ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਚਮ ਪਾਤਸ਼ਾਹ ਜੀ ਦੇ ਗ੍ਰਹਿ ਪ੍ਰਕਾਸ਼ ਲੈਣ ਕਰ ਕੇ ਸੋਢੀ ਕੁਲ ਦੀ ਪੀੜ੍ਹੀ ਚੱਲਣ ਬਾਰੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ ਵਲੋਂ ਆਪਣੀਆਂ ਲਿਖੀਆਂ ਵਾਰਾਂ ’ਚੋਂ ਪਹਿਲੀ ਵਾਰ ਦੀ 48ਵੀਂ ਪਉੜੀ ’ਚ ਪਹਿਲੀਆਂ ਹੀ ਦੋ ਪੰਕਤੀਆਂ ’ਚ ਬਹੁਤ ਵਿਦਵਤਾ ਭਰਪੂਰ ਜ਼ਿਕਰ ਕੀਤਾ ਹੈ।
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਚਮ ਪਾਤਸ਼ਾਹ ਜੀ ਦੇ ਗ੍ਰਹਿ ਪ੍ਰਕਾਸ਼ ਲੈਣ ਕਰ ਕੇ ਸੋਢੀ ਕੁਲ ਦੀ ਪੀੜ੍ਹੀ ਚੱਲਣ ਬਾਰੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ ਵਲੋਂ ਆਪਣੀਆਂ ਲਿਖੀਆਂ ਵਾਰਾਂ ’ਚੋਂ ਪਹਿਲੀ ਵਾਰ ਦੀ 48ਵੀਂ ਪਉੜੀ ’ਚ ਪਹਿਲੀਆਂ ਹੀ ਦੋ ਪੰਕਤੀਆਂ ’ਚ ਬਹੁਤ ਵਿਦਵਤਾ ਭਰਪੂਰ ਜ਼ਿਕਰ ਕੀਤਾ ਹੈ। 48 ਵੀਂ ਪਉੜੀ ਦੀਆਂ ਬਾਕੀ ਪੰਕਤੀਆਂ ਵਿਚ ਭਾਈ ਗੁਰਦਾਸ ਜੀ ਨੇ ਪੰਚਮ ਪਾਤਸ਼ਾਹ ਜੀ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਗੁਰਤਾ ਗੱਦੀ ਧਾਰਨ ਕਰਨ ਉਪਰੰਤ ਜ਼ੁਲਮ ਦਾ ਨਾਸ਼ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ, ਦੋ ਤਲਵਾਰਾਂ ਧਾਰਨ ਕਰਕੇ ਤਖ਼ਤ ’ਤੇ ਬੈਠ ਕੇ ਸੂਰਬੀਰਾਂ ਵਾਲੇ ਕੌਤਕ ਕਰਨ ਅਤੇ ਸੋਢੀਆਂ ਦੀ ਪੀੜੀ ਦੇ ਹੋਰ ਅੱਗੇ ਚੱਲਣ ਦੀ ਵਿਥਿਆ ਨੂੰ ਬਹੁਤ ਹੀ ਸੰਖੇਪ ’ਚ ਪੇਸ਼ ਕੀਤਾ ਗਿਆ ਹੈ-
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ॥
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ
ਚਲੀ ਪੀੜੀ ਸੋਢੀਆ ਰੂਪ ਦਿਖਾਵਣਿ ਵਾਰੋ ਵਾਰੀ॥
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ॥
ਪੁਛਨ ਸਿਖ ਅਰਦਾਸ ਕਰ ਛੇ ਮਹਿਲਾਂ ਤਕ ਦਰਸ ਨਿਹਾਰੀ॥
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ॥
ਕਲਿਜੁਗ ਪੀੜ੍ਹੀ ਸੋਢੀਆਂ ਨਿਹਚਲ ਨੀਵ ਉਸਾਰ ਖਲ੍ਹਾਰੀ॥
ਜੁੁਗ ਜੁੁਗ ਸਤਿਗੁਰ ਧਰੇ ਅਵਤਾਰੀ॥
(ਵਾਰਾਂ ਭਾਈ ਗੁਰਦਾਸ ਜੀ:
ਵਾਰ ੧)
ਗੁਰੂ ਕੀ ਵਡਾਲੀ ਵਿਖੇ ਹੋਇਆ ਪ੍ਰਕਾਸ਼
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੋਂ ਮਿਲੇ ਅਸ਼ੀਰਵਾਦ ਸਦਕਾ 429 ਸਾਲ ਪਹਿਲਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਅਤੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਨਗਰ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮਿ੍ਰਤਸਰ ਵਿਖੇ 19 ਜੂਨ, 1595 ਈ: (21 ਹਾੜ ਵਦੀ 7 ਸੰੰਮਤ 1652) ਨੂੰ ਰਾਤ 12 ਵੱਜ ਕੇ 20 ਮਿੰਟ ’ਤੇ ਹੋਇਆ ਸੀ। ਨੱਤਾਂ ਦੀ ਵਡਾਲੀ ਪਿੰਡ ਦੇ ਬਾਹਰਵਾਰ ਤੰਬੂ ’ਚ (ਜਿਥੇ ਬਾਅਦ ਵਿਚ ਛੇਹਰਟਾ ਖ਼ੂਹ ਲਗਵਾਇਆ) ਵਿਖੇ ਭਾਈ ਖਾਨ ਤੇ ਭਾਈ ਢੋਲ ਦੀ ਬੇਨਤੀ ’ਤੇ ਅੰਮਿ੍ਰਤਸਰ ਤੋਂ ਆ ਕੇ ਡੇਰਾ ਲਾ ਕੇ ਨਿਵਾਸ ਕਰ ਰਹੇ ਪੰਚਮ ਪਾਤਸ਼ਾਹ ਜੀ ਨੇ ਜਦੋਂ ਪਿੰਡ ਦੇ ਜ਼ਿਮੀਦਾਰ ਭਾਈ ਭਾਗੂ ਜੀ ਕੋਲੋਂ ਉਸ ਦੇ ਵਾੜ੍ਹੇ ਰੂਪੀ ਘਰ ’ਚ ਮਾਤਾ ਗੰਗਾ ਜੀ ਦੀ ਕੁੱਖੋਂ ਬਾਲਕ ਹਰਗੋਬਿੰਦ ਜੀ ਦੇ ਜਨਮ ਲੈਣ ਦੀ ਖੁਸ਼ਖ਼ਬਰੀ ਸੁਣੀ ਤਾਂ ਉਸੇ ਵੇਲੇ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹੋਏ ਚਾਰ ਪਦਾਂ ਵਾਲੇ ਸ਼ਬਦ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਪੰਨਾ-396 ’ਤੇ ਅੰਕਿਤ ਹੈ:
ਆਸਾ ਮਹਲਾ ੫॥ ਸਤਿਗੁਰ ਸਾਚੈ ਦੀਆ ਭੇਜਿ॥॥
ਨਾਨਕੁ ਤੁਠਾ ਕੀਨੀ ਦਾਤਿ॥
ਛੇਵੇਂ ਪਾਤਸ਼ਾਹ ਜੀ ਦੇ ਗੁਰੂ ਕੀ ਵਡਾਲੀ ਵਿਖੇ ਪ੍ਰਕਾਸ਼ ਲੈਣ ਦੇ ਇਤਿਹਾਸਕ ਪਿਛੋਕੜ ਨੂੰ ਜਾਨਣ ਦਾ ਇਸ ਲੇਖ ’ਚ ਯਤਨ ਕੀਤਾ ਗਿਆ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਆਪਣੇ ਤਿੰਨ ਪੁੱਤਰਾਂ ’ਚੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਬਖ਼ਸ਼ਣ ਕਰਕੇ ਵੱਡਾ ਪੁੱਤਰ ਪਿ੍ਰਥੀਚੰਦ ਅਤੇ ਉਸਦੀ ਪਤਨੀ ਬੀਬੀ ਕਰਮੋਂ ਪੰਚਮ ਪਾਤਸ਼ਾਹ ਨਾਲ ਬਹੁਤ ਜ਼ਿਆਦਾ ਹੀ ਈਰਖ਼ਾ ਕਰਨ ਲੱਗ ਪਏ ਸਨ। ਇਕ ਦਿਨ ਬੀਬੀ ਕਰਮੋ ਤੇ ਪਿ੍ਰਥੀ ਚੰਦ ਨੇ ਮਾਤਾ ਗੰਗਾ ਜੀ (ਪੰਚਮ ਪਾਤਸ਼ਾਹ ਜੀ ਦੇ ਮਹਿਲ) ਨੂੰ ਜਹਾਨ ਤੋਂ ਬੇ-ਔਲਾਦ ਤੇ ਔਂਤਰੀ ਜਾਣ ਦੇ ਬੋਲ-ਕਬੋਲ ਬੋਲੇ ਤਾਂ ਮਾਤਾ ਗੰਗਾ ਜੀ ਨੇ ਪੰਚਮ ਪਾਤਸ਼ਾਹ ਜੀ ਨੂੰ ਆਪਣੇ ਘਰ ਔਲਾਦ ਬਖ਼ਸ਼ਣ ਲਈ ਬੇਨਤੀ ਕੀਤੀ। ਨਿਮਰਤਾ ਦੇ ਪੁੰਜ ਪੰਚਮ ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਅੰਮਿ੍ਰਤਸਰ ਤੋਂ 19-20 ਕਿਲੋਮੀਟਰ ਦੀ ਦੂਰੀ ’ਤੇ ਪਹਿਲੇ, ਦੂਸਰੇ, ਤੀਸਰੇ, ਚੌਥੇ ਅਤੇ ਆਪਣੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਵਿਚ ਸਦਾ ਤੱਤਪਰ ਰਹਿਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਝਬਾਲ ਨੇੜੇ ‘ਬੀੜ’ ਵਿਖੇ ਅਸ਼ੀਰਵਾਦ ਲੈਣ ਲਈ ਬਚਨ ਕੀਤਾ।
ਮਾਤਾ ਗੰਗਾ ਜੀ ਦਾ ਬੀੜ ਬਾਬਾ ਬੁੱਢਾ ਸਾਹਿਬ ਜਾਣਾ
ਮਾਤਾ ਗੰਗਾ ਜੀ ਨੇ ਨਿਮਰਤਾ ਨਾਲ ਜਾਣ ਦੀ ਬਜਾਏ ਰੱਥ ’ਤੇ ਚੜ੍ਹ ਕੇ ਪੂਰੀ ਸ਼ਾਨ ਨਾਲ ਕਈ ਪ੍ਰਕਾਰ ਦੇ ਪਦਾਰਥ ਤੇ ਸੇਵਕਾਂ ਆਦਿ ਨੂੰ ਨਾਲ ਲੈ ਕੇ ਜੰਗਲ-ਨੁਮਾ ‘ਬੀੜ’ ਵਿਚ ਬਾਬਾ ਬੁੱਢਾ ਸਾਹਿਬ ਕੋਲ ਪਹੁੰਚਣਾ ਕੀਤਾ ਪਰ ਮਾਤਾ ਜੀ ਨੂੰ ਬਾਬਾ ਜੀ ਦੇ ‘ਗੁਰੂ ਕਿਆਂ ਨੂੰ ਕਿੱਥੋਂ ਭਾਜੜਾਂ ਪੈ ਗਈਆਂ’ ਵਾਲੇ ਬਚਨਾਂ ਬਾਰੇ ਪਤਾ ਲੱਗਣ ਕਰਕੇ ਮਾਤਾ ਜੀ ਨੇ ਝਕਦੇ ਹੋਏ ਬਾਬਾ ਬੁੱਢਾ ਜੀ ਨੂੰ ਪੁੱਤਰ ਦੀ ਦਾਤ ਹਿੱਤ ਅਸ਼ੀਰਵਾਦ ਦੀ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਮੈਂ ਤਾਂ ਗੁਰੂ ਘਰ ਦਾ ਨਿਮਾਣਾ ਜਿਹਾ ਸੇਵਕ ਹਾਂ, ਔਲਾਦ ਦੀ ਦਾਤ ਤਾਂ ਗੁਰੂ ਜੀ ਹੀ ਬਖ਼ਸ਼ ਸਕਦੇ ਹਨ। ਮਾਤਾ ਜੀ ਨੇ ਵਾਪਸ ਸ੍ਰੀ ਅੰਮਿ੍ਰਤਸਰ ਆ ਕੇ ਸਾਰੀ ਵਾਰਤਾ ਪੰਚਮ ਪਾਤਸ਼ਾਹ ਜੀ ਨੂੰ ਦੱਸੀ ਤਾਂ ਦਿਆਲੂ ਗੁਰੂ ਜੀ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਜੁਗਤ ਸਮਝਾਈ ਕਿ ਆਪਣੇ ਹੱਥੀਂ ਮਿੱਸ਼ੇ ਪ੍ਰਸ਼ਾਦੇ, ਗੰਢੇ, ਲੱਸੀ ਆਦਿ ਲੰਗਰ ਲੈ ਕੇ ਨੰਗੇ ਪੈਰੀਂ ਸੀਮਤ ਸੇਵਾਦਾਰਾਂ ਨਾਲ ਨਿਮਰ ਹੋ ਕੇ ਬਾਬਾ ਜੀ ਕੋਲ ਜਾਵੋ, ਅਕਾਲ ਪੁਰਖ ਜ਼ਰੂਰ ਮਿਹਰ ਕਰੇਗਾ । ਗੁਰੂ ਜੀ ਦੇ ਬਚਨ ਮੰਨਦੇ ਹੋਏ ਦੂਸਰੇ ਦਿਨ ਮਾਤਾ ਗੰਗਾ ਜੀ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਨੰਗੇ ਪੈਰੀਂ ਗੁਰਬਾਣੀ ਪੜ੍ਹਦੇ ਹੋਏ ਸੀਸ ਉਤੇ ਮਿੱਸੇ ਪ੍ਰਸ਼ਾਦੇ, ਲੱਸੀ ਅਤੇ ਗੰਢੇ ਆਦਿ ਰੱਖ ਕੇ ਬਾਬਾ ਬੁੱਢਾ ਜੀ ਕੋਲ ਪੁੱਤਰ ਦੀ ਦਾਤ ਦਾ ਅਸ਼ੀਰਵਾਦ ਲੈਣ ਲਈ ‘ਬਾਬੇ ਦੀ ਬੀੜ’ ਪਹੁੰਚੇ। ਬਾਬਾ ਜੀ ਨੇ ਮਾਤਾ ਜੀ ਵਲੋਂ ਆਪਣੇ ਹੱਥੀਂ ਪਕਾਏ ਮਿੱਸੇ ਪ੍ਰਸ਼ਾਦੇ ਛੱਕਦੇ ਹੋਏ ਇਕ ਗੰਢੇ ’ਤੇ ਮੁੱਕਾ ਮਾਰਦੇ ਹੋਏ ਸ਼ੁੱਭ ਬਚਨ ਕੀਤਾ ਕਿ ਆਪ ਜੀ ਦੇ ਗ੍ਰਹਿ ਬਹੁਤ ਬਲਵਾਨ ਤੇ ਯੋਧਾ ਪੁੱਤਰ ਪ੍ਰਗਟ ਹੋਵੇਗਾ :
ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਜਾਂਕੋ ਬਲ ਗੁਨ ਕਿਨੁੰ ਨ ਸੋਧਾ।
ਰੂਪੇ ਛੱਕੇ ਸੁ ਜੈਸ ਮਰੋਰੇ।ਤੁਰਕ ਸੀਸ ਤੈਸੇ ਬਹੁ ਤੋਰੇ।
(ਗੁਰ ਬਿਲਾਸ ਪਾ: ਛੇਵੀਂ)
ਪੰਚਮ ਪਾਤਸ਼ਾਹ ਜੀ ਦੀ ਆਪਣੀ ਵਰਤਾਈ ਲੀਲ੍ਹਾ ਅਨੁਸਾਰ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਮਿਲੇ ਵਰ ਸਦਕਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ (ਨੱਤਾਂ ਦੀ ਵਡਾਲੀ) ਵਿਖੇ ਹੋਇਆ ਸੀ ਜਿਸ ਪਿੰਡ ਦਾ ਨਵਾਂ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ ਮੋਹੜਾ ਗੱਡ ਕੇ ‘ਗੁਰੂ ਕੀ ਵਡਾਲੀ’ ਰੱਖਿਆ ਸੀ।
ਪੰਚਮ ਪਾਤਸ਼ਾਹ ਜੀ ਨੇ ਵਰ ਦਿੱਤਾ...
ਤਿੰਨ ਸਾਲ ਦੀ ਅਵਸਥਾ ਤੱਕ ਬਾਲਕ ਹਰਿਗੋਬਿੰਦ ਜੀ ਨੇ ਗੁਰੂ ਕੀ ਵਡਾਲੀ ਵਿਖੇ ਕਈ ਕੌਤਕ ਕੀਤੇ । ਪੰਚਮ ਪਾਤਸ਼ਾਹ ਜੀ ਨੇ ਬਾਬਾ ਸਿੱਧ ਜੀ ਨੂੰ ਵਰ ਦਿੱਤਾ ਕਿ ਆਪ ਕੋਲੋਂ ਚੰਬਲ ਰੋਗ ਦੇ ਪ੍ਰਾਣੀਆਂ ਦਾ ਰੋਗ ਠੀਕ ਹੋਇਆ ਕਰੇਗਾ ਜੋ ਅੱਜ ਵੀ ਚੰਬਲਾਂ ਦੀ ਪੱਤੀ ’ਚ ਬਾਬਾ ਸਿੱਧ ਜੀ ਦੀ ਵੰਸ਼ਜ਼ ਗਿਲ ਪਰਿਵਾਰਾਂ ਕੋਲੋਂ ਰੱਖ ਲਗਾ ਕੇ ‘ਧੰਨ ਧੰਨ ਬਾਬਾ ਸਿੱਧ, ਤੇਰੀ ਰੱਖ’ ਆਖਣ ’ਤੇ ਚੰਬਲ ਦੇ ਰੋਗੀ ਠੀਕ ਹੋ ਰਹੇ ਹਨ। ਤਿੰਨ ਸਾਲ ਬਾਅਦ ਪੰਚਮ ਪਾਤਸ਼ਾਹ ਜੀ ਬਾਬਾ ਸਹਾਰੀ ਰੰਧਾਵਾ ਨੂੰ ‘ਗੁਰੂ ਕਾ ਹਾਲੀ’ ਦਾ ਵਰ ਦੇ ਕੇ ਤੇ ਪੰਜਾਂ ਖ਼ੂਹਾਂ ਦੀ ਜ਼ਮੀਨ ਦਾ ਮਾਲਕ ਬਣਾ ਕੇ ਸ੍ਰੀ ਅੰਮਿ੍ਰਤਸਰ ਗੁਰੂ ਕੇ ਮਹਿਲ ਚਲੇ ਗਏ ਸਨ।
- ਪ੍ਰੋ: ਨਿਰਮਲ ਸਿੰਘ ਰੰਧਾਵਾ