ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸਾਧਕ ਨੂੰ ਗੁਰੂ ਸਾਹਿਬਾਨ ਨੇ ਕੁਝ ਸਿਧਾਂਤ ਦੱਸ ਕੇ ਉਨ੍ਹਾਂ ਉਪਰ ਚੱਲਣ ਦਾ ਉਪਦੇਸ਼ ਦਿੱਤਾ ਹੈ, ਜਿਸ ਦੁਆਰਾ ਉਹ ਆਪਣੇ ਆਸ਼ੇ ਨੂੰ ਪਾਉਣ ’ਚ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਸਰਬ ਸਾਂਝਾ ਧਾਰਮਿਕ ਗ੍ਰੰਥ ਕਿਹਾ ਜਾ ਸਕਦਾ ਹੈ ਕਿਉਂਕਿ ਇਸ ’ਚ ਗੁਰੂ ਸਾਹਿਬਾਨ ਨੇ ਕੁਝ ਸਿਧਾਂਤ ਨਿਸ਼ਚਿਤ ਕੀਤੇ ਹਨ, ਜਿਨ੍ਹਾਂ ’ਤੇ ਸਿੱਖ ਧਰਮ ਦੀ ਨੀਂਹ ਰੱਖੀ।

ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸਾਧਕ ਨੂੰ ਗੁਰੂ ਸਾਹਿਬਾਨ ਨੇ ਕੁਝ ਸਿਧਾਂਤ ਦੱਸ ਕੇ ਉਨ੍ਹਾਂ ਉਪਰ ਚੱਲਣ ਦਾ ਉਪਦੇਸ਼ ਦਿੱਤਾ ਹੈ, ਜਿਸ ਦੁਆਰਾ ਉਹ ਆਪਣੇ ਆਸ਼ੇ ਨੂੰ ਪਾਉਣ ’ਚ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਸਰਬ ਸਾਂਝਾ ਧਾਰਮਿਕ ਗ੍ਰੰਥ ਕਿਹਾ ਜਾ ਸਕਦਾ ਹੈ ਕਿਉਂਕਿ ਇਸ ’ਚ ਗੁਰੂ ਸਾਹਿਬਾਨ ਨੇ ਕੁਝ ਸਿਧਾਂਤ ਨਿਸ਼ਚਿਤ ਕੀਤੇ ਹਨ, ਜਿਨ੍ਹਾਂ ’ਤੇ ਸਿੱਖ ਧਰਮ ਦੀ ਨੀਂਹ ਰੱਖੀ। ਜੇਕਰ ਗੁਰਮਤਿ ਫਲਸਫ਼ੇ ਦੀ ਗੱਲ ਕਰੀਏ ਤਾਂ ਇਸ ਦਾ ਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ’ਚ ਆਏ ਮੂਲ-ਮੰਤਰ ਤੋਂ ਸਪੱਸ਼ਟ ਕਰ ਸਕਦੇ ਹਾਂ-
ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।
ਗੁਰੂੁ ਜੀ ਦੁਆਰਾ ਲਿਖਤ ਮੂਲ ਮੰਤਰ ਦਾ ਭਾਵ ਹੈ ਕਿ ਨਿਰੰਕਾਰ ਇਕ ਹੈ, ਉਸ ਦਾ ਨਾਮ ਸਦੀਵੀ ਹੈ, ਉਹ ਸਾਰੀ ਸਿ੍ਰਸ਼ਟੀ ਸੰਸਾਰ ਦਾ ਕਰਤਾ ਹੈ, ਉਸ ਨੂੰ ਕਿਸੇ ਦਾ ਭੈਅ ਨਹੀਂ, ਉਸ ਨੂੰ ਕਿਸੇ ਨਾਲ ਵੈਰ ਵੀ ਨਹੀਂ, ਕਾਲ ਰਹਿਤ ਹਸਤੀ, ਜਨਮ ਮਰਨ ਦੇ ਗੇੜ ’ਚ ਨਹੀਂ ਆੳਂੁਦੀ, ਆਪਣੇ ਆਪ ਤੋਂ ਉਸ ਦਾ ਪ੍ਰਕਾਸ਼ ਹੁੰਦਾ ਹੈ ਜਿਸ ਦੀ ਪ੍ਰਾਪਤੀ ਗੁਰੂ ਦੀ ਮਿਹਰ ਸਦਕਾ ਹੀ ਪ੍ਰਾਪਤ ਹੋ ਸਕਦੀ ਹੈ। ਭਾਰਤ ਦੇਸ਼ ਦਾ ਅਕਾਸ਼ ਗੁਰੂਆਂ ਤੇ ਸੰਤਾਂ ਦੇ ਸਿਤਾਰਿਆਂ ਨਾਲ ਭਰਿਆ ਹੋਇਆ ਹੈ। ਸ੍ਰੀ ਗੁਰੂ ਰਵਿਦਾਸ ਜੀ ਉਨ੍ਹਾਂ ਸਾਰਿਆਂ ਸਿਤਾਰਿਆਂ ’ਚ ਧਰੂੰ ਤਾਰੇ ਵਾਂਗ ਹਨ। ਇਸ ਲਈ ਕਿ ਕਿਰਤੀ ਪਰਿਵਾਰ ’ਚ ਪੈਦਾ ਹੋ ਕੇ ਵੀ ਮੌਕੇ ਦੇ ਹਾਕਮਾਂ ਨੂੰ ਆਪਣੀ ਅਣਖੀ ਸੋਚ ਤੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਮਜਬੂਰ ਕਰ ਦਿੱਤਾ ਸਚਾਈ ਅੱਗੇ ਝੁੱਕਣ ਲਈ। ਸ੍ਰੀ ਗੁਰੂ ਰਵਿਦਾਸ ਬਾਣੀ ਦਾ ਅਧਿਐਨ ਕਰਨ ਉਪਰੰਤ ਇਸ ਮੂਲ-ਮੰਤਰ ਦੀ ਸਪੱਸ਼ਟ ਵਿਆਖਿਆ ਗੁਰੂ ਰਵਿਦਾਸ ਬਾਣੀ ’ਚ ਕੀਤੀ ਮਿਲਦੀ ਹੈ। ‘ੴ’ ਦੇ ਆਰੰਭ ’ਚ ਇਕ ਅੰਕ ਲਿਖ ਸਿੱਧ ਕੀਤਾ ਹੈ ਕਿ ਕਰਤਾਰ ਇਕ ਹੈ ਜਿਸ ਨਾਲ ਇਸ ਦਾ ਭਾਵ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ। ਸ੍ਰੀ ਗੁਰੂ ਰਵਿਦਾਸ ਬਾਣੀ ਵੀ ਪ੍ਰਮਾਤਮਾ ਦੇ ਇਕ ਹੋਣ ਤੇ ਘਟ-ਘਟ ’ਚ ਨਿਵਾਸ ਕਰਨ ਦੇ ਭਾਵ ਨੂੰ ਹੀ ਦਿ੍ਰੜ੍ਹਾਉਂਦੀ ਹੈ।
ਸਰਬੈ ਏਕੁ ਅਨੇਕੇ ਸੁਆਮੀ ਸਭ ਘਟ ਭੋਗਵੈ ਸੋਈ।
ਕਹਿ ਰਵਿਦਾਸ ਹਾਥ ਪੈ ਨੇਰੇ ਸਹਜੇ ਹੋਇ ਸੁ ਹੋਈ।
ਸ੍ਰੀ ਗੁਰੂ ਰਵਿਦਾਸ ਜੀ ਅਨੁਸਾਰ ਪ੍ਰਭੂ ਤਾਂ ਇਕ ਹੀ ਹੈ ਪਰੰਤੂ ਉਹ ਅਨੇਕ ਰੂਪ ਧਾਰ ਕੇ ਘਟ-ਘਟ ’ਚ ਨਿਵਾਸ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਗੁਰੂ ਜੀ ਫੁਰਮਾਉਂਦੇ ਹਨ:
ਮੂਲ ਮੰਤਰ ਦਾ ਦੂਸਰਾ ਸ਼ਬਦ ਹੈ ‘ਸਤਿਨਾਮ’ ਹੈ। ‘ਸਤਿਨਾਮ’ ਦਾ ਅਰਥ ਤਿੰਨ ਕਾਲਾਂ ’ਚ ਇਕ ਰਸ ਹੋਣ ਵਾਲਾ ਪ੍ਰਸਿੱਧ ਪਾਰਬ੍ਰਹਮ ਹੈ। ‘ਸਤਿ’ ਤੇ ‘ਨਾਮ’ ਦਾ ਸਮਾਸ ਵੀ ਏਕ ਤੇ ਅਨੇਕ ਦਾ ਜੋੜ ਹੈ। ਸਤਿ ਸਦੀਵੀ ਹਸਤੀ ਜਾਂ ਮੂਲ ਹਕੀਕਤ ਦਾ ਪ੍ਰਤੀਕ ਹੈ, ਇਸ ਦਾ ਭਾਵ ਸਦਾ ਰਹਿਣ ਵਾਲੀ, ਅਟੱਲ ਸਚਾਈ ਜੋ ਆਦਿ ਜੁਗਾਦਿ ਤੋਂ ਪਰ੍ਹੇ, ਸਮੇਂ ਸਥਾਨ ਦੀਆਂ ਬੰਦਸ਼ਾਂ ਤੋਂ ਉਪਰ ਤੇ ਨਾਸ਼ਮਾਨਤਾ ਤੋਂ ਸੁਤੰਤਰ ਹੈ।
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ।
ਕਹੈ ਰਵਿਦਾਸ ਨਾਮੁ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ।
ਸ੍ਰੀ ਗੁਰੂੂ ਰਵਿਦਾਸ ਜੀ ਅਨੁਸਾਰ ਜੋ ਮਨੁੱਖ ਅਠਾਰਾਂ ਪੁਰਾਣਾਂ,ਅਠਾਹਠ ਤੀਰਥਾਂ ਦੇ ਇਸ਼ਨਾਨ ਤੇ ਪੁੰਨ-ਦਾਨ ’ਚ ਵਿਸ਼ਵਾਸ ਰੱਖਦੇ ਹਨ, ਉਹ ਜੂਨਾਂ ’ਚ ਭਟਕ ਰਹੇ ਹਨ ਪਰ ਗੁਰੂ ਰਵਿਦਾਸ ਜੀ ਕਹਿੰਦੇ ਹਨ ਕਿ ਮੈਂ ਤਾਂ ਸਿਰਫ਼ ਤੇਰੇ ਨਾਮ ਦੀ ਹੀ ਆਰਤੀ ਕਰਦਾ ਹਾਂ ਤੇ ਉਸ ਨੂੰ ਸਤਿਨਾਮ ਅਰਥਾਤ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਲਗਾਉਂਦਾ ਹਾਂ। ‘ਕਰਤਾ ਪੁਰਖ’ ਸ਼ਬਦ ਅਕਾਲ ਪੁਰਖ ਲਈ ਵਰਤਿਆ ਗਿਆ ਹੈ ਜੋ ਸਾਰੀ ਸ਼ਿ੍ਰਸ਼ਟੀ ਦਾ ਸਿਰਜਣਹਾਰ ਤੇ ਪਾਲਣਹਾਰ ਹੈ। ਹਰ ਵਿਅਕਤੀ ਈਸ਼ਵਰ ਦਾ ਅੰਸ਼ ਹੈ। ਈਸ਼ਵਰ ਆਪ ਹੀ ਹਰ ਵਿਅਕਤੀ ਹੈ। ਸੋ ਈਸ਼ਵਰ ’ਚ ਪੁਰਖੀ ਗੁਣ ਹਨ। ਉਸ ਦੀ ਚੇਤਨਾ, ਉਸ ਦੀ ਸੋਝੀ ਉਸ ਨੂੰ ‘ਪੁਰਖ’ ਬਣਾਉਂਦੀ ਹੈ। ਸ੍ਰੀ ਗੁਰੂ ਰਵਿਦਾਸ ਜੀ ਨੇ ਵੀ ਆਪਣੀ ਬਾਣੀ ’ਚ ‘ਕਰਤਾ’ ਸ਼ਬਦ ਦੀ ਵਰਤੋਂ ਕੀਤੀ ਹੈ ਜਿਹੜਾ ਕਿ ਨਿਰਸੰਦੇਹ ਉਸ ਪਾਰਬ੍ਰਹਮ ਪਰਮੇਸ਼ਰ ਦਾ ਹੀ ਸੂਚਕ ਹੈ।
ਰਵਿਦਾਸ ਉਪਜਈ ਸਭ ਇਕ ਨੂਰ ਤੇ, ਬਾਹਮਨ ਮੁੱਲਾ ਸੇਖ।
ਸਭ ਕੋ ਕਰਤਾ ਏਕ ਹੈ, ਸਭ ਕੂੰ ਏਕ ਹੀ ਪੇਖ।
ਅਰਥਾਤ ਸਭਨਾਂ ਮਨੁੱਖਾਂ ਨੂੰ ਚਾਹੇ ਉਹ ਕਿਸੇ ਵੀ ਜਾਤੀ ਨਾਲ ਸਬੰਧ ਰੱਖਦਾ ਹੋਵੇ, ਸਭ ਨੂੰ ਉਸ ਕਰਤਾ ਨੇ ਹੀ ਪੈਦਾ ਕੀਤਾ ਹੈ, ਸਭ ਦਾ ਕਰਤਾ ਇਕੋ ਹੀ ਹੈ। ‘ਨਿਰਭੳ’ੁ ਦਾ ਅਰਥ ਹੈ ਭੈ ਜਾਂ ਡਰ ਰਹਿਤ ਪਰਮਾਤਮਾ ਨਿਸ਼ਚੇ ਹੀ ਨਿਰਭਉ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਕਿਉਂਕਿ ਉਸ ਦੇ ਬਰਾਬਰ ਜਾਂ ਉਸ ਤੋਂ ਉਪਰ ਕੋਈ ਨਹੀਂ ਹੈ। ਗੁਰੂ ਸਾਹਿਬਾਨ ਨੇ ਸਰਬ-ਸ਼ਕਤੀਮਾਨ ਪੁਰਖ ਨੂੰ ‘ਨਿਰਭਉ’ ਕਹਿੰਦੇ ਹੋਏ ਇਹ ਦਿ੍ਰੜ੍ਹ ਕਰਵਾਇਆ ਹੈ ਕਿ ਓਅੰਕਾਰ ਉਪਰ ਕਿਸੇ ਹੋਰ ਦਾ ਅਧਿਕਾਰ, ਕਾਬੂ ਜਾਂ ਅਥਾਰਿਟੀ ਨਹੀਂ। ‘ਨਿਰਭਉ’ ਕਰਤਾਰ ਦੀ ਪੂਰਨਤਾ ਦਾ ਸੂਚਕ ਹੈ, ਉਸ ਦੇ ਅਨੰਦ-ਸਰੂਪ ਦਾ ਪ੍ਰਤੀਕ ਹੈ।
ਨਾਨਕ ਨਿਰਭਉ ਨਿਰੰਕਾਰ ਹੋਇ ਕੇਤੇ ਰਾਮ ਰਵਾਲ।
ਸ੍ਰੀ ਗੁਰੂ ਰਵਿਦਾਸ ਜੀ ਨੇ ਵੀ ਆਪਣੀ ਬਾਣੀ ’ਚ ਨਿਰੰਕਾਰ ਨੂੰ ਨਿਰਭਉ ਦਰਸਾਇਆ ਹੈ :
ਬੇਗਮਪੁਰਾ ਸਹਰ ਕੋ ਨਾਉ।
ਦੂਖੁ ਅੰਦੋਹ ਨਹੀਂ ਤਿਹਿ ਠਾਉ।
ਨਾ ਤਸਵੀਸ ਖਿਰਾਜ ਨ ਮਾਲੁ।
ਖਉਫ ਨ ਖਤਾ ਨ ਤਰਸ ਜਵਾਲ।
ਇਸ ਸ਼ਬਦ ’ਚ ਗੁਰੂ ਰਵਿਦਾਸ ਜੀ ਨੇ ਇਕ ਅਜਿਹੀ ਆਦਰਸ਼ ਨਗਰੀ ਦਾ ਵਰਨਣ ਪ੍ਰਸਤੁਤ ਕੀਤਾ ਹੈ ਜਿਥੇ ਕੋਈ ਦੁੱਖ, ਚਿੰਤਾ ਨਹੀਂ ਵਿਆਪਦੀ। ਉਸ ਥਾਂ ਨਾ ਕੋਈ ਸ਼ੋਰ, ਨਾ ਟੈਕਸ, ਨਾ ਭੁੱਲ ਦਾ ਡਰ, ਨਾ ਹੇਠਾਂ ਡਿੱਗਣ ਦਾ ਖ਼ਤਰਾ ਹੈ। ਅਜਿਹੀ ਥਾਂ ਡਰ ਰਹਿਤ ਜਾਂ ਭੈਅ ਰਹਿਤ ਹੈ। ਅਜਿਹੀ ਨਗਰੀ ’ਚ ਨਿਰੰਕਾਰ ਦਾ ਵਾਸਾ ਹੈ ਜੋ ਆਪ ਵੀ ਭੈਅ ਰਹਿਤ ਹੈ। ‘ਨਿਰਵੈਰ’ ਦਾ ਅਰਥ ਵੈਰ-ਰਹਿਤ ਹੈ ਜਿਸ ਨੂੰ ਕਿਸੇ ਨਾਲ ਵੈਰ-ਭਾਵਨਾ ਨਾ ਹੋਵੇ। ਇਹ ਸ਼ਬਦ ਪਾਰਬ੍ਰਹਮ ਲਈ ਪੂਰਨ ਤੌਰ ’ਤੇ ਢੁੱਕਵਾਂ ਹੈ। ਪਾਰਬ੍ਰਹਮ ਜਿਸ ਨੇ ਸਾਰੀ ਸਿ੍ਰਸ਼ਟੀ ਦੀ ਰਚਨਾ ਕੀਤੀ ਹੈ, ਉਸ ਨੂੰ ਕਿਸੇ ਨਾਲ ਵੈਰ ਕਿਵੇਂ ਹੋ ਸਕਦਾ ਹੈ। ਉਹ ਪਾਰਬ੍ਰਹਮ ਪੂਰੀ ਤਰ੍ਹਾਂ ਨਿਰਵੈਰ ਹੈ। ਨਿਰਵੈਰ ਤੋਂ ਭਾਵ ਨਿਰਵਿਰੋਧ ਹੈ, ਲਾਸਾਨੀ ਹਸਤੀ ਹੈ। ਨਿਰਵਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸਮਾਈ।
ਭਗਤ ਰਵਿਦਾਸ ਜੀ ਅਨੁਸਾਰ;
ਸਭ ਮਹਿ ਏਕ ਰਾਮਹੁ ਜੋਤਿ, ਸਭਨਹ ਏਕਉ ਸਿਰਜਨਹਾਰ।
ਰਵਿਦਾਸ ਰਾਮ ਰਮੰਹਿ ਸਭਨ ਮਹਿਂ, ਬਾਹਮਨ ਹੁਈ ਕ ਚਮਾਰਾ
ਇਸ ਸ਼ਬਦ ’ਚ ਸ੍ਰੀ ਗੁਰੂ ਰਵਿਦਾਸ ਜੀ ਨੇ ਸਪੱਸ਼ਟ ਕੀਤਾ ਹੈ ਕਿ ਸਾਰਿਆਂ ਮਨੁੱਖਾਂ ’ਚ ਹੀ ਇਕੋ ਉਸ ਰਾਮ ਦੀ ਜੋਤ ਜਗ ਰਹੀ ਹੈ ਕਿਉਂਕਿ ਸਭ ਦਾ ਉਹੀ ਸਿਰਜਣਹਾਰ ਹੈ। ਇਸ ਲਈ ਉਹ ਰਾਮ ਸਭਨਾਂ ’ਚ ਹੀ ਰਮ ਰਿਹਾ ਹੈ, ਅਰਥਾਤ ਪਰਮਾਤਮਾ ਦੀਆਂ ਨਜ਼ਰਾਂ ’ਚ ਸਾਰੇ ਬਰਾਬਰ ਹਨ, ਕੋਈ ਨੀਚ-ਊਚ ਦਾ ਭੇਦ ਨਹੀਂ ਹੈ। ‘ਅਕਾਲ ਮੂਰਤਿ’ ਤੋਂ ਭਾਵ ਉਹ ਮੂਰਤਿ ਜਿਹੜੀ ਕਾਲ ਤੋਂ ਰਹਿਤ ਹੈ। ਜਿਸ ਉੱਤੇ ਸਮੇਂ, ਸਥਾਨ ਦੀਆਂ ਬੰਦਸ਼ਾਂ ਨਹੀ ਹਨ। ਜਿਸ ਦਾ ਕੋਈ ਆਦਿ ਜਾਂ ਅੰਤ ਵੀ ਨਹੀ ਹੈ। ਗੁਰੂ ਨਾਨਕ ਜੀ ਦਾ ਓਅੰਕਾਰ ਕਾਲ ’ਚ ਵਿਆਪਕ ਹੈ ਕੇ ਸਦੀਵੀ ਸਤਿ ਦੇ ਰੂਪ ’ਚ ਅਕਾਲ ਹੈ। ਸ੍ਰੀ ਗੁਰੂ ਰਵਿਦਾਸ ਜੀ ਅਨੁਸਾਰ;
ਜੈਸਾ ਰੰਗੁ ਕੁਸੁੰਭ ਕਾ ਤੈਸਾ ਇਹ ਸੰਸਾਰ।
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰੁ।
ਗੁਰੂ ਰਵਿਦਾਸ ਜੀ ਅਨੁਸਾਰ ਇਹ ਸੰਸਾਰ ਤਾਂ ਕੁਸੁੰਭ ਦੇ ਰੰਗ ਵਰਗਾ ਹੈ ਅਰਥਾਤ ਕੱਚਾ ਹੈ, ਅਸਥਿਰ ਹੈ। ਇਕ ਨਾ ਇਕ ਦਿਨ ਹਰੇਕ ਵਸਤੂ ਦਾ ਅੰਤ ਹੋਣਾ ਹੀ ਹੈ ਪਰ ਮੇਰੇ ਰਮਈਏ ਦਾ ਰੰਗ ਮਜੀਠ ਵਰਗਾ ਪੱਕਾ ਅਰਥਾਤ ਸਥਿਰ ਹੈ, ਸਦਾ-ਸਦਾ ਰਹਿਣ ਵਾਲਾ ਹੈ, ਕਾਲ ਅਤੇ ਸਥਾਨ ਦੀਆਂ ਬੰਦਿਸ਼ਾਂ ਤੋਂ ਪਰ੍ਹੇ ਹੈ।
‘ਅਜੂਨੀ’ ਦਾ ਭਾਵ ਹੈ ਜੂਨ-ਰਹਿਤ। ਗੁਰੂ ਨਾਨਕ ਨੇ ਕਰਤਾ ਪੁਰਖ ਨੂੰ ਕਿਹਾ ਹੈ। ਬ੍ਰਹਮ ਓਅੰਕਾਰ ਦਾ ਰੂਪ ਧਾਰਦਾ ਹੈ, ਭਾਂਤ-ਭਾਂਤ ਦੀਆਂ ਜਾਤੀਆਂ ਵਿਚ ਵਿਆਪਕ ਹੁੰਦਾ ਹੈ ਪਰ ਉਸ ਨੂੰ ਕਿਸੇ ਮਾਤਾ ਦੇ ਗਰਭ ’ਚ ਪੈਣ ਦੀ ਜਨਮ ਜਾਂ ਅਵਤਾਰ ਧਾਰਨ ਦੀ ਜ਼ਰੂਰਤ ਨਹੀਂ।
ਗੁਰੂ ਰਵਿਦਾਸ ਅਜੂਨੀ ਲਈ ਭਵਖੰਡਨਾ ਸ਼ਬਦ ਵਰਤਦੇ ਹਨ:
ਤੂੰ ਜਾਨਤ ਮੈਂ ਕਿਛੁ ਨਹੀ ਭਵਖੰਡਨ ਰਾਮ।
ਸਗਲ ਜੀਅ ਸਰਨਾਗਤ ਪ੍ਰਭੂ ਪੂਰਨ ਕਾਮ।
ਉਹ ਪਰਮਾਤਮਾ ਕਿਉਂਕਿ ਅਜੂਨੀ ਹੈ, ਇਸ ਲਈ ਕੇਵਲ ਉਸ ਦੀ ਹਸਤੀ ਹੀ ਸਦਾ ਕਾਇਮ ਰਹਿਣ ਵਾਲੀ ਹੈ।
ਭਾਰਤੀ ਵਿਰਸੇ ਦੀ ਪ੍ਰਤੀਨਿਧਤਾ
ਵਿਚਾਰ ਚਰਚਾ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰਮਤਿ ਸਿਧਾਂਤ ਅਤੇ ਗੁਰੂ ਰਵਿਦਾਸ ਬਾਣੀ ਦੀ ਸੁਰ ਇਕੋ ਹੀ ਹੈ। ਉਹ ਇੱਕੋ ਹੀ ਮੰਤਵ ਵਾਸਤੇ ਹੀ ਰਚੀ ਗਈ ਹੈ ਤੇ ਉਸ ਦੇ ਵਿਰੋਧ ਦਾ ਭਾਵ ਕੋਈ ਨਹੀਂ ਹੈ। ਦੂਜੀ ਹਕੀਕਤ ਇਹ ਹੈ ਕਿ ਗੁਰਮਤਿ ਕਾਵਿ ਵਾਂਗ ਹੀ ਗੁਰੂ ਰਵਿਦਾਸ ਬਾਣੀ ਵੀ ਭਾਰਤੀ ਵਿਰਸੇ ਦੀ ਪ੍ਰਤੀਨਿਧਤਾ ਕਰਦੀ ਹੈ ਤੇ ਸੂਖ਼ਮ ਭਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਾਸਤੇ ਸਥੂਲ ਰੂਪ ਦਿੰਦੀ ਹੈ।
- ਨਰੇਸ਼ ਨਈਅਰ