ਸਬੰਧਾਂ ਦੀ ਮਹੱਤਤਾ ਨੂੰ ਹਰ ਕੋਈ ਸਮਝੇ
ਕੋਈ ਵੀ ਸਬੰਧ ਆਦਰਸ਼ ਨਹੀਂ ਹੁੰਦਾ। ਕੁਝ ਵੱਡਾ ਪ੍ਰਾਪਤ ਕਰਨ ਲਈ ਕੁਝ ਛੋਟੇ-ਮੋਟੇ ਮੋੜ ਮੁੜਨੇ ਹੀ ਪੈਂਦੇ ਹਨ। ਸਮਝੌਤਾ ਕਰਨਾ ਪੈਂਦਾ ਹੈ। ਇਸ ਲਈ ਕਿ ਇਕ-ਦੂਜੇ ਪ੍ਰਤੀ ਸਾਡਾ ਪਿਆਰ ਇਨ੍ਹਾਂ ਮਾੜੇ-ਮੋਟੇ ਮਤਭੇਦਾਂ ਤੋਂ ਕਿਤੇ ਵੱਡਾ ਹੈ। ਸਾਰਥਕ ਸਬੰਧ ਜੀਵਨ ਨੂੰ ਸਰਲ ਬਣਾ ਦਿੰਦੇ ਹਨ ਪਰ ਅਜਿਹਾ ਕਰਨ ਲਈ ਬਹੁਤ ਸਾਰੀਆਂ ਜਟਿਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Publish Date: Wed, 03 Dec 2025 11:41 PM (IST)
Updated Date: Thu, 04 Dec 2025 07:46 AM (IST)
ਜੋ ਸਬੰਧ ਹਿਰਦੇ ਦੀਆਂ ਕੜੀਆਂ ਨਾਲ ਜੁੜੇ ਹੁੰਦੇ ਹਨ, ਉਨ੍ਹਾਂ ਦੀ ਪ੍ਰਕਿਰਤੀ ਇਕ ਪੁਸਤਕ ਵਰਗੀ ਹੁੰਦੀ ਹੈ। ਪੁਸਤਕ ਕਿੰਨੀ ਵੀ ਪੁਰਾਣੀ ਹੋ ਜਾਵੇ ਪਰ ਉਸ ਦੇ ਸ਼ਬਦ ਨਹੀਂ ਬਦਲਦੇ। ਸਬੰਧਾਂ ਨੂੰ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਬਿਹਤਰ ਬਣਾਉਣ ਲਈ ਪਰਸਪਰ ਆਦਰ, ਪਿਆਰ ਅਤੇ ਪ੍ਰਭਾਵਸ਼ਾਲੀ ਸੰਵਾਦ ਮਹੱਤਵਪੂਰਨ ਹੁੰਦੇ ਹਨ। ਸਵਾਰਥ ਅਤੇ ਝੂਠ ’ਤੇ ਆਧਾਰਤ ਸਬੰਧ ਲੰਬੇ ਸਮੇਂ ਤੱਕ ਨਹੀਂ ਟਿਕਦੇ।
ਨਿੱਘੇ ਤੋਂ ਨਿੱਘੇ ਸਬੰਧਾਂ ਵਿਚ ਵੀ ਖਟਾਸ ਪੈਦਾ ਹੋਣ ਦਾ ਇਕ ਵੱਡਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਸਾਹਮਣੇ ਵਾਲੇ ਦੀ ਗੱਲ ਅੱਧੀ ਸੁਣਦੇ ਹਾਂ, ਚੌਥਾਈ ਸਮਝਦੇ ਹਾਂ ਅਤੇ ਉਸ ਗੱਲ ’ਤੇ ਵਿਚਾਰ ਨਾ ਕਰਦੇ ਹੋਏ ਪ੍ਰਤੀਕਿਰਿਆ ਦੁੱਗਣੀ ਦੇ ਦਿੰਦੇ ਹਾਂ। ਜੇਕਰ ਸਬਰ ਅਤੇ ਆਪਸੀ ਸਮਝ ਨਾਲ ਕੰਮ ਕੀਤਾ ਜਾਵੇ ਤਾਂ ਸਬੰਧਾਂ ਵਿਚ ਆਉਣ ਵਾਲੇ ਹਰ ਉਤਰਾਅ-ਚੜ੍ਹਾਅ ਅਤੇ ਮਤਭੇਦਾਂ ਨੂੰ ਸੰਭਾਲਿਆ ਜਾ ਸਕਦਾ ਹੈ। ਨਿਸ਼ਚਤ ਤੌਰ ’ਤੇ, ਸਬੰਧਾਂ ਵਿਚ ਕੁਝ ਬਹਿਸ ਵੀ ਜ਼ਰੂਰੀ ਹੁੰਦੀ ਹੈ ਜਿਸ ਦਾ ਆਪਣਾ ਹੀ ਇਕ ਆਕਰਸ਼ਣ ਹੁੰਦਾ ਹੈ ਪਰ ਸਥਿਰਤਾ, ਸੁਰੱਖਿਆ ਅਤੇ ਬਿਨਾਂ ਬੋਲੇ ਸਮਝਣ ਦਾ ਅਹਿਸਾਸ ਸੱਚਮੁੱਚ ਇਕ ਵਰਦਾਨ ਹੈ।
ਕੋਈ ਵੀ ਸਬੰਧ ਆਦਰਸ਼ ਨਹੀਂ ਹੁੰਦਾ। ਕੁਝ ਵੱਡਾ ਪ੍ਰਾਪਤ ਕਰਨ ਲਈ ਕੁਝ ਛੋਟੇ-ਮੋਟੇ ਮੋੜ ਮੁੜਨੇ ਹੀ ਪੈਂਦੇ ਹਨ। ਸਮਝੌਤਾ ਕਰਨਾ ਪੈਂਦਾ ਹੈ। ਇਸ ਲਈ ਕਿ ਇਕ-ਦੂਜੇ ਪ੍ਰਤੀ ਸਾਡਾ ਪਿਆਰ ਇਨ੍ਹਾਂ ਮਾੜੇ-ਮੋਟੇ ਮਤਭੇਦਾਂ ਤੋਂ ਕਿਤੇ ਵੱਡਾ ਹੈ। ਸਾਰਥਕ ਸਬੰਧ ਜੀਵਨ ਨੂੰ ਸਰਲ ਬਣਾ ਦਿੰਦੇ ਹਨ ਪਰ ਅਜਿਹਾ ਕਰਨ ਲਈ ਬਹੁਤ ਸਾਰੀਆਂ ਜਟਿਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੇਂ ਅਤੇ ਮਿਹਨਤ ਦੀ ਪੂੰਜੀ ਨਿਵੇਸ਼ ਕਰਨੀ ਪੈਂਦੀ ਹੈ। ਸਬੰਧ ਜੋੜਨਾ ਇਕ ਕਲਾ ਹੈ ਅਤੇ ਨਿਭਾਉਣਾ ਇਕ ਸਾਧਨਾ। ਸਮਾਨਤਾਵਾਂ ਦੀ ਸ਼ਲਾਘਾ ਅਤੇ ਮਤਭੇਦਾਂ ਦਾ ਆਦਰ ਆਦਰਸ਼ ਸਬੰਧਾਂ ਦੇ ਮਾਪਦੰਡ ਹੁੰਦੇ ਹਨ। ਸਬੰਧ ਹੋਣੇ ਚਾਹੀਦੇ ਹਨ ਤਾਂ ਸ੍ਰੀਕ੍ਰਿਸ਼ਨ ਅਤੇ ਸੁਦਾਮਾ ਵਰਗੇ। ਇਕ ਕੁਝ ਮੰਗਦਾ ਨਹੀਂ, ਦੂਜਾ ਸਭ ਕੁਝ ਦੇ ਕੇ ਜਤਾਉਂਦਾ ਨਹੀਂ। ਸਬੰਧ ਦਿਲ ਨਾਲ ਜੁੜੇ ਹੁੰਦੇ ਹਨ ਅਤੇ ਹਰ ਕੋਈ ਦਿਲ ਦਾ ਮੁੱਲ ਨਹੀਂ ਜਾਣਦਾ। ਇਸ ਲਈ ਬਦਲੇ ਵਿਚ ਕਿਸੇ ਤੋਂ ਕੁਝ ਵੀ ਪ੍ਰਾਪਤ ਕਰਨ ਦੀ ਉਮੀਦ ਨਾ ਕਰੋ। ਜੋ ਬੰਨ੍ਹਣ ਨਾਲ ਬੱਝਣ ਅਤੇ ਤੋੜਨ ਨਾਲ ਟੁੱਟ ਜਾਣ, ਉਹ ਦੁੱਖਾਂ ਨਾਲ ਬੱਝਿਆ ਬੰਧਨ ਹੈ, ਸਬੰਧ ਨਹੀਂ। ਆਤਮਿਕ ਸਬੰਧ ਆਪਣੇ-ਆਪ ਜੁੜਦੇ ਹਨ ਅਤੇ ਜੀਵਨ ਭਰ ਅਟੁੱਟ ਰਹਿੰਦੇ ਹਨ।
-ਡਾ. ਨਿਰਮਲ ਜੈਨ।