ਨਾ ਕਰੋ ਭਵਿੱਖ ਦੀ ਚਿੰਤਾ
ਵਰਤਮਾਨ ਵਿਚ ਰਹਿਣਾ ਹੀ ਸਭ ਤੋਂ ਚੰਗਾ ਤਰੀਕਾ ਹੈ। ਜੇ ਤੁਸੀਂ ਲਗਾਤਾਰ ਅਤੀਤ ਅਤੇ ਭਵਿੱਖ ਵਿਚ ਉਲਝੇ ਰਹੋਗੇ ਤਾਂ ਕਦੇ ਵੀ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਸਕੋਗੇ। ਵਰਤਮਾਨ ਵਿਚ ਰਹਿਣ ਲਈ ਤੁਹਾਨੂੰ ਦੋ ਚੀਜ਼ਾਂ ਕਰਨ ਦੀ ਜ਼ਰੂਰਤ ਹੈ। ਪਹਿਲਾ, ਆਪਣੇ ਅਤੀਤ ਨੂੰ ਸਵੀਕਾਰ ਕਰੋ।
Publish Date: Sat, 31 Jan 2026 12:00 AM (IST)
Updated Date: Sat, 31 Jan 2026 06:45 AM (IST)
ਅਕਸਰ ਲੋਕ ਅਸਫਲਤਾ ਲਈ ਆਪਣੀਆਂ ਨਿੱਜੀ ਪਰੇਸ਼ਾਨੀਆਂ ਨੂੰ ਦੋਸ਼ ਦਿੰਦੇ ਹਨ, ਅਤੀਤ ਦੀਆਂ ਕਮੀਆਂ ਅਤੇ ਭਵਿੱਖ ਦੀ ਚਿੰਤਾ ਵਿਚ ਉਲਝੇ ਰਹਿੰਦੇ ਹਨ। ਇਹ ਸਥਿਤੀ ਉਨ੍ਹਾਂ ਨੂੰ ਵੱਡੇ ਫ਼ੈਸਲੇ ਲੈਣ ਅਤੇ ਅੱਗੇ ਵਧਣ ਤੋਂ ਰੋਕਦੀ ਰਹਿੰਦੀ ਹੈ। ਦਰਅਸਲ, ਅਤੀਤ ਅਤੇ ਭਵਿੱਖ ਦੀ ਚਿੰਤਾ, ਦੋਵੇਂ ਹੀ ਸਾਡੇ ਦਿਮਾਗ ਦੀ ਉਪਜ ਹਨ। ਬੀਤੇ ਕੱਲ੍ਹ ’ਤੇ ਤੁਸੀਂ ਚਾਹੇ ਜਿੰਨਾ ਮਰਜ਼ੀ ਮਲਾਲ ਕਰੋ, ਉਹ ਬਦਲ ਨਹੀਂ ਸਕਦਾ ਅਤੇ ਭਵਿੱਖ ਨੂੰ ਲੈ ਕੇ ਤੁਸੀਂ ਚਾਹੇ ਜਿੰਨੀ ਚਿੰਤਾ ਕਰੋ, ਉਸ ਤੋਂ ਕੁਝ ਹਾਸਲ ਨਹੀਂ ਹੋਣ ਵਾਲਾ।
ਵਰਤਮਾਨ ਵਿਚ ਰਹਿਣਾ ਹੀ ਸਭ ਤੋਂ ਚੰਗਾ ਤਰੀਕਾ ਹੈ। ਜੇ ਤੁਸੀਂ ਲਗਾਤਾਰ ਅਤੀਤ ਅਤੇ ਭਵਿੱਖ ਵਿਚ ਉਲਝੇ ਰਹੋਗੇ ਤਾਂ ਕਦੇ ਵੀ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਸਕੋਗੇ। ਵਰਤਮਾਨ ਵਿਚ ਰਹਿਣ ਲਈ ਤੁਹਾਨੂੰ ਦੋ ਚੀਜ਼ਾਂ ਕਰਨ ਦੀ ਜ਼ਰੂਰਤ ਹੈ। ਪਹਿਲਾ, ਆਪਣੇ ਅਤੀਤ ਨੂੰ ਸਵੀਕਾਰ ਕਰੋ। ਬੀਤੇ ਕੱਲ੍ਹ ਨੂੰ ਦੇਖਣ ਦਾ ਸਭ ਤੋਂ ਚੰਗਾ ਨਜ਼ਰੀਆ ਇਹ ਹੈ ਕਿ ਤੁਸੀਂ ਬਸ ਇਹ ਦੇਖੋ ਕਿ ਪਹਿਲਾਂ ਦੀ ਤੁਲਨਾ ਵਿਚ ਅੱਜ ਕਿੰਨਾ ਅੱਗੇ ਆ ਗਏ ਹਾਂ।
ਦੂਜਾ, ਆਪਣੇ ਭਵਿੱਖ ਬਾਰੇ ਸੋਚਦੇ ਸਮੇਂ ਇਹ ਧਿਆਨ ਰਹੇ ਕਿ ਭਵਿੱਖ ਬੇਯਕੀਨੀਆਂ ਨਾਲ ਭਰਿਆ ਹੋਇਆ ਹੁੰਦਾ ਹੈ। ਖ਼ੁਦ ਤੋਂ ਬਹੁਤ ਜ਼ਿਆਦਾ ਉਮੀਦ ਲਗਾਉਣਾ ਜਾਂ ਇਸ ਦੇ ਉਲਟ ਆਪਣੇ ਪ੍ਰਤੀ ਬਹੁਤ ਨਾ-ਉਮੀਦੀ ਰੱਖਣਾ ਬੇਕਾਰ ਹੈ। ਭਵਿੱਖ ਦੀ ਚਿੰਤਾ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ। ਭਵਿੱਖ ਦਾ ਫ਼ਿਕਰ ਕਰਨਾ ਉਸ ਉਧਾਰ ਨੂੰ ਚੁਕਤਾ ਕਰਨ ਦੇ ਸਮਾਨ ਹੈ ਜੋ ਤੁਸੀਂ ਕਦੇ ਲਿਆ ਹੀ ਨਹੀਂ।
ਬੀਤਿਆ ਕੱਲ੍ਹ ਗੁਜ਼ਰ ਚੁੱਕਾ ਹੈ, ਇਸ ਤੋਂ ਸਬਕ ਸਿੱਖਿਆ ਜਾ ਸਕਦਾ ਹੈ। ਆਉਣ ਵਾਲਾ ਕੱਲ੍ਹ ਸਾਹਮਣੇ ਹੈ, ਇਸ ਦੇ ਲਈ ਤਿਆਰ ਹੋਇਆ ਜਾ ਸਕਦਾ ਹੈ ਪਰ ਅੱਜ ਤੇ ਵਰਤਮਾਨ ਹੀ ਹੈ ਜਿਸ ਨੂੰ ਮਾਣਿਆ ਜਾ ਸਕਦਾ ਹੈ। ਯਾਨੀ ਆਪਣੇ ਬੀਤੇ ਕੱਲ੍ਹ ਨੂੰ ਬਿਨਾਂ ਕਿਸੇ ਮਲਾਲ ਦੇ ਸਵੀਕਾਰ ਕਰੋ, ਆਪਣੇ ਵਰਤਮਾਨ ਦਾ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰੋ ਅਤੇ ਆਉਣ ਵਾਲੇ ਭਵਿੱਖ ਦਾ ਨਿਡਰ ਹੋ ਕੇ ਸਵਾਗਤ ਕਰੋ। ਕੁੱਲ ਮਿਲਾ ਕੇ ਬੀਤੇ ਕੱਲ੍ਹ, ਅੱਜ ਅਤੇ ਆਉਣ ਵਾਲੇ ਕੱਲ੍ਹ ਪ੍ਰਤੀ ਆਤਮ-ਵਿਸ਼ਵਾਸ ਬਣਾਈ ਰੱਖਣਾ ਹੀ ਖ਼ੁਸ਼ ਰਹਿਣ ਅਤੇ ਅੱਗੇ ਵਧਣ ਦਾ ਤਰੀਕਾ ਹੈ। ਤੁਸੀਂ ਬੀਤੇ ਕੱਲ੍ਹ ਨੂੰ ਉਸ ਦੇ ਦਿੱਤੇ ਸਬਕ ਲਈ ਧੰਨਵਾਦ ਦੇ ਸਕਦੇ ਹੋ ਅਤੇ ਆਪਣੇ ਆਉਣ ਵਾਲੇ ਕੱਲ੍ਹ ਨੂੰ ਕਹਿ ਸਕਦੇ ਹੋ, ਮੈਂ ਤਿਆਰ ਹਾਂ।
-ਰਾਜਿੰਦਰ ਕੁਮਾਰ ਜਾਂਗਿੜ