ਬਿ੍ਰਟਿਸ਼ ਸਾਮਰਾਜ ਦੁਨੀਆ ਪੱਧਰ ਦੀ ਬਹੁਤ ਵੱਡੀ ਰਾਜਸੀ ਸਲਤਨਤ ਸੀ ਜਿਸਦੇ ਰਾਜ ਵਿਚ ਕਦੇ ਸੂਰਜ ਨਹੀਂ ਸੀ ਛਿਪਦਾ। ਬਿ੍ਰਟਿਸ਼ ਸਾਮਰਾਜ ਨੇ ਆਪਣੇ ਰਾਜ ਭਾਗ ਨੂੰ ਹੋਰ ਅੱਗੇ ਤੋਂ ਅੱਗੇ ਫੈਲਾਉਣ ਲਈ ਮਨੁੱਖਤਾ ਤੇ ਕੁਟਲਨੀਤੀਆਂ, ਜ਼ਿਆਦਤੀਆਂ, ਧੱਕੇਸ਼ਾਹੀਆਂ, ਜੰਗਾਂ, ਤੋਪਾਂ, ਜੇਲ੍ਹਾਂ, ਕੁਰਕੀਆਂ, ਫਾਂਸੀਆਂ ਅਤੇ ਜਲਾਵਤਨੀਆਂ ਦਾ ਅੰਨ੍ਹਾ ਤਸ਼ੱਦਦ ਢਾਹਿਆ।

ਬਿ੍ਰਟਿਸ਼ ਸਾਮਰਾਜ ਦੁਨੀਆ ਪੱਧਰ ਦੀ ਬਹੁਤ ਵੱਡੀ ਰਾਜਸੀ ਸਲਤਨਤ ਸੀ ਜਿਸਦੇ ਰਾਜ ਵਿਚ ਕਦੇ ਸੂਰਜ ਨਹੀਂ ਸੀ ਛਿਪਦਾ। ਬਿ੍ਰਟਿਸ਼ ਸਾਮਰਾਜ ਨੇ ਆਪਣੇ ਰਾਜ ਭਾਗ ਨੂੰ ਹੋਰ ਅੱਗੇ ਤੋਂ ਅੱਗੇ ਫੈਲਾਉਣ ਲਈ ਮਨੁੱਖਤਾ ਤੇ ਕੁਟਲਨੀਤੀਆਂ, ਜ਼ਿਆਦਤੀਆਂ, ਧੱਕੇਸ਼ਾਹੀਆਂ, ਜੰਗਾਂ, ਤੋਪਾਂ, ਜੇਲ੍ਹਾਂ, ਕੁਰਕੀਆਂ, ਫਾਂਸੀਆਂ ਅਤੇ ਜਲਾਵਤਨੀਆਂ ਦਾ ਅੰਨ੍ਹਾ ਤਸ਼ੱਦਦ ਢਾਹਿਆ। ਅੰਗਰੇਜ਼ ਨੇ ਲੰਡਨ ਵਿਚ 1600 ਈ. ਵਿਚ ਮਹਾਰਾਣੀ ਐਲਿਜਬੈਥ ਦੀ ਆਗਿਆ ਨਾਲ ਭਾਰਤ ਵਿਚ ਵਪਾਰ ਕਰਨ ਲਈ ਈਸਟ ਇੰਡੀਆ ਨਾਂ ਦੀ ਕੰਪਨੀ ਦੀ ਸਥਾਪਨਾ ਕੀਤੀ। ਲਾਰਡ ਕਲਾਈਵ ਵਪਾਰੀ ਬਣਕੇ ਆਇਆ ਅਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਕੇ 1757 ਈ. ਵਿਚ ਬੰਗਾਲ ਦਾ ਗਵਰਨਰ ਬਣ ਗਿਆ। ਅੰਗਰੇਜ਼ ਨੇ ਬੰਗਾਲ ਦੇ ਨਾਲ ਲੱਗਦੇ ਇਲਾਕਿਆਂ, ਦੇਸੀ ਰਿਆਸਤਾਂ ਦੇ ਰਾਜਿਆਂ, ਮਹਾਰਾਜਿਆਂ, ਮਰਾਠਿਆਂ, ਨਵਾਬਾਂ, ਪਠਾਣਾਂ, ਸਿੰਧੀਆਂ, ਰਾਜਪੂਤਾਂ ਨਾਲ ਪਹਿਲਾਂ ਸੰਧੀਆਂ ਕੀਤੀਆਂ ਤੇ ਫਿਰ ਕੁਟਲਨੀਤੀਆਂ ਨਾਲ ਉਨ੍ਹਾਂ ਨੂੰ ਗ਼ੁਲਾਮ ਬਣਾ ਲਿਆ। ਭਾਰਤ ਵਿਚ ਵਪਾਰ ਕਰਨ ਆਏ ਡੱਚਾਂ, ਫਰਾਂਸੀਸੀਆਂ, ਪੁਰਤਗਾਲੀਆਂ ਨੂੰ ਜੰਗਾਂ ਕਰ ਕੇ ਅੰਗਰੇਜ਼ਾਂ ਨੇ ਭਜਾ ਦਿੱਤਾ ਅਤੇ ਭਾਰਤ ਦੇ ਸ਼ਾਸਕ ਬਣ ਗਏ। ਪਰ ਸਿੱਖਾਂ ਦੇ ਮਜ਼ਬੂਤ ਖ਼ਾਲਸਾ ਰਾਜ ਵੱਲ ਉਹ ਉਸ ਸਮੇਂ ਤਕ ਝਾਕ ਵੀ ਨਾ ਸਕੇ ਜਦੋਂ ਤਕ ਮਹਾਰਾਜਾ ਰਣਜੀਤ ਸਿੰਘ ਖ਼ਾਲਸਾ ਰਾਜ ਦੇ ਬਾਦਸ਼ਾਹ ਸਨ।
ਸ਼ਾਹੀ ਸਿੱਕੇ ਕੀਤੇ ਬੰਦ
1839 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 10 ਸਾਲ ਦੇ ਅਰਸੇ ਵਿਚ ਹੀ ਅੰਗਰੇਜ਼ ਨੇ ਪਹਿਲਾਂ ਖ਼ਾਲਸਾ ਫ਼ੌਜਾਂ ਨਾਲ ਸੰਧੀਆਂ ਕੀਤੀਆਂ ਤੇ ਫਿਰ ਜੰਗਾਂ ਕਰ ਕੇ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ’ਤੇ ਕਾਬਜ਼ ਹੋ ਗਿਆ। 29 ਮਾਰਚ 1849 ਈਸਵੀ ਵਿਚ ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ ਖ਼ਾਲਸਾ ਰਾਜ ਦਾ ਝੰਡਾ ਉਤਾਰ ਕੇ ਬਿ੍ਰਟਿਸ਼ ਸਾਮਰਾਜ ਦਾ ਝੰਡਾ ਲਹਿਰਾ ਦਿੱਤਾ ਗਿਆ। ਨਾਨਕਸ਼ਾਹੀ, ਗੁਰੂ ਗੋਬਿੰਦ ਸਿੰਘ ਜੀ ਅਤੇ ਹਰੀ ਸਿੰਘ ਦੇ ਸ਼ਾਹੀ ਸਿੱਕੇ ਬੰਦ ਕਰ ਕੇ ਅੰਗਰੇਜ਼ ਨੇ ਆਪਣੇ ਸਿੱਕੇ ਚਾਲੂ ਕਰ ਦਿੱਤੇ। ਭਾਰਤੀ ਧਾਰਮਿਕ ਗ੍ਰੰਥਾਂ ਦਾ ਨਿਰਾਦਰ ਕਰ ਕੇ ਇਸਾਈ ਮਤ ਦਾ ਪ੍ਰਚਾਰ ਆਰੰਭ ਦਿੱਤਾ। ਭਾਰਤੀਆਂ ਨੂੰ ਸੂਰ ਤੇ ਕੁੱਤੇ ਕਹਿ ਕੇ ਮਾਨਸਿਕ ਤੌਰ ’ਤੇ ਜਲੀਲ ਕਰਨਾ ਸ਼ੁਰੂ ਕਰ ਦਿੱਤਾ। ਅੰਗਰੇਜ਼ਾਂ ਨੂੰ ਆਪਣੇ ਖ਼ਿਲਾਫ਼ ਕੋਈ ਉਂਗਲ ਉੱਠਦੀ ਜਾਂ ਜ਼ੁਬਾਨ ਖੁੱਲ੍ਹਦੀ ਨਜ਼ਰ ਆਉਂਦੀ ਤਾਂ ਉਸਨੂੰ ਬਿਨਾਂ ਕਿਸੇ ਜੁਰਮ ਦੇ ਜੇਲ੍ਹਾਂ ਵਿਚ ਸੁੱਟ ਦਿੱਤਾ ਜਾਂਦਾ। ਬਾਬਾ ਬੀਰ ਸਿੰਘ ਨੌਰੰਗਾਬਾਦੀ ਨੂੰ ਸ਼ਹੀਦ ਕਰ ਕੇ ਅਤੇ ਮਹਾਰਾਜ ਸਿੰਘ ਨੂੰ ਜਲਾਵਤਨ ਕਰ ਕੇ ਅੰਗਰੇਜ਼ ਨੇ ਇਹ ਦਾਅਵਾ ਕਰ ਦਿੱਤਾ ਸੀ ਕਿ ਪੰਜਾਬ ਵਿੱਚੋਂ ਸਿੱਖਾਂ ਦੀ ਹੋਂਦ ਖ਼ਤਮ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਗੁਰਦੁਆਰਿਆਂ ਦੇ ਗ੍ਰੰਥੀਆਂ, ਮਹੰਤਾਂ ਨੂੰ ਆਪਣੀ ਈਨ ਮਨਵਾਉਣੀ ਸ਼ੁਰੂ ਕਰ ਦਿੱਤੀ।
ਆਜ਼ਾਦੀ ਸੰਗਰਾਮ ਦਾ ਵਜਾਇਆ ਬਿਗਲ
ਅਜਿਹੇ ਘੋਰ ਗ਼ੁਲਾਮੀ ਵਾਲੇ ਖ਼ਤਰਨਾਕ ਸਮੇਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਉੱਘੇ ਜਰਨੈਲ ਗੁਰੂ ਰਾਮ ਸਿੰਘ ਨੇ 12 ਅਪ੍ਰੈਲ 1857 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਮਰਿਯਾਦਾ ਮੁਤਾਬਕ ਪੰਜ ਸਿੰਘਾਂ ਨੂੰ ਅੰਮਿ੍ਰਤ ਛਕਾ ਕੇ ਅੰਗਰੇਜ਼ ਵਿਰੁੱਧ ਆਜ਼ਾਦੀ ਸੰਗਰਾਮ ਦਾ ਬਿਗਲ ਵਜਾ ਦਿੱਤਾ। ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਪ੍ਰਚਾਰ ਕੀਤਾ। ਦੀਵਾਨ ਬੂਟਾ ਸਿੰਘ ਲਾਹੌਰ ਦੀ ਆਫਤਾਬ ਪ੍ਰੈਸ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਗੁਰਬਾਣੀ ਦੀਆਂ ਪੋਥੀਆਂ ਛਪਵਾ ਕੇ, ਗੁਰਦੁਆਰਿਆਂ-ਧਰਸ਼ਾਲਾਵਾਂ ਵਿਚ ਪ੍ਰਕਾਸ਼ ਕਰਵਾ ਕੇ ਲੋਕਾਂ ਨੂੰ ਗੁਰਮਤਿ ਨਾਲ ਜੋੜਿਆ, ਲੋਕਾਂ ਵਿਚ ਸਵੈਮਾਣ ਦਾ ਮਾਦਾ ਭਰਿਆ, ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਉਠਾਈ। ਜਿਸ ਨਾਲ ਲੱਖਾਂ ਦੀ ਗਿਣਤੀ ਵਿਚ ਲੋਕ ਨਾਮਧਾਰੀ ਸਜਣ ਲੱਗੇ।
ਦਾਰਸ਼ਨਿਕ ਨੀਤੀਵੇਤਾ ਸਤਿਗੁਰ ਰਾਮ ਸਿੰਘ
ਸਤਿਗੁਰੂ ਰਾਮ ਸਿੰਘ ਇਕ ਅਜਿਹੇ ਦਾਰਸ਼ਨਿਕ ਨੀਤੀਵੇਤਾ ਸਨ ਜਿਨ੍ਹਾਂ ਨੂੰ ਪਤਾ ਸੀ ਕਿ ਏਡੀ ਵੱਡੀ ਅੰਗਰੇਜ਼ ਸਲਤਨਤ ਨਾਲ ਕੋਈ ਵੀ ਹਥਿਆਰਬੰਦ ਲੜਾਈ ਨਹੀਂ ਲੜੀ ਜਾ ਸਕਦੀ ਅਤੇ ਨਾ ਹੀ ਅਸੀਂ ਅੰਗਰੇਜ਼ ਵਿਰੁੱਧ ਕੋਈ ਅਜਿਹਾ ਕਦਮ ਪੁੱਟ ਸਕਦੇ ਹਾਂ ਜਿਸ ਨਾਲ ਉਹ ਸਾਨੂੰ ਕਾਨੂੰਨੀ ਤੌਰ ’ਤੇ ਅਪਰਾਧੀ ਬਣਾ ਕੇ ਦਰੜ ਦੇਵੇ। ਦੁਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਉਨ੍ਹਾਂ ਨਾ-ਮਿਲਵਰਤਨ ਅਤੇ ਸਵਦੇਸ਼ੀ ਦਾ ਹਥਿਆਰ ਵਰਤਿਆ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਾਲੇ ਖ਼ਾਲਸਾ ਰਾਜ ਨੂੰ 22 ਹਿੱਸਿਆਂ ਵਿਚ ਵੰਡਕੇ ਵੱਖ-ਵੱਖ ਇਲਾਕਿਆਂ ਵਿਚ 22 ਸੂਬੇ ਨਿਯੁਕਤ ਕੀਤੇ ਜਿਨ੍ਹਾਂ ਵਿਚ ਬਹੁਤ ਸਾਰੇ ਗੁਰੂ ਰਾਮ ਸਿੰਘ ਦੇ ਫ਼ੌਜੀ ਜੀਵਨ ਵੇਲੇ ਦੇ ਫ਼ੌਜੀ ਅਫਸਰ ਅਤੇ ਸੂਬੇਦਾਰ ਸਨ। ਸੂਬੇ ਆਪਣੇ-ਆਪਣੇ ਇਲਾਕਿਆਂ ਵਿਚ ਗੁਰਮਤਿ ਦੇ ਪ੍ਰਚਾਰ ਦੇ ਨਾਲ-ਨਾਲ ਬਸਤੀਵਾਦੀ ਅੰਗਰੇਜ਼ ਵਿਰੁੱਧ ਨਾ-ਮਿਲਵਰਤਨ ਦਾ ਪ੍ਰਚਾਰ ਕਰਦੇ। ਨਾਮਧਾਰੀ ਲਹਿਰ ਦੀ ਮਹਿਮਾ ਵੱਖ-ਵੱਖ ਰਾਜਿਆਂ-ਮਹਾਰਾਜਿਆਂ, ਦੇਸੀ ਰਿਆਸਤਾਂ, ਨਵਾਬਾਂ ਤਕ ਪਹੁੰਚ ਗਈ। ਗੁਰੂ ਰਾਮ ਸਿੰਘ ਨੇ ਗੁਆਂਢੀ ਏਸ਼ੀਅਨ ਤਾਕਤਾਂ ਨਾਲ ਗੰਢ ਤੁਪ ਸ਼ੁਰੂ ਕਰ ਦਿੱਤੀ। ਕਸ਼ਮੀਰ ਦੇ ਮਹਾਰਾਜਾ ਰਣਜੀਤ ਸਿੰਘ, ਨੇਪਾਲ ਦੇ ਮਹਾਰਾਜਾ ਜੰਗ ਬਹਾਦਰ ਨਾਲ ਆਜ਼ਾਦੀ ਸਬੰਧੀ ਵਿਚਾਰਾਂ ਦੇ ਨਾਲ-ਨਾਲ ਕੂਕਿਆਂ ਦੇ ਸੂਬੇ ਬਿਸ਼ਨ ਸਿੰਘ ਨੇ ਸਿੱਖ ਰਾਜ ਦੇ ਭੂਤਪੂਰਵ ਮਹਾਰਾਜਾ ਦਲੀਪ ਸਿੰਘ ਨੂੰ ਵੀ ਬਰਤਾਨੀਆਂ ਵਿਚ ਸਾਊਆਂ ਵਾਂਗ ਜ਼ਿੰਦਗੀ ਜਿਊਣ ਦੀ ਥਾਂ ਖ਼ਾਲਸਾ ਰਾਜ ਮੁੜ ਸਥਾਪਿਤ ਕਰਨ ਲਈ ਉਤਸ਼ਾਹਿਤ ਕਰ ਲਿਆ। ਕੂਕਾ ਅੰਦੋਲਨ ਦੀ ਸ਼ਕਤੀ ਵਿਚ ਅਥਾਹ ਵਾਧਾ ਹੋਇਆ। ਜਿਸ ਨਾਲ ਅੰਗਰੇਜ਼ ਇਸ ਧਾਰਮਿਕ ਲਹਿਰ ਦੇ ਰਾਜਨੀਤਕ ਮਨਸੂਬੇ ਵੇਖਕੇ ਅੰਦਰ ਤਕ ਬੌਖਲਾ ਗਿਆ। ਅੰਗਰੇਜ਼ ਅਧਿਕਾਰੀ ਜੇ.ਪੀ.ਸੀ. ਬੇਲੀ ਆਪਣੀ 1868 ਈਸਵੀ ਦੀ ਰਿਪੋਰਟ ਵਿਚ ਲਿਖਦਾ ਹੈ-
‘‘ਕਾਬੁਲ ਦੇ ਅਮੀਰ ਅਬਦੁੱਲ ਰਜਾਕ ਨੇ ਆਪਣੇ ਦੋ ਪੁੱਤਰ ਭੈਣੀ ਸਾਹਿਬ ਵਿਖੇ ਗੁਰੂ ਰਾਮ ਸਿੰਘ ਦੇ ਸਿਧਾਂਤਾਂ ਦੀ ਜਾਣਕਾਰੀ ਵਾਸਤੇ ਭੇਜੇ। ਇਹ ਜਾਣਨਾ ਦਿਲਚਸਪ ਗੱਲ ਹੋਵੇਗੀ ਕਿ ਇਕ ਪੇਂਡੂ ਤਰਖਾਣ ਦੀ ਪ੍ਰਸਿੱਧੀ ਏਨੀਂ ਦੂਰ ਤਕ ਪਹੁੰਚ ਚੁੱਕੀ ਹੈ।’’
ਸਿੱਖ ਸਵੈਰਾਜ ਸਥਾਪਿਤ ਕਰਨ ਦੀ ਠਾਣੀ
ਸਤਿਗੁਰੂ ਰਾਮ ਸਿੰਘ ਨੇ ਅੰਗਰੇਜ਼ਾਂ ਨਾਲ ਨਾ-ਮਿਲਵਰਤਨ ਕਰ ਕੇ ਸਿੱਖ ਸਵੈਰਾਜ ਸਥਾਪਿਤ ਕਰਨ ਦੀ ਠਾਣ ਲਈ ਉਨ੍ਹਾਂ ਅੰਗਰੇਜ਼ਾਂ ਦੀਆਂ ਮਿੱਲਾਂ ਦੇ ਬਣੇ ਕੱਪੜੇ ਦਾ ਬਾਈਕਾਟ, ਸਕੂਲਾਂ ਦਾ ਬਾਈਕਾਟ, ਰੇਲਾਂ ਦਾ ਬਾਈਕਾਟ ਕਰ ਕੇ ਅੰਗਰੇਜ਼ ਦੇ ਅਦਾਲਤੀ ਫ਼ੈਸਲਿਆਂ ਦੀ ਥਾਂ ਆਪਣੇ ਪੰਚਾਇਤੀ ਫ਼ੈਸਲਿਆਂ ਲਈ ਸੂਬਾ ਰਤਨ ਸਿੰਘ ਮੰਡੀ ਕਲਾਂ ਨੂੰ ਅਦਾਲਤੀ ਸੂਬਾ ਨਿਯੁਕਤ ਕਰ ਦਿੱਤਾ। ਅੰਗਰੇਜ ਦੇ ਡਾਕ ਪ੍ਰਬੰਧ ਦਾ ਬਾਈਕਾਟ ਕਰ ਕੇ ਸੂਬਾ ਕਾਹਨ ਸਿੰਘ ਨਿਹੰਗ ਨੂੰ ਸਮੁੱਚੇ ਡਾਕ ਪ੍ਰਬੰਧ ਦਾ ਮੁਖੀ ਬਣਾ ਦਿੱਤਾ। ਕਸ਼ਮੀਰ ਵਿਚ ਹੀਰਾ ਸਿੰਘ ਸਢੌਰਾ ਦੀ ਕਮਾਨ ਹੇਠ ਕੂਕਾ ਪਲਟਨ ਦੀ ਸਥਾਪਨਾ ਕੀਤੀ। ਹੋਲੇ-ਮਹੱਲੇ, ਦੀਵਾਲੀ ਮੇਲੇ, ਮੁਕਤਸਰ ਦੀ ਮਾਘੀ ਅਤੇ ਹੋਰ ਮੇਲੇ-ਮੁਸਾਹਬਿਆਂ ਦੇ ਲੱਖਾਂ ਦੇ ਇਕੱਠਾਂ ਵਿਚ ਨਾਮਧਾਰੀ ਸਿੰਘਾਂ ਨੇ ਹੱਲੇ ਦੇ ਦੀਵਾਨਾਂ ਵਿਚ ਇਹ ਗਾਉਣਾ ਸ਼ੁਰੂ ਕਰ ਦਿੱਤਾ-
ਭੱਜੇ ਜਾਂਦੇ ਗੋਰੇ ਹੁਣ ਕੀ ਵੇਖਦੈਂ।
ਦਿਨ ਤਾਂ ਰਹਿ ਗਏ ਥੋੜ੍ਹੇ ਹੁਣ
ਕੀ ਵੇਖਦੈਂ।
ਧਾਰਮਿਕ ਭਾਵਨਾਵਾਂ ਨੂੰ ਮਾਰੀ ਸੱਟ
ਬਿ੍ਰਟਿਸ਼ ਹਕੂਮਤ ਨੇ ਲੋਕਾਂ ’ਤੇ ਅੱਤਿਆਚਾਰ ਉਵੇਂ ਹੀ ਜਾਰੀ ਰੱਖੇ ਉਨ੍ਹਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਭਾਰੀ ਸੱਟ ਮਾਰੀ। ਪਿੱਛੇ ਝਾਤ ਮਰੀਏ ਤਾਂ ਸਿੱਖ ਰਾਜ ਦੇ ਚਲੇ ਜਾਣ ਬਾਅਦ ਲਾਹੌਰ ਦੀਆਂ ਫ਼ੌਜੀ ਯੂਨਿਟਾਂ ਤੋੜ ਦਿੱਤੀਆਂ ਗਈਆਂ ਅਤੇ ਅੰਗਰੇਜ਼ੀ ਫ਼ੌਜਾਂ ਨੇ ਛਾਉਣੀਆਂ ਮੱਲ ਲਈਆਂ ਜੋ ਗਊ ਮਾਸ ਖਾਂਦੀਆਂ ਸਨ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਗਊ ਹੱਤਿਆ ਦੀ ਮਨਾਹੀ ਸੀ ਉਸ ਸਮੇਂ ਇੱਥੋਂ ਦੇ ਮੁਸਲਮਾਨ ਵੀ ਗਊ ਮਾਸ ਦਾ ਸੇਵਨ ਨਹੀਂ ਕਰਦੇ ਸਨ। ਅੰਗਰੇਜ਼ ਨੇ ਪੰਜਾਬ ਵਿਚ ਗਊ ਮਾਸ ਵੇਚਣ ਦੀ ਖੁੱਲ੍ਹ ਦੇ ਦਿੱਤੀ ਜਿਸ ਨਾਲ ਸ਼ੁਰੂ ਵਿਚ ਤਾਂ ਗਊ ਮਾਸ ਸ਼ਹਿਰ ਤੋਂ ਬਾਹਰ ਵਿਕਦਾ ਪਰ ਬਾਅਦ ਵਿਚ ਸ਼ਹਿਰਾਂ ਅੰਦਰ ਗਊ ਮਾਸ ਟੋਕਰਿਆਂ ਵਿਚ ਪਾ ਕੇ ਹੋਕਾ ਦੇ ਕੇ ਵਿਕਣ ਲੱਗਿਆ ਜਿਸ ਨਾਲ ਹਿੰਦੂ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਪਰ ਏਨੀ ਵੱਡੀ ਅੰਗਰੇਜ਼ ਸਲਤਨਤ ਖ਼ਿਲਾਫ਼ ਕੋਈ ਆਵਾਜ਼ ਨਾ ਕੱਢਦਾ। ਰੌਲੇ-ਰੱਪੇ ਪੈਂਦੇ ਵੀ ਤਾਂ ਅੰਗਰੇਜ਼ ਹਿਤੈਸ਼ੀਆਂ ਵੱਲੋਂ ਸਖ਼ਤੀ ਨਾਲ ਦਬਾ ਦਿੱਤੇ ਜਾਂਦੇ। ਗਊ ਅਤੇ ਬਲਦ ਉਸ ਸਮੇਂ ਕਿਸਾਨੀ ਵਿਕਾਸ ਦਾ ਪ੍ਰਮੁੱਖ ਧੁਰਾ ਸਨ।
ਬੁੱਚੜਖਾਨਿਆਂ ’ਤੇ ਧਾਵੇ
ਕੂਕਾ ਅੰਦਲੋਨ ਪ੍ਰਮੁੱਖ ਰੂਪ ਵਿਚ ਕਿਸਾਨਾਂ ਦਾ ਹੀ ਇਕ ਅੰਦੋਲਨ ਸੀ ਜੋ ਆਪਣਾ ਵੱਡਾ ਆਧਾਰ ਸਥਾਪਤ ਕਰ ਚੁੱਕਿਆ ਸੀ। ਨਾਮਧਾਰੀਆਂ ਨੇ ਅੰਮਿ੍ਰਤਸਰ ਹਰਿਮੰਦਰ ਸਾਹਿਬ ਦੀ ਕੰਧ ਨਾਲ ਅਤੇ ਰਾਏਕੋਟ ਗੁਰਦੁਆਰਾ ਟਾਹਲੀਆਣਾ ਸਾਹਿਬ ਨੇੜੇ ਖੁੱਲ੍ਹੇ ਬੁੱਚੜਖਾਨਿਆਂ ਨੂੰ ਬੰਦ ਕਰਾਉਣ ਲਈ ਬੁੱਚੜਖਾਨਿਆਂ ’ਤੇ ਧਾਵੇ ਕਰ ਦਿੱਤੇ ਜਿਸ ਨਾਲ ਅੰਗਰੇਜ਼ ਸਰਕਾਰ ਨੂੰ ਕੂਕਾ ਅੰਦਲੋਨ ਵਿਰੁੱਧ ਕਾਨੂੰਨੀ ਕਾਰਵਾਈਆਂ ਕਰਨ ਦਾ ਮੌਕਾ ਮਿਲ ਗਿਆ ਤੇ ਉਨ੍ਹਾਂ ਦੋਸ਼ੀ ਪਾਏ ਗਏ ਨਾਮਧਾਰੀ ਸਿੰਘਾਂ ਨੂੰ 5 ਅਗਸਤ 1871 ਈਸਵੀ ਨੂੰ ਰਾਏਕੋਟ ਵਿਖੇ, 15 ਸਤੰਬਰ 1871 ਈਸਵੀ ਨੂੰ ਅੰਮਿ੍ਰਤਸਰ ਵਿਖੇ ਫਾਂਸੀਆਂ ’ਤੇ ਚਾੜ੍ਹ ਦਿੱਤਾ। ਅਦਾਲਤੀ ਸੂਬਾ ਗਿਆਨੀ ਰਤਨ ਸਿੰਘ ਅਤੇ ਰਤਨ ਸਿੰਘ ਨਾਈਵਾਲਾ ਨੂੰ 26 ਨਵੰਬਰ 1871 ਈਸਵੀ ਨੂੰ ਬੇਦੋਸ਼ਿਆਂ ਨੂੰ ਹੀ ਲੁਧਿਆਣਾ ਵਿਖੇ ਫਾਂਸੀ ਦੇ ਦਿੱਤੀ ਗਈ ਜਿਸ ਨਾਲ ਨਾਮਧਾਰੀਆਂ ਦਾ ਅੰਗਰੇਜ਼ ਖ਼ਿਲਾਫ਼ ਖੂਨ ਉਬਾਲੇ ਖਾਣ ਲੱਗਾ। ਸਰਦਾਰ ਹੀਰਾ ਸਿੰਘ ਅਤੇ ਸ. ਲਹਿਣਾ ਸਿੰਘ ਨੇ ਨਿਰਦੋਸ਼ਿਆਂ ਨੂੰ ਸ਼ਹੀਦ ਕਰਨ ਤੇ ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਠਾਣ ਲਈ।
ਬਾਹਰ ਜਾਣ ’ਤੇ ਲਾਈ ਪਾਬੰਦੀ
ਬਿ੍ਰਟਿਸ਼ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਤੇ ਭੈਣੀ ਸਾਹਿਬ ਤੋਂ ਬਾਹਰ ਜਾਣ ’ਤੇ ਪਾਬੰਦੀ ਲਗਾਈ ਹੋਈ ਸੀ ਜਿਸ ਕਾਰਨ 1872 ਈਸਵੀ ਦਾ ਮਾਘੀ ਮੇਲਾ ਮੁਕਤਸਰ ਦੀ ਥਾਂ ਭੈਣੀ ਸਾਹਿਬ ਹੀ ਮਨਾਇਆ ਗਿਆ। ਇਨ੍ਹੀ ਦਿਨੀਂ ਨੰਬਰਦਾਰ ਗੁਰਮੁੱਖ ਸਿੰਘ ਫਰਵਾਹੀ ਮਾਮਲਾ ਤਾਰਨ ਮਲੇਰਕੋਟਲੇ ਜਾ ਰਿਹਾ ਸੀ। ਰਸਤੇ ਵਿਚ ਇਕ ਆਦਮੀ ਬਲਦ ਤੇ ਕੱਖ, ਪੱਠੇ, ਸਬਜ਼ੀਆਂ ਲੱਦ ਕੇ ਅਤੇ ਉੱਪਰ ਆਪ ਬੈਠਾ ਸੀ, ਬਲਦ ਮੌਲਾ ਤੇ ਹਫਿਆ ਹੋਇਆ ਸੀ। ਗੁਰਮੁਖ ਸਿੰਘ ਨੇ ਉਸ ਆਦਮੀ ਨੂੰ ਆਖ ਦਿੱਤਾ ਕਿ ਭਲਿਆ ਤੂੰ ਤਾਂ ਤੁਰਕੇ ਜਾ ਸਕਦਾ ਹੈਂ ਇਸ ਗਊ ਜਾਏ ਨੂੰ ਕਿਉਂ ਤੰਗ ਕਰਦਾ ਹੈਂ? ਥੋੜ੍ਹੀ ਜਿਹੀ ਤੂੰ-ਤੂੰ, ਮੈਂ-ਮੈਂ ਤੋਂ ਗੱਲ ਸ਼ੇਰਪੁਰ ਕੋਤਵਾਲ ਤਕ ਪਹੁੰਚ ਗਈ ਜਿੱਥੇ ਨੰਬਰਦਾਰ ਗੁਰਮੁਖ ਸਿੰਘ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਉਲਟਾ ਉਸ ਨੂੰ ਬੁਰਾ-ਭਲਾ ਵੀ ਬੋਲਿਆ ਗਿਆ ਅਤੇ ਗੁਰਮੁੱਖ ਸਿੰਘ ਨੂੰ ਸਜ਼ਾ ਦੇਣ ਲਈ ਅਹਿਮਦ ਸ਼ਾਹ ਕੋਤਵਾਲ ਨੇ ਉਸ ਦੀਆਂ ਅੱਖਾਂ ਸਾਹਮਣੇ ਬਲਦ ਦਾ ਕਤਲ ਕਰਵਾ ਦਿੱਤਾ। ਮਾਨਸਿਕ ਪੀੜਾ ਨਾਲ ਗੁਰਮੁੱਖ ਸਿੰਘ ਮਲੇਰਕੋਟਲੇ ਜਾਣ ਦੀ ਥਾਂ ਸ਼ੇਰਪੁਰ ਤੋਂ ਸਿੱਧਾ ਭੈਣੀ ਸਾਹਿਬ ਮਾਘੀ ਦੇ ਮੇਲੇ ’ਤੇ ਪਹੁੰਚ ਗਿਆ ਤੇ ਉਸ ਨੇ ਇਹ ਸਾਰੀ ਵਾਰਤਾ ਸ. ਹੀਰਾ ਸਿੰਘ ਅਤੇ ਸ. ਲਹਿਣਾ ਸਿੰਘ ਨੂੰ ਜਾ ਦੱਸੀ ਜੋ ਸ਼ਹੀਦ ਰਤਨ ਸਿੰਘ ਤੇ ਉਸਦੇ ਸਾਥੀ ਨੂੰ ਨਿਰਦੋਸ਼ੇ ਸ਼ਹੀਦ ਕਰ ਦੇਣ ਤੇ ਪਹਿਲਾਂ ਹੀ ਅੰਗਰੇਜ਼ ਵਿਰੁੱਧ ਵੱਡੇ ਸੰਘਰਸ਼ ਕਰਨ ਦੀ ਤਾਕ ਵਿਚ ਸਨ।
ਨਵਾਬ ਦੇ ਮਹਿਲ ਤੇ ਖ਼ਜ਼ਾਨੇ ਉੱਪਰ ਧਾਵਾ
ਇਸ ਸ਼ਹੀਦੀ ਜੱਥੇ ਨੇ 13 ਜਨਵਰੀ ਨੂੰ ਪਿੰਡ ਰੱਬੋਂ ਵਿਖੇ ਰਾਤ ਕੱਟੀ, 14 ਜਨਵਰੀ ਨੂੰ ਮਲੌਦ ਵਿਖੇ ਸਰਦਾਰ ਬਦਨ ਸਿੰਘ ਨਾਲ ਝੜਪ ਹੋਈ ਤੇ 15 ਜਨਵਰੀ ਦੀ ਰਾਤ ਨੂੰ ਜੱਥਾ ਮਲੇਰਕੋਟਲੇ ਪਹੁੰਚ ਗਿਆ ਜਿੱਥੇ ਗਊ ਮਾਸ ਦਾ ਵੱਡਾ ਵਪਾਰ ਸਥਾਪਤ ਸੀ ਅਤੇ ਇਥੇ ਹੀ ਅਹਿਮਦ ਖਾਂ ਕੋਤਵਾਲ ਦਾ ਠਿਕਾਣਾ ਸੀ ਜਿਸ ਨੇ ਗੁਰਮੁੱਖ ਸਿੰਘ ਨੰਬਰਦਾਰ ਸਾਹਮਣੇ ਬਲਦ ਕਤਲ ਕਰਵਾਇਆ ਸੀ। ਸ਼ਹੀਦੀ ਜੱਥੇ ਦੇ ਹਮਲੇ ਦੇ ਡਰੋਂ ਪ੍ਰਸ਼ਾਸਨ ਨੇ ਮਲੇਰਕੋਟਲਾ ਦੇ ਦਰਵਾਜ਼ਿਆਂ ’ਤੇ ਪਹਿਰੇ ਲਗਾਏ ਹੋਏ ਸਨ ਅਤੇ ਪੁਲਿਸ ਗਸਤ ਕਰ ਰਹੀ ਸੀ। ਢਾਬੀ ਦਰਵਾਜ਼ੇ ਕੋਲੋਂ ਇਕ ਥਾਂ ਤੋਂ ਕੰਧ ਟੁੱਟੀ ਹੋਈ ਸੀ ਜਿੱਥੋਂ ਕੁਝ ਸਿੰਘ ਕਿਲ੍ਹੇ ਅੰਦਰ ਵੜ ਗਏ ਤੇ ਉਨ੍ਹਾਂ ਨੇ ਢਾਬੀ ਦਰਵਾਜ਼ਾ ਅੰਦਰੋਂ ਖੋਲ੍ਹ ਦਿੱਤਾ। ਸ਼ਹੀਦੀ ਜੱਥਾ ਜੈਕਾਰੇ ਲਗਾਉਂਦਾ ਮਾਰੋ-ਮਾਰ ਕਰਦਾ ਚਿੜੀਮਾਰਾਂ ਦੇ ਮਹੱਲੇ ’ਤੇ ਟੁੱਟ ਪਿਆ। ਜੱਥੇ ਨੇ ਅਹਿਮਦ ਸ਼ਾਹ ਕੋਤਵਾਲ ਅਤੇ 6 ਸਿਪਾਹੀਆਂ ਨੂੰ ਤੇ ਇਕ ਵਿਅਕਤੀ ਨੂੰ ਪਾਰ ਬੁਲਾ ਦਿੱਤਾ। ਇਸ ਤੋਂ ਪਿੱਛੋਂ ਜੱਥੇ ਨੇ ਨਵਾਬ ਦੇ ਮਹਿਲ ਤੇ ਖ਼ਜ਼ਾਨੇ ਉੱਪਰ ਧਾਵਾ ਬੋਲਿਆ ਜਿੱਥੋਂ ਕੁਝ ਤਲਵਾਰਾਂ ਤੇ ਬੰਦੂਕਾਂ ਹਾਸਲ ਕੀਤੀਆਂ। ਇਸ ਝੜਪ ਵਿਚ 7 ਸਿੰਘ ਵੀ ਸ਼ਹੀਦ ਹੋ ਗਏ। ਆਪਣਾ ਬਦਲਾ ਲੈ ਕੇ ਜੱਥਾ ਜੈਕਾਰੇ ਲਾਉਂਦਾ ਸ਼ਹਿਰ ਤੋਂ ਬਾਹਰ ਆ ਗਿਆ। ਮਲੇਰਕੋਟਲੇ ਦਾ ਪਠਾਣ ਸਮੁੰਦ ਖਾਂ ਬਹੁਤ ਜੋਸ਼ੀਲਾ ਤੇ ਤਾਕਤਵਰ ਸੀ ਉਸਨੇ ਪਿੱਛੋਂ ਆ ਕੇ ਜੱਥੇ ਨੂੰ ਲਲਕਾਰਿਆ। ਸ. ਹੀਰਾ ਸਿੰਘ ਤੇ ਸਮੁੰਦ ਖਾਂ ਪਠਾਣ ਦੀ ਭੇੜ ਹੋਈ ਜਿਸ ਵਿਚ ਹੀਰਾ ਸਿੰਘ ਨੇ ਤਲਵਾਰ ਦੇ ਇਕ ਵਾਰ ਨਾਲ ਹੀ ਸਮੁੰਦ ਖਾਂ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ। ਹੀਰਾ ਸਿੰਘ ਅਤੇ ਇਸ ਜੱਥੇ ਦਾ ਸੁਘੜਮਈ ਵਿਚਾਰ ਸੀ ਕਿ ਇਹ ਕਾਰਵਾਈ ਸਮੁੱਚੀ ਕੂਕਾ ਲਹਿਰ ਸਿਰ ਨਾ ਮੜ੍ਹ ਦਿੱਤੀ ਜਾਵੇ ਇਸ ਲਈ ਆਪਣੀ ਰਣਨੀਤੀ ਅਨੁਸਾਰ 16 ਜਨਵਰੀ ਨੂੰ ਜੱਥਾ ਅੰਗਰੇਜ਼ ਹਕੂਮਤ ਖ਼ਿਲਾਫ਼ ਹੱਲੇ ਦੇ ਸ਼ਬਦ ਪੜ੍ਹਦਾ ਅਤੇ ਜੈਕਾਰੇ ਲਾਉਂਦਾ ਸ਼ੇਰਪੁਰ ਥਾਣੇ ਪਹੁੰਚ ਗਿਆ ਅਤੇ ਜੱਥੇ ਨੇ ਮਲੇਰਕੋਟਲਾ ’ਤੇ ਧਾਵਾ ਬੋਲਣ, ਅਹਿਮਦ ਖਾਂ ਕੋਤਵਾਲ ਨੂੰ ਮਾਰਨ ਬਾਰੇ ਦੱਸਕੇ ਆਪਣੀਆਂ ਗਿ੍ਰਫਤਾਰੀਆਂ ਦੇ ਦਿੱਤੀਆਂ।
ਤੋਪਾਂ ਨਾਲ ਉਡਾਉਣ ਦਾ ਹੁਕਮ
17 ਜਨਵਰੀ ਨੂੰ ਡਿਪਟੀ ਕਮਿਸ਼ਨਰ ਐੱਲ. ਕਾਵਨ ਨੇ ਬਿਨਾਂ ਮੁਕੱਦਮਾ ਚਲਾਏ ਇਨ੍ਹਾਂ ਸਿੰਘਾਂ ਨੂੰ ਤੋਪਾਂ ਨਾਲ ਬੰਨ੍ਹਕੇ ਉਡਾਉਣ ਦਾ ਹੁਕਮ ਦੇ ਦਿੱਤਾ। ਮਲੇਰਕੋਟਲਾ ਦੇ ਰੱਕੜ ਵਿਚ 9 ਤੋਪਾਂ ਬੀੜੀਆਂ ਗਈਆਂ। ਡੀ.ਸੀ.ਐੱਲ. ਕਾਵਨ ਨੇ 7 ਤੋਪਾਂ ਨਾਲ 7 ਸਿੰਘਾਂ ਨੂੰ ਰੱਸਿਆਂ ਨਾਲ ਬੰਨ੍ਹਣ ਦਾ ਹੁਕਮ ਚਾੜ੍ਹ ਦਿੱਤਾ ਪਰ ਹੀਰਾ ਸਿੰਘ ਨੇ ਲਲਕਾਰ ਕੇ ਆਖਿਆ ‘‘ਗੱਲ ਸੁਣ ਉਏ ਬਿੱਲਿਆ! ਅਸੀਂ ਫਿਰੰਗੀਆਂ ਦਾ ਰਾਜ ਨਹੀਂ ਚਾਹੁੰਦੇ, ਆਪਣਾ ਭਰਾਵਾਂ ਦਾ ਰਾਜ ਚਾਹੁੰਦੇ ਹਾਂ। ਜਦ ਤਕ ਥੋਡਾ ਰਾਜ ਨਹੀਂ ਮੁੱਕਦਾ, ਗ਼ਦਰ ਮਚਾਵਾਂਗੇ, ਸਿਰ ਲਵਾਂਗੇ ਤੇ ਦੇਵਾਂਗੇ, ਤੁਹਾਨੂੰ ਇੱਥੋਂ ਕੱਢਕੇ ਸਾਹ ਲਵਾਂਗੇ। ਅਸੀਂ ਤੇਰੀਆਂ ਤੋਪਾਂ ਤੋਂ ਨਹੀਂ ਡਰਦੇ ਖਿੜੇ ਮੱਥੇ ਛਾਤੀਆਂ ਤਾਣਕੇ ਸ਼ਹੀਦੀਆਂ ਦੇਵਾਂਗੇ।’’ 7 ਵਾਰ ਤੋਪਾਂ ਚੱਲੀਆਂ 7-7 ਸਿੰਘਾਂ ਨੂੰ ਤੋਪਾਂ ਨੇ ਫੀਤਾ-ਫੀਤਾ ਕਰ ਦਿੱਤਾ, ਕੁੱਲ 49 ਸਿੰਘ ਸ਼ਹੀਦ ਹੋ ਗਏ। ਸ਼ਹੀਦ ਬਿਸ਼ਨ ਸਿੰਘ 12 ਸਾਲ ਦਾ ਬੱਚਾ ਸੀ ਉਸ ਨੂੰ ਕਾਵਨ ਨੇ ਆਖਿਆ ਕਿ ਉਹ ਆਖ ਦੇਵੇ ਕਿ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਤੈਨੂੰ ਮਾਫ਼ ਕਰ ਦੇਵਾਂਗੇ ਪਰ ਉਹ ਕਾਵਨ ਦੀ ਦਾਹੜੀ ਨੂੰ ਝਪਟ ਪਿਆ ਜਿਸ ਨੂੰ ਕੋਲ ਖੜ੍ਹੇ ਸਿਪਾਹੀਆਂ ਨੇ ਤਲਵਾਰਾਂ ਨਾਲ ਕਤਲ ਕਰ ਦਿੱਤਾ।
ਨੰਬਰਦਾਰ ਗੁਰਮੁੱਖ ਸਿੰਘ ਫਰਵਾਹੀ ਵੀ ਜੱਥੇ ਵਿਚ ਸੀ ਤੇ ਇਸ ਸਮੇਂ ਤੋਪ ਅੱਗੇ ਉੱਡਣ ਦੀ ਵਾਰੀ ਦੀ ਉਡੀਕ ਕਰਦਾ ਪੋਥੀ ਤੋਂ ਰਹਿਰਾਸ ਦਾ ਪਾਠ ਕਰ ਰਿਹਾ ਸੀ। ਇਕ ਸਿਪਾਹੀ ਨੇ ਕਾਵਨ ਨੂੰ ਦੱਸਿਆ ਕਿ ਇਹ ਉਹ ਗੁਰਮੁੱਖ ਸਿੰਘ ਹੈ ਜਿਸਨੇ ਬਲਦ ਕਤਲ ਕਰਨ ਵਾਲੀ ਘਟਨਾ ਨੂੰ ਭੈਣੀ ਸਾਹਿਬ ਜਾ ਕੇ ਜੱਥੇ ਨੂੰ ਭਟਕਾਇਆ ਸੀ। ਕਾਵਨ ਨੇ ਗੁਰਮੁੱਖ ਸਿੰਘ ਹੱਥੋਂ ਪੋਥੀ ਖੋਹਣ ਦੀ ਕੋਸ਼ਿਸ਼ ਕੀਤੀ ਤੇ ਗੁਰਮੁੱਖ ਸਿੰਘ ਕਾਵਨ ਦੀ ਸੰਘੀ ਨੂੰ ਚਿੰਬੜ ਗਿਆ ਅਤੇ ਕਾਵਨ ਨੂੰ ਹੇਠਾਂ ਸੁੱਟਕੇ ਛਾਤੀ ’ਤੇ ਬੈਠ ਗਿਆ। ਕਾਵਨ ਨੂੰ ਛੁਡਾਉਣ ਵਾਲੇ ਦੋ ਸਿਪਾਹੀਆਂ ਨੂੰ ਵੀ ਉਹ ਚਿੰਬੜ ਗਿਆ। ਹੱਥੋਂ ਪਾਈ ਵਿਚ ਗੁਰਮੁੱਖ ਸਿੰਘ ਨੂੰ ਤਲਵਾਰਾਂ ਨਾਲ ਫੱਟੜ ਕਰ ਦਿੱਤਾ ਗਿਆ ਤੇ ਫਿਰ ਤੋਪ ਨਾਲ ਉਡਾ ਦਿੱਤਾ ਗਿਆ। ਸ਼ਹੀਦ ਵਰਿਆਮ ਸਿੰਘ ਮਹਿਰਾਜ ਦਾ ਕੱਦ ਛੋਟਾ ਸੀ ਤੇ ਉਸ ਨੂੰ ਛੱਡ ਦੇਣ ਦੀ ਮਹਾਰਾਜਾ ਪਟਿਆਲਾ ਦੀ ਸਿਫਾਰਸ਼ ਸੀ ਪਰ ਉਹ ਯੋਧਾ ਪੈਰਾਂ ਹੇਠ ਢੀਮਾਂ ਰੱਖਕੇ ਤੋਪ ਦੇ ਬਰਾਬਰ ਤੂੰਬਾ-ਤੂੰਬਾ ਹੋ ਉੱਡ ਗਿਆ। 9 ਸਾਲ ਦੇ ਬੱਚੇ ਹਰਨਾਮ ਸਿੰਘ ਦੇ ਦਿਲ ’ਚ ਸ਼ਹਾਦਤ ਦਾ ਬੜਾ ਚਾਅ ਸੀ ਪਰ ਉਹ ਤੋਪ ਤੋਂ ਬਹੁਤ ਛੋਟਾ ਸੀ। ਉਹ ਸ਼ਹੀਦ ਹੋਣ ਲਈ ਦੌੜ ਕੇ ਆਪਣੇ ਮਾਮੇ ਸੁਹੇਲ ਸਿੰਘ ਦੀ ਪਿੱਠ ’ਤੇ ਚੜ੍ਹ ਗਿਆ। ਤੋਪ ਚੱਲੀ ਤੇ ਦੋਵੇਂ ਮਾਮਾ-ਭਾਣਜਾ ਸ਼ਹੀਦ ਹੋ ਗਏ। ਸਮਕਾਲੀ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਮਲੇਰਕੋਟਲਾ ਸਾਕੇ ਦੇ ਅੱਖੀਂ ਡਿੱਠੇ ਹਾਲ ਨੂੰ ਇੰਝ ਬਿਆਨ ਕਰਦੇ ਹਨ-
ਦੀਵੇ ਪਰ ਜਿਉਂ ਆਏ ਪਤੰਗੇ।
ਤਯੋਂ ਤੋਪਨ ਦਿਸ ਜਾਇ ਨਿਸ਼ੰਗੇ।।
ਰੇਲ ਗੱਡੀ ਰਾਹੀਂ ਕੀਤੇ ਜਲਾਵਤਨ
ਗਵਰਨਰ ਪੰਜਾਬ ਦੇ ਹੁਕਮ ਤੇ ਟੀ.ਡੀ. ਫੋਰਸਾਈਥ ਕਮਿਸ਼ਨਰ ਅੰਬਾਲਾ ਡਿਵੀਜ਼ਨ ਦੀਆਂ ਹਦਾਇਤਾਂ ਮੁਤਾਬਕ ਡੀ.ਆਈ.ਜੀ. ਲੈਫਟੀਨੈਂਟ ਕਰਨਲ ਬੇਲੀ ਅਤੇ ਥਾਣੇਦਾਰ ਸਾਹ ਵਲੀ ਦੁਆਰਾ ਬਿ੍ਰਟਿਸ਼ ਸਾਮਰਾਜ ਦੇ ਪਹਿਲਾਂ ਹੀ ਉਲੀਕੇ ਪ੍ਰੋਗਰਾਮ ਮੁਤਾਬਕ 17 ਜਨਵਰੀ 1872 ਈਸਵੀ ਦੀ ਰਾਤ ਨੂੰ ਬਾਬਾ ਰਾਮ ਸਿੰਘ ਅਤੇ ਉਨ੍ਹਾਂ ਦੇ ਮਹਾਨ ਸੂਬਿਆਂ ਨੂੰ ਰਾਤ ਨੂੰ ਪੁਲਿਸ ਨਿਗਰਾਨੀ ਹੇਠ ਲੁਧਿਆਣਾ ਲਿਜਾ ਕੇ ਕਮਿਸ਼ਨਰ ਅੱਗੇ ਪੇਸ਼ ਕੀਤਾ ਗਿਆ ਅਤੇ ਉਸੇ ਰਾਤ ਸਤਿਗੁਰੂ ਰਾਮ ਸਿੰਘ, ਸੂਬਾ ਜਵਾਹਰ ਸਿੰਘ, ਸੂਬਾ ਸਾਹਿਬ ਸਿੰਘ, ਸੂਬਾ ਲੱਖਾ ਸਿੰਘ ਅਤੇ ਸਤਿਗੁਰੂ ਜੀ ਦੇ ਸੇਵਕ ਨਾਨੂੰ ਸਿੰਘ ਨੂੰ ਮਿਸਟਰ ਜੈਕਸ਼ਨ ਦੀ ਗੋਰਖਾ ਗਾਰਦ ਦੀ ਨਿਗਰਾਨੀ ਹੇਠ ਰੇਲ ਗੱਡੀ ਰਾਹੀਂ ਜਲਾਵਤਨ ਕਰ ਦਿੱਤਾ ਗਿਆ। ਬਿ੍ਰਟਿਸ਼ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੂਬਾ ਕਾਹਨ ਸਿੰਘ, ਸੂਬਾ ਬ੍ਰਹਮਾ ਸਿੰਘ, ਸੂਬਾ ਮਾਨ ਸਿੰਘ, ਸੂਬਾ ਹੁਕਮਾ ਸਿੰਘ, ਸੂਬਾ ਪਹਾੜਾ ਸਿੰਘ, ਸੂਬਾ ਸੁਜਾਨ ਸਿੰਘ ਅਤੇ ਗੁਰੂ ਰਾਮ ਸਿੰਘ ਦੇ ਬਹੁਤ ਨਿਕਟਵਰਤੀ ਮੰਗਲ ਸਿੰਘ ਬਿਸ਼ਨਪੁਰਾ ਨੂੰ ਵੀ ਜਲਾਵਤਨ ਕਰ ਦਿੱਤਾ।
ਨਵੇਂ ਸੂਬਿਆਂ ਦੀ ਸਥਾਪਨਾ
ਅੰਗਰੇਜ਼ ਇਹ ਸਮਝਦਾ ਸੀ ਕਿ ਜਬਰ ਦੀਆਂ ਵੱਡੀਆਂ ਹਨੇਰੀਆਂ, ਝੱਖੜਾਂ ਅਤੇ ਤਸ਼ੱਦਦ ਨਾਲ ਨਾਮਧਾਰੀ ਲਹਿਰ ਨੂੰ ਕੁਚਲ ਦਿੱਤਾ ਗਿਆ ਹੈ ਪਰ ਕੂਕਾ ਅੰਦੋਲਨ ਨੇ ਆਪਣੀ ਡੂੰਘੀ ਰਾਜਨੀਤਿਕ ਸੂਝ ਨਾਲ ਆਜ਼ਾਦੀ ਦੀ ਜੋਤ ਨੂੰ ਬਲਦੀ ਰੱਖਿਆ। ਬਾਬਾ ਰਾਮ ਸਿੰਘ ਨੇ ਕਾਲੇਪਾਣੀਆਂ ਤੋਂ ਜੇਲ੍ਹ ’ਚ ਬੈਠਿਆਂ ਅਤੇ ਗੁਰੂ ਹਰੀ ਸਿੰਘ ਨੇ ਭੈਣੀ ਸਾਹਿਬ ਦੀ ਧਰਤੀ ਤੋਂ ਕੂਕਾ ਅੰਦੋਲਨ ਦੀ ਅਗਵਾਈ ਕੀਤੀ। ਜਿੱਥੇ ਭਾਰਤ ਦੇ ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਜਲਾਵਤਨ ਕਰਨ ’ਤੇ ਭਾਰਤ ਦਾ ਇਕ ਆਦਮੀ ਵੀ ਉਸ ਨੂੰ ਮਿਲਣ ਨਹੀਂ ਗਿਆ ਉੱਥੇ ਗੁਰੂ ਰਾਮ ਸਿੰਘ ਨੂੰ ਮਿਲਣ ਵਾਲਿਆਂ ਦੀ 96 ਨਾਮਧਾਰੀਆਂ ਦੀ ਸੂਚੀ ਹੈ ਜਿਨ੍ਹਾਂ ਹੱਥੀਂ ਬਾਬਾ ਰਾਮ ਸਿੰਘ ਨੇ 65 ਹੁਕਮਨਾਮੇ ਸੰਗਤ ਦੀ ਅਗਵਾਈ ਕਰਦਿਆਂ ਲਿਖੇ।
ਬਾਬਾ ਹਰੀ ਸਿੰਘ ਨੇ 11 ਨਵੇਂ ਸੂਬਿਆਂ ਦੀ ਸਥਾਪਨਾ ਕੀਤੀ। ਕੂਕਾ ਅੰਦੋਲਨ ਨੇ ਗੁਪਤ ਰੂਪ ’ਚ ਪੰਜਾਬੀਆਂ ਤੇ ਦੇਸ਼ਾਂ-ਵਿਦੇਸ਼ਾਂ ਨਾਲ ਸੰਪਰਕ ਰੱਖਕੇ ਆਜ਼ਾਦੀ ਦੇ ਅਜਿਹੇ ਅਧਿਆਏ ਦੀ ਸਿਰਜਣਾ ਕੀਤੀ ਜਿਸ ਨੂੰ ਉੱਘੇ ਇਤਿਹਾਸਕਾਰ ਪੀ.ਸੀ. ਰਾਏ ਨੇ ਆਪਣੀ ਖੋਜ ਭਰਪੂਰ ਆਧਿਆਏ ਵਿਚ ਬਿਆਨ ਕੀਤਾ ਹੈ। ਆਜ਼ਾਦੀ ਸੰਗਰਾਮ ਦੇ ਇਸ ਪਲੇਠੇ ਸੰਘਰਸ਼ ਕੂਕਾ ਅੰਦੋਲਨ ਨੂੰ ਤੋਪਾਂ, ਕੁਰਕੀਆਂ ਅਤੇ ਜਲਾਵਤਨੀਆਂ ਵੀ ਝੁਕਾ ਨਾ ਸਕੀਆਂ। ਇਸ ਜਵਾਹਰਭਾਟੇ ਵਿੱਚੋਂ ਹੋਰ ਅਨੇਕਾਂ ਲਹਿਰਾਂ ਨੇ ਜਨਮ ਲਿਆ ਅਤੇ ਦੇਸ਼ ਆਜ਼ਾਦ ਹੋਇਆ।
ਸ਼ਹੀਦੀ ਜਹਾਜ਼ ਦੀ ਕੀਤੀ ਤਿਆਰੀ
12 ਜਨਵਰੀ 1872 ਈਸਵੀ ਨੂੰ ਭੈਣੀ ਸਾਹਿਬ ਅਕਾਲ ਬੂੰਗੇ ਵਿਖੇ ਸ. ਹੀਰਾ ਸਿੰਘ ਸਕਰੌਦੀ ਨੇ ਅੰਗਰੇਜ਼ ਦੀਆਂ ਜ਼ਿਆਦਤੀਆਂ ਖ਼ਿਲਾਫ਼ ਬੋਲਦਿਆਂ ਨੰਗੀ ਤਲਵਾਰ ਨਾਲ ਜ਼ਮੀਨ ਤੇ ਲਕੀਰ ਖਿੱਚ ਦਿੱਤੀ ਅਤੇ ਲਲਕਾਰ ਕੇ ਆਖਿਆ ‘‘ਸ਼ਹੀਦੀ ਜਹਾਜ਼ ਤਿਆਰ ਹੈ ਜਿਸ ਨੇ ਵੀ ਦੇਸ਼ ਲਈ ਕੁਰਬਾਨ ਹੋਣਾ ਹੈ ਉਹ ਇਹ ਲਕੀਰ ਟੱਪਕੇ ਇਧਰ ਆ ਜਾਣ।’’ 140 ਸਿੰਘ ਤੇ ਦੋ ਬੀਬੀਆਂ ਰੇਖਾ ਪਾਰ ਕਰ ਗਈਆਂ। ਇਸ ਜੱਥੇ ਨੂੰ ਗੁਰੂ ਰਾਮ ਸਿੰਘ ਨੇ ਵਰਜਿਆ ਕਿ ‘‘ਅਜੇ ਹਥਿਆਰਬੰਦ ਬਗ਼ਾਵਤ ਦਾ ਵਕਤ ਨਹੀਂ, ਸਮਾਂ ਆਉਣ ’ਤੇ ਨਿਯਮਬੱਧ ਤਰੀਕੇ ਨਾਲ ਕਦਮ ਪੁੱਟਾਂਗੇ।’’ ਪਰ ਹੀਰਾ ਸਿੰਘ ਨੇ ਆਖਿਆ ਕਿ ‘‘ਗੁਰੂ ਤੇਗ ਬਹਾਦਰ ਜੀ ਦਰਸ਼ਨ ਦੇ ਕੇ ਆਖ ਰਹੇ ਹਨ ਕਿ ਦੇਸ਼ ਲਈ ਬਲੀਦਾਨ ਦੀ ਜ਼ਰੂਰਤ ਹੈ।’’ ਗੁਰੂ ਰਾਮ ਸਿੰਘ ਨੇ ਆਖਿਆ ‘‘ਗੁਰੂ ਤੇਗ ਬਹਾਦਰ ਦਾ ਹੁਕਮ ਤਾਂ ਮੈਂ ਵੀ ਨਹੀਂ ਮੋੜ ਸਕਦਾ।’’
- ਡਾ. ਲਖਵੀਰ ਸਿੰਘ ਨਾਮਧਾਰੀ