ਲੋਭ ਤੋਂ ਛੁਟਕਾਰਾ ਪਾਓ
ਜਦ ਜ਼ਿਆਦਾ ਹਾਸਲ ਕਰਨ ਦੀ ਇੱਛਾ ਸਾਡੇ ਮਨ ’ਤੇ ਇਸ ਕਦਰ ਭਾਰੂ ਹੋ ਜਾਂਦੀ ਹੈ ਕਿ ਅਸੀਂ ਕੁਝ ਹੋਰ ਸੋਚ ਨਹੀਂ ਪਾਉਂਦੇ ਹਾਂ ਤਾਂ ਉਹ ਲੋਭ ਵਿਚ ਤਬਦੀਲ ਹੋ ਜਾਂਦੀ ਹੈ। ਰਵਾਇਤੀ ਚਿੱਤਰਾਂ ਵਿਚ ਇਹੀ ਦਰਸਾਇਆ ਜਾਂਦਾ ਹੈ ਕਿ ਲੋਭੀ ਵਿਅਕਤੀ ਆਪਣੇ ਕੋਲ ਮੌਜੂਦ ਚੀਜ਼ਾਂ ਤੋਂ ਕਦੇ ਸੰਤੁਸ਼ਟ ਨਹੀਂ ਹੁੰਦਾ ਹੈ ਅਤੇ ਜ਼ਿਆਦਾ ਹਾਸਲ ਕਰਨ ਬਾਰੇ ਸੋਚਦਾ ਰਹਿੰਦਾ ਹੈ।
Publish Date: Sat, 24 Jan 2026 11:53 PM (IST)
Updated Date: Sun, 25 Jan 2026 06:45 AM (IST)
ਲੋਭ ਇਕ ਜ਼ਹਿਰ ਹੈ, ਇਸ ਦੇ ਕਈ ਰੂਪ ਤੇ ਰੰਗ ਹੁੰਦੇ ਹਨ। ਆਪਣੀ ਜ਼ਰੂਰਤ ਤੋਂ ਜ਼ਿਆਦਾ ਜਮ੍ਹਾ ਕਰਨਾ ਜਾਂ ਹਰ ਸਮੇਂ ਜ਼ਿਆਦਾ ਤੋਂ ਜ਼ਿਆਦਾ ਹਾਸਲ ਕਰਨ ਬਾਰੇ ਸੋਚਦੇ ਰਹਿਣਾ, ਇਕ ਤਰ੍ਹਾਂ ਦਾ ਲੋਭ ਹੈ। ਆਪਣੀ ਸਹਾਇਤਾ ਲਈ ਜਾਂ ਆਪਣੇ ਜੀਵਨ ਨੂੰ ਆਸਾਨ ਬਣਾਉਣ ਲਈ ਕਿਸੇ ਚੀਜ਼ ਨੂੰ ਵੱਧ ਮਾਤਰਾ ਵਿਚ ਚਾਹੁਣਾ ਹਾਂ-ਪੱਖੀ ਹੋ ਸਕਦਾ ਹੈ ਅਤੇ ਅਸੀਂ ਉਸ ਨੂੰ ਹਾਸਲ ਕਰਨ ਲਈ ਕਦਮ ਚੁੱਕ ਸਕਦੇ ਹਾਂ ਪਰ ਲੋਭ ਉਦੋਂ ਪੈਦਾ ਹੁੰਦਾ ਹੈ ਜਦ ਅਸੀਂ ਉਸ ਨੂੰ ਹਾਸਲ ਕਰ ਲੈਣ ਤੋਂ ਬਾਅਦ ਵੀ ਮਹਿਸੂਸ ਕਰਦੇ ਹਾਂ ਕਿ ਉਹ ਨਾਕਾਫ਼ੀ ਹੈ।
ਜਦ ਜ਼ਿਆਦਾ ਹਾਸਲ ਕਰਨ ਦੀ ਇੱਛਾ ਸਾਡੇ ਮਨ ’ਤੇ ਇਸ ਕਦਰ ਭਾਰੂ ਹੋ ਜਾਂਦੀ ਹੈ ਕਿ ਅਸੀਂ ਕੁਝ ਹੋਰ ਸੋਚ ਨਹੀਂ ਪਾਉਂਦੇ ਹਾਂ ਤਾਂ ਉਹ ਲੋਭ ਵਿਚ ਤਬਦੀਲ ਹੋ ਜਾਂਦੀ ਹੈ। ਰਵਾਇਤੀ ਚਿੱਤਰਾਂ ਵਿਚ ਇਹੀ ਦਰਸਾਇਆ ਜਾਂਦਾ ਹੈ ਕਿ ਲੋਭੀ ਵਿਅਕਤੀ ਆਪਣੇ ਕੋਲ ਮੌਜੂਦ ਚੀਜ਼ਾਂ ਤੋਂ ਕਦੇ ਸੰਤੁਸ਼ਟ ਨਹੀਂ ਹੁੰਦਾ ਹੈ ਅਤੇ ਜ਼ਿਆਦਾ ਹਾਸਲ ਕਰਨ ਬਾਰੇ ਸੋਚਦਾ ਰਹਿੰਦਾ ਹੈ। ਇੱਛਾ ਉਦੋਂ ਲੋਭ ਬਣ ਜਾਂਦੀ ਹੈ ਜਦ ਆਪਣੀ ਮਨਚਾਹੀ ਵਸਤੂ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾਂਦੇ ਹਾਂ ਅਤੇ ਸਭ ਹੱਦਾਂ-ਬੰਨੇ ਤੇ ਨਿਯਮ ਤੋੜ ਦਿੰਦੇ ਹਾਂ।
ਕਈ ਵਾਰ ਲੋਭ ਦਾ ਅਰਥ ਹੁੰਦਾ ਹੈ ਖ਼ੁਦ ਕੋਈ ਚੀਜ਼ ਪ੍ਰਾਪਤ ਕਰਨ ਦੀ ਬਜਾਏ ਹੋਰਾਂ ਤੋਂ ਉਸ ਨੂੰ ਹੜੱਪ ਲੈਣਾ। ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਅਸੀਂ ਦੂਜਿਆਂ ਨੂੰ ਤਕਲੀਫ਼ ਵੀ ਪਹੁੰਚਾਉਂਦੇ ਹਾਂ। ਜਦ ਲੋਭ ਆਪਣਾ ਬਦਸੂਰਤ ਚਿਹਰਾ ਚੁੱਕਦਾ ਹੈ ਤਾਂ ਸਾਡਾ ਮਨ ਅਜਿਹੇ ਵਿਚਾਰਾਂ ਨਾਲ ਭਰ ਜਾਂਦਾ ਹੈ ਜੋ ਸਾਡੀ ਮਾਨਸਿਕ ਸ਼ਾਂਤੀ ਨੂੰ ਭੰਗ ਕਰ ਦਿੰਦਾ ਹੈ।
ਜੋ ਸੰਤੁਸ਼ਟੀ ਅਸੀਂ ਪਹਿਲਾਂ ਮਹਿਸੂਸ ਕਰਦੇ ਸਾਂ, ਜੋ ਸ਼ਾਂਤੀ ਦਾ ਅਹਿਸਾਸ ਦਿਵਾਉਂਦੀ ਸੀ, ਉਸ ਦੀ ਜਗ੍ਹਾ ਅਸੀਂ ਲਗਾਤਾਰ ਜ਼ਿਆਦਾ ਤੋਂ ਜ਼ਿਆਦਾ ਹਾਸਲ ਕਰਨ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਾਂ। ਅਧਿਕਾਰ ਦੀ ਭਾਵਨਾ, ਲੋਭ ਦੀ ਹੀ ਇਕ ਕਿਸਮ ਹੈ। ਜਿਸ ਵਿਚ ਅਸੀਂ ਉਸ ਚੀਜ਼ ’ਤੇ ਮਾਲਕਾਨਾ ਹੱਕ ਜਤਾਉਣਾ ਚਾਹੁੰਦੇ ਹਾਂ ਜਿਸ ਦੇ ਅਸੀਂ ਮਾਲਕ ਨਹੀਂ ਹੁੰਦੇ ਹਾਂ। ਸਾਨੂੰ ਲੱਗਦਾ ਹੈ ਕਿ ਸਾਡਾ ਉਸ ਚੀਜ਼ ’ਤੇ ਹੱਕ ਹੈ ਜੋ ਅਸਲ ਵਿਚ ਸਾਡੀ ਨਹੀਂ ਹੁੰਦੀ। ਧਿਆਨ-ਅਭਿਆਸ, ਲੋਭ ਦੇ ਵਿਕਾਰ ਨੂੰ ਬਾਹਰ ਕੱਢਦਾ ਹੈ। ਇਹ ਸਾਨੂੰ ਅਜਿਹੇ ਅੰਦਰੂਨੀ ਸਰੋਤ ਦੇ ਸੰਪਰਕ ਵਿਚ ਲਿਜਾਉਂਦਾ ਹੈ ਜਿਸ ਨਾਲ ਸਾਨੂੰ ਉਹ ਖ਼ੁਸ਼ੀਆਂ ਮਿਲਦੀਆਂ ਹਨ ਜੋ ਬਾਹਰਲੀਆਂ ਚੀਜ਼ਾਂ ’ਤੇ ਨਿਰਭਰ ਨਹੀਂ ਹਨ।
-ਸੰਤ ਰਾਜਿੰਦਰ ਸਿੰਘ