ਕਰਮ ਫਲ
ਦ੍ਰੌਪਦੀ ਪੰਜ ਸ਼ਕਤੀਸ਼ਾਲੀ ਸੂਰਵੀਰਾਂ ਦੀ ਪਤਨੀ ਸੀ। ਇਕ ਵਾਰ ਉਸ ਨੇ ਦੁਰਯੋਧਨ ਦਾ ਮਜ਼ਾਕ ਉਡਾਇਆ। ਇਸ ਦੇ ਨਤੀਜੇ ਵਜੋਂ ਦ੍ਰੌਪਦੀ ਦਾ ਚੀਰ ਹਰਨ ਭਰੀ ਸਭਾ ਵਿਚ ਹੋਇਆ ਅਤੇ ਉਸ ਦੇ ਪਤੀ ਮੂਕ-ਦਰਸ਼ਕ ਬਣੇ ਰਹੇ। ਇਸ ਤਰ੍ਹਾਂ, ਸਾਫ਼ ਹੈ ਕਿ ਕਰਮ ਫਲ ਤੋਂ ਕੋਈ ਵੀ ਨਹੀਂ ਬਚ ਸਕਦਾ। ਸਪਸ਼ਟ ਹੈ ਕਿ ਜੀਵਨ ਵਿਚ ਕਰਮ ਫਲ ਪ੍ਰਮੁੱਖ ਹੈ।
Publish Date: Fri, 12 Dec 2025 10:34 PM (IST)
Updated Date: Sat, 13 Dec 2025 07:43 AM (IST)
ਸ੍ਰੀਰਾਮਚਰਿਤਮਾਨਸ ਵਿਚ ਤੁਲਸੀਦਾਸ ਨੇ ਲਿਖਿਆ ਹੈ ਕਿ ‘ਕਰਮ ਪ੍ਰਧਾਨ ਵਿਸ਼ਵ ਰਚਿ ਰਾਖਾ, ਜੋ ਜਸ ਕਰਹਿ ਸੋ ਤਸ ਫਲ ਚਾਖਾ।’ ਧਰਮ ਸ਼ਾਸਤਰਾਂ ਮੁਤਾਬਕ ਹਰ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ, ਭਾਵੇਂ ਉਹ ਕਿੰਨਾ ਹੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ। ਦਸ਼ਰਥ ਜੀ ਨੇ ਅਣਜਾਣੇ ’ਚ ਸਰਵਣ ਕੁਮਾਰ ਦੀ ਹੱਤਿਆ ਕਰ ਦਿੱਤੀ ਸੀ ਜਿਸ ਤੋਂ ਬਾਅਦ ਸਰਵਣ ਕੁਮਾਰ ਦੇ ਪਿਤਾ ਨੇ ਉਨ੍ਹਾਂ ਨੂੰ ਸ਼ਰਾਪ ਦਿੱਤਾ ਕਿ ਜਿਸ ਤਰ੍ਹਾਂ ਅੱਜ ਮੈਂ ਪੁੱਤਰ ਦੀ ਮੌਤ ਕਾਰਨ ਪ੍ਰਾਣ ਤਿਆਗ ਰਿਹਾ ਹਾਂ, ਉਸੇ ਤਰ੍ਹਾਂ ਇਕ ਦਿਨ ਤੁਸੀਂ ਵੀ ਪੁੱਤਰ ਦੇ ਵਿਯੋਗ ਵਿਚ ਪ੍ਰਾਣ ਤਿਆਗੋਗੇ ਅਤੇ ਇਹ ਸੱਚ ਹੋਇਆ।ਜਦੋਂ ਭਗਵਾਨ ਰਾਮ ਵਣ ਨੂੰ ਗਏ ਤਾਂ ਪੁੱਤਰ ਦੇ ਵਿਛੋੜੇ ਵਿਚ ਦਸ਼ਰਥ ਦੇ ਪ੍ਰਾਣ ਚਲੇ ਗਏ।
ਦ੍ਰੌਪਦੀ ਪੰਜ ਸ਼ਕਤੀਸ਼ਾਲੀ ਸੂਰਵੀਰਾਂ ਦੀ ਪਤਨੀ ਸੀ। ਇਕ ਵਾਰ ਉਸ ਨੇ ਦੁਰਯੋਧਨ ਦਾ ਮਜ਼ਾਕ ਉਡਾਇਆ। ਇਸ ਦੇ ਨਤੀਜੇ ਵਜੋਂ ਦ੍ਰੌਪਦੀ ਦਾ ਚੀਰ ਹਰਨ ਭਰੀ ਸਭਾ ਵਿਚ ਹੋਇਆ ਅਤੇ ਉਸ ਦੇ ਪਤੀ ਮੂਕ-ਦਰਸ਼ਕ ਬਣੇ ਰਹੇ। ਇਸ ਤਰ੍ਹਾਂ, ਸਾਫ਼ ਹੈ ਕਿ ਕਰਮ ਫਲ ਤੋਂ ਕੋਈ ਵੀ ਨਹੀਂ ਬਚ ਸਕਦਾ। ਸਪਸ਼ਟ ਹੈ ਕਿ ਜੀਵਨ ਵਿਚ ਕਰਮ ਫਲ ਪ੍ਰਮੁੱਖ ਹੈ।
ਕਰਮ ਤਿੰਨ ਕਿਸਮ ਦੇ ਹੁੰਦੇ ਹਨ-ਨਿਯਤ, ਨਿਸ਼ਕਾਮ ਅਤੇ ਕਾਮਨਾ ਵਾਲੇ ਕਰਮ। ਨਿਯਤ ਕਰਮ ਉਹ ਹੁੰਦੇ ਹਨ ਜਿਨ੍ਹਾਂ ਨੂੰ ਕਰਨਾ ਮਨੁੱਖ ਦੀ ਪ੍ਰਮੁੱਖ ਜ਼ਿੰਮੇਵਾਰੀ ਹੁੰਦੀ ਹੈ- ਜਿਵੇਂ ਕਿ ਪਰਿਵਾਰ ਦਾ ਪਾਲਣ-ਪੋਸ਼ਣ ਅਤੇ ਸਮਾਜ ਪ੍ਰਤੀ ਕਰਮ ਆਦਿ। ਕਾਮਨਾ ਵਾਲੇ ਕਰਮ ਉਹ ਹਨ ਜਿਨ੍ਹਾਂ ਨੂੰ ਕਰਨ ਲਈ ਮਨੁੱਖ ਫਲ ਦੀ ਇੱਛਾ ਰੱਖਦਾ ਹੈ।
ਗਿਆਨ ਇੰਦਰੀਆਂ ਸੰਸਾਰ ਦਾ ਅਨੁਭਵ ਕਰਦੀਆਂ ਹਨ। ਮਨ ਸੰਸਾਰਕ ਵਸਤਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਕਰਦਾ ਹੈ। ਮਨੁੱਖ ਉੱਚਿਤ-ਅਣਉੱਚਿਤ ਕਰਮ ਕਰ ਕੇ ਉਨ੍ਹਾਂ ਵਸਤਾਂ ਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਇਸ ਤਰ੍ਹਾਂ ਦੇ ਕਰਮਾਂ ਦਾ ਫਲ ਮਨੁੱਖ ਨੂੰ ਭੋਗਣਾ ਪੈਂਦਾ ਹੈ। ਦੂਜੇ ਪਾਸੇ, ਨਿਸ਼ਕਾਮ ਕਰਮ ਦਾ ਫਲ ਮਨੁੱਖ ਈਸ਼ਵਰ ਨੂੰ ਸਮਰਪਿਤ ਕਰ ਦਿੰਦਾ ਹੈ। ਇਸ ਤਰ੍ਹਾਂ ਦੇ ਕਰਮ ਦਾ ਫਲ ਈਸ਼ਵਰ ਮਨੁੱਖ ਨੂੰ ਸਰਬੋਤਮ ਰੂਪ ਵਿਚ ਮੋਕਸ਼ ਪ੍ਰਾਪਤੀ ਦੁਆਰਾ ਦਿੰਦਾ ਹੈ।
ਇਸ ਤਰ੍ਹਾਂ, ਨਿਸ਼ਕਾਮ ਕਰਮ ਦੁਆਰਾ ਮਨੁੱਖ ਜੀਵਨ ਦੇ ਪਰਮ ਟੀਚੇ ਮੋਕਸ਼ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਲਈ ਹਰ ਮਨੁੱਖ ਨੂੰ ਆਪਣੇ ਨਿਯਤ ਕਰਮ ਦੇ ਨਾਲ-ਨਾਲ ਨਿਸ਼ਕਾਮ ਕਰਮ ਵੀ ਕਰਨੇ ਚਾਹੀਦੇ ਹਨ ਜਿਨ੍ਹਾਂ ਦੁਆਰਾ ਉਸ ਨੂੰ ਜੀਵਨ ਦਾ ਪਰਮ ਟੀਚਾ ਪ੍ਰਾਪਤ ਹੋ ਸਕਦਾ ਹੈ।
-ਕਰਨਲ ਸ਼ਿਵਦਾਨ ਸਿੰਘ