ਕਰਤਾਰਪੁਰ ਸ਼ਹਿਰ ਜਿੱਥੇ ਇਤਿਹਾਸਕ ਅਤੇ ਧਾਰਮਿਕ ਪੱਖੋਂ ਅਮੀਰ ਹੈ ਉੱਥੇ ਲੱਕੜ ਦੇ ਕਾਰੋਬਾਰ ਕਰਕੇ ਦੇਸ਼ ਭਰ ’ਚ ਪ੍ਰਸਿੱਧ ਹੈ। ਇਸ ਇਤਿਹਾਸਕ ਸ਼ਹਿਰ ਦੀ ਸਥਾਪਨਾ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਉਨ੍ਹਾਂ ਨਗਰ ਦੀ ਨੀਂਹ ਜਲੰਧਰ ਦੇ ਮੁਗ਼ਲ ਫ਼ੌਜਦਾਰ ਅਜ਼ੀਮ ਖ਼ਾਨ ਦੀ ਬੇਨਤੀ ’ਤੇ ਕੀਤੀ ਸੀ।

ਕਰਤਾਰਪੁਰ ਸ਼ਹਿਰ ਜਿੱਥੇ ਇਤਿਹਾਸਕ ਅਤੇ ਧਾਰਮਿਕ ਪੱਖੋਂ ਅਮੀਰ ਹੈ ਉੱਥੇ ਲੱਕੜ ਦੇ ਕਾਰੋਬਾਰ ਕਰਕੇ ਦੇਸ਼ ਭਰ ’ਚ ਪ੍ਰਸਿੱਧ ਹੈ। ਇਸ ਇਤਿਹਾਸਕ ਸ਼ਹਿਰ ਦੀ ਸਥਾਪਨਾ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਉਨ੍ਹਾਂ ਨਗਰ ਦੀ ਨੀਂਹ ਜਲੰਧਰ ਦੇ ਮੁਗ਼ਲ ਫ਼ੌਜਦਾਰ ਅਜ਼ੀਮ ਖ਼ਾਨ ਦੀ ਬੇਨਤੀ ’ਤੇ ਕੀਤੀ ਸੀ ਅਤੇ 1593 ਨੂੰ ਕਰਤਾਰਪੁਰ ਦੀ ਸਥਾਪਨਾ ਦਾ ਥੰਮ੍ਹ ਗੱਡਿਆ ਸੀ, ਜਿੱਥੇ ਗੁਰਦੁਆਰ ਥੰਮ੍ਹ ਸਾਹਿਬ ਸੁਸ਼ੋਭਿਤ ਹੈ। ਅਜ਼ੀਮ ਖ਼ਾਨ ਚਾਹੁੰਦਾ ਸੀ ਕਿ ਇਸ ਨਗਰ ਦਾ ਨਾਂ ਗੁਰੂ ਅਰਜਨ ਦੇਵ ਜੀ ਦੇ ਨਾਮ ’ਤੇ ਰੱਖਿਆ ਜਾਵੇ ਪਰ ਗੁਰੂ ਸਾਹਿਬ ਨੇ ਇਸ ਦਾ ਨਾਂ ਕਰਤਾਰਪੁਰ ਰੱਖਿਆ ਸੀ।
ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਮੁਤਾਬਕ ਸ਼ਹਿਰ ਵਾਸਤੇ ਜ਼ਮੀਨ ਮੁਗ਼ਲ ਬਾਦਸ਼ਾਹ ਅਕਬਰ ਦੇ ਪੁੱਤਰ ਸਹਿਜ਼ਾਦਾ ਜਹਾਂਗੀਰ (ਸਲੀਮ) ਵੱਲੋਂ ਪਟਾ ਲਿਖ ਕੇ ਦਿੱਤਾ ਗਿਆ ਸੀ ਪਰ ਅੰਗਰੇਜ਼ ਇਤਿਹਾਸਕਾਰ ਮੈਕਾਲਫ ਲਿਖਦੇ ਹਨ ਕਿ ਸਲੀਮ ਨੇ ਕਿਹਾ ਜ਼ਰੂਰ ਸੀ ਪਰ ਗੁਰੂ ਸਾਹਿਬ ਜਾਣਦੇ ਸਨ ਕਿ ਪਿੱਛੋਂ ਕਈ ਝਗੜੇ ਪੈ ਸਕਦੇ ਹਨ, ਇਸ ਲਈ ਉਨ੍ਹਾਂ ਨੇ ਸਹਿਜ਼ਾਦੇ ਸਲੀਮ ਦਾ ਪਟਾ ਸਵੀਕਾਰ ਨਹੀਂ ਕੀਤਾ ਸੀ ਅਤੇ ਸ਼ਹਿਰ ਲਈ ਜ਼ਮੀਨ ਖ਼ਰੀਦੀ ਸੀ। ਇਸ ਸ਼ਹਿਰ ਦਾ ਰਕਬਾ 6657 ਏਕੜ ਦੱਸਿਆ ਜਾਂਦਾ ਹੈ ਅਤੇ ਬਹੁਤ ਰਕਬਾ ਧੀਰਮੱਲੀਏ ਅਰਥਾਤ ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਧੀਰਮੱਲ ਦੇ ਪਰਿਵਾਰ ਕੋਲ ਹੈ।
ਗੁਰੂ ਅਰਜਨ ਸਾਹਿਬ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਵੀ ਕੁਝ ਸਮਾਂ ਇੱਥੇ ਰਹੇ ਸਨ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਸੂਰਜ ਮੱਲ ਤੇ ਤੇਗ ਬਹਾਦਰ (9ਵੇਂ ਗੁਰੂ) ਦਾ ਵਿਆਹ ਕਰਤਾਰਪੁਰ ਵਿਖੇ ਹੀ ਹੋਇਆ ਸੀ। ਉਨ੍ਹਾਂ ਦੇ ਪੋਤੇ ਧੀਰਮੱਲ ਇੱਥੇ ਪੱਕੇ ਵੱਸ ਗਏ ਸਨ ਜਦੋਂਕਿ ਗੁਰੂ ਹਰਗੋਬਿੰਦ ਜੀ ਬਾਕੀ ਸਾਰੇ ਪਰਿਵਾਰ ਸਮੇਤ ਇੱਥੋਂ ਕੀਰਤਪੁਰ ਸਾਹਿਬ ਚਲੇ ਗਏ ਸਨ। ਗੁਰੂ ਅਰਜਨ ਦੇਵ ਜੀ ਨੇ ਸ਼ਹਿਰ ਦੀ ਸਥਾਪਨਾ ਮੌਕੇ ਸਿੱਖ ਧਰਮ ਦੀ ਪਰੰਪਰਾ ਮੁਤਾਬਕ ਸਾਰੇ ਮਜ਼੍ਹਬਾਂ ਤੇ ਜਾਤਾਂ ਦੇ ਲੋਕਾਂ ਨੂੰ ਇੱਥੇ ਵਸਾਉਣ ਲਈ ਮੁਫ਼ਤ ਜ਼ਮੀਨ ਦਿੱਤੀ ਸੀ। ਇਲਾਕੇ ਵਿਚ ਜੰਗਲ ਹੋਣ ਕਰਕੇ ਤੇ ਲੱਕੜ ਦੀ ਬਹੁਤਾਤ ਕਾਰਨ ਹੀ ਗੁਰੂ ਸਾਹਿਬ ਨੇ ਲੱਕੜ ਦੇ ਕਾਰੀਗਰਾਂ ਨੂੰ ਇੱਥੇ ਵਿਸ਼ੇਸ਼ ਵਸਾਇਆ ਸੀ। 1757 ’ਚ ਅਹਿਮਦ ਸ਼ਾਹ ਦੁਰਾਨੀ ਨੇ ਕਰਤਾਰਪੁਰ ’ਤੇ ਹਮਲਾ ਕੀਤਾ ਅਤੇ ਸਾਰੇ ਸ਼ਹਿਰ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ ਥੰਮ੍ਹ ਸਾਹਿਬ ਗੁਫ਼ਾ ਨੂੰ ਅੱਗ ਲਾ ਦਿੱਤੀ। ਇਸ ਉਪਰੰਤ ਧੀਰਮੱਲ ਦੇ ਵਾਰਸ ਬਾਬਾ ਵਡਭਾਗ ਸਿੰਘ ਨੇ ਅਦੀਨਾ ਬੇਗ ਦੀ ਮਦਦ ਨਾਲ ਹਮਲਾ ਕਰ ਕੇ ਮੁੜ ਸ਼ਹਿਰ ’ਤੇ ਕਬਜ਼ਾ ਕਰ ਲਿਆ।
ਪ੍ਰਸਿੱਧ ਧਾਰਮਿਕ ਤੇ ਇਤਿਹਾਸਕ ਅਸਥਾਨ
ਇੱਥੇ ਪ੍ਰਮੁੱਖ ਇਤਿਹਾਸਕ ਧਾਰਮਿਕ ਅਸਥਾਨਾਂ ’ਚ ਗੁਰਦੁਆਰਾ ਥੰਮ੍ਹ ਸਾਹਿਬ ਤੋਂ ਇਲਾਵਾ ਗੁਰਦੁਆਰਾ ਗੰਗਸਰ ਸਾਹਿਬ ਪਾਤਸ਼ਾਹੀ ਚੌਥੀ ਤੇ ਪੰਜਵੀਂ, ਸਰਾਂ ਗੁਰਦੁਆਰਾ ਗੰਗਸਰ ਸਾਹਿਬ, ਗੁਰਦੁਆਰਾ ਸ੍ਰੀ ਚੁਬੱਚਾ ਸਾਹਿਬ, ਬੀਬੀ ਕੌਲਾਂ ਦਾ ਸਮਾਧੀ ਅਸਥਾਨ, ਚੋਪੜ ਸਾਹਿਬ, ਗੁਰਦੁਆਰਾ ਵਿਆਹ ਅਸਥਾਨ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ, ਨਾਨਕਿਆਣਾ ਸਾਹਿਬ, ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਸੱਤਵੀਂ, ਗੁਰਦੁਆਰਾ ਬਾਬੇ ਦੀ ਬੇਰ, ਸ਼ੀਸ਼ ਮਹਿਲ, ਗੁਰਦੁਆਰਾ ਬਾਬਾ ਵਡਭਾਗ ਸਿੰਘ ਜੀ, ਗੁਰਦੁਆਰਾ ਸੰਤ ਬਾਬਾ ਨਿਧਾਨ ਸਿੰਘ ਜੀ, ਗੁਰਦੁਆਰਾ ਰਾਮਗੜ੍ਹੀਆ, ਕਿਲ੍ਹਾ ਕੋਠੀ, ਭਗਤੂ ਦਾ ਖੂਹ ਆਦਿ ਸਥਿਤ ਹਨ। ਇਸ ਤੋਂ ਇਲਾਵਾ ਹੋਰਨਾਂ ਦੇ ਧਰਮਾਂ ਤੇ ਵਰਗਾਂ ਦੇ ਧਾਰਮਿਕ ਅਸਥਾਨ ਵੀ ਬਣੇ ਹੋਏ ਹਨ। ਧਾਰਮਿਕ ਅਸਥਾਨਾਂ ਤੋਂ ਇਲਾਵਾ ਕਰਤਾਰਪੁਰ ਦੇ ਨਜ਼ਦੀਕ ਹੀ ਪੰਜਾਬ ਸਰਕਾਰ ਵੱਲੋਂ ਵਿਰਾਸਤੀ ਇਮਾਰਤ ਜੰਗੇ-ਆਜ਼ਾਦੀ ਕਾਇਮ ਕੀਤੀ ਗਈ ਹੈ। ਸਬਜ਼ੀ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਇੱਥੇ ਇਜ਼ਰਾਈਲ ਦੀ ਭਾਈਵਾਲੀ ਨਾਲ ਸਬਜ਼ੀ ਖੋਜ ਕੇਂਦਰ ਚਲਾਇਆ ਜਾ ਰਿਹਾ ਹੈ, ਜਿੱਥੇ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆ ਤੋਂ ਵੀ ਕਿਸਾਨ ਸਬਜ਼ੀ ਦੀਆਂ ਤਕਨੀਕਾਂ ਤੇ ਪੋਲੀ ਹਾਊਸ ਬਾਰੇ ਸਿਖਲਾਈ ਲੈਣ ਲਈ ਆਉਦੇ ਹਨ।
ਇੰਡੋ-ਇਜ਼ਰਾਈਲ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ਼
ਕਰਤਾਰਪੁਰ ਤੋਂ ਜਲੰਧਰ ਨੂੰ ਆਉਦਿਆਂ ਖੱਬੇ ਹੱਥ ਜਿੱਥੇ ਪਹਿਲਾਂ ਆਲੂ ਖੋਜ ਕੇਂਦਰ ਹੁੰਦਾ ਸੀ, ਉਸ ਥਾਂ ’ਤੇ ਮੌਜੂਦਾ ਸਮੇਂ ਸਬਜ਼ੀਆਂ ਦੀ ਕਾਸ਼ਤ ਬਾਰੇ ਸਿਖਲਾਈ ਦੇਣ, ਘੱਟ ਰਕਬੇ ’ਚ ਵਧੇਰੇ ਸਬਜ਼ੀਆਂ ਦੀ ਪੈਦਾਵਾਰ ਲੈਣ ਅਤੇ ਪੋਲੀ ਹਾਊਸ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਸਬਜ਼ੀਆਂ ਦਾ ਭਾਰਤ ਤੇ ਇਜ਼ਰਾਈਲ ਦੀ ਭਾਈਵਾਲੀ ਨਾਲ ਸੈਂਟਰ ਚੱਲ ਰਿਹਾ ਹੈ। ਇਹ ਸੈਂਟਰ 24 ਦਸੰਬਰ 2013 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਇਜ਼ਰਾਈਲ ਦੇ ਰਾਜਦੂਤ ਵੱਲੋਂ ਉਦਘਾਟਨ ਕਰ ਕੇ ਸ਼ੁਰੂ ਕਰਵਾਇਆ ਗਿਆ ਸੀ। ਬਾਗ਼ਬਾਨੀ ਵਿਭਾਗ ਪੰਜਾਬ ਅਧੀਨ ਚੱਲ ਰਹੇ ਇਸ ਸੈਂਟਰ ਦੇ ਮੁਖੀ ਡਾ. ਦਲਜੀਤ ਸਿੰਘ ਗਿੱਲ ਹਨ। ਇੱਥੇ ਪੰਜਾਬ ਤੋਂ ਇਲਾਵਾ ਨਾਲ ਲੱਗਦੇ ਸੂਬਿਆਂ ਦੇ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਬਾਰੇ ਆਧੁਨਿਕ ਤਕਨੀਕਾਂ, ਖੋਜ ਤੇ ਪੋਲੀ ਹਾਊਸ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਸਿਖਲਾਈ ਕੈਂਪ ਲਾਏ ਜਾਂਦੇ ਹਨ। ਇਹ ਸਿਖਲਾਈ ਕੈਂਪ ਪੀਏਯੂ, ਕੇਵੀਕੇ, ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਲਾਏ ਜਾਂਦੇ ਹਨ।
ਜੰਗ-ਏ-ਆਜ਼ਾਦੀ ਮੈਮੋਰੀਅਲ
ਆਜ਼ਾਦੀ ਦੀ ਲੜਾਈ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਦੀ ਯਾਦ ’ਚ ਅਜਾਇਬਘਰ ਸ਼ਹਿਰ ਦੇ ਨਾਲ ਜਲੰਧਰ ਰੋਡ ’ਤੇ ਜੰਗ-ਏ-ਆਜ਼ਾਦੀ ਮੈਮੋਰੀਅਲ ਬਣਾਇਆ ਗਿਆ ਹੈ। ਇਸ ’ਚ ਪੰਜਾਬੀਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਪਾਏ ਗਏ ਯੋਗਦਾਨ ਤੇ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ 25 ਏਕੜ ਰਕਬੇ ’ਚ ਪੰਜਾਬ ਸਰਕਾਰ ਵੱਲੋਂ 200 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਅਜਾਇਬਘਰ ਦਾ ਨਿਰਮਾਣ ਕਰਵਾਇਆ ਗਿਆ ਸੀ। ਇਸ ਦਾ ਨੀਂਹ ਪੱਥਰ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 19 ਅਕਤੂਬਰ 2014 ’ਚ ਰੱਖਿਆ ਸੀ ਤੇ ਇਸ ਦਾ ਨਿਰਮਾਣ ਕਾਰਜ 26 ਮਾਰਚ 2015 ’ਚ ਸ਼ੁਰੂ ਹੋਇਆ ਸੀ। ਜੰਗ-ਏ-ਆਜ਼ਾਦੀ ਮੈਮੋਰੀਅਲ ਦੇ ਡਿਜ਼ਾਈਨ, ਨਿਰਮਾਣ ਤੇ ਯੋਜਨਾ ਲਈ ਇਤਿਹਾਸਕਾਰਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਦੀ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ’ਤੇ ਇਸ ਦੀ ਉਸਾਰੀ ਕਰਵਾਈ ਗਈ। ਜੰਗ-ਏ-ਆਜ਼ਾਦੀ ਦੇ ਅੰਦਰ ਵੱਖ-ਵੱਖ ਗੈਲਰੀਆਂ ਦਾ ਨਿਰਮਾਣ ਕੀਤਾ ਗਿਆ ਹੈ, ਜਿਨ੍ਹਾਂ ’ਚ ਦੇਸ਼ ਦੀ ਆਜ਼ਾਦੀ ਦੀ ਜੰਗ ਨਾਲ ਜੁੜੀਆਂ ਵੱਖ-ਵੱਖ ਲਹਿਰਾਂ ਬਾਰੇ ਆਧੁਨਿਕ ਤਕਨੀਕਾਂ ਨਾਲ ਬਹੁਤ ਵਧੀਆ ਢੰਗ ਨਾਲ ਵਰਨਣ ਕੀਤਾ ਗਿਆ ਹੈ। 45 ਮੀਟਰ ਉੱਚਾ ਸ਼ਹੀਦ-ਏ-ਮੀਨਾਰ ਨਾਂ ਦਾ ਮੀਨਾਰ ਉਸਾਰਿਆ ਗਿਆ ਹੈ। ਇਸ ਤੋਂ ਇਲਾਵਾ ਆਡੀਟੋਰੀਅਮ, ਡੋਮ ਥੀਏਟਰ, ਓਪਨ ਏਅਰ ਥੀਏਟਰ, ਐਮਫੀਥੀਏਟਰ, ਲਾਇਬ੍ਰੇਰੀ, ਖੋਜ ਤੇ ਸੈਮੀਨਾਰ ਹਾਲ ਬਣਾਏ ਗਏ ਹਨ।
ਦੇਸ਼ ਭਰ ’ਚ ਪ੍ਰਸਿੱਧ ਹੈ ਫਰਨੀਚਰ ਕਾਰੋਬਾਰ
ਕਦੇ ਇੱਥੋਂ ਦਾ ਬਣਿਆ ਲੱਕੜ ਦਾ ਫਰਨੀਚਰ ਭਾਰਤ ਦੇ ਕੋਨੇ-ਕੋਨੇ ਤੋਂ ਖ਼ਰੀਦਣ ਲਈ ਲੋਕ ਆਇਆ ਕਰਦੇ ਸਨ। ਇੱਥੇ ਤਿਆਰ ਕੀਤੇ ਜਾਣ ਵਾਲਾ ਫਰਨੀਚਰ ਖ਼ੂਬਸੂਰਤ ਤੇ ਮਜ਼ਬੂਤ ਹੁੰਦਾ ਹੈ। ਦੇਸ਼ ਦੇ ਦੂਰ-ਦਰਾਡੇ ਇਲਾਕਿਆਂ ’ਚੋਂ ਲੋਕ ਆਪਣੇ ਘਰਾਂ ਅਤੇ ਕੁੜੀਆਂ ਨੂੰ ਦਾਜ ’ਚ ਫਰਨੀਚਰ ਦੇਣ ਲਈ ਇਥੋਂ ਹੀ ਲੈ ਕੇ ਜਾਂਦੇ ਰਹੇ ਹਨ। ਹਾਲਾਂਕਿ ਮੌਜੂਦਾ ਸਮੇਂ ਹਰ ਸ਼ਹਿਰ ਤੇ ਕਸਬੇ ’ਚ ਲੱਕੜ ਦੇ ਫਰਨੀਚਰ ਦੇ ਵੱਡੇ-ਵੱਡੇ ਸ਼ੋਅਰੂਮ ਖੁੱਲ੍ਹਣ ਨਾਲ ਇੱਥੋਂ ਦੀ ਫਰਨੀਚਰ ਮਾਰਕੀਟ ਦੀ ਓਨੀ ਕਦਰ ਨਹੀਂ ਰਹੀ ਪਰ ਹਾਲੇ ਵੀ ਫਰਨੀਚਰ ਬਣਾਉਣ ਵਾਲੇ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਲੋਕ ਇੱਥੋਂ ਕੱਚਾ ਮਾਲ ਲੈ ਕੇ ਜਾਂਦੇ ਹਨ ਅਤੇ ਉਸ ਨੂੰ ਆਖ਼ਰੀ ਛੋਹਾਂ ਦੇ ਕੇ ਫਰਨੀਚਰ ਤਿਆਰ ਕਰਦੇ ਹਨ। ਸ਼ਹਿਰ ਦੇ ਪ੍ਰਸਿੱਧ ਫਰਚੀਨਰ ਕਾਰੋਬਾਰੀ ਸਾਈਂ ਦਾਸ ਅਗਰਵਾਲ ਐਂਡ ਸੰਨਜ਼ ਦੇ ਮਾਲਕ ਦਾ ਕਹਿਣਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸ਼ਹਿਰ ਦੀ ਸਥਾਪਨਾ ਵੇਲੇ ਜਿੱਥੇ ਸਾਰੇ ਧਰਮਾਂ ਤੇ ਵਰਗਾਂ ਨੂੰ ਇੱਥੇ ਵਸਾਇਆ, ਉੱਥੇ ਹੀ ਇੱਥੇ ਵਧੀਆ ਲੱਕੜ ਦਾ ਗੜ੍ਹ ਦੇਖ ਕੇ ਲੱਕੜ ਦੇ ਕਾਰੀਗਰਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਅਤੇ ਮੁਫ਼ਤ ’ਚ ਥਾਵਾਂ ਦਿੱਤੀਆਂ। ਇੱਥੇ ਬਹੁਤ ਸਾਰੇ ਕਾਰੋਬਾਰੀ ਕਈ ਪੀੜ੍ਹੀਆਂ ਤੋਂ ਆਪਣੇ ਪਿਤਾ-ਪੁਰਖੀ ਲੱਕੜ ਦੇ ਕਾਰੋਬਾਰ ’ਚ ਲੱਗੇ ਹੋਏ ਹਨ। ਹਾਲਾਂਕਿ ਬਦਲਦੇ ਸਮੇਂ ਦੇ ਨਾਲ ਹੋਰਨਾਂ ਲੋਕਾਂ ਨੇ ਵੀ ਇਹ ਕਾਰੋਬਾਰ ਸ਼ੁਰੂ ਕਰ ਲਿਆ।
ਗੁਰੂ ਵਿਰਜਾਨੰਦ ਸਮਾਰਕ ’ਚ ਹਿੰਦੂ ਸੰਸਿਤੀ ਦੀ ਸਿੱਖਿਆ ਦੇ ਰਿਹਾ ਗੁਰੂਕੁਲ
ਇੱਥੇ ਸਥਿਤ ਗੁਰੂ ਵਿਰਜਾਨੰਦ ਸਮਾਰਕ ’ਚ ਹਿੰਦੂ ਸੰਸਿਤੀ ਦੀ ਸਿੱਖਿਆ ਦੇਣ ਲਈ ਪਿਛਲੇ ਕਰੀਬ 50 ਸਾਲਾਂ ਤੋਂ ਗੁਰੂਕੁਲ ਚਲਾਇਆ ਜਾ ਰਿਹਾ ਹੈ। ਇੱਥੇ ਹਿੰਦੂ ਧਰਮ ਦੇ ਵੇਦਾਂ, ਉਪਨਿਸ਼ਦਾਂ ਤੇ ਸੰਸਿਤ ਦੀ ਵਿੱਦਿਆ ਦੇਣ ਨਾਲ ਹੀ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਇੱਥੋਂ ਵਿੱਦਿਆ ਹਾਸਲ ਕਰਨ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ’ਚੋਂ ਬੱਚੇ ਦਾਖ਼ਲ ਹੁੰਦੇ ਹਨ, ਜਿਨ੍ਹਾਂ ਨੂੰ ਛੇਵੀਂ ਜਮਾਤ ਤੋਂ ਲੈ ਕੇ ਬੀਏ ਦੀ ਡਿਗਰੀ ਤਕ ਪੜ੍ਹਾਈ ਕਰਵਾਈ ਜਾਂਦੀ ਹੈ। ਗੁਰੂ ਵਿਰਜਾਨੰਦ ਸਮਾਰਕ ਦੇ ਮੈਨੇਜਰ ਸੁਖਦੇਵ ਦੱਸਦੇ ਹਨ ਕਿ ਇਹ ਸਮਾਰਕ 1956 ’ਚ ਅੰਮਿ੍ਰਤਸਰ ਦੇ ਰਹਿਣ ਵਾਲੇ ਬਦਰੀ ਨਾਥ ਨੇ ਬਣਵਾਇਆ ਜੋ ਕਿ ਕੀਨੀਆ ਜਾ ਕੇ ਵਸ ਗਏ ਸਨ। 1970 ’ਚ ਗੁਰੂ ਵਿਰਜਾਨੰਦ ਦੀ ਸ਼ਤਾਬਦੀ ਮਨਾਈ ਗਈ, ਜਿਸ ਦੌਰਾਨ ਸਮਾਰਕ ਦੇ ਪ੍ਰਬੰਧਕਾਂ ਨੇ ਇੱਥੇ ਗੁਰੂਕਲ ਖੋਲ੍ਹਣ ਦੀ ਯੋਜਨਾ ਬਣਾਈ ਸੀ ਅਤੇ ਉਦੋਂ ਤੋਂ ਇਹ ਗੁਰੂਕੁਲ ਚੱਲ ਰਿਹਾ ਹੈ। ਸੁਖਦੇਵ ਮੁਤਾਬਕ ਇੱਥੇ ਬੱਚੇ ਨੂੰ 6ਵੀਂ ਜਮਾਤ ’ਚ ਦਾਖ਼ਲ ਕੀਤਾ ਜਾਂਦਾ ਹੈ ਅਤੇ ਸਾਲ ਦੀ ਸਿਰਫ਼ 8-9 ਹਜ਼ਾਰ ਦੀ ਦਾਖ਼ਲਾ ਫ਼ੀਸ ਲਈ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਕੋਈ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ ਅਤੇ ਬੱਚਿਆਂ ਦੀ ਪੜ੍ਹਾਈ-ਲਿਖਾਈ, ਰਹਿਣ-ਸਹਿਣ, ਖਾਣ-ਪੀਣ ਤੇ ਕੱਪੜੇ ਤਕ ਗੁਰੂਕੁਲ ਵੱਲੋਂ ਹੀ ਮੁਹੱਈਆ ਕਰਵਾਏ ਜਾਂਦੇ ਹਨ। ਇੱਥੋਂ ਪੜ੍ਹ ਕੇ ਬੱਚੇ ਦੇਸ਼-ਵਿਦੇਸ਼ ’ਚ ਜਾ ਕੇ ਹਿੰਦੂ ਸੰਸਿਤੀ ਦਾ ਪ੍ਰਚਾਰ-ਪ੍ਰਸਾਰ ਕਰ ਰਹੇ ਹਨ।
ਗੁਰਦੁਆਰਾ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀਂ ਤੇ ਛੇਵੀਂ
ਸ਼ਹਿਰ ਦੇ ਪੂਰਬੀ ਹਿੱਸੇ ’ਚ ਗੁਰਦੁਆਰਾ ਗੰਗਸਰ ਸਾਹਿਬ ਸੁਸ਼ੋਭਿਤ ਹੈ, ਜਿਸ ਦੇ ਨਾਲ ਹੀ ਖੂਹ ਹੈ ਜੋ ਕਿ ਗੁਰੂ ਅਰਜਨ ਦੇਵ ਜੀ ਵੱਲੋਂ 1598 ’ਚ ਖੁਦਵਾਇਆ ਗਿਆ ਸੀ। ਇਕ ਸਾਖੀ ਮੁਤਾਬਕ ਇੱਥੇ ਵਿਸਾਖੀ ਦਾ ਮੇਲਾ ਲੱਗਾ ਹੋਇਆ ਸੀ ਤਾਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆ ਰਹੀਆਂ ਸਨ। ਇਕ ਸਿੱਖ ਸ਼ਰਧਾਲੂ ਨੇ ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਗੰਗਾ ਇਸ਼ਨਾਨ ਕਰਨ ਲਈ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਇੱਥੇ ਹੀ ਇਨਸ਼ਾਨ ਕਰ ਲਵੋ, ਇਹ ਖੂਹ ਵੀ ਗੰਗਾ ਜੀ ਦੇ ਸਮਾਨ ਹੈ ਪਰ ਗੁਰੂ ਜੀ ਦੇ ਤਿੰਨ ਵਾਰ ਮਨ੍ਹਾ ਕਰਨ ’ਤੇ ਵੀ ਨਾ ਮੰਨਿਆ ਤਾਂ ਗੁਰੂ ਜੀ ਨੇ ਕਿਹਾ ਕਿ ਜੇਕਰ ਜਾਣਾ ਹੀ ਤਾਂ ਸਾਡਾ ਵੀ ਗੜਵਾ ਲੈ ਜਾ ਉੱਥੋਂ ਸਾਡੇ ਲਈ ਜਲ ਭਰ ਲਿਆਵੀਂ, ਸਿੱਖ ਗੜਵਾ ਲੈ ਗਿਆ। ਸਿੱਖ ਨੇ ਉੱਥੇ ਜਾ ਕੇ ਗੰਗਾ ਇਸ਼ਨਾਨ ਕੀਤਾ ਤੇ ਜਦੋਂ ਗੜਵਾ ਭਰਨ ਲੱਗਾ ਤਾਂ ਉਹ ਉਸ ਦੇ ਹੱਥੋਂ ਛੁਟ ਗਿਆ ਤੇ ਰੁੜ ਗਿਆ। ਉਹ ਹੋਰ ਗੜਵਾ ਲੈ ਕੇ ਗੁਰੂ ਜੀ ਲਈ ਜਲ ਭਰ ਲਿਆਇਆ। ਜਦ ਗੁਰੂ ਜੀ ਅੱਗੇ ਉਹ ਗੜਵਾ ਰੱਖਿਆ ਤਾਂ ਗੁਰੂ ਸਾਹਿਬ ਨੇ ਫੁਰਮਾਇਆ ਕਿ ਭਾਈ ਇਹ ਗੜਵਾ ਸਾਡਾ ਨਹੀਂ ਹੈ। ਤਦ ਸਿੱਖ ਨੇ ਗੜਵਾ ਗੁੰਮ ਹੋਣ ਦੀ ਗੱਲ ਦੱਸੀ ਤਾਂ ਗੁਰੂ ਜੀ ਨੇ ਕਿਹਾ ਕਿ ਜੇਕਰ ਗੜਵਾ ਗੰਗਾ ’ਚ ਹੀ ਡਿੱਗਿਆ ਸੀ ਤਾਂ ਆਪਾਂ ਏਥੇ ਕੱਢਵਾ ਲੈਂਦੇ ਹਾਂ। ਇਸ ਤਰ੍ਹਾਂ ਗੁਰੂ ਜੀ ਨੇ ਸਿੱਖ ਨੂੰ ਬੁਲਾ ਕੇ ਗੜਵਾ ਖੂਹ ’ਚੋਂ ਕੱਢਵਾ ਲਿਆ। ਵਿਸਾਖੀ ਨਾਂ ਦੇ ਉਸ ਸਿੱਖ ਨੇ ਚੁੱਭੀ ਲਾਈ ਤੇ ਗੜਵਾ ਕੱਢ ਲਿਆਂਦਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਗੰਗਾ ਇਸ਼ਨਾਨ ਦੇ ਮਹਾਤਮ ਦੇ ਵਹਿਮ ਨੂੰ ਸਿੱਖਾਂ ’ਚੋਂ ਦੂਰ ਕਰ ਕੇ ਇਸ ਖੂਹ ਦੇ ਇਸ਼ਨਾਨ ਦੇ ਮਹਾਤਮ ਨੂੰ ਦਰਸਾਇਆ। ਇਸ ਖੂਹ ਦੇ ਨਾਲ ਹੀ ਮੰਜੀ ਸਾਹਿਬ ਬਣਿਆ ਹੋਇਆ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਸ ਥਾਂ ’ਤੇ ਬੈਠ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਇਹ ਗੁਰਦੁਆਰਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ। ਗੁਰਦੁਆਰਾ ਗੰਗਸਰ ਸਾਹਿਬ ’ਚ ਹਰ ਸਾਲ ਵਿਸਾਖੀ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਮੌਕੇ ਇਲਾਕੇ ਭਰ ’ਚੋਂ ਵੱਡੀ ਗਿਣਤੀ ’ਚ ਸੰਗਤ ਇੱਥੇ ਇਸ਼ਨਾਨ ਕਰਨ ਲਈ ਆਉਦੀ ਹੈ।
ਗੁਰਦੁਆਰਾ ਬਾਬਾ ਵਡਭਾਗ ਸਿੰਘ ਜੀ
ਬਾਬਾ ਵਡਭਾਗ ਸਿੰਘ ਸੋਢੀ ਜੋ ਕਿ 1762 ’ਚ ਅਕਾਲ ਚਲਾਣਾ ਕਰ ਗਏ ਸਨ, ਦੇ ਸ਼ਰਧਾਲੂਆਂ ਨੇ ਕਰਤਾਰਪੁਰ ਤੇ ਪਹਾੜਾਂ ’ਚ ਮੈੜੀ ਦੇ ਅਸਥਾਨ ’ਤੇ ਉਨ੍ਹਾਂ ਦੀ ਯਾਦ ’ਚ ਗੁਰਦੁਆਰੇ ਬਣਾਏ ਹੋਏ ਹਨ। ਇੱਥੇ ਸਥਿਤ ਇਹ ਗੁਰਦੁਆਰਾ ਬਾਬਾ ਨੌ ਨਿਹਾਲ ਸਿੰਘ ਜੀ ਨੇ ਉਨ੍ਹਾਂ ਦੀ ਯਾਦ ’ਚ 1905-06 ’ਚ ਬਣਵਾਇਆ ਸੀ। ਇਸ ’ਚ ਬਾਬਾ ਵਡਭਾਗ ਸਿੰਘ, ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸੋਢੀ ਨੌਨਿਹਾਲ ਸਿੰਘ ਦੇ ਬੁੱਤ ਮਾਤਾ ਨਿਹਾਲ ਕੌਰ ਵੱਲੋਂ ਬਣਵਾਏ ਗਏ ਹਨ। ਇਸ ਦੀਆਂ ਦੋਵਾਂ ਨੁਕਰਾਂ ’ਤੇ ਦੋ ਮੰਦਰ ਬਣੇ ਹੋਏ ਹਨ ਤੇ ਇਕ ਨੁੱਕਰ ’ਤੇ ਇਕ ਕਮਰਾ ਬਾਬਾ ਵਡਭਾਗ ਸਿੰਘ ਜੀ ਦੀ ਭੈਣ ਬੀਬੀ ਭਾਨੀ ਜੀ ਦੀ ਯਾਦ ’ਚ ਬਣਿਆ ਹੋਇਆ ਹੈ। ਇੱਥੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਮਰਦਾਨਾ ਜੀ, ਬਾਬਾ ਬਾਲਾ ਜੀ ਤੇ ਬਾਬਾ ਵਡਭਾਗ ਸਿੰਘ ਜੀ ਦੀਆਂ ਮੂਰਤੀਆਂ ਸੁਸ਼ੋਭਿਤ ਹਨ। ਇਸ ਅਸਥਾਨ ’ਤੇ ਮੱਸਿਆ ਤੇ ਪੂਰਨਮਾਸ਼ੀ ਨੂੰ ਮੇਲਾ ਲੱਗਦਾ ਹੈ।
ਗੁਰਦੁਆਰਾ ਵਿਆਹ ਅਸਥਾਨ
ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ
ਇਹ ਗੁਰਦੁਆਰਾ ਸਾਹਿਬ ਦਿਆਲਪੁਰ ਦਰਵਾਜ਼ੇ ਤੋਂ ਪਹਿਲਾਂ ਗਲੀ ਰਬਾਬੀਆ ਦੇ ਅਖੀਰ ’ਤੇ ਸਥਿਤ ਹੈ। ਇਸ ਦਾ ਨਿਰਮਾਣ ਗਲੀ ਰਬਾਬੀਆ ’ਚ ਰਹਿਣ ਵਾਲੇ ਸੂਝਵਾਨ ਤੇ ਗੁਰੂ ਘਰ ਦੇ ਸ਼ਰਧਾਲੂ ਕੌਲ ਸਿੰਘ ਦੇ ਉੱਦਮ ਸਦਕਾ ਹੋਇਆ ਸੀ। ਉਨ੍ਹਾਂ ਨੇ ਦੇਸ਼-ਵਿਦੇਸ਼ ’ਚ ਰਹਿੰਦੇ ਰਾਮਗੜ੍ਹੀਆ ਭਾਈਚਾਰੇ ਤੇ ਰਿਸ਼ਤੇਦਾਰਾਂ ਕੋਲੋਂ ਅਫਰੀਕਾ ਤੇ ਇੰਗਲੈਂਡ ਜਾ ਕੇ ਮਾਇਆ ਇਕੱਤਰ ਕੀਤੀ ਅਤੇ ਉਹ ਸਾਰੀ ਮਾਇਆ ਕਾਰਸੇਵਾ ਵਾਲੇ ਬਾਬੇ ਖਡੂਰ ਸਾਹਿਬ ਵਾਲਿਆਂ ਨੂੰ ਦਿੱਤੀ। ਕੌਲ ਸਿੰਘ ਨੇ ਆਪਣਾ ਘਰ, ਜ਼ਮੀਨ ਆਦਿ ਇਸ ਅਸਥਾਨ ਲਈ ਦਾਨ ਕਰ ਦਿੱਤਾ ਅਤੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ। ਇਸ ਅਸਥਾਨ ਦੇ ਆਸ-ਪਾਸ ਰਹਿਣ ਵਾਲੇ ਮੁਹੱਲਾ ਵਾਸੀਆਂ ਕੋਲੋਂ ਵੀ ਉਨ੍ਹਾਂ ਦੇ ਮਕਾਨ ਆਦਿ ਖ਼ਰੀਦ ਕੇ ਹੁਣ ਇਹ ਵਿਸ਼ਾਲ ਇਮਾਰਤ ’ਚ ਤਬਦੀਲ ਹੋ ਚੁੱਕਾ ਹੈ, ਜਿੱਥੇ ਹਰ ਸਾਲ ਸਤੰਬਰ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਦਾ ਵਿਆਹ ਪੁਰਬ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਪੁਰਾਤਨ ਸ਼ਹਿਰ ਦੇ ਸਨਪੰਜ ਦਰਵਾਜ਼ੇ
ਪੁਰਾਤਨ ਸ਼ਹਿਰਾਂ ਵਾਂਗ ਹੀ ਕਰਤਾਰਪੁਰ ਸ਼ਹਿਰ ਦੀ ਸੁਰੱਖਿਆ ਵਾਸਤੇ ਇਸ ਦੀ ਕਿਲ੍ਹੇਬੰਦੀ ਵੀ ਕੀਤੀ ਗਈ ਸੀ ਅਤੇ ਚਾਰੇ ਪਾਸੇ ਦੀਵਾਰ ਬਣਾ ਕੇ ਪੰਜ ਦਰਵਾਜ਼ੇ ਰੱਖੇ ਗਏ ਸਨ। ਦਿੱਲੀ ਵੱਲ ਜਾਣ ਵਾਲੇ ਪਾਸੇ ਨੂੰ ਦਿੱਲੀ ਗੇਟ, ਸ਼ਹਿਰ ਦੇ ਬਾਜ਼ਾਰ ਰਾਹੀਂ ਨਿਕਲਦੇ ਦਰਵਾਜ਼ੇ ਨੂੰ ਮੇਨ ਗੇਟ ਬਾਜ਼ਾਰ, ਕਤਨੀ ਗੇਟ, ਦਿਆਲਪੁਰ ਗੇਟ, ਫਰਨੀਚਰ ਮਾਰਕੀਟ ਗੇਟ ਰੱਖੇ ਗਏ ਸਨ। ਹੁਣ ਭਾਵੇਂ ਇਨ੍ਹਾਂ ਦਰਵਾਜ਼ਿਆਂ ਦੀ ਹੋਂਦ ਪੂਰੀ ਤਰ੍ਹਾਂ ਮਿਟ ਚੁੱਕੀ ਹੈ ਪਰ ਇਨ੍ਹਾਂ ਦੇ ਨਾਂ ਹੀ ਉਕਤ ਗੇਟਾਂ ਦੀ ਹੋਂਦ ਦੀ ਗਵਾਹੀ ਭਰਦੇ ਹਨ। ਸ਼ਹਿਰ ਅੰਦਰ ਹਾਲੇ ਵੀ ਕਿਲ੍ਹਾ ਮੌਜੂਦ ਹੈ, ਜਿਸ ਨੂੰ ਕਿਲ੍ਹਾ ਕੋਠੀ ਕਿਹਾ ਜਾਂਦਾ ਹੈ, ਜਿੱਥੇ ਧੀਰਮੱਲੀਏ ਸੋਢੀ ਵੰਸ਼ ਦੇ ਬਾਬਾ ਵਡਭਾਗ ਸਿੰਘ ਦੇ ਖ਼ਾਨਦਾਨ ਦੇ ਲੋਕ ਰਹਿੰਦੇ ਹਨ।
ਸਥਾਪਨਾ ਦਾ ਗਵਾਹ ਗੁਰਦੁਆਰਾ ਥੰਮ੍ਹੀ ਸਾਹਿਬ
ਪੁਰਾਤਨ ਸਮਿਆਂ ’ਚ ਕਿਸੇ ਸ਼ਹਿਰ ਜਾਂ ਪਿੰਡ ਦੀ ਸਥਾਪਨਾ ਮੌਕੇ ਲੱਕੜ ਦਾ ਕਿੱਲਾ ਗੱਡਿਆ ਜਾਂਦਾ ਸੀ। ਇਸੇ ਤਰ੍ਹਾਂ ਜਦੋਂ ਕਰਤਾਰਪੁਰ ਦੀ ਸਥਾਪਨਾ ਕੀਤੀ ਗਈ ਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਹੁਸ਼ਿਆਰਪੁਰ ਤੋਂ ਲਿਆਦੀ ਗਈ ਟਾਹਲੀ ਦੇ ਥੰਮ ਦੀ ਵਰਤੋਂ ਕੀਤੀ ਸੀ। ਇੱਥੇ ਹੀ ਪਹਿਲਾ ਘਰ ਉਸਾਰਿਆ ਗਿਆ ਸੀ, ਜਿੱਥੇ ਗੁਰੂ ਸਾਹਿਬ ਸੰਗਤ ਨੂੰ ਉਪਦੇਸ਼ ਕਰਿਆ ਕਰਦੇ ਸਨ। ਇਸ ਲਈ ਇਸ ਅਸਥਾਨ ਦਾ ਨਾਂ ਥੰਮ ਜੀ ਸਾਹਿਬ ਪੈ ਗਿਆ। 1754 ਤਕ ਇਸ ਅਸਥਾਨ ਦੀ ਵਰਤੋਂ ਧੀਰਮਲ ਦੇ ਵਾਰਸ ਬਾਬਾ ਵਡਭਾਗ ਸਿੰਘ ਜੀ ਸਤਿਸੰਗ ਦੇ ਤੌਰ ’ਤੇ ਵਰਤਦੇ ਰਹੇ। 1754 ਦੇ ਅਖੀਰ ’ਚ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ’ਤੇ ਚੌਥੇ ਹਮਲੇ ਸਮੇਂ ਅਦੀਨਾ ਬੇਗ ਨੂੰ ਹਟਾ ਕੇ ਸਰਫ਼ਰਾਜ਼ ਖ਼ਾਨ ਨੂੰ ਹਾਕਮ ਬਣਾ ਦਿੱਤਾ। ਸਰਫ਼ਰਾਜ਼ ਖ਼ਾਨ ਦੇ ਮਾਤਹਿਤ ਨਾਸਰ ਅਲੀ ਨੇ 1755 ’ਚ ਕਰਤਾਰਪੁਰ ’ਤੇ ਹਮਲਾ ਕਰ ਕੇ ਬਹੁਤ ਸਾਰੇ ਧਾਰਮਿਕ ਅਸਥਾਨ ਢਾਹ ਦਿੱਤੇ। ਗੱਦਨਸ਼ੀਨ ਬਾਬਾ ਵਡਭਾਗ ਸਿੰਘ ਨੇ ਡਟ ਕੇ ਮੁਕਾਬਲਾ ਕੀਤਾ ਪਰ ਜ਼ਾਲਮ ਫ਼ੌਜ ਅੱਗੇ ਪੇਸ਼ ਨਾ ਜਾਂਦੀ ਵੇਖ ਕੇ ਪਹਾੜ ’ਤੇ ਚਲੇ ਗਏ। ਅਬਦਾਲੀ ਦੀਆਂ ਫ਼ੌਜਾਂ ਨੇ ਨਗਰ ਦਾ ਬਹੁਤ ਨੁਕਸਾਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਦੇ ਇਸ ਸਤਿਸੰਗ ਘਰ ਵਿਚ ਬਣੇ ਥੰਮ੍ਹ ਸਾਹਿਬ ਨੂੰ ਅੱਗ ਲਾ ਕੇ ਸਾੜ ਦਿੱਤਾ। ਅਬਦਾਲੀ ਦੇ ਜਾਣ ਉਪਰੰਤ ਅਦੀਨਾ ਬੇਗ ਨੇ ਬਾਬਾ ਵਡਭਾਗ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੰਥ ਖ਼ਾਲਸਾ ਦੀ ਮਦਦ ਲੈਣ ਲਈ ਪ੍ਰੇਰਿਆ ਤੇ ਨਾਲ ਹੀ ਸਹਿਯੋਗ ਕਰਨ ਦੀ ਪੇਸ਼ਕਸ਼ ਵੀ ਕੀਤੀ। ਬਾਬਾ ਵਡਭਾਗ ਸਿੰਘ ਦੀ ਬੇਨਤੀ ’ਤੇ ਪੰਥ ਖ਼ਾਲਸਾ ਨੇ 1756 ’ਚ ਜਲੰਧਰ ਦੇ ਹਾਕਮ ’ਤੇ ਹਮਲਾ ਕਰ ਦਿੱਤਾ ਅਤੇ ਘਮਸਾਨ ਦਾ ਯੁੱਧ ਹੋਇਆ ਅਤੇ ਨਾਸਿਰ ਅਲੀ ਨੂੰ ਫੜ ਕੇ ਨਗਰ ਦੀ ਨਿਰਾਦਰੀ ਦਾ ਬਦਲਾ ਲਿਆ। ਇਸ ਤੋਂ ਬਾਅਦ ’ਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਖ਼ਾਲਸਾ ਰਾਜ ਦੀ ਸਥਾਪਨਾ ਉਪਰੰਤ ਸਤਿਸੰਗ ਘਰ ਦੀ ਥਾਂ ਇੱਥੇ 7 ਮੰਜ਼ਿਲੀ ਇਮਾਰਤ ਉਸਾਰੀ ਗਈ ਸੀ ਤੇ ਉਸ ਦਾ ਨਾਂ ਥੰਮ੍ਹ ਸਾਹਿਬ ਰੱਖਿਆ। ਮੌਜੂਦਾ ਸਮੇਂ ਸੁੰਦਰ ਇਮਾਰਤ ਵਾਲਾ ਗੁਰਦੁਆਰਾ ਥੰਮ੍ਹ ਜੀ ਸਾਹਿਬ ਸੁਸ਼ੋਭਿਤ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ, ਲੋਕਲ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ।
1635 ਦੀ ਜੰਗ ਤੇ ਗੁਰੂ ਤੇਗ ਬਹਾਦਰ
26 ਅਪ੍ਰੈਲ 1635 ’ਚ ਮੁਗ਼ਲ ਸਲਤਨਤ ਦੇ ਜਲੰਧਰ ਦੇ ਫ਼ੌਜਦਾਰ ਦੀ ਸਹਾਇਤਾ ਨਾਲ ਪੈਂਦਾ ਖ਼ਾਨ ਨੇ ਕਰਤਾਰਪੁਰ ’ਤੇ ਹਮਲਾ ਕਰ ਦਿੱਤਾ। ਪੈਂਦਾ ਖ਼ਾਨ 16 ਸਾਲ ਦੀ ਉਮਰ ’ਚ ਆਪਣੇ ਮਾਮੇ ਨਾਲ ਅੰਮਿ੍ਰਤਸਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ’ਚ ਆਇਆ ਸੀ। ਗੁਰੂ ਸਾਹਿਬ ਨੇ ਹੀ ਉਸ ਨੂੰ ਫ਼ੌਜੀ ਸਿਖਲਾਈ ਦਿੱਤੀ ਸੀ ਅਤੇ 1629 ’ਚ ਅੰਮਿ੍ਰਤਸਰ ਵਿਖੇ ਮੁਗ਼ਲ ਫ਼ੌਜਾਂ ਨਾਲ ਗੁਰੂ ਸਾਹਿਬ ਵੱਲੋਂ ਯੁੱਧ ਵੀ ਲੜਿਆ ਸੀ। ਬਾਅਦ ’ਚ ਪੈਂਦਾ ਖ਼ਾਨ ਆਪਣੇ ਜਵਾਈ ਉਸਮਾਨ ਖ਼ਾਨ ਕਾਰਨ ਗੁਰੂ ਸਾਹਿਬ ਦੇ ਵਿਰੁੱਧ ਹੋ ਗਿਆ ਤੇ ਜਲੰਧਰ ਦੇ ਫ਼ੌਜਦਾਰ ਨਾਲ ਰਲ ਗਿਆ। ਮੁਗ਼ਲ ਫ਼ੌਜਾਂ ਨਾਲ ਹੋਈ ਇਸ ਜੰਗ ’ਚ ਗੁਰੂ ਹਰਗੋਬਿੰਦ ਸਾਹਿਬ ਨੇ ਤੀਜੇ ਦਿਨ 28 ਅਪ੍ਰੈਲ ਨੂੰ ਪੈਂਦਾ ਖ਼ਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਜੰਗ ਦੌਰਾਨ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਤਿਆਗ ਮੱਲ ਨੇ 13 ਸਾਲ ਦੀ ਉਮਰ ’ਚ ਜਿਸ ਬਹਾਦਰੀ ਨਾਲ ਮੁਗ਼ਲ ਫ਼ੌਜਾਂ ਨਾਲ ਯੁੱਧ ਲੜਿਆ, ਉਸ ਨੂੰ ਦੇਖਦੇ ਹੋਏ ਗੁਰੂ ਪਿਤਾ ਨੇ ਉਨ੍ਹਾਂ ਨੂੰ ਤੇਗ ਬਹਾਦਰ ਦਾ ਨਾਂ ਦਿੱਤਾ।
- ਜਤਿੰਦਰ ਪੰਮੀ