ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ (Guru Gobind Singh Ji) ਦੀ ਸ਼ਖ਼ਸੀਅਤ ਨੂੰ ਸ਼ਬਦਾਂ ਜਰੀਏ ਚਿੱਤਵਿਆ ਨਹੀਂ ਜਾ ਸਕਦਾ। ਉਨ੍ਹਾਂ ਦੇ ਸਮੁੱਚੇ ਜੀਵਨ ’ਤੇ ਝਾਤ ਮਾਰਨ ’ਤੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਅਲੱਗ-ਅਲੱਗ ਤਰ੍ਹਾਂ ਨਾਲ ਪ੍ਰਗਟ ਹੁੰਦੀ ਹੈ। ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਜਿਉਂਦਾ ਰੱਖਣ ਦਾ ਜੋ ਯੋਗਦਾਨ ਗੁਰੂ ਸਾਹਿਬ ਦਾ ਸੀ ਉਹ ਸ਼ਾਇਦ ਹੀ ਕਿਸੇ ਦੇ ਹਿੱਸੇ ਆਇਆ ਹੋਵੇ।

ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ (Guru Gobind Singh Ji) ਦੀ ਸ਼ਖ਼ਸੀਅਤ ਨੂੰ ਸ਼ਬਦਾਂ ਜਰੀਏ ਚਿੱਤਵਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਸਬੰਧੀ ਅੱਲਾ ਯਾਰ ਖਾਂ ਜੋਗੀ ਵਰਗੇ ਆਲਮ ਫਾਜ਼ਲ ਸ਼ਾਇਰ ਨੇ ਲਿਖਿਐ,
‘ਕਰਤਾਰ ਕੀ ਸੌਗੰਧ ਹੈ
ਨਾਨਕ ਕੀ ਕਸਮ ਹੈ,
ਜਿਤਨੀ ਵੀ ਹੋ ਗੋਬਿੰਦ ਕੀ
ਤਾਰੀਫ਼ ਵੁਹ ਕਮ ਹੈ,
ਹਰਚੰਦ ਮੇਰੇ ਹਾਥ ਮੇ
ਪੁਰਜੋਰ ਕਲਮ ਹੈ,
ਸਤਿਗੁਰ ਕੇ ਲਿਖੂੰ ਵਸਫ਼
ਕਹਾਂ ਤਾਬੇ ਰਕਮ ਹੈ,
ਗੁਰੂ ਜੀ ਦਾ ਜਨਮ ਬਿਹਾਰ ਦੇ ਸ਼ਹਿਰ ਪਟਨੇ ਦੀ ਧਰਤੀ ’ਤੇ ਹੋਇਆ। ਇਹ ਵੀ ਇਕ ਕੌਤਕ ਹੀ ਸੀ ਕਿ ਦਸ ਗੁਰੂ ਸਾਹਿਬਾਨ ਵਿੱਚੋਂ ਇਕੱਲੇ ਦਸਮ ਪਿਤਾ ਹੀ ਪੰਜਾਬ ਦੀ ਧਰਤੀ ਤੋਂ ਬਾਹਰ ਦੇ ਜੰਮਪਲ਼ ਸਨ। ਇਹ ਸਾਹਿਤ, ਭਾਸ਼ਾ ਤੇ ਭੁਗੋਲਿਕਤਾ ਤੋਂ ਬਾਹਰ ਦੀ ਗੱਲ ਹੈ ਕਿ ਭਾਰਤ ਦੀ ਧਰਤੀ ਨੇ ਕੋਈ ਚੰਗੇ ਕਰਮ ਜਾਂ ਵੱਡੀ ਤਪੱਸਿਆ ਕੀਤੀ ਹੋਵੇਗੀ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਸ਼ਖ਼ਸੀਅਤ ਨੇ ਜਨਮ ਲਿਆ।
ਤਿਆਗੀ ਹੋਣ ਦਾ ਸੁਨੇਹਾ
ਗੁਰੂ ਸਾਹਿਬ ਨਾਲ ਸਬੰਧਿਤ ਬਚਪਨ ਦੀਆਂ ਸਾਖੀਆਂ ਵੀ ਇਹ ਸਿੱਧ ਕਰਦੀਆਂ ਹਨ ਕਿ ਉਨ੍ਹਾਂ ਨੇ ਉਸ ਵੇਲੇ ਕਿੱਡਾ ਵੱਡਾ ਸੰਕੇਤ ਦੇ ਦਿੱਤਾ। ਜਦ ਗੁਰੂ ਜੀ ਦਾ ਇੱਕ ਕੰਗਣ ਗੰਗਾ ਨਦੀ ਵਿੱਚ ਡਿੱਗ ਗਿਆ ਤਾਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੰਗਣ ਕਿੱਥੇ ਹੈ ਤਾਂ ਬਾਲ ਗੋਬਿੰਦ ਨੇ ਝੱਟ ਆਖ ਦਿੱਤਾ ਚਲੋ ਮੇਰੇ ਨਾਲ, ਦੱਸਦਾ ਹਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਗੰਗਾ ਦੇ ਕਿਨਾਰੇ ’ਤੇ ਲਿਆ ਖੜ੍ਹਾ ਕਰ ਦਿੱਤਾ ਅਤੇ ਆਪਣਾ ਦੂਜਾ ਕੰਗਣ ਹੱਥ ਵਿੱਚੋਂ ਕੱਢ ਗੰਗਾ ਵਿੱਚ ਸੁੱਟ ਦਿੱਤਾ ਤੇ ਆਿਖਆ ਇੱਥੇ ਹੈ। ਸਾਰੇ ਹੈਰਾਨ ਹੋਏ ਿਕ ਇਕ ਕੰਗਣ ਤਾਂ ਗੁੰਮ ਹੋਇਆ ਹੀ ਸੀ ਗੁਰੂ ਜੀ ਨੇ ਦੂਜਾ ਵੀ ਗੰਗਾ ’ਚ ਸੁੱਟ ਦਿੱਤਾ। ਕਿਸੇ ਨੂੰ ਕੁਝ ਸਮਝ ਨਾ ਆਇਆ ਪਰ ਗੁਰੂ ਸਾਹਿਬ ਨੇ ਬਾਲ ਅਵਸਥਾ ਵਿੱਚ ਹੀ ਦੁਨੀਆ ਨੂੰ ਦੱਸ ਦਿੱਤਾ ਸੀ ਕਿ ਸੰਸਾਰ ਰੂਪੀ ਪਦਾਰਥਾਂ ਦੀ ਮੇਰੇ ਕੋਲ ਕੋਈ ਕੀਮਤ ਨਹੀਂ ਇਹ ਸੋਨਾ ਰੂਪੀ ਕੰਗਣ ਦੀ ਕੀਮਤ ਤੁਹਾਡੇ ਕੋਲ ਹੋਵੇਗੀ। ਉਨ੍ਹਾਂ ਨੇ ਵੱਡੇ ਤਿਆਗੀ ਹੋਣ ਦਾ ਸੁਨੇਹਾ ਉਸ ਵੇਲੇ ਹੀ ਸਾਨੂੰ ਦੇ ਦਿੱਤਾ ਸੀ। ਗੁਰੂ ਸਾਹਿਬ ਦਾ ਦੂਜਾ ਇਮਤਿਹਾਨ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਸਮੇਂ ਦੁਵਿਧਾ ਵਿੱਚੋਂ ਕੱਢ ਇੱਕਦਮ ਉਨ੍ਹਾਂ ਦੀ ਰੱਖਿਆ ਖ਼ਾਤਰ ਕੁਰਬਾਨੀ ਕਰਨ ਲਈ ਆਪਣੇ ਪਿਤਾ ਜੀ ਨੂੰ ਆਖਣਾ ਸੀ ਕਿ ਤੁਹਾਡੇ ਤੋਂ ਬਲੀ ਹੋਰ ਕੌਣ ਹੋ ਸਕਦਾ ਹੈ। ਗੁਰੂ ਜੀ ਦਾ ਇਹ ਸੰਦੇਸ਼ ਲੋਕਾਈ ਦੀ ਰੱਖਿਆ ਲਈ ਕੀਤੀ ਜਾ ਰਹੀ ਵੱਡੀ ਤੋਂ ਵੱਡੀ ਕੁਰਬਾਨੀ ਮੌਕੇ ਦਿੱਤਾ ਜਾ ਸਕਦਾ ਹੈ।
ਖ਼ਾਲਸਾ ਪੰਥ ਦੀ ਸਾਜਨਾ
ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕੁਦਰਤ ਨਾਲ ਜੋੜ ਕੇ ਰੱਖਿਆ। ਉਨ੍ਹਾਂ ਨੇ ਮਨੁੱਖ ਜਾਤੀ ਨੂੰ ਖ਼ਾਲਸ ਰੂਪ ਬਖ਼ਸ਼ ਕੇ ਸਭ ਤੋਂ ਪਹਿਲਾਂ ਕੁਦਰਤੀ ਨਿਯਮਾਂ ਦੀ ਪਾਲਣਾ ਕੀਤੀ। ਖ਼ਾਲਸਾ ਪੰਥ ਦੀ ਇਹ ਇੱਕ ਵਿਲੱਖਣਤਾ ਹੈ ਜੋ ਸਾਰੇ ਧਰਮਾਂ ਨਾਲੋਂ ਇਸ ਨੂੰ ਵੱਖਰਾ ਕਰਦੀ ਹੈ। ਉਸ ਸਮੇਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਜਾਤ-ਪਾਤ ਵਿੱਚ ਵੰਡੇ ਹੋਣਾ ਸੀ। ਉਨ੍ਹਾਂ ਨੇ ਜਦੋਂ ਪੰਿਡਤਾਂ ਨਾਲ ਬੈਠ ਹਵਨ ਕੀਤਾ ਅਤੇ ਆਖਿਆ ਕਿ ਦੈਵੀ ਸ਼ਕਤੀਆਂ ਦੇ ਨਾਲ ਅਸੀਂ ਅਤੇ ਸਾਡੇ ਧਰਮ ਜਿਉਂਦੇ ਨਹੀਂ ਰਹਿ ਸਕਦੇ। ਇੱਥੇ ਸਾਨੂੰ ਤਲਵਾਰ ਰੂਪੀ ਦੈਵੀ ਦੀ ਪੂਜਾ ਜ਼ਰੂਰੀ ਹੈ। ਖ਼ਾਲਸਾ ਪੰਥ ਦੀ ਸਥਾਪਨਾ ਨੇ ਇੱਕੋ ਝਟਕੇ ਨਾਲ ਸੁੱਤੇ ਹਿੰਦੁਸਤਾਨ ਨੂੰ ਇੱਕਮੁੱਠ ਕਰ ਦਿੱਤਾ। ਜਾਤ ਪਾਤ ਦਾ ਖ਼ਾਤਮਾ, ਪੰਚ ਸਿਧਾਂਤ ਦੀ ਪਾਲਣਾ ਨਾਲ ਕੀਤਾ। ਦੁਨੀਆ ਦੀ ਇਸ ਤੋਂ ਵੱਡੀ ਉਦਾਹਰਨ ਹੋਰ ਕੀ ਹੋ ਸਕਦੀ ਹੈ ਕਿ ਗੁਰੂ ਸਾਹਿਬ ਲੋਕਰਾਜੀ ਸਿਧਾਂਤ ਦੇ ਕਿੰਨੇ ਹਾਮੀ ਸਨ। ਪੰਜ ਪਿਆਰਿਆਂ ਦੀ ਚੋਣ ਤੇ ਪੰਜ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਦਿੱਤਾ। ਜਿਸ ਦਾ ਅਰਥ ਪੂਰੇ ਅੰਬਰ ਦੀ ਤਾਕਤ, ਪੂਰੇ ਬ੍ਰਹਿਮੰਡ ਦੀ ਸ਼ਕਤੀ ਪੰਜਾਂ ਪਿਆਰਿਆਂ ਨੂੰ ਛਕਾ ਦਿੱਤੀ ਸੀ। ਉਸ ਨਾਲੋਂ ਵੀ ਵੱਡੀ ਗੱਲ ਪੰਚਮ ਸਿਧਾਂਤ ਅਨੁਸਾਰ ਉਨ੍ਹਾਂ ਤੋਂ ਖ਼ੁਦ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
‘ਵਾਹ ਪ੍ਰਗਟਿਓ ਮਰਦ ਅਗੰਮੜਾ
ਵਰਿਆਮ ਅਕੇਲਾ
ਵਾਹੁ-ਵਾਹੁ ਗੋਬਿੰਦ ਸਿੰਘ
ਆਪੇ ਗੁਰ ਚੇਲਾ
ਉਹ ਕਿਹੜੀ ਕੁਰਬਾਨੀ ਹੈ ਜਿਹੜੀ ਖ਼ਾਲਸੇ ਨੇ ਨਹੀਂ ਕੀਤੀ। ਹਜ਼ਾਰਾਂ ਨਹੀਂ, ਲੱਖਾਂ ਕੁਰਬਾਨੀਆਂ ਦੇਣ ਵਾਲਾ ਖ਼ਾਲਸਾ ਅੱਜ ਤੱਕ ਕਿਸੇ ਜ਼ੁਲਮ ਅੱਗੇ ਈਨ ਮੰਨਦਾ ਨਹੀਂ ਵੇਖਿਆ। ਕਦੇ ਖ਼ਾਲਸੇ ਨੇ ਡਰ ਨਾਲ ਆਪਣਾ ਧਰਮ ਤਬਦੀਲ ਨਹੀਂ ਕੀਤਾ ਇਸ ਨਾਲੋ ਖਾਲਸੇ ਦੀ ਵੱਡੀ ਜਿੱਤ ਹੋਰ ਕੀ ਹੋ ਸਕਦੀ ਹੈ ਕਿ ਖੰਡੇ ਬਾਟੇ ਦੀ ਪਾਹੁਲ ਨੇ 65 ਕੁ ਸਾਲਾਂ ਵਿੱਚ ਖ਼ਾਲਸੇ ਦਾ ਝੰਡਾ ਲਾਹੌਰ ’ਤੇ ਝੁਲਾ ਦਿੱਤਾ ਸੀ। ਗੁਰੂ ਸਾਹਿਬ ਦੇ ਅੰਮ੍ਰਿਤ ਵਿੱਚ ਅੰਤਾਂ ਦੀ ਸ਼ਕਤੀ ਸੀ ਜਿਸ ਨੂੰ ਛਕ ਕੇ ਮੌਤ ਨੂੰ ਮਖੌਲ ਕਰਨ ਵਾਲੀ ਬਖ਼ਸ਼ੀ ਧਾਰਨਾ ਨੂੰ ਪੱਕੇ ਕਰ ਦਿੱਤਾ ਸੀ। ਗੁਰੂ
ਸਾਹਿਬ ਵੱਲੋਂ ਖ਼ਾਲਸੇ ਨੂੰ ਬਖ਼ਸ਼ੀ ਪੋਸ਼ਾਕ ਵੀ ਕਮਾਲ ਦੀ ਹੈ। ਉਨ੍ਹਾਂ ਅੱਗੇ ਆਖਿਆ,
‘ਰਾਜ ਕਰੇਗਾ ਖਾਲਸਾ
ਆਕੀ ਰਹੇ ਨਾ ਕੋਇ,
ਗੁਰੂ ਸਾਹਿਬ ਦੀ ਇਹ ਧਾਰਨਾ ਵੀ ਇੱਕ ਦਿਨ ਜ਼ਰੂਰ ਪੂਰੀ ਹੋਵੇਗੀ, ਕਿਉਂਕਿ ਅੱਜ ਮਨੁੱਖ ਦਿਖਾਵੇ ਦੀ ਜ਼ਿੰਦਗੀ ਜਿਉ ਰਿਹਾ ਹੈ। ਮਨੁੱਖ ਜਾਤੀ ਅੰਦਰ ਹਜ਼ਾਰਾਂ ਹੀ ਕਮਜ਼ੋਰੀਆਂ ਆ ਗਈਆਂ ਹਨ। ਜਦੋਂ ਮਨੁੱਖ ਨੂੰ ਇਹ ਸਮਝ ਆ ਜਾਵੇਗੀ ਕਿ ਭੈੜੇ ਤੇ ਬਨਾਵਟੀ ਗੁਣਾਂ ਨਾਲੋਂ ਅਸਲੀ ਤੇ ਕੁਦਰਤੀ ਨਿਯਮਾਂ ਵਿੱਚ ਰਹਿਣ ਵਾਲੀ ਜ਼ਿੰਦਗੀ ਹਜ਼ਾਰਾਂ ਗੁਣਾਂ ਚੰਗੀ ਹੈ। ਜਦੋਂ ਅਜਿਹੀ ਸੋਚ ਦੇ ਲੋਕ ਰਾਜ ਕਰਨ ਲੱਗ ਜਾਣਗੇ ਤਾਂ ਉਸ ਸਮੇਂ ਗੁਰੂ ਸਾਹਿਬ ਦੀ ਭਵਿੱਖਬਾਣੀ ਸੱਚ ਸਾਬਤ ਹੋਵੇਗੀ।
ਕ੍ਰਿਸ਼ਮੇ ਤੋਂ ਘੱਟ ਨਹੀਂ ਹਰ ਕਾਰਨਾਮਾ
ਗੁਰੂ ਸਾਹਿਬ ਦੇ ਪਰਿਵਾਰ ਵਿੱਚ ਪਿਆ ਵਿਛੋੜਾ ਵੀ ਕੋਈ ਛੁਪੀ ਹੋਈ ਅਲੌਕਿਕ ਸ਼ਕਤੀ ਹੀ ਸੀ ਕਿ ਉਨ੍ਹਾਂ ਨੇ ਆਪਣੇ ਮਹਿਲਾਂ ਨੂੰ ਪਹਿਲਾਂ ਹੀ ਭਾਈ ਮਨੀ ਸਿੰਘ ਨੂੰ ਤੋਰ ਦਿੱਤਾ ਤੇ ਛੋਟੇ ਸਾਹਿਬਜ਼ਾਦੇ ਇੱਕ ਮਾਂ ਨਾਲੋਂ ਅਲੱਗ ਕਿਵੇਂ ਕਰ ਦਿੱਤੇ। ਇਸ ਸਬੰਧੀ ਗੁਰੂ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ ਕਿ ਪੁੱਤਰ ਦੀ ਕੁਰਬਾਨੀ ਵੇਲੇ ਮਾਂ ਡੋਲ੍ਹ ਨਾ ਜਾਵੇ ਇਸੇ ਲਈ ਉਨ੍ਹਾਂ ਮਾਤਾ ਗੁਜਰੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਕਿਉਂਕਿ ਮਾਤਾ ਜੀ ਆਪਣੇ ਪਤੀ ਦਾ ਵਿਛੋੜਾ ਝੱਲ ਚੁੱਕੇ ਸੀ ਉਹ ਉਦੋਂ ਵੀ ਨਹੀਂ ਸਨ ਡੋਲੇ ਇਸੇ ਲਈ ਮਾਤਾ ਨਾਲ ਦੋਵੇਂ ਛੋਟੇ ਸਾਹਿਬਜ਼ਾਦੇ ਤੋਰ ਦਿੱਤੇ ਗਏ। ਮਾਤਾ ਦੀ ਪ੍ਰੇਰਨਾ ਸਦਕਾ ਹੀ ਦੁਨੀਆ ਵਿੱਚ ਅਜਿਹੀ ਕੋਈ ਉਦਾਹਰਣ ਨਹੀਂ ਸੀ ਕਿ ਇੰਨੀ ਛੋਟੀ ਉਮਰ ਵਿੱਚ ਕਿਸੇ ਮਾਸੂਮ ਬੱਚੇ ਨੇ ਮੌਤ ਦੀ ਸਜ਼ਾ ਕਬੂਲ ਕੀਤੀ ਹੋਵੇ।
ਦੂਜੀ ਵੱਡੀ ਗੱਲ ਸੱਤ ਸਾਲ ਤੇ ਨੌ ਸਾਲ ਦੇ ਬੱਚਿਆਂ ਨੇ ਵੀ ਦੂਜੇ ਧਰਮ ਨੂੰ ਅਪਣਾਉਣ ਤੋਂ ਕੋਰੀ ਨਾਂਹ ਕੀਤੀ ਹੋਵੇ। ਇਸ ਤੋਂ ਵੱਡਾ ਗੁਰੂ ਦਾ ਪ੍ਰਤਾਪ ਹੋਰ ਕੀ ਹੋ ਸਕਦਾ ਹੈ। ਚਮਕੌਰ ਦੀ ਜੰਗ ਵਿੱਚ ਅਜੀਤ ਸਿੰਘ 17 ਸਾਲ ਦਾ ਪੁੱਤ ਅੱਖਾਂ ਦੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਫ਼ੌਜ ਨਾਲ ਲੜ ਰਿਹਾ ਹੋਵੇ ਅਤੇ ਜਿਸ ਦਾ ਪਤਾ ਹੀ ਹੈ ਕਿ ਕੁਰਬਾਨੀ ਹੀ ਹੋਵੇਗੀ। ਇਸੇ ਤਰ੍ਹਾਂ ਦੂਜਾ ਸਾਹਿਬਜ਼ਾਦਾ ਜੁਝਾਰ ਸਿੰਘ 14 ਸਾਲ ਦੀ ਉਮਰ ਵਿੱਚ ਜੰਗ ਲੜਦਾ-ਲੜਦਾ ਸ਼ਹੀਦ ਹੋ ਗਿਆ।
ਦੁਨੀਆ ਵਿੱਚ ਕੋਈ ਪਿਤਾ ਹੋਵੇਗਾ ਜੋ ਕਿ ਇੱਕ ਘੰਟੇ ਵਿੱਚ ਅੱਖਾਂ ਸਾਹਵੇਂ ਆਪਣੇ ਦੋ ਪੁੱਤਰਾਂ ਦੀ ਕੁਰਬਾਨੀ ਦੇ ਰਿਹਾ ਹੋਵੇ। ਅਜਿਹੀ ਉਦਾਹਰਣ ਦੁਨੀਆ ਵਿੱਚ ਕਿਤੇ ਨਹੀਂ ਮਿਲੇਗੀ। ਆਪਣੇ ਸੀਨੇ ’ਤੇ ਹੱਥ ਰੱਖ ਕੇ ਵੇਖੋ ਕਿ ਉਸ ਪਿਤਾ ਦਾ ਜਿਗਰਾ ਕਿਹੋ ਜਿਹਾ ਹੋਵੇਗਾ ਜਿਸ ਨੇ ਕੌਮ ਵਿੱਚ ਅਜਿਹੀ ਉਦਾਹਰਨ ਪੈਦਾ ਕੀਤੀ ਹੈ।
‘ਕਟਵਾ ਦੀਏ ਸ਼ਿਸ਼ ਸਾਮਨੇ
ਗੀਤਾ ਕੋ ਸੁਣਾ ਕੇ
ਰੂਹ ਫੂਕ ਦੀ ਗੋਬਿੰਦ ਨੇ
ਔਲਾਦ ਕੋ ਕਟਾਕੇ,
(ਅੱਲਾ ਯਾਰ ਖਾਂ ਜੋਗੀ )
ਗੁਰੂ ਸਾਹਿਬ ਪਰਿਵਾਰ ਵਾਰ
ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਰੱਬ ਨੂੰ ਉਲਾਂਭਾ ਵੀ ਨਹੀਂ ਦਿੰਦੇ ਸਗੋਂ ਆਪਣਾ ਹਾਲ ਬਿਆਨ ਕਰ ਰਹੇ ਹਨ।
‘ਮਿੱਤਰ ਪਿਆਰੇ ਨੂੰ
ਹਾਲ ਮੁਰੀਦਾਂ ਦਾ ਕਹਿਣਾ,
ਤੁਧ ਬਿਨ ਰੋਗ ਰਜਾਈਆਂ
ਦਾ ਓਡਣ,
ਨਾਗ ਨਿਵਾਸਾਂ ਦੇ ਰਹਿਣਾ,
ਯਾਰੜੇ ਦਾ ਸਾਨੂੰ ਸੱਥਰ ਚੰਗਾ,
ਭੱਠ ਖੇੜਿਆਂ ਦਾ ਰਹਿਣਾ,
ਉੱਥੇ ਵੀ ਟਿੰਡ ਦਾ ਸਰਾਣਾ ਲਾ ਕੇ ਸੌਣ ਦਾ ਜਿਗਰਾ ਗੁਰੂ ਸਾਹਿਬ ਤੋਂ ਬਿਨਾਂ ਹੋਰ ਕੌਣ ਕਰ ਸਕਦਾ ਸੀ। ਆਪਣੇ ਰਾਜ ਭਾਗ ਅਨੰਦਪੁਰ ਸਾਹਿਬ ਨੂੰ ਛੱਡ ਕੇ ਜੰਗਲਾਂ ਵਿੱਚ ਗੁਜ਼ਾਰਨਾ, ਇਹ ਕੋਈ ਸਧਾਰਨ ਘਟਨਾ ਨਹੀਂ ਸੀ। ਚਾਰ ਪੁੱਤਰ ਤੇ ਮਾਂ ਗੁਰੂ ਤੇਗ ਬਹਾਦਰ ਨੂੰ ਮਿਲਾ ਦਿੱਤੇ। ਚਾਰੇ ਪੁੱਤਰਾਂ ਨੂੰ ਕੌਮ ਉਪਰੋਂ ਵਾਰਨ ਤੋਂ ਬਾਅਦ ਕੋਈ ਵੱਡੇ ਤੋਂ ਵੱਡੇ ਦਿਲ ਵਾਲਾ ਪਿਤਾ ਹੀ ਇਹ ਸਭ ਆਖ ਸਕਦਾ ਹੈ।
‘ਇਨ ਪੁੱਤਰਨ ਕੇ ਸੀਸ ਪਰ
ਵਾਰ ਦੀਏ ਸੁਤ ਚਾਰ,
ਚਾਰ ਮੋਏ ਤੋਂ ਕਿਆ ਹੂਆ
ਜੀਵਤ ਕਈ ਹਜ਼ਾਰ,
ਅਜਿਹਾ ਕੌਣ ਪਿਤਾ ਹੋਵੇਗਾ ਜੋ ਸਧਾਰਨ ਜਨਤਾ ਨੂੰ ਆਪਣੇ ਪੁੱਤਰ ਸਮਝੇਗਾ। ਉਨ੍ਹਾਂ ਆਪਣੇ ਆਪ ਨੂੰ ਸਦਾ ਹੀ ਖ਼ਾਲਸੇ ਦੇ ਸਰੂਪ ਵਿੱਚ ਪ੍ਰਗਟ ਹੋਣ ਦਾ ਸੰਦੇਸ਼ ਦਿੱਤਾ।
ਗੁਰੂ ਸਾਹਿਬ ਨੇ ਆਪਣੀ ਹੋਂਦ ਨੂੰ ਵੀ ਖ਼ਾਲਸੇ ਵਿੱਚ ਹੀ ਜਨਤਾ ਸਾਹਮਣੇ ਪ੍ਰਗਟ ਕੀਤਾ। ਉਨ੍ਹਾਂ ਨੇ ਸਿੱਖ ਕੌਮ ਨੂੰ ਬਚਨ ਦਿੱਤਾ ਸੀ ਕਿ
ਖਾਲਸਾ ਮੇਰੋ ਰੂਪ ਹੈ ਖਾਸ,
ਖਾਲਸੇ ਮਹਿ ਹੌ ਕਰੌ ਨਿਵਾਸ।
ਧੰਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਹਰ ਇਕ ਕੰਮ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਕੀਤਾ ਅਤੇ ਖ਼ਾਲਸੇ ਤੋਂ ਸਦਾ ਹੀ ਆਪਾ ਵਾਰਨ ਦੀ ਕਾਮਨਾ ਕੀਤੀ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਨ ਉਦੋਂ ਪ੍ਰਗਟ ਹੋਈ ਜਦੋਂ 40 ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਦਾਵਾ ਦੇ ਦਿੱਤਾ ਸੀ ਪਰ ਗੁਰੂ ਜੀ ਨੂੰ ਆਸ ਸੀ ਕਿ ਮੇਰੇ ਸਿੰਘ ਇੱਕ ਦਿਨ ਜ਼ਰੂਰ ਵਾਪਸ ਪਰਤਣਗੇ। ਇਸ ਲਈ ਭਾਈ ਮਹਾ ਸਿੰਘ ਦੀ ਬੇਨਤੀ ਤੇ ਬੇਦਾਵਾ ਪਾੜ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਆਪਣੀ ਹਿੱਕ ਨਾਲ ਲਗਾ ਲਿਆ। ਗੁਰੂ ਸਾਹਿਬ ਨੇ ਆਪਣੇ ਪਰਿਵਾਰ ਤੋਂ ਵਿਛੜ ਕੇ ਸਭ ਕੁਝ ਕੌਮ ਉਪਰੋਂ ਵਾਰ ਕੇ ਆਪਣੇ ਕੋਲ ਕੁਝ ਨਾ ਰੱਖਿਆ ਪਰ ਉਨ੍ਹਾਂ ਨੇ ਆਪਣੇ ਸਿੰਘਾਂ ਦੇ ਉਸ ਬੇਦਾਵੇ ਨੂੰ ਆਪਣੀ ਕੋਲ਼ ਸੰਭਾਲ ਕੇ ਰੱਖਿਆ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਵਾਪਸ ਜ਼ਰੂਰ ਆਉਣਗੇ ਜਦੋਂ ਬੇਦਾਵਾ ਪਾੜ ਦਿੱਤਾ ਤਾਂ ਗੁਰੂ ਸਾਹਿਬ ਨੂੰ ਕਿੰਨੀ ਤਸੱਲੀ ਹੋਈ ਹੋਵੇਗੀ।
ਗੁਰੂ ਸਾਹਿਬ ਦੀ ਨਿਡਰਤਾ ਤਾਂ ਹਰ ਸਮੇਂ ਹੀ ਪ੍ਰਗਟ ਹੁੰਦੀ ਸੀ ਪਰ ਜਿਸ ਦਲੇਰੀ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਸਿੱਧਾ ਪੱਤਰ ਲਿਖ ਕੇ ਜਿਸ ਭਾਸ਼ਾ ਦਾ ਇਸਤੇਮਾਲ ਉਨ੍ਹਾਂ ਨੇ ਜ਼ਫ਼ਰਨਾਮਾ ਵਿੱਚ ਕੀਤਾ ਹੈ ਉਨ੍ਹਾਂ ਸਮਿਆਂ ਵਿੱਚ ਕੋਈ ਨਹੀਂ ਲਿਖ ਸਕਿਆ। ਔਰੰਗਜ਼ੇਬ ਨੂੰ ਤਾਹਨੇ, ਕਾਇਰਤਾ ਅਤੇ ਉਸ ਦੇ ਬੁਜਦਿਲੀ ਵਰਗੇ ਕਾਰਨਾਮਿਆਂ ਬਾਰੇ ਬਾਖ਼ੂਬੀ ਲਿਖਿਆ ਅਤੇ ਕਿਵੇਂ ਆਪਣੇ ਹੱਕਾਂ ਲਈ ਸ਼ਮਸ਼ੀਰ ਚੁੱਕਣ ਨੂੰ ਜਾਇਜ਼ ਕਿਹਾ। ਇਹ ਬਾਕਮਾਲ ਹੈ। ਉਨ੍ਹਾਂ ਨੇ ਕਦੇ ਵੀ ਨਿਰਾਸ਼ਤਾ, ਬੇਬਸੀ ਵਰਗੇ ਸ਼ਬਦ ਆਪਣੀ ਜ਼ੁਬਾਨ ਵਿੱਚੋਂ ਪ੍ਰਗਟ ਨਹੀਂ ਕੀਤੇ। ਇਹ ਆਖਣਾ ਹੀ ਉਨ੍ਹਾਂ ਸਮਿਆਂ ਵਿੱਚ ਬਹੁਤ ਵੱਡੀ ਗੱਲ ਸੀ। ਉਨ੍ਹਾਂ ਦੀ ਕਲਮ ਦਾ ਕਮਾਲ ਕਿੰਨੀਆਂ ਹੀ ਲਿਖਤਾਂ ਜਿਹੜੀਆਂ ਸਾਡੀ ਕੌਮ ਕੋਲ ਅੱਜ ਵੀ ਸਾਂਭੀਆਂ ਪਈਆਂ ਹਨ। ਜ਼ਫਰਨਾਮਾ, ਬਚਿੱਤਰ ਨਾਟਕ, ਜਾਪ ਸਾਹਿਬ, ਦਸਮ ਗ੍ਰੰਥ, ਚੰਡੀ ਦੀ ਵਾਰ ਅਤੇ ਸਾਡੀ ਬੋਲੀ ਸਣੇ ਸਾਨੂੰ ਬਹੁਤ ਕੁਝ ਦਿੱਤਾ। ਗੁਰੂ ਸਾਹਿਬ ਨੇ ਤਲਵੰਡੀ ਸਾਬੋ ਬੈਠ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦੇਣ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਨ ਲਈ ਬਾਬਾ ਦੀਪ ਸਿੰਘ ਜੀ ਦੇ ਹੱਥੋਂ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਤਿਆਰ ਕਰਵਾਉਣ ਦਾ ਵੱਡਾ ਕਾਰਜ ਕੀਤਾ।
ਗੁਰੂ ਸਾਹਿਬ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਮੈਂ ਇਸ ਜੱਗ ਵਿੱਚ ਜੱਗ ਵੇਖਣ ਆਇਆ ਹਾਂ ਮੈਂ ਉਸ ਵਾਹਿਗੁਰੂ ਪ੍ਰਮੇਸ਼ਰ ਦਾ
ਸੇਵਕ ਹਾਂ ਮੈਨੂੰ ਰੱਬ ਆਖਣ ਵਾਲਿਆਂ ਨੂੰ ਜ਼ਿੰਦਗੀ ਵਿੱਚ ਕੋਈ ਲਾਭ ਨਹੀਂ ਮਿਲਣਾ। ਉਹ ਆਪਣੇ ਆਪ ਨੂੰ ਕਿਸੇ ਵੀ ਦੈਵੀ ਸਕਤੀ ਤੋਂ ਕੋਹਾਂ ਦੂਰ ਰੱਖਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਜਨਤਾ ਮੇਰੀ ਪੂਜਾ ਕਰਨ ਲੱਗ ਜਾਵੇਗੀ। ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਨੂੰ ਬਚਿੱਤਰ ਬਣਾ ਦਿੱਤਾ। ਕਿਸੇ ਦੈਵੀ ਸ਼ਕਤੀ ਨੂੰ ਨਕਾਰਦੇ ਹੋਏ ਸਿੱਧੀ ਜ਼ਿੰਦਗੀ ਦੇ ਅਰਥ ਸਾਨੂੰ ਸਮਝਾਏ। ਔਖੇ ਤੋਂ ਔਖੇ ਸਮੇਂ ਵੀ ਉਨ੍ਹਾਂ ਧੀਰਜ ਨਾ ਗਵਾਇਆ ਅਤੇ ਆਪਣੇ ਪਰਿਵਾਰ ਨਾਲੋਂ ਵੱਧ ਸੰਗਤ ਨੂੰ ਅਹਿਮੀਅਤ ਦਿੱਤੀ। ਸੰਗਤ ਦੇ ਹਿੱਤਾਂ ਲਈ ਉਨ੍ਹਾਂ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ।
ਖ਼ਾਲਸਾ ਸਾਜਨਾ ਮਨ ਅਤੇ ਤਨ ਦਾ ਸਰੂਪ ਪ੍ਰਦਾਨ ਕਰਨਾ ਹੀ ਗੁਰੂ ਨਾਨਕ ਦੇਵ ਜੀ ਤੋਂ ਖ਼ਾਲਸੇ ਦੀ ਆਰੰਭਤਾ ਕਰਨ ਸਮੇਂ ਦਸਵੇਂ ਜਾਮੇ ਵਿੱਚ ਉਸ ਬੂਟੇ ਨੂੰ ਫ਼ਲ ਪ੍ਰਦਾਨ ਕਰਨਾ ਹੀ ਸੀ। ਦਸ ਗੁਰੂ ਸਾਹਿਬਾਨ ਮਨ ਦੇ ਸ਼ੁੱਧ ਲਈ ਨੌ ਜਾਮੇ ਅੰਮ੍ਰਿਤ ਦਾ ਅੰਦਰਮੁਖੀ ਅੰਮ੍ਰਿਤ ਪਿਆਉਂਦੇ ਰਹੇ। ਮਨ ਦੀ ਸਾਧਨਾ ਬਿਨਾਂ ਅੰਮ੍ਰਿਤ ਤਿਆਰ ਹੀ ਨਹੀਂ ਹੋ ਸਕਦਾ ਸੀ। ਦਸਮ ਪਿਤਾ ਨੇ ਨੌ ਗੁਰੂ ਸਾਹਿਬਾਨ ਦੀ ਸਾਧਨਾ ਨੂੰ ਅੰਤਰ ਮੁੱਖ ਤੇ ਬਾਹਰ ਮੁੱਖ ਸਰੂਪ ਵੀ ਪ੍ਰਧਾਨ ਕਰ ਦਿੱਤਾ। ਉਨ੍ਹਾਂ ਰੱਬ ਵੱਲੋਂ ਸ਼ੁੱਧ ਜਨਮ ਅਧਿਕਾਰ ਨੂੰ ਪ੍ਰਗਟ ਕਰਕੇ ਉਸ ਨੂੰ ਰੱਬ ਦਾ ਸਰੂਪ ਹੀ ਬਖ਼ਸ਼ ਕੇ ਪੰਚਮ ਸਿਧਾਂਤ ਨੂੰ ਸਰਬ ਤਾਕਤ ਦੇ ਦਿੱਤੀ।
ਅੱਜ ਜੇ ਪੰਚ ਰਹਿਤ ਮਰਿਆਦਾ ਵਾਲੇ ਸਿੱਖ ਕਿਧਰੇ ਮਿਲ ਜਾਣ ਜਿਨ੍ਹਾਂ ਦੇ ਤਨ ਉੱਤੇ ਪੰਜ ਕਰਾਰ ਹੋਣ। ਜਿਨ੍ਹਾਂ ਦੇ ਹਿਰਦੇ ਵਿੱਚ ਪੰਜ ਬਾਣੀਆਂ ਦਾ ਪਾਠ ਹੋਵੇ। ਜਿਨ੍ਹਾਂ ਦੇ ਕੰਠ ਵਿੱਚ ਮੂਲ ਮੰਤਰ ਵਸਿਆ ਹੋਵੇ। ਜਿਨ੍ਹਾਂ ਦੀ ਰਸਨਾ ਉੱਤੇ ਗੁਰੂ ਦਾ ਮੰਤਰ ਹੋਵੇ। ਐਸੇ ਪੰਜ ਸਿੰਘਾਂ ਦੇ ਜੇ ਦਰਸ਼ਨ ਹੋ ਜਾਣ ਤਾਂ ਗੁਰੂ ਸਾਹਿਬ ਦੇ ਆਪ ਦਰਸ਼ਨ ਹੋ ਜਾਂਦੇ ਹਨ। ਅਜਿਹਾ ਹੀ ਗੁਰੂ ਸਾਹਿਬਾਨ ਨੇ ਚਿੱਤਵਿਆ ਸੀ। ਉਨ੍ਹਾਂ ਮਨੁੱਖ ਨੂੰ ਆਖਿਆ ਕਿ ਜੋ ਖਾਲਸਾ ਜੀਵਨ ਜਿਉਣ ਲਈ ਬਚਨਬਧ ਹੋਵੇਗਾ ਮੈਂ ਹਮੇਸ਼ਾ ਉਸ ਦੇ ਅੰਦਰ ਹੀ ਨਿਵਾਸ ਕਰਾਂਗਾ। ਲੋਕੀ ਰੱਬ ਨੂੰ ਲੱਭਦੇ ਹਨ ਪਰ ਮੈਂ ਤਾਂ ਸਦਾ ਤੇਰੇ ਵਿੱਚ ਹੀ ਨਿਵਾਸ ਕਰਾਂਗਾ। ਰੱਬ ਦਾ ਸਰੂਪ ਵੀ ਖ਼ਲਸਾ ਦੇ ਸਰੂਪ ਨਾਲ ਹੀ ਮਿਲਦਾ-ਜੁਲਦਾ ਹੋਵੇਗਾ। ਦਸਮ ਪਿਤਾ ਨੇ ਕੁਦਰਤ ਦੇ ਨਿਯਮਾਂ ਵਿੱਚ ਰਹਿਣ ਲਈ ਮਨੁੱਖ ਨੂੰ ਪ੍ਰੇਰਤ ਕੀਤਾ ਰੱਬ ਦਾ ਖਾਲਸ ਸਰੂਪ ਬਹੁਤ ਹੀ ਸੁੰਦਰ ਹੈ। ਗੁਰੂ ਪੰਥ ਦੇ ਦਰਸ਼ਨ ਗੁਰੂ ਦੇ ਸਰੀਰ ਦੇ ਦਰਸ਼ਨ ਹਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਗੁਰੂ ਦੀ ਆਤਮਾ ਦੇ ਦਰਸ਼ਨ ਹਨ। ਉਨ੍ਹਾਂ ਮਾਣ ਨਾਲ ਕਿਹਾ ਕਿ
‘ਖਾਲਸਾ ਮੇਰਾ ਰੂਪ ਹੈ ਖਾਸ,
ਖਾਲਸੇ ਮੇ ਹੋ ਕਰੂ ਨਿਵਾਸ,
ਇਹ ਕਿਹਾ ਖੇਲ ਸੀ ਕਿ ਸਾਰਾ ਸਰਬੰਸ ਵਾਰ ਕੇ ਸਿੰਘਾਂ ਨੂੰ ਸਦਾ ਲਈ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ। ਗੁਰੂ ਗੋਬਿੰਦ ਸਿੰਘ ਦੀ ਲੜਾਈ ਕਿਸੇ ਮਜ਼੍ਹਬ ਦੇ ਖ਼ਿਲਾਫ਼ ਨਹੀਂ ਸੀ। ਉਨ੍ਹਾਂ ਦਾ ਜੀਵਨ ਸੰਘਰਸ਼ ਅਤੇ ਜ਼ੁਲਮ ਦੇ ਖ਼ਿਲਾਫ਼ ਸੀ। ਜ਼ੁਲਮ ਕਰਨ ਵਾਲੀ ਸ਼ਕਤੀ ਉਹ ਭਾਵੇਂ ਕਿੱਡੀ ਵੀ ਵੱਡੀ ਕਿਉਂ ਨਾ ਹੋਵੇ ਗੁਰੂ ਜੀ ਉਸ ਦੇ ਖ਼ਿਲਾਫ਼ ਸਨ। ਉਨ੍ਹਾਂ ਦਾ ਇਹ ਸਿਧਾਂਤ ਹੀ ਖ਼ਾਲਸਾ ਪੰਥ ਦਾ ਸਿਧਾਂਤ ਹੈ। ਹਰ ਪੀੜਤ ਇਨਸਾਨ ਦੀ ਮਦਦ ਕਰਨ ਲਈ ਭਾਵੇਂ ਪੰਥ ਨੂੰ ਕੋਈ ਵੀ ਕੀਮਤ ਕਿਉਂ ਨਾ ਝੁਕਾਉਣੀ ਪਵੇ ਖ਼ਾਲਸੇ ਨੂੰ ਕੋਈ ਫ਼ਰਕ ਨਹੀਂ। ਇਸੇ ਲਈ ਖ਼ਾਲਸਾ ਪੰਥ ਦਾ ਮੁੱਖ ਸਿਧਾਂਤ ਅੱਜ ਵੀ ਨਿਮਰਤਾ ਤੇ ਸਰਬੱਤ ਦਾ ਭਲਾ ਹੀ ਹੈ।
ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਗੁਰੂ ਦਾ ਦਰਜਾ
ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਜਿਉਂਦਾ ਰੱਖਣ ਦਾ ਜੋ ਯੋਗਦਾਨ ਗੁਰੂ ਸਾਹਿਬ ਦਾ ਸੀ ਉਹ ਸ਼ਾਇਦ ਹੀ ਕਿਸੇ ਦੇ ਹਿੱਸੇ ਆਇਆ ਹੋਵੇ। ਬੜੀ ਹੈਰਾਨੀ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਇੱਕ ਬੈਰਾਗੀ ਸਾਧੂ ਮਾਧੋਦਾਸ ਨੂੰ ਗੁਰਬਖ਼ਸ਼ ਸਿੰਘ ਨਾਮ ਵਿੱਚ ਤਬਦੀਲ ਕਰ ਬੰਦਾ ਸਿੰਘ ਬਹਾਦਰ ਦਾ ਖਿਤਾਬ ਦੇ ਕੇ ਪੰਜਾਬ ਨੂੰ ਤੋਰ ਦਿੱਤਾ। ਕਿਵੇਂ ਬੈਰਾਗੀ ਤੋਂ ਜਰਨੈਲ ਬਣ ਕੇ ਬੰਦਾ ਬਹਾਦਰ ਨੇ ਪੰਜਾਬ ਨੂੰ ਸਰ ਕਰਦਿਆਂ ਸਰਹੰਦ ਨੂੰ ਤਬਾਹ ਕਰਨ ਤੋਂ ਬਾਅਦ ਸਿੱਖ ਰਾਜ ਦੀ ਨੀਹ ਰੱਖ ਦਿੱਤੀ, ਇਹ ਘਟਨਾ ਨਹੀਂ ਸੀ ਸਗੋਂ ਇੱਕ ਕ੍ਰਾਂਤੀ ਸੀ। ਉਨ੍ਹਾਂ ਸਿੱਖ ਪੰਥ ਨੂੰ ਕਿਵੇਂ ਇੱਕ ਦੇਹਧਾਰੀ ਗੁਰਗੱਦੀ ਨੂੰ ਤਬਦੀਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਸ਼ਬਦ ਨੂੰ ਗੁਰੂ ਦਾ ਦਰਜਾ ਦੇ ਕੇ ਇੱਕ ਸਦੀਵੀ ਗੁਰੂ ਬਖ਼ਸ਼ ਦਿੱਤਾ।
ਵਿੱਦਿਆ ਤੇ ਸਾਹਿਤ ਪ੍ਰੇਮੀ
ਉਨ੍ਹਾਂ ਦੇ ਸਮੁੱਚੇ ਜੀਵਨ ’ਤੇ ਝਾਤ ਮਾਰਨ ’ਤੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਅਲੱਗ-ਅਲੱਗ ਤਰ੍ਹਾਂ ਨਾਲ ਪ੍ਰਗਟ ਹੁੰਦੀ ਹੈ। ਇੱਕ ਕਵੀ, ਇੱਕ ਜਰਨੈਲ, ਤਿਆਗੀ, ਸੰਗਠਿਤ ਕਰਤਾ, ਦੂਰ ਅੰਦੇਸ਼ੀ, ਹਿੰਮਤੀ, ਕੁਰਬਾਨੀ ਦਾ ਪੁੰਜ ਅਤੇ ਦਲੇਰ ਸਣੇ ਗੁਰੂ ਜੀ ਅਜਿਹੇ ਕਿੰਨੇ ਹੀ ਗੁਣਾਂ ਦੇ ਧਾਰਨੀ ਸਨ ਜਿਨ੍ਹਾਂ ਦੀ ਮਿਸਾਲ ਅੱਜ ਤੱਕ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦੀ। ਗੁਰੂ ਸਾਹਿਬ ਦੇ ਵਿੱਦਿਆ ਦੇ ਪ੍ਰੇਮੀ ਹੋਣ ਦਾ ਵੱਡਾ ਸਬੂਤ ਉਨ੍ਹਾਂ ਦੇ ਆਪਣੇ ਪੂਰੇ ਜੀਵਨ ਕਾਲ ਦੌਰਾਨ ਮਿਲਦਾ ਹੈ ਕਿ ਉਨ੍ਹਾਂ ਆਪਣੇ ਨਾਲ 52 ਕਵੀ ਰੱਖੇ ਹੋਏ ਸਨ। ਨੰਦ ਲਾਲ ਵਰਗੇ ਸੂਝਵਾਨ ਕਵੀ ਗੁਰੂ ਜੀ ਦੇ ਦਰਬਾਰ ਦੀ ਸ਼ੋਭਾ ਸਨ।
ਜਾਤੀ ਵਿਵਸਥਾ ਦੀ ਜੜ੍ਹ ਪੁੱਟੀ
ਗੁਰੂ ਜੀ ਦੀ ਯੁੱਧ ਕਲਾ ਦਾ ਨਮੂਨਾ ਦੁਨੀਆ ਵਿੱਚ ਕਿਤੇ ਹੋਰ ਨਹੀਂ ਮਿਲਦਾ, ਕਿੰਨੇ ਹੀ ਯੁੱਧ ਉਨ੍ਹਾਂ ਆਪਣੀ ਯੁੱਧ ਨੀਤੀ ਕਰਕੇ ਜਿੱਤੇ ਸਨ ਅਤੇ ਕਦੇ ਹਾਰ ਨਹੀਂ ਮੰਨੀ। ਪੂਰੇ ਭਾਰਤ ਵਿੱਚ ਸਾਰੇ ਸੂਬਿਆਂ ਦੇ ਅਧੀਨ ਰਾਜਿਆਂ ਸਮੇਤ 10 ਲੱਖ ਸੈਨਾ ਦਾ ਮੁਕਾਬਲਾ ਗੁਰੂ ਸਾਹਿਬ ਨੇ ਪੰਜ ਸਿੰਘਾਂ ਤੋਂ ਕਰਵਾ ਦਿੱਤਾ। ਇਥੇ ਕਈ ਲੋਕ ਮੈਦਾਨ ਵਿੱਚ 10 ਲੱਖ ਫ਼ੌਜ ਦੀ ਗਿਣਤੀ ਨੂੰ ਮੰਨ ਲੈਂਦੇ ਹਨ ਪਰ ਇਹ ਅਜਿਹੀ ਗੱਲ ਨਹੀਂ ਸੀ। ਗੁਰੂ ਸਾਹਿਬ ਦੇ ਅਰਥ ਸਨ ਕਿ 10 ਲੱਖ ਫ਼ੌਜ ਦੀ ਗਿਣਤੀ ਨਹੀਂ ਬਲਕਿ ਪੂਰੀ ਤਾਕਤ ਦੀ ਗੱਲ ਸੀ। ਜਿਵੇਂ ਹੁਣ ਸਾਡੇ ਭਾਰਤ ਕੋਲ 12 ਲੱਖ ਫ਼ੌਜ ਹੈ ਅਤੇ ਜੋ ਇੱਕ ਥਾਂ ਕਦੇ ਵੀ ਇਕੱਠੀ ਨਹੀਂ ਹੁੰਦੀ ਪਰ ਉਸ ਦੀ ਪੂਰੀ ਤਾਕਤ ਦਾ ਕੇਂਦਰ ਬਿੰਦੂ ਤਾਂ ਇੱਕ ਹੀ ਹੈ। ਗੁਰੂ ਸਾਹਿਬ ਨੇ ਇੱਕੋ ਝਟਕੇ ਨਾਲ ਭਾਰਤ ਦੀ ਜਾਤੀ ਵਿਵਸਥਾ ਨੂੰ ਅੰਮ੍ਰਿਤ ਦੀ ਦਾਤ ਨਾਲ ਜੋੜ ਕੇ ਜੜ੍ਹਾਂ ਤੋਂ ਪੁੱਟ ਦਿੱਤਾ ਇਸ ਨਾਲੋਂ ਵੱਡੀ ਕ੍ਰਾਂਤੀ ਹੋਰ ਕੀ ਹੋ ਸਕਦੀ ਹੈ। ਇਸ ਕ੍ਰਾਂਤੀ ਕਰਕੇ ਹੀ ਸਿੰਘਾਂ ਨੇ 10 ਲੱਖ ਦੀ ਸੈਨਾ ਦਾ ਮੁਕਾਬਲਾ ਕਰਕੇ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਹਾਸਲ ਕੀਤਾ।
• ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ