਲੀ ਵੀ ਨਹੀਂ ਹੈ। ਨਿਸ਼ਚਿਤ ਤੌਰ 'ਤੇ ਚਿੱਤਰਕਾਰ ਨੂੰ ਇਹ ਚੀਜ਼ਾਂ ਵਾਧੂ ਲਗਦੀਆਂ ਹੋਣਗੀਆਂ ਤਾਹੀਓਂ ਉਹ ਨਹੀਂ ਬਣਾਈਆਂ ਗਈਆਂ। ਦੂਜਾ, ਜਿਸ ਸ਼ਖ਼ਸ ਦੀ ਲਿਵ 'ਅਕਾਲ ਪੁਰਖ' ਨਾਲ ਜੁੜੀ ਹੋਵੇ ਉਸ ਨੂੰ ਸਿਮਰਨੇ ਦੇ ਮਣਕਿਆਂ ਦੀ ਜ਼ਰੂਰਤ ਨਹੀਂ। ਤੇਜਸਵੀ ਚਿਹਰਾ, ਸਰੂਰ ਗੜੁੱਚ ਨੈਣ ਉਨ੍ਹਾਂ ਦੀ ਅਧਿਆਤਮਿਕ ਅਵਸਥਾ ਦੀ ਦੱਸ ਪਾਉਂਦੇ ਹਨ। ਉਹ ਸੰਸਾਰ ਨਿਵਾਸੀ ਹੋਣ ਦੇ ਬਾਵਜੂਦ ਸੰਸਾਰ ਤੋਂ ਪਾਰ ਵਿਚਰਦੇ ਹਨ।
ਗੁਰੂ ਨਾਨਕ ਦੇਵ ਜੀ ਦੇ ਕਰੀਬ, ਉਨ੍ਹਾਂ ਦੇ ਸੱਜੇ ਵੱਲ ਭਾਈ ਮਰਦਾਨਾ ਹਨ। ਮਰਦਾਨਾ ਜੀ ਦੇ ਕੁਝ ਗੁਣ ਹਨ ਅਤੇ ਉਹੀ ਪ੍ਰਮੁੱਖ ਹਨ। ਇਕ, ਸਦਾ ਗੁਰੂ ਜੀ ਦੇ ਨਾਲ ਰਹਿਣਾ। ਦੋ, ਉਨ੍ਹਾਂ ਦੀ ਕਲਪਨਾ ਰਬਾਬ ਬਿਨਾਂ ਨਹੀਂ ਕੀਤੀ ਜਾ ਸਕਦੀ। ਤਿੰਨ, ਉਨ੍ਹਾਂ ਦੀਆਂ ਉਂਗਲਾਂ ਰਬਾਬ ਉੱਪਰ ਤੁਰਦੀਆਂ ਦਿਖਾਈਆਂ ਜਾਂਦੀਆਂ ਹਨ। ਚਿੱਤਰਕਾਰ ਕੋਈ ਵੀ ਹੋਵੇ, ਕਿਸੇ ਵੀ ਵਿਧਾ ਦਾ ਹੋਵੇ, ਉਹ ਇਸ ਰਵਾਇਤ ਤੋਂ ਮੁਨਕਰ ਨਹੀਂ ਹੋਇਆ।
ਮਨ ਵਿਚ ਜਗਿਆਸਾ ਪੈਦਾ ਹੁੰਦੀ ਹੈ, ਏਦਾਂ ਕਿਉਂ ਹੁੰਦਾ ਆ ਰਿਹਾ ਹੈ? ਕੀ ਗੁਰੂ ਜੀ ਇੱਕੋ ਵੇਲੇ ਦੋ ਧਰਾਤਲਾਂ ਉੱਪਰ ਵਿਚਰ ਰਹੇ ਹਨ? ਉਹ ਬਾਹਰਮੁਖੀ (ਸੰਸਾਰਕ) ਹੁੰਦੇ ਹੋਇਆਂ ਵੀ ਅੰਤਰਮੁਖੀ (ਪਰਾ ਸੰਸਾਰਿਕ) ਹਨ। ਉਹ ਸੰਸਾਰਿਕ ਭਾਵੇਂ ਸਦਾ ਨਾ ਹੋਣ ਪਰ ਪਰਾਭੌਤਿਕ ਸੰਸਾਰ ਨਾਲ ਉਹ ਸਦਾ ਜੁੜੇ ਰਹਿੰਦੇ ਹਨ। ਉਸ ਧਿਰ ਅਵਸਥਾ ਨੂੰ ਭਾਈ ਮਰਦਾਨਾ ਆਪਣੀ ਰਬਾਬ ਦਾ ਸਾਥ ਸਦਾ ਦਿੰਦੇ ਰਹਿੰਦੇ ਹਨ। ਤਾਹੀਓਂ ਗੁਰੂ ਜੀ ਤੋਂ ਵੱਖ ਭਾਈ ਮਰਦਾਨੇ ਅਤੇ ਭਾਈ ਮਰਦਾਨੇ ਤੋਂ ਬਿਨਾਂ ਗੁਰੂ ਜੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਭਾਈ ਮਰਦਾਨਾ ਜੀ ਦੇ ਸਿਰ 'ਤੇ ਸਫ਼ੈਦ ਪੱਗ, ਗਲ਼ ਹਲਕੀ ਨੀਲੀ ਰੰਗਤ ਦਾ ਚੋਲਾ ਹੈ। ਕਿਰਪਾਲ ਸਿੰਘ ਦੇ ਇਸ ਚਿੱਤਰ ਵਿਚ ਇਕ ਖ਼ਾਸੀਅਤ ਹੈ ਕਿ ਉਸ ਨੇ ਭਾਈ ਮਰਦਾਨੇ ਨੂੰ ਖੁੱਲ੍ਹੇ ਸਫ਼ੈਦ ਦਾਹੜੇ ਵਾਲਾ ਦਿਖਾਇਆ ਹੈ। ਆਮਤੌਰ 'ਤੇ ਦੂਸਰੇ ਚਿੱਤਰਕਾਰ ਭਾਈ ਮਰਦਾਨਾ ਜੀ ਦੀ ਖ਼ਤਦਾਰ ਦਾਹੜੀ ਦਿਖਾਉਂਦੇ ਹਨ ਕਿਉਂਕਿ ਉਹ ਮੁਸਲਮਾਨ ਸਨ।
ਕੋਈ ਵੀ ਗੁਰੂ ਨਾਨਕ ਨੂੰ ਮੁਖਾਤਿਬ ਨਹੀਂ। ਉਨ੍ਹਾਂ ਦਾ ਧਿਆਨ ਬਾਬਰ ਅਤੇ ਗੁਰੂ ਨਾਨਕ ਕੰਨੀ ਹੈ। ਬਾਬਰ ਦੇ ਹੁਕਮ ਨਾਲ ਹੋਰਾਂ ਸੰਗ ਇਨ੍ਹਾਂ ਨੂੰ ਕੈਦਖ਼ਾਨੇ ਪਾਇਆ ਸੀ। ਉਹੀ ਗੁਰੂ ਜੀ ਦੇ ਵਿਹਾਰ ਤੋਂ ਪ੍ਰਭਾਵਿਤ ਹੋ ਉਨ੍ਹਾਂ ਨੂੰ ਮਿਲਣ ਆਇਆ। ਬਾਕੀ ਦੂਸਰੇ ਤਾਂ ਮੂਕ ਸਰੋਤੇ ਤੇ ਦਰਸ਼ਕ ਹਨ।
ਗੁਰੂ ਸਾਹਿਬ ਦੁਆਲੇ ਘੇਰਾ ਘੱਤ ਕੇ ਬੈਠਣ ਵਾਲੇ ਸਭ ਸ਼ਸਤਰਾਂ ਨਾਲ ਲੈਸ ਹਨ। ਖ਼ੁਦ ਬਾਬਰ ਇਹਦਾ ਅਪਵਾਦ ਨਹੀਂ। ਬਾਬਰ ਕੋਲ ਖੜ੍ਹੇ ਸਿਪਾਹੀ ਪਾਸ ਬਾਜ਼ ਹੈ। ਇਹ ਸਾਰਾ ਕੁਝ ਤਾਕਤ ਦਾ ਵਿਖਾਲਾ ਹੈ। ਜਿਸ ਨੂੰ ਪ੍ਰਭਾਵਿਤ ਕਰਨਾ ਹੈ, ਉਸ ਪਾਸ ਕੁਝ ਨਹੀਂ ਹੈ। ਉਹ ਸ਼ਸਤਰਾਂ ਵਿਚਾਲੇ ਸ਼ਸਤਰ ਵਿਹੀਨ ਹੈ। ਉਸ ਪਾਸ 'ਧੁਰ ਕੀ ਬਾਣੀ', ਰਾਗ ਅਤੇ ਰਬਾਬ ਹੈ। ਇਨ੍ਹਾਂ ਆਸਰੇ ਉਨ੍ਹਾਂ ਆਪਣੇ ਵਿਰੋਧੀ ਨੂੰ ਸਿੱਖਿਅਤ ਕਰਨਾ ਹੈ, ਉਸ ਉੱਪਰ ਜਿੱਤ ਪ੍ਰਾਪਤ ਕਰਨੀ ਹੈ। ਸ਼ਸਤਰਧਾਰੀਆਂ ਨੂੰ ਗਿਆਨ ਦੇ ਸ਼ਸਤਰ ਨਾਲ ਜਿੱਤਿਆ ਜਾਂਦਾ ਹੈ।
ਚਿੱਤਰ ਵਿਟ ਜੇ ਸ਼ਾਨੋ-ਸ਼ੌਕਤ, ਧੰਨ, ਐਸ਼-ਇਸ਼ਰਤ, ਸੁੱਖਾਂ ਦਾ ਖੁੱਲ੍ਹਾ ਵਿਖਾਵਾ ਹੈ ਤਾਂ ਦੂਜੇ ਪਾਸੇ ਬੇਹਿਚਕ ਫ਼ਕੀਰੀ ਦਾ ਵਿਖਾਲਾ ਹੈ। ਦੋਵੇਂ ਇਕ-ਦੂਏ ਦੇ ਵਿਪਰੀਤ ਜੀਵਨ ਜਾਚ ਵਾਲੀਆਂ ਧਿਰਾਂ ਹਨ।
ਬਾਬਰ ਦਾ ਉਦੇਸ਼ ਜਿੱਤ ਪ੍ਰਾਪਤ ਕਰਨਾ ਹੈ। ਉਹ ਦੂਜਿਆਂ ਨੂੰ ਜਿੱਤ ਕੇ ਖ਼ੁਦ ਨੂੰ ਸਥਾਪਤ ਕਰਨਾ ਚਾਹੁੰਦਾ ਹੈ ਅਤੇ ਇਸ ਰਾਹੀਂ ਆਪਣੀ ਰਿਆਇਆ ਦੇ ਮਨ ਅੰਦਰ ਭੈਅ ਬੀਜਦਾ ਹੈ। ਦੂਜੀ ਧਿਰ, ਇਸ ਦੇ ਵਿਪਰੀਤ, ਆਪਣੇ ਮਨ ਉੱਪਰ ਜਿੱਤ ਪ੍ਰਾਪਤ ਕਰਨ ਉਪਰੰਤ ਉਸ ਨੂੰ ਪਰਮਾਤਮਾ ਦੇ ਹੁਕਮ ਵਿਚ ਰਹਿਣ ਦੀ ਮੱਤ ਦੇਂਦੀ ਹੈ। ਆਪਣੇ ਕਰੀਬ ਆਉਣ ਵਾਲੇ ਹਰ ਸ਼ਖ਼ਸ ਦੇ ਮਨ ਅੰਦਰ ਪ੍ਰੇਮ, ਆਪਸੀ ਭਾਈਚਾਰੇ ਦਾ ਬੀਜ ਟਿਕਾਉਂਦੀ ਹੈ।
ਆਮਤੌਰ 'ਤੇ ਚਿੱਤਰਕਾਰ ਚਿੱਤਰ ਰਚਦੇ ਸਮੇਂ ਸੰਗਠਿਤ ਰਚਨਾ ਰਚਣ ਤੋਂ ਉਰਾਂ-ਉਰਾਂ ਹੀ ਰਹਿ ਜਾਂਦੇ ਹਨ। ਸੰਭਵ ਹੈ, ਇਥੇ ਵੀ ਕੁਝ ਨੁਕਤੇ ਹੋਣ ਐਪਰ ਤਾਂ ਵੀ ਕਈ ਗੁਣਾਤਮਕ ਇਕਾਈਆਂ ਦਾ ਸੰਗਠਨ ਇਥੇ ਪਛਾਣਿਆ ਜਾ ਸਕਦਾ ਹੈ।
ਗੁਰੂ ਜੀ ਦੀ ਸਰੀਰਕ ਬਣਤਰ ਇਕਹਿਰੀ ਹੈ ਜੋ ਤਤਕਾਲੀ ਸਮੇਂ-ਸਥਾਨ ਮੂਜਬ ਹੈ। ਉਨ੍ਹਾਂ ਦੀ ਜੀਵਨ-ਸ਼ੈਲੀ ਨੇ ਵੀ ਉਸ ਨੂੰ ਪ੍ਰਭਾਵਿਤ ਕੀਤਾ ਹੈ। ਇਹੋ ਗੱਲ ਭਾਈ ਮਰਦਾਨਾ ਜੀ ਦੇ ਸਬੰਧ ਵਿਚ ਕਹੀ ਜਾ ਸਕਦੀ ਹੈ। ਉਹ ਲੰਮ-ਸਲੰਮੇ ਸਰੀਰ ਵਾਲੇ ਤੇ ਲਚਕਦਾਰ ਪ੍ਰਤੀਤ ਹੁੰਦੇ ਹਨ। ਦੋਵਾਂ ਯਾਤਰੂਆਂ ਨੂੰ ਹੋਏ ਬਾਹਰੀ ਅਨੁਭਵਾਂ ਨੇ ਉਨ੍ਹਾਂ ਦੇ ਅੰਦਰ-ਬਾਹਰ ਨੂੰ ਸ਼ਿੰਗਾਰਿਆ ਹੈ। ਯਾਤਰਾਵਾਂ ਵੱਲੋਂ ਮਿਲੀ ਸੌਗਾਤ ਬੇਪਰਵਾਈ, ਖ਼ੁਦਦਾਰੀ, ਨਿਡਰਤਾ ਦੇ ਰੂਪ ਵਿਚ ਇਥੇ ਹਾਜ਼ਰ ਹੈ।
ਚਿੱਤਰਕਾਰ ਨੇ ਬਾਬਰ, ਹਿਮਾਯੂੰ, ਬਾਂਦੀ ਅਤੇ ਹੋਰ ਸਿਪਾਹੀਆਂ ਦੇ ਡੀਲ-ਡੌਲ ਨੂੰ ਇਲਾਕੇ ਅਨੁਸਾਰ ਚਿਤਰਿਆ ਹੈ। ਏਦਾਂ ਚਿਤੇਰਾ ਭਿੰਨ ਭੂਗੋਲਿਕ ਖੇਤਰਾਂ ਦੇ ਵਸਨੀਕਾਂ ਦੀ ਵੱਖਰਤਾ ਨੂੰ ਕਾਇਮ ਰੱਖਦਾ ਹੈ।
ਅਨੁਭਵੀ ਸ਼ਖ਼ਸੀਅਤਾਂ ਦੱਸਦੀਆਂ ਹਨ ਅਧਿਆਤਕਮ ਬਿਰਤੀ ਨੂੰ ਅਪਣਾਏ ਸ਼ਖ਼ਸ ਦੇ ਸਰੀਰ ਦਾ 'ਪ੍ਰਭਾ ਮੰਡਲ' ਪ੍ਰਬਲ ਹੁੰਦਾ ਹੈ। ਚਿੱਤਰਕਾਰ ਕਿਰਪਾਲ ਸਿੰਘ ਉਸੇ ਗੁਣ-ਲੱਛਣ ਨੂੰ ਬਾਖ਼ੂਬੀ ਵਰਤ ਰਿਹਾ ਹੈ। ਦ੍ਰਿਸ਼ ਵਿਚ ਪ੍ਰਕਾਸ਼ ਕਿਸ ਪਾਸਿਓਂ ਪ੍ਰਵੇਸ਼ ਕਰ ਰਿਹਾ ਹੈ, ਪਤਾ ਨਹੀਂ ਚੱਲ ਰਿਹਾ। ਮਹਿਸੂਸ ਹੁੰਦਾ ਹੈ ਗੁਰੂ ਨਾਨਕ ਦਾ ਸਮੁੱਚਾ ਸਰੀਰ ਅਧਿਆਤਮ ਬਲ ਨਾਲ ਪ੍ਰਕਾਸ਼ਿਤ ਹੈ। ਉਹ ਸੀਮਤ ਨਾ ਰਹਿ ਕੇ ਜਿੱਥੋਂ ਤਕ ਸੰਭਵ ਹੈ ਦੁਆਲੇ ਨੂੰ ਵੀ ਰੁਸ਼ਨਾਅ ਰਿਹਾ ਹੈ। ਸਮੁੱਚੀ ਪੇਂਟਿੰਗ ਨੂੰ ਜਿੰਨੀ ਕੁ ਲੋਅ ਚਾਹੀਦੀ ਹੈ, ਨਿਰਬਾਧ ਮਿਲ ਰਹੀ ਹੈ।
ਰਾਜਸੀ ਤੜਕ-ਭੜਕ ਦਰਮਿਆਨ ਖ਼ੁਦ ਗੁਰੂ ਨਾਨਕ ਦੇਵ ਜੀ ਦੇ ਵਸਤਰ ਸਫ਼ੈਦ ਹਨ, ਪਰ ਜਿਹੜਾ ਪ੍ਰਕਾਸ਼ ਪੁੰਜ ਉਨ੍ਹਾਂ ਦੇ ਦੁਆਲੇ ਹੈ, ਉਹ ਵਸਤਰਾਂ ਤੋਂ ਵੀ ਉੱਜਲਾ ਹੈ। ਅਧਿਆਤਮ ਦੇ ਰਾਹ ਦਾ ਸਫ਼ਰ ਨਿਰੰਤਰ ਉੱਜਲਤਰ ਤੋਂ ਉੱਜਲਤਮ ਵੱਲ ਰਹਿੰਦਾ ਹੈ।
ਚਿੱਤਰ ਵਿਚ ਗੁਰੂ ਨਾਨਕ ਸਾਹਿਬ ਦੇ ਪਿਛੋਕੜ ਦੇ ਪ੍ਰਕਾਸ਼ ਵਿਚ ਉਨ੍ਹਾਂ ਦੇ ਪਹਿਨੇ ਵਸਤਰ, ਇਥੋਂ ਤਕ ਕਿ ਉੱਪਰ ਵੱਲ ਨੂੰ ਚੁੱਕਿਆ ਹੱਥ, ਉਨ੍ਹਾਂ ਦੇ ਸੀਸ ਦੁਆਰੇ ਬੱਝੀ ਦਸਤਾਰ 'ਬਲੱਰ' ਹੋ ਰਹੀ ਹੈ।
ਕਿਰਪਾਲ ਸਿੰਘ ਗੁਰੂ ਜੀ ਦੀ ਦਿੱਬਤਾ, ਸਰੇਸ਼ਠਤਾ ਨੂੰ ਪ੍ਰਚਲਿਤ ਰੀਤ ਤੋਂ ਵੱਖ ਹੋ ਕੇ ਚਿਤਵਦਾ ਹੈ। ਦੂਜਿਆਂ ਜਿਹਾ ਨਾ ਹੋਣਾ ਵੀ ਮਹੱਤਵਯੋਗ ਹੈ। ਉਹ ਦਰਸ਼ਕ ਅੱਖ ਨੂੰ ਆਪਣੇ ਵੱਲ ਖਿੱਚਦੇ ਹੀ ਨਹੀਂ ਬਲਕਿ ਕੇਂਦਰਿਤ ਹੋਣ ਲਈ ਖਿੱਚ ਪਾਉਂਦੇ ਹਨ। ਜੇ ਬਾਬਰ ਜਿਹਾ ਜਾਬਰ ਉਨ੍ਹਾਂ ਵੱਲ ਖਿੱਚਿਆ ਜਾ ਸਕਦਾ ਹੈ ਤਾਂ ਗੁਰੂ ਨਾਨਕ ਸਾਹਿਬ ਦਾ ਸਿੱਖ ਕਿਉਂ ਨਹੀਂ!
ਵਿਪਰਤ ਵਿਚਾਰਧਾਰਾਵਾਂ
ਗੁਰੂ ਨਾਨਕ ਦਾ ਵਿਸ਼ਵਾਸ ਇਕ ਕਰਤਾ (ਪਰਮਾਤਮਾ) ਉੱਪਰ ਹੈ। ਚਾਰ ਦਿਸ਼ਾਵਾਂ ਵੱਲ ਕੀਤੀਆਂ ਚਾਰ ਯਾਤਰਾਵਾਂ ਦੌਰਾਨ ਉਨ੍ਹਾਂ ਤਰਕ ਆਸਰੇ, ਸਹਿਜ਼ ਭਾਸ਼ਾ-ਵਿਹਾਰ ਨਾਲ ਲੋਕਾਂ ਨੂੰ ਭਰਮਾਂ, ਵਹਿਮਾਂ, ਅੰਧਵਿਸ਼ਵਾਸਾਂ ਵੱਲ ਜਾਣ ਤੋਂ ਹੋੜਿਆ। ਉਨ੍ਹਾਂ ਆਪਣੇ ਵਿਚਾਰ ਨੂੰ ਮਨਵਾਉਣ ਵਾਸਤੇ ਜ਼ੋਰ-ਜਬਰ ਦਾ ਸਹਾਰਾ ਨਹੀਂ ਲਿਆ। ਉਨ੍ਹਾਂ ਦੇ ਸਾਹਮਣੇ ਬਾਬਰ ਹੈ ਜਿਹੜਾ ਰਾਜ ਦੇ ਵਿਸਥਾਰ ਹਿਤ ਆਪਣੇ ਵਿਰੋਧੀਆਂ ਨੂੰ ਹਰਾਉਂਦਾ ਹੋਇਆ ਹਿੰਦੁਸਤਾਨ ਪਹੁੰਚ ਜਾਂਦਾ ਹੈ। ਜ਼ੋਰ, ਜਬਰ, ਦਹਿਸ਼ਤ, ਵੱਢ-ਟੁੱਕ ਉਸ ਦੇ ਵਿਹਾਰ ਦੀ ਭਾਸ਼ਾ ਹੈ।
- ਜਗਤਾਰਜੀਤ ਸਿੰਘ