ਅੰਮਿ੍ਰਤਸਰ ਦੇ ਸਨਅਤੀ ਅਤੇ ਇਤਿਹਾਸਕ ਨਗਰ ਛੇਹਰਟਾ ਤੋਂ 7 ਕਿਲੋਮੀਟਰ ਹੱਟਵੇਂ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ ਦਾ ਗੁਰ ਇਤਿਹਾਸ ’ਚ ਆਪਣਾ ਨਿਵੇਕਲਾ ਸਥਾਨ ਹੈ। ਇਸ ਪਿੰਡ ਦੀ ਮਿੱਟੀ ਦਾ ਕਿਣਕਾ-ਕਿਣਕਾ ਮਸਤਕ ਲਾਉਣ ਯੋਗ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਨਗਰ ਹੋਣ ਦਾ ਮਾਣ ਇਸ ਪਿੰਡ ਨੂੰ ਪ੍ਰਾਪਤ ਹੈ।

ਅੰਮਿ੍ਰਤਸਰ ਦੇ ਸਨਅਤੀ ਅਤੇ ਇਤਿਹਾਸਕ ਨਗਰ ਛੇਹਰਟਾ ਤੋਂ 7 ਕਿਲੋਮੀਟਰ ਹੱਟਵੇਂ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ ਦਾ ਗੁਰ ਇਤਿਹਾਸ ’ਚ ਆਪਣਾ ਨਿਵੇਕਲਾ ਸਥਾਨ ਹੈ। ਇਸ ਪਿੰਡ ਦੀ ਮਿੱਟੀ ਦਾ ਕਿਣਕਾ-ਕਿਣਕਾ ਮਸਤਕ ਲਾਉਣ ਯੋਗ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਨਗਰ ਹੋਣ ਦਾ ਮਾਣ ਇਸ ਪਿੰਡ ਨੂੰ ਪ੍ਰਾਪਤ ਹੈ। ਇੱਥੇ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਨਕੇ ਹਨ ਅਤੇ ਇੱਥੇ ਹੀ ਨਾਨਕੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦਾ ਅਨੰਦ ਕਾਰਜ ਸ੍ਰੀ ਗੁਰੂ ਰਾਮਦਾਸ ਜੀ ਨਾਲ ਹੋਇਆ ਸੀ। ਇੱਥੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ, ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜਸੂ ਜੀ ਨਾਲ ਵਿਆਹੇ ਸਨ। ਸ੍ਰੀ ਗੁਰੂ ਅਮਰਦਾਸ ਜੀ ਦਾ ਮਿਲਾਪ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਕਰਵਾਉਣ ਵਾਲੇ ਵੀ ਬੀਬੀ ਅਮਰੋ ਜੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਭਾਈ ਗੁਰਦਾਸ ਜੀ ਦਾ ਜਨਮ ਨਗਰ ਵੀ ਪਿੰਡ ਬਾਸਰਕੇ ਗਿੱਲਾਂ ਹੀ ਹੈ। ਜਿਨ੍ਹਾਂ ਸਿੱਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹੈ, ਉਨ੍ਹਾਂ ਵਿੱਚੋਂ ਭਾਈ ਸੁੰਦਰ ਜੀ ਵੀ ਹਨ, ਜਿਨ੍ਹਾਂ ਦਾ ਇਕ ਸ਼ਬਦ ਸਦ ਰਾਮਕਲੀ ਦਰਜ ਹੈ। ਭਾਈ ਸੁੰਦਰ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਰੀ ਜੀ ਦੇ ਸਪੁੱਤਰ ਬਾਬਾ ਅਨੰਦ ਜੀ ਦੇ ਸਪੁੱਤਰ ਸਨ, ਜੋ ਰਿਸ਼ਤੇਦਾਰੀ ਦੇ ਲਿਹਾਜ਼ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਲੱਗਦੇ ਸਨ।
ਇਸ ਨਗਰ ’ਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅਮਰਦਾਸ ਜੀ ਅਤੇ ਗੁਰਦੁਆਰਾ ਅੰਗੀਠਾ ਬੀਬੀ ਅਮਰੋ ਜੀ ਤੋਂ ਇਲਾਵਾ ਗੁਰਦੁਆਰਾ ਸੰਨ੍ਹ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸੰਨ੍ਹ ਸਾਹਿਬ ਦਾ ਸਬੰਧ ਸ੍ਰੀ ਗੁਰੂ ਅਮਰਦਾਸ ਜੀ ਅਤੇ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਨਾਲ ਹੈ। ਜਦੋਂ ਸ੍ਰੀ ਗੁਰੂ ਅੰਗਦ ਜੀ ਨੇ ਗੁਰਗੱਦੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਦਾਤੂ ਅਤੇ ਦਾਸੂ ਨੇ ਵਿਰੋਧ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨਹੀਂ ਸਨ ਚਾਹੁੰਦੇ ਕਿ ਗੁਰੂ ਜੀ ਦੇ ਪੁੱਤਰਾਂ ਨਾਲ ਵਿਰੋਧ ਸਹੇੜਿਆ ਜਾਵੇ, ਇਸ ਲਈ ਆਪ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆ ਗਏ। ਦਾਸੂ ਜੀ ਤਾਂ ਮਾਤਾ ਖੀਵੀ ਜੀ ਦੇ ਇਹ ਸਮਝਾਉਣ ’ਤੇ ਚੁੱਪ ਹੋ ਗਏ ਕਿ ਗੁਰਗੱਦੀ ਬਾਪ ਦੀ ਵਿਰਾਸਤ ਨਹੀਂ, ਜਿਸ ’ਤੇ ਬੱਚਿਆਂ ਦਾ ਹੱਕ ਬਣਦਾ ਹੋਵੇ, ਗੁਰਗੱਦੀ ਦੀ ਪੰਡ ਬੜੀ ਭਾਰੀ ਹੈ, ਇਸ ਦੇ ਹੱਕਦਾਰ ਗੁਰੂ ਅਮਰਦਾਸ ਜੀ ਹੀ ਹਨ।
ਦਾਸੂ ਜੀ ਤਾਂ ਚੁੱਪ ਹੋ ਗਏ ਪਰ ਦਾਤੂ ਨੇ ਗੁਰੂ ਜੀ ਦਾ ਵਿਰੋਧ ਗੋਇੰਦਵਾਲ ਸਾਹਿਬ ਆ ਕੇ ਵੀ ਜਾਰੀ ਰੱਖਿਆ ਅਤੇ ਗੁਰੂ ਜੀ ਬਾਰੇ ਕਈ ਚੰਗੇ- ਮੰਦੇ ਸ਼ਬਦ ਵਰਤੇ। ਸ੍ਰੀ ਗੁਰੂ ਅਮਰਦਾਸ ਜੀ ਬਿਨਾਂ ਕਿਸੇ ਨੂੰ ਦੱਸਿਆਂ ਰਾਤੋ-ਰਾਤ ਗੋਇੰਦਵਾਲ ਸਾਹਿਬ ਤੋਂ ਆਪਣੇ ਪਿੰਡ ਬਾਸਰਕੇ ਆ ਗਏ ਅਤੇ ਮਲ੍ਹੇ ਝਾੜੀਆਂ ’ਚ ਵਾਗੀਆਂ ਵੱਲੋਂ ਮੀਂਹ-ਕਣੀ ਤੋਂ ਬਚਾਅ ਲਈ ਬਣਾਏ ਕੱਚੇ ਕੋਠੇ ’ਚ ਬੈਠ ਕੇ ਭਜਨ ਬੰਦਗੀ ਕਰਨ ਲੱਗ ਪਏ।
ਸਵੇਰ ਗੋਇੰਦਵਾਲ ਸਾਹਿਬ ਵਿਖੇ ਗੁਰੂ ਜੀ ਬਿਨਾਂ ਸੰਗਤ ਦੀ ਹਾਲਤ ਪਾਣੀ ਬਿਨਾਂ ਮੱਛੀ ਵਰਗੀ ਸੀ। ਸਿੱਖਾਂ ਦਾ ਇਕੱਠ ਹੋਇਆ, ਵਿਚਾਰਾਂ ਹੋਈਆਂ ਅਤੇ ਬਾਬਾ ਬੁੱਢਾ ਜੀ ਨੂੰ ਅਰਜ਼ ਕੀਤੀ। ਬਾਬਾ ਬੁੱਢਾ ਜੀ ਨੇ ਗੁਰੂ ਜੀ ਦੀ ਘੋੜੀ ਮੰਗਵਾਈ। ਰਾਤੋ-ਰਾਤ ਦੋਹਰੇ ਪੈਂਡੇ ਨਾਲ ਘੋੜੀ ਮੁੜਕੋ-ਮੁੜਕੀ ਹੋਈ ਪਈ ਸੀ। ਘੋੜੀ ਅੱਗੇ- ਅੱਗੇ ਤੇ ਪਿੱਛੇ ਬਾਬਾ ਬੁੱਢਾ ਜੀ ਤੇ ਸੰਗਤ ਸਤਿਨਾਮ -ਵਾਹਿਗੁਰੂ ਦਾ ਜਾਪ ਕਰਦੀ ਹੋਈ ਪਿੰਡ ਬਾਸਰਕੇ ਉੱਥੇ ਆਣ ਪਹੁੰਚੀ, ਜਿੱਥੇ ਗੁਰੂ ਜੀ ਤਪ ਕਰ ਰਹੇ ਸਨ ਪਰ ਸੰਗਤ ਉਦਾਸ ਹੋ ਗਈ ਕਿਉਂਕਿ ਬੂਹੇ ਦੇ ਬਾਹਰ ਲਿਖਿਆ ਸੀ ਕਿ ਜੋ ਵੀ ਬੂਹਾ ਖੋਲੇ੍ਹਗਾ, ਗੁਰੂ ਕਾ ਸਿੱਖ ਨਹੀਂ ਹੋਵੇਗਾ।
ਬਾਬਾ ਬੁੱਢਾ ਜੀ ਨੇ ਜੁਗਤ ਲੜਾਈ। ਬੂਹਾ ਖੋਲ੍ਹਣ ਦੀ ਬਜਾਏ ਪਿੱਛੋਂ ਕੰਧ ’ਚ ਪਾੜ (ਸੰਨ੍ਹ) ਲਾ ਕੇ ਗੁਰੂ ਜੀ ਦੇ ਦਰਸ਼ਨ ਆਪ ਕੀਤੇ ਤੇ ਸੰਗਤ ਨੂੰ ਕਰਵਾਏ। ਸ੍ਰੀ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਫਰਮਾਇਆ, ‘‘ਬਾਬਾ ਜੀ ਇਹ ਤੁਸੀਂ ਸੰਗਤ ਲਈ ਮੁਕਤੀ ਦਾ ਦਰ ਬਣਾ ਦਿੱਤਾ, ਇਸ ਸੰਨ੍ਹ ਵਿੱਚ ਦੀ ਜੋ ਵੀ ਮਾਈ- ਭਾਈ ਲੰਘੇਗਾ, ਉਹ ਚੌਰਾਸੀ ਦੇ ਗੇੜ ਤੋਂ ਮੁਕਤ ਹੋ ਜਾਵੇਗਾ।’’ ਭਾਈ ਸੰਤੋਖ ਸਿੰਘ ਜੀ ਨੇ ਇਸ ਅਸਥਾਨ ਦੀ ਮਹਿਮਾ ਦਾ ਵਰਣਨ ਸੂਰਜ ਪ੍ਰਕਾਸ਼ ਗ੍ਰੰਥ ’ਚ ਇਸ ਤਰ੍ਹਾਂ ਕੀਤਾ ਹੈ :
ਸਨ ਬੀਚ ਨਰ ਜੋ ਲਖ ਜਾਏ,
ਸੋ ਜਨ ਜੰਮਕੇ ਪੰਥ ਨਾ ਪਾਏ।
ਇਸ ਅਸਥਾਨ ’ਤੇ ਸਾਲਾਨਾ ਚੌਰਾਸੀ ਕੱਟੀ ਮੇਲਾ 9-10 ਸਤੰਬਰ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਪੁਰਬ ਮੌਕੇ ਮਨਾਇਆ ਜਾ ਰਿਹਾ ਹੈ। ਆਓ ਇਸ ਪਵਿੱਤਰ ਸੰਨ੍ਹ ਸਾਹਿਬ ਵਿੱਚ ਦੀ ਲੰਘ ਕੇ ਆਪਣਾ ਜੀਵਨ ਸਫਲ ਕਰੀਏ।
- ਅਜਮੇਰ ਸਿੰਘ ਬਾਸਰਕੇ