ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਭਾਈ ਲਹਿਣਾ ਜੀ ਦੀ ਅਨਿਨ ਸੇਵਾ ਭਾਵ ਦਾ ਪ੍ਰਮਾਣ ਬਣਦੀਆਂ ਅਨੇਕਾਂ ਸਾਖੀਆਂ ਪ੍ਰਾਪਤ ਹੁੰਦੀਆਂ ਹਨ। ਚਾਹੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਕਿੱਕਰ ਤੋਂ ਮਠਿਆਈ ਝਾੜਨ ਦੇ ਹੁਕਮ ਦੀ ਪਾਲਣਾ ਹੋਵੇ, ਅੱਧੀ ਰਾਤ ਨੂੰ ਗੁਰੂ ਜੀ ਦੇ ਬਸਤਰ ਧੋ ਕੇ ਲਿਆਉਣ ਦੀ ਪ੍ਰੀਖਿਆ ਹੋਵੇ ਜਾਂ ਨਦੀਨ ਦੀ ਪੰਡ ਚੁੱਕਣ ਦਾ ਕਾਰਜ ਹੋਵੇ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਅੰਗ’ ਲੱਗ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ ਭਾਈ ਲਹਿਣਾ ਜੀ ਦਾ ਜਨਮ ਭਾਈ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ ਮਾਤਾ ਸਭਰਾਈ ਜੀ ਦੀ ਕੁੱਖੋਂ 5 ਵੈਸਾਖ ਸੰਮਤ 1561 (31 ਮਾਰਚ 1504) ਨੂੰ ਪਿੰਡ ਮੱਤੇ ਦੀ ਸਰਾਂ ਜ਼ਿਲ੍ਹਾ ਮੁਕਤਸਰ ਵਿਖੇ ਹੋਇਆ। ਮੱਤੇ ਦੀ ਸਰਾਂ ਦੇ ਚੌਧਰੀ ਤਖ਼ਤ ਮੱਲ ਦੀ ਭੈਣ ਬੀਬੀ ਭਰਾਈ ਜੀ ਖਡੂਰ ਸਾਹਿਬ ਵਿਆਹੇ ਹੋਏ ਸਨ। ਉਨ੍ਹਾਂ ਨੇ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ ਜੀ) ਦਾ ਵਿਆਹ ਨੇੜਲੇ ਪਿੰਡ ਸੰਘਰ ਦੇ ਦੇਵੀ ਚੰਦ ਜੀ ਦੀ ਸਪੁੱਤਰੀ ਮਾਤਾ ਖੀਵੀ ਜੀ ਨਾਲ ਕਰਵਾ ਦਿੱਤਾ। ਫ਼ਿਰੋਜ਼ਪੁਰ ਦੀ ਹਕੂਮਤ ’ਚ ਖ਼ਜ਼ਾਨਚੀ ਅਤੇ ਲੇਖਾਕਾਰ ਦੇ ਚੰਗੇ ਅਹੁਦੇ ’ਤੇ ਕੰਮ ਕਰਦੇ ਭਾਈ ਫੇਰੂ ਮੱਲ ਜੀ ਨੇ ਰਾਜਨੀਤਿਕ ਉੱਥਲ-ਪੁੱਥਲ ਦੌਰਾਨ ਪੱਕੇ ਤੌਰ ’ਤੇ ਖਡੂਰ ਸਾਹਿਬ ਵਿਖੇ ਨਿਵਾਸ ਕੀਤਾ। ਇੱਥੇ ਆ ਕੇ ਉਨ੍ਹਾਂ ਸ਼ਾਹੂਕਾਰੇ ਦਾ ਕੰਮ ਸ਼ੁਰੂ ਕੀਤਾ। ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਪਿਤਾ-ਪੁਰਖੀ ਪਰੰਪਰਾ ਨੂੰ ਨਿਭਾਉਂਦਿਆਂ ਭਾਈ ਲਹਿਣਾ ਜੀ ਦੇਵੀ ਦਾ ਸੰਗ ਲੈ ਕੇ ਦਰਸ਼ਨਾ ਨੂੰ ਜਾਂਦੇ ਸਨ। ਇਕ ਦਿਨ ਅੰਮਿ੍ਰਤ ਵੇਲੇ ਭਾਈ ਜੋਧ ਜੀ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰਵਣ ਕਰ ਕੇ ਮਨ ਬਾਣੀ ਦੇ ਰਚਨਾਕਾਰ ਵੱਲ ਖਿੱਚਿਆ ਗਿਆ। ਕਰਤਾਰਪੁਰ ਸਾਹਿਬ ਵਿਖੇ ਗੁਰੂ ਜੀ ਦੇ ਦਰਸ਼ਨ ਉਪਰੰਤ ਭਾਈ ਲਹਿਣਾ ਜੀ ਦਾ ਮਨ ਗੁਰੂ-ਚਰਨਾਂ ’ਚ ਟਿਕ ਗਿਆ। ਗੁਰਬਾਣੀ ਕੀਰਤਨ ਅਤੇ ਗੁਰ-ਉਪਦੇਸ਼ ਨੂੰ ਉਨ੍ਹਾਂ ਨੇ ਆਪਣੇ ਜੀਵਨ ਦਾ ਮਾਰਗ ਬਣਾ ਲਿਆ ਤੇ ਗੁਰੂ ਜੀ ਦੇ ਹਜ਼ੂਰ ਸੇਵਾ ਤੇ ਉਨ੍ਹਾਂ ਦੇ ਹਰੇਕ ਹੁਕਮ ਨੂੰ ਸੱਤ ਕਰ ਕੇ ਮੰਨਣਾ ਉਨ੍ਹਾਂ ਦਾ ਜੀਵਨ ਢੰਗ ਬਣ ਗਿਆ।
ਅਨਿਨ ਸੇਵਾ ਭਾਵਨਾ ਦਾ ਪ੍ਰਮਾਣ
ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਭਾਈ ਲਹਿਣਾ ਜੀ ਦੀ ਅਨਿਨ ਸੇਵਾ ਭਾਵ ਦਾ ਪ੍ਰਮਾਣ ਬਣਦੀਆਂ ਅਨੇਕਾਂ ਸਾਖੀਆਂ ਪ੍ਰਾਪਤ ਹੁੰਦੀਆਂ ਹਨ। ਚਾਹੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਕਿੱਕਰ ਤੋਂ ਮਠਿਆਈ ਝਾੜਨ ਦੇ ਹੁਕਮ ਦੀ ਪਾਲਣਾ ਹੋਵੇ, ਅੱਧੀ ਰਾਤ ਨੂੰ ਗੁਰੂ ਜੀ ਦੇ ਬਸਤਰ ਧੋ ਕੇ ਲਿਆਉਣ ਦੀ ਪ੍ਰੀਖਿਆ ਹੋਵੇ ਜਾਂ ਨਦੀਨ ਦੀ ਪੰਡ ਚੁੱਕਣ ਦਾ ਕਾਰਜ ਹੋਵੇ। ਇਹ ਸਾਰੀਆਂ ਸਾਖੀਆਂ ਅਸਲ ’ਚ ਇਸੇ ਸਿਧਾਂਤ ਦੀ ਵਿਆਖਿਆ ਸਨ ਕਿ ਗੁਰੂ ਦੇ ਹੁਕਮ ’ਚ ਤਰਕ-ਵਿਤਰਕ ਦੀ ਕੋਈ ਥਾਂ ਨਹੀਂ ਸਗੋਂ ਇੱਥੇ ਕੇਵਲ ਪੂਰਨ ਭਰੋਸਾ ਅਤੇ ਨਿਰਛਲ ਪ੍ਰੇਮ ਹੀ ਗੁਰੂ ਕਿਰਪਾ ਦਾ ਪਾਤਰ ਬਣਾਉਣ ਵਾਲਾ ਸਾਧਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਵੱਲੋਂ ਚਲਾਏ ਨਿਰਮਲ ਪੰਥ ਲਈ ਭਾਈ ਲਹਿਣਾ ਜੀ ਨੂੰ ਯੋਗ ਵਾਰਿਸ ਜਾਣਦਿਆਂ 1539 ਈਸਵੀ ਵਿਚ ਗੁਰਿਆਈ ਉਨ੍ਹਾਂ ਨੂੰ ਸੌਂਪ ਕੇ ਆਪਣਾ ਅੰਗ ਹੀ ਬਣਾ ਲਿਆ ਅਤੇ ਉਨ੍ਹਾਂ ਦਾ ਨਾਂ ਭਾਈ ਲਹਿਣੇ ਤੋਂ (ਗੁਰੂ) ਅੰਗਦ ਦੇਵ ਜੀ ਕਰ ਦਿੱਤਾ।
ਸਿੱਖੀ ਦੇ ਪਸਾਰ ’ਚ ਮਹੱਤਵਪੂਰਨ ਯੋਗਦਾਨ
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਸੰਗਠਿਤ ਰੂਪ ਪ੍ਰਦਾਨ ਕਰਨ ਦੇ ਕਾਰਜ ’ਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ ਧਰਮ ਦੇ ਵਿਕਾਸ ਹਿੱਤ ਆਰੰਭੇ ਸੰਸਥਾਈ ਕਾਰਜਾਂ ਲੰਗਰ, ਸੰਗਤ-ਪੰਗਤ ਅਤੇ ਧਰਮਸਾਲ ਆਦਿਕ ਨੂੰ ਹੋਰ ਸੁਦਿ੍ਰੜਤਾ ਨਾਲ ਅਗਾਂਹ ਵਧਾਇਆ, ਉੱਥੇ ਨਵੇਂ ਕਾਰਜਾਂ ਮੱਲ ਅਖਾੜਾ, ਗੁਰਮੁਖੀ ਲਿਪੀ ਅਤੇ ਜਨਮ ਸਾਖੀ ਦੀ ਸੰਪਾਦਨਾ ਆਦਿ ਕਾਰਜਾਂ ਦੀ ਨੀਂਹ ਵੀ ਰੱਖੀ, ਜੋ ਸਿਧਾਂਤਕ ਅਤੇ ਵਿਵਹਾਰਕ ਦੋਵਾਂ ਪੱਖਾਂ ਤੋਂ ਵਿਸ਼ੇਸ਼ ਮਹੱਤਤਾ ਦੀਆਂ ਧਾਰਨੀ ਹਨ। ਗੁਰੂ ਜੀ ਦੇ ਸਮਕਾਲ ਦੌਰਾਨ ਰਾਜਨੀਤਕ, ਸਮਾਜਿਕ, ਧਾਰਮਿਕ ਆਦਿ ਹਰੇਕ ਪੱਧਰ ’ਤੇ ਹਾਲਾਤ ਪ੍ਰਤੀਕੂਲ ਸਨ। ਰਾਜਨੀਤਕ ਪੱਧਰ ’ਤੇ ਦੇਸ਼ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਸੀ ਤਾਂ ਸਮਾਜਿਕ ਅਤੇ ਧਾਰਮਿਕ ਪੱਧਰ ’ਤੇ ਪਖੰਡਵਾਦ, ਜਾਤ, ਰੰਗ, ਵਰਣ, ਧਾਰਮਿਕ ਵਿਸ਼ਵਾਸਾਂ ਦੀ ਵੱਖਰਤਾ ਦਾ ਬੋਲਬਾਲਾ ਸੀ। ਅਜਿਹੇ ਹਾਲਾਤ ’ਚ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸਥਾਪਿਤ ਅਤੇ ਪ੍ਰਸਾਰਿਤ ਚਾਰ ਮਾਰਗ ਲੰਗਰ, ਸੰਗਤ, ਮੱਲ ਅਖਾੜਾ ਅਤੇ ਗੁਰਮੁਖੀ ਲਿਪੀ ਅਸਲ ’ਚ ਮਨੁੱਖ ਦੀ ਆਦਰਸ਼ ਜੀਵਨ-ਜਾਚ ਲਈ ਚਾਰ ਅਹਿਮ ਜੀਵਨ-ਸਿਧਾਂਤਾਂ ਦਾ ਵਿਵਹਾਰਕ ਸਰੂਪ ਸਨ। ਇਹ ਚਾਰ ਸਿਧਾਂਤ ਸਨ: ਜੀਵਨ ਲਈ ਆਹਾਰ ਦਾ ਮਹੱਤਵ (ਲੰਗਰ), ਜੀਵਨ ’ਚ ਸਭ ਲਈ ਬਰਾਬਰਤਾ ਦਾ ਹੱਕ (ਸੰਗਤ), ਜੀਵਨ ’ਚ ਸਵੈ-ਸੰਭਾਲ ਅਤੇ ਤੰਦਰੁਸਤੀ ਤੇ ਸਰੀਰਕ ਬਲ ਦਾ ਮਹੱਤਵ (ਮੱਲ ਅਖਾੜਾ) ਅਤੇ ਮਨੁੱਖਾ ਜੀਵਨ ਨੂੰ ਸਾਰਥਿਕ ਬਣਾਉਣ ਲਈ ਗਿਆਨ ਦਾ ਮਹੱਤਵ (ਗੁਰਮੁਖੀ ਲਿਪੀ)। ਤਤਕਾਲੀ ਧਾਰਮਿਕ ਵਿਚਾਰਧਾਰਾਵਾਂ ’ਚ ਆਹਾਰ ਦਾ ਤਿਆਗ ਕਰ ਕੇ ਫਾਕੇ ਕੱਟਣ ਅਤੇ ਸਰੀਰ ਨੂੰ ਕਸ਼ਟ ਦੇ ਕੇ ਬ੍ਰਹਮ ਗਿਆਨ ਪ੍ਰਾਪਤ ਕਰਨ ਦਾ ਮਾਰਗ ਬਹੁਤ ਪ੍ਰਚਲਿਤ ਸੀ ਤੇ ਨਾਲ ਹੀ ਜਾਤੀ-ਪ੍ਰਥਾ ਕਾਰਨ ਭੋਜਨ ਦੀ ਵੰਡ ਵੀ ਜਾਤ ਅਨੁਸਾਰ ਸੀ। ਨਿਮਨ ਜਾਤ ਅਤੇ ਵਰਗ ਦੇ ਲੋਕ ਸੰਤੁਲਿਤ ਆਹਾਰ ਤੋਂ ਵਾਂਝੇ ਰਹਿ ਜਾਂਦੇ ਸਨ। ਇਸ ਸੂਰਤ ’ਚ ਗੁਰੂ ਜੀ ਨੇ ਭੋਜਨ ਅਤੇ ਸਰੀਰ ਦੀ ਦੇਖਭਾਲ ਨੂੰ ਸੰਸਾਰਿਕ ਜੀਵਨ ਦੇ ਮਹੱਤਵਪੂਰਨ ਅੰਗ ਵਜੋਂ ਸਥਾਪਿਤ ਕੀਤਾ। ਅਧਿਆਤਮਕ ਉੱਨਤੀ ਭਾਂਜਵਾਦ ਦੀ ਜਗ੍ਹਾ ਨਿਰਲੇਪਤਾ ’ਚੋਂ ਹੁੰਦੀ ਹੈ। ਇਸ ਲਈ ਪਹਿਲਾਂ ਸਰੀਰਕ ਲੋੜਾਂ ਦੀ ਪੂਰਤੀ ਵੀ ਓਨੀ ਹੀ ਜ਼ਰੂਰੀ ਸੀ ਜਿੰਨਾ ਅਧਿਆਤਮਕ ਚਿੰਤਨ।
ਗੁਰਮੁਖੀ ਦਾ ਪ੍ਰਚਾਰ ਤੇ ਪ੍ਰਸਾਰ
ਗੁਰਮੁਖੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ’ਚ ਵਿਉਂਤਿਆ ਅਤੇ ਖਡੂਰ ਸਾਹਿਬ ਆ ਕੇ ਇਸ ਦੇ ਪ੍ਰਚਾਰ-ਪ੍ਰਸਾਰ ਦਾ ਕਾਰਜ ਆਰੰਭ ਕੀਤਾ। ਇਸ ਤਰ੍ਹਾਂ ਖਡੂਰ ਸਾਹਿਬ ਦਾ ਗੁਰਮੁਖੀ ਨਾਲ ਬਹੁਤ ਨੇੜੇ ਦਾ ਸਬੰਧ ਹੈ। ਸਿੱਖ ਇਤਿਹਾਸ ’ਚ ਜ਼ਿਕਰ ਆਉਂਦਾ ਹੈ ਕਿ ਗੁਰੂ ਜੀ ਬੱਚਿਆਂ ਲਈ ਗੁਰਮੁਖੀ ਦੀ ਸਿਖਲਾਈ ਦਾ ਕਾਰਜ ਖ਼ੁਦ ਅਧਿਆਪਕ ਬਣ ਕੇ ਖਡੂਰ ਸਾਹਿਬ ਧਰਮਸ਼ਾਲ ’ਚ ਕਰਦੇ ਸਨ। ਇਹ ਕਾਰਜ ਸਿੱਖ ਅਕਾਦਮਿਕਤਾ ਦੀ ਨੀਂਹ ਸਿੱਧ ਹੋਇਆ।
ਗੁਰਮੁਖੀ ਲਿਪੀ ਪ੍ਰਤੀ ਗੁਰੂ ਜੀ ਦੀ ਰੁਚੀ ਅਸਲ ’ਚ ਸਿੱਖਾਂ ਅੰਦਰ ਬਿਬੇਕ, ਗਿਆਨ ਅਤੇ ਆਪਾ ਪੜ੍ਹਨ ਅਤੇ ਵਿਚਾਰਨ ਦੇ ਗੁਣ ਪੈਦਾ ਕਰਨ ਦੀ ਦੂਰ-ਦਿ੍ਰਸ਼ਟਤਾ ਸੀ। ਧਾਰਮਿਕ ਗ੍ਰੰਥਾਂ ਦੀ ਮਨਚਾਹੀ ਵਿਆਖਿਆ ਦੁਆਰਾ ਫੈਲੇ ਅੰਧਕਾਰ ਦੇ ਖ਼ਾਤਮੇ ਦਾ ਇਹੀ ਸਾਧਨ ਸੀ ਕਿ ਸਿੱਖ ਖ਼ੁਦ ਪੜ੍ਹ-ਲਿਖ ਸਕਣ ਅਤੇ ਇਸ ਯੋਗ ਹੋਣ ਕਿ ਉਹ ਗਿਆਨ-ਵਿਆਖਿਆ ਲਈ ਕਿਸੇ ਦੂਜੇ ’ਤੇ ਨਿਰਭਰ ਨਾ ਹੋਣ। ਇਸ ਲਈ ਗੁਰਮੁਖੀ ਲਿਪੀ ਕੇਵਲ ਲਿਖਣ ਦੀ ਮਾਤ੍ਰਾ ਨਾ ਹੋ ਕੇ ਬ੍ਰਹਮ-ਗਿਆਨ ਦਾ ਮਾਰਗ ਸੀ। ਸਿੱਖ ਧਰਮ ’ਚ ਸ਼ਬਦ ਦੇ ਅਥਾਹ ਸਤਿਕਾਰਯੋਗ ਸਥਾਨ ਦੀ ਭਾਵਨਾ ਇੱਥੇ ਵੀ ਕਾਰਜਸ਼ੀਲ ਸੀ। ਸ਼ਬਦ ਗਿਆਨ ਦਾ ਸ੍ਰੋਤ ਹੈ ਅਤੇ ਲਿਪੀ ਸ਼ਬਦ ਨੂੰ ਅੰਕਿਤ ਕਰਨ ਦਾ ਸਾਧਨ, ਇਸੇ ਲਈ ਲਿਪੀ ਦੀ ਅਧਿਆਤਮਕ ਪੱਖੋਂ ਮਹੱਤਤਾ ਸ਼ਬਦ ਦੇ ਸਮਾਂਤਰ ਹੀ ਸਮਝੀ ਜਾ ਸਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਮੁਖੀ ਦੇ ਇਕ ਅੱਖਰ ‘ੳ’ ਨੂੰ ਮਾਤ੍ਰਾਬੱਧ ਕਰ ਕੇ ਅਥਾਹ ਬ੍ਰਹਮ-ਗਿਆਨ ਦੇ ਕੂੰਜੀਵਤ ਰੂਪ ੴ ਵਜੋਂ ਪਰਿਭਾਸ਼ਿਤ ਕਰਨਾ ਗੁਰਮੁਖੀ ਲਿਪੀ ਦਾ ਅਧਿਆਤਮਕ ਮਹੱਤਵ ਸਪੱਸ਼ਟ ਕਰਦਾ ਹੈ।
ਸਿੱਖ ਧਰਮ ’ਚ ਗੁਰਮੁਖੀ ਕੇਵਲ ਲਿਪੀ ਨਹੀਂ ਸਗੋਂ ਇਕ ਸਮੁੱਚਾ ਗਿਆਨ-ਸਰੂਪ ਸੰਕਲਪਿਕ ਘੇਰਾ ਹੈ, ਜਿਸ ਦਾ ਹਰੇਕ ਅੱਖਰ ਆਪਣੇ ਆਪ ’ਚ ਸਿੱਖ ਧਰਮ ਦੀ ਵਿਚਾਰਧਾਰਾ ਦੇ ਕਿਸੇ ਨਾ ਕਿਸੇ ਪੱਖ ਨੂੰ ਸਮੋਈ ਬੈਠਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਤੇ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਆਸਾ ਰਾਗ ’ਚ ‘ਪਟੀ’ ਦੇ ਸਿਰਲੇਖ ਹੇਠ ਰਚਿਤ ਬਾਣੀਆਂ ਇਸ ਦਾ ਪ੍ਰਮਾਣ ਹਨ। ਉਦਾਹਰਨ ਵਜੋਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ‘ਸਸੈ ਸੋਇ ਸਿ੍ਰਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ॥’ ਦਾ ਉਚਾਰ ਸਿਰਜਦੇ ਹਨ ਤਾਂ ਸਪੱਸ਼ਟ ਰੂਪ ’ਚ ਉਹ ਇਕ ‘ਸਸੈ’ ਦੇ ਅੱਖਰ ਰਾਹੀਂ ਸਮੁੱਚੇ ਸੰਸਾਰ ਨੂੰ ਸਾਜਣ ਵਾਲੇ ਸਰਵ-ਵਿਆਪਕ ਅਕਾਲ-ਪੁਰਖ ਦੀ ਸੰਕਲਪਨਾ ਸਿਰਜ ਰਹੇ ਹਨ।
ਗੁਰਮੁਖੀ ਦਿਵਸ ਮਨਾਉਣ ਦਾ ਐਲਾਨ
ਇਸ ਵਰ੍ਹੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਦਿਵਸ ਨੂੰ ‘ਗੁਰਮੁਖੀ ਦਿਵਸ’ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਹੈ। ਹਰ ਸਾਲ ਕਾਰ ਸੇਵਾ ਖਡੂਰ ਸਾਹਿਬ, ਨਿਹੰਗ ਜਥੇਬੰਦੀਆਂ ਤੇ ਸਥਾਨਕ ਗੁਰਦੁਆਰਾ ਕਮੇਟੀਆਂ ਆਦਿ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਿਆਈ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਾਲ 13-15 ਸਤੰਬਰ ਨੂੰ ਗੁਰੂ ਸਾਹਿਬ ਦਾ ਗੁਰਿਆਈ ਦਿਵਸ ‘ਗੁਰਮੁਖੀ ਦਿਵਸ’ ਵਜੋਂ ਸਮੁੱਚੇ ਖ਼ਾਲਸਾ ਪੰਥ ਵੱਲੋਂ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ।
- ਨਵਜੋਤ ਸਿੰਘ