ਰਾਜਾ ਵਿਰਾਟ ਦੇ ਮਹਿਲ ਵਿੱਚ ਦ੍ਰੌਪਦੀ ਸਮੇਤ ਸਾਰੇ ਪਾਂਡਵਾਂ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਅਗਿਆਤਵਾਸ ਦੇ ਦੌਰਾਨ ਹੀ ਸ਼ਕਤੀਸ਼ਾਲੀ ਯੋਧੇ ਕੀਚਕ ਦਾ ਵਧ ਵੀ ਹੋਇਆ। ਚਲੋ ਜਾਣਦੇ ਹਾਂ ਇਸ ਅਦਭੁਤ ਕਥਾ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਚੌਸਰ 'ਚ ਹਾਰ ਜਾਣ ਤੋਂ ਬਾਅਦ ਪਾਂਡਵਾਂ ਨੂੰ ਵਨਵਾਸ ਮਿਲਿਆ, ਜਿਸ ਵਿਚ ਉਨ੍ਹਾਂ ਨੂੰ 12 ਸਾਲ ਦੇ ਵਨਵਾਸ ਤੇ ਇਕ ਸਾਲ ਦੇ ਅਗਿਆਤਵਾਸ ਦਾ ਸਾਹਮਣਾ ਕਰਨਾ ਪਿਆ। 12 ਸਾਲ ਦਾ ਵਨਵਾਸ ਸਮਾਪਤ ਹੋਣ ਤੋਂ ਬਾਅਦ ਇਕ ਸਾਲ ਦਾ ਅਗਿਆਤਵਾਸ ਕੱਟਣ ਲਈ ਪਾਂਡਵ ਵਿਰਾਟ ਨਗਰੀ ਚਲੇ ਗਏ ਸਨ।
ਰਾਜਾ ਵਿਰਾਟ ਦੇ ਮਹਿਲ 'ਚ ਦ੍ਰੌਪਦੀ ਸਮੇਤ ਸਾਰੇ ਪਾਂਡਵਾਂ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਅਗਿਆਤਵਾਸ ਦੌਰਾਨ ਹੀ ਸ਼ਕਤੀਸ਼ਾਲੀ ਯੋਧੇ ਕੀਚਕ ਦਾ ਵਧ ਵੀ ਹੋਇਆ। ਚਲੋ ਜਾਣਦੇ ਹਾਂ ਇਸ ਅਦਭੁਤ ਕਥਾ ਬਾਰੇ...
ਮਹਾਭਾਰਤ ਵਿੱਚ ਵਰਣਨ ਮਿਲਦਾ ਹੈ ਕਿ ਕੀਚਕ ਵਧ ਦੀ ਘਟਨਾ ਪਾਂਡਵਾਂ ਦੇ 13ਵੇਂ ਸਾਲ ਦੇ ਅਗਿਆਤਵਾਸ ਦੌਰਾਨ ਮਤਸਯ ਦੇਸ਼ ਵਿੱਚ ਹੋਈ ਸੀ, ਜੋ ਰਾਜਾ ਵਿਰਾਟ ਦਾ ਰਾਜ ਸੀ। ਕੀਚਕ ਰਾਜਾ ਵਿਰਾਟ ਦੀ ਪਤਨੀ ਸੁਦੇਸ਼ਣਾ ਦਾ ਭਰਾ ਅਤੇ ਮਤਸਯ ਦੇਸ਼ ਦਾ ਪ੍ਰਧਾਨ ਸੈਨਾਪਤੀ ਸੀ। ਕੀਚਕ ਇੱਕ ਬੇਰਹਿਮ ਅਤੇ ਹੰਕਾਰੀ ਯੋਧਾ ਸੀ, ਜੋ ਇੰਨਾ ਸ਼ਕਤੀਸ਼ਾਲੀ ਸੀ ਕਿ ਖ਼ੁਦ ਰਾਜਾ ਵਿਰਾਟ ਵੀ ਉਸ ਤੋਂ ਡਰਦੇ ਸਨ। ਮੰਨਿਆ ਜਾਂਦਾ ਸੀ ਕਿ ਕੀਚਕ ਵਿੱਚ 10,000 ਹਾਥੀਆਂ ਦਾ ਬਲ ਸੀ। 'ਉਪਕੀਚਕ' ਨਾਮ ਦੇ ਉਸਦੇ 105 ਭਰਾ ਵੀ ਸਨ।
ਅਗਿਆਤਵਾਸ ਦੌਰਾਨ ਦ੍ਰੌਪਦੀ 'ਸੈਰੰਧਰੀ' ਨਾਮ ਦੀ ਇਕ ਦਾਸੀ ਬਣੀ ਸੀ ਜੋ ਰਾਣੀ ਸੁਦੇਸ਼ਣਾ ਦੀ ਸੇਵਾ 'ਚ ਰਹਿੰਦੀ ਸੀ। ਇਕ ਵਾਰ ਜਦੋਂ ਕੀਚਕ ਆਪਣੀ ਭੈਣ ਸੁਦੇਸ਼ਣਾ ਨੂੰ ਮਿਲਣ ਉਸਦੇ ਮਹਿਲ ਆਇਆ ਤਾਂ ਉਸਦੀ ਨਜ਼ਰ ਦ੍ਰੌਪਦੀ 'ਤੇ ਪਈ। ਕੀਚਕ ਦ੍ਰੌਪਦੀ ਦੀ ਸੁੰਦਰਤਾ 'ਤੇ ਮੋਹਿਤ ਹੋ ਗਿਆ ਤੇ ਉਸਨੇ ਦ੍ਰੌਪਦੀ ਨਾਲ ਦੁਰਵਿਹਾਰ ਕੀਤਾ। ਜਦੋਂ ਰਾਜਾ ਵਿਰਾਟ ਨੇ ਵੀ ਕੀਚਕ ਨੂੰ ਸਜ਼ਾ ਨਹੀਂ ਦਿੱਤੀ ਤਾਂ ਦ੍ਰੌਪਦੀ ਨੇ ਪਾਂਡੂ-ਪੁੱਤਰ ਭੀਮ ਤੋਂ ਸਹਾਇਤਾ ਮੰਗੀ ਜੋ ਅਗਿਆਤਵਾਸ ਦੌਰਾਨ 'ਬੱਲਵ' ਨਾਂ ਦੇ ਇਕ ਰਸੋਈਏ ਬਣੇ ਹੋਏ ਸਨ।
ਭੀਮ ਨੇ ਇਕ ਯੋਜਨਾ ਬਣਾਈ ਤੇ ਦ੍ਰੌਪਦੀ ਨੇ ਭੀਮ ਦੇ ਕਹਿਣ 'ਤੇ ਕੀਚਕ ਨੂੰ ਰਾਤ ਸਮੇਂ ਸੁਨਸਾਨ ਨ੍ਰਿਤਸ਼ਾਲਾ (ਨੱਚਣ ਵਾਲੀ ਥਾਂ) 'ਚ ਮਿਲਣ ਲਈ ਬੁਲਾਇਆ। ਭੀਮ, ਦ੍ਰੌਪਦੀ ਦਾ ਭੇਸ ਧਾਰ ਕੇ ਉਸ ਹਨੇਰੀ ਨ੍ਰਿਤਸ਼ਾਲਾ 'ਚ ਪਹਿਲਾਂ ਹੀ ਪਲੰਘ 'ਤੇ ਲੇਟ ਗਏ। ਜਦੋਂ ਕੀਚਕ ਉੱਥੇ ਪਹੁੰਚਿਆ ਤਾਂ ਉਸਨੇ ਦ੍ਰੌਪਦੀ ਸਮਝ ਕੇ ਭੀਮ ਨੂੰ ਛੂਹਿਆ, ਪਰ ਉਸੇ ਵੇਲੇ ਭੀਮ ਨੇ ਉਸ 'ਤੇ ਭਿਆਨਕ ਹਮਲਾ ਕੀਤਾ ਜਿਸ ਨਾਲ ਕੀਚਕ ਦੂਰ ਜਾ ਡਿੱਗਿਆ। ਦੋਵਾਂ ਵਿਚਕਾਰ ਭਿਆਨਕ ਮੱਲ-ਯੁੱਧ ਹੋਇਆ। ਕੀਚਕ ਭੀਮ ਦੇ ਬਲ ਦਾ ਸਾਹਮਣਾ ਨਾ ਕਰ ਸਕਿਆ ਤੇ ਉਸ ਦੇ ਹੱਥੋਂ ਮਾਰਿਆ ਗਿਆ। ਇਸ ਤਰ੍ਹਾਂ ਕੀਚਕ ਦੀ ਕਾਮੁਕਤਾ ਉਸਦੇ ਅੰਤ ਦਾ ਕਾਰਨ ਬਣੀ।
ਕੀਚਕ ਦੇ ਮਾਰੇ ਜਾਣ ਤੋਂ ਬਾਅਦ ਉਸਦੇ 105 ਭਰਾ (ਉਪਕੀਚਕ) ਬਹੁਤ ਦੁਖੀ ਤੇ ਗੁੱਸੇ 'ਚ ਆ ਗਏ। ਉਨ੍ਹਾਂ ਨੇ ਦ੍ਰੌਪਦੀ ਨੂੰ ਆਪਣੇ ਭਰਾ ਦੀ ਮੌਤ ਦਾ ਕਾਰਨ ਮੰਨਦਿਆਂ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਭੀਮ ਨੇ ਉਨ੍ਹਾਂ ਸਾਰਿਆਂ ਦਾ ਵਧ ਕਰ ਦਿੱਤਾ। ਕੀਚਕ ਤੇ ਉਸਦੇ ਭਰਾਵਾਂ ਦੇ ਵਧ ਕਾਰਨ ਹੀ ਦੁਰਯੋਧਨ ਨੂੰ ਇਹ ਸ਼ੱਕ ਹੋਇਆ ਕਿ ਪਾਂਡਵ ਵਿਰਾਟ ਨਗਰ ਵਿੱਚ ਹੀ ਛੁਪੇ ਹੋਏ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।