ਮਨੁੱਖੀ ਜੀਵਨ ’ਚ ਸੰਤੁਲਨ ਰੱਖਦਾ ਹੈ ਬਹੁਤ ਮਹੱਤਵ
ਅੱਜ ਦਾ ਯੁੱਗ ਅੱਤ ਦਾ ਦੌਰ ਬਣ ਗਿਆ ਹੈ- ਉਪਭੋਗ, ਮੁਕਾਬਲੇਬਾਜ਼ੀ, ਹੰਕਾਰ ਅਤੇ ਵਿਚਾਰਾਂ ਵਿਚ ਅੱਤ। ਇਸ ਦਾ ਨਤੀਜਾ ਹੈ-ਤਣਾਅ, ਅਸੁਰੱਖਿਆ ਅਤੇ ਅਸੰਤੁਲਨ। ਅੱਤ ਦਾ ਕੋਈ ਵੀ ਰੂਪ ਵਿਨਾਸ਼ ਵੱਲ ਲੈ ਕੇ ਜਾਂਦਾ ਹੈ। ਅੱਤ ਤੋਂ ਬਾਅਦ ਸ਼ਾਂਤੀ ਨਹੀਂ, ਸਗੋਂ ਮਨਫ਼ੀ ਹੋਣ ਦਾ ਅਹਿਸਾਸ ਆਉਂਦਾ ਹੈ।
Publish Date: Tue, 18 Nov 2025 10:49 PM (IST)
Updated Date: Wed, 19 Nov 2025 07:50 AM (IST)
ਸਮਾਜ ਦੀ ਸਭ ਤੋਂ ਵੱਡੀ ਚੁਣੌਤੀ ਇਹ ਨਹੀਂ ਹੈ ਕਿ ਬੁਰਾਈ ਮੌਜੂਦ ਹੈ, ਸਗੋਂ ਇਹ ਹੈ ਕਿ ਚੰਗਿਆਈ ਮੌਨ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਬੁਰਾਈ ਪ੍ਰਤੀ ਚੌਕਸ ਰਹੀਏ, ਉਸ ਦੇ ਨਤੀਜਿਆਂ ਨੂੰ ਸਮਝੀਏ ਅਤੇ ਉਨ੍ਹਾਂ ਨੂੰ ਸਮਾਜ ਦੇ ਸਾਹਮਣੇ ਸਪਸ਼ਟ ਕਰੀਏ। ਜਦੋਂ ਚੇਤਨਾ ਜਾਗਦੀ ਹੈ, ਤਦ ਬਦਲਾਅ ਦੀ ਸ਼ੁਰੂਆਤ ਹੁੰਦੀ ਹੈ। ਬਦਲਾਅ ਦਾ ਬੀਜ ਹਰ ਵਿਅਕਤੀ ਦੇ ਅੰਦਰ ਹੈ, ਸਿਰਫ਼ ਉਸ ਨੂੰ ਆਤਮ-ਜਾਗਰਣ ਦੀ ਲੋੜ ਹੈ।
ਜੇ ਤੁਸੀਂ ਵੱਡੀ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀਆਂ ਹੱਦਾਂ ਤੋਂ ਪਰੇ ਜਾਣਾ ਹੋਵੇਗਾ, ਆਪਣੇ-ਆਪ ਨੂੰ ਉੱਚੀ ਮਾਨਸਿਕ ਅਵਸਥਾ ਵਿਚ ਲਿਜਾਣਾ ਹੋਵੇਗਾ। ਸਫਲਤਾ ਉਹੀ ਹੈ ਜੋ ਆਤਮ-ਅਨੁਸ਼ਾਸਨ ਅਤੇ ਸਾਵਧਾਨੀ ਤੋਂ ਉਪਜਦੀ ਹੈ। ਹਰ ਮਨੁੱਖ ਦੇ ਅੰਦਰ ਪ੍ਰਕਾਸ਼ ਦਾ ਸਰੋਤ ਹੈ ਪਰ ਇਸ ਨੂੰ ਬਾਲ ਕੇ ਰੱਖਣ ਲਈ ਸੰਜਮ ਅਤੇ ਸੰਤੁਲਨ ਦੀ ਲੋੜ ਹੈ। ਸੰਤੁਲਨ ਹੀ ਜੀਵਨ ਦੀ ਅਸਲੀ ਸੁੰਦਰਤਾ ਹੈ। ਮਹਾਤਮਾ ਬੁੱਧ ਨੇ ਕਿਹਾ ਸੀ, “ਮੱਧ ਮਾਰਗ ਹੀ ਮੁਕਤੀ ਦਾ ਮਾਰਗ ਹੈ।” ਜੋ ਵਿਅਕਤੀ ਇਸ ਸੰਤੁਲਨ ਨੂੰ ਸੇਧ ਲੈਂਦਾ ਹੈ, ਉਹੀ ਜੀਵਨ ਦੀ ਕਲਾ ਨੂੰ ਸਮਝ ਲੈਂਦਾ ਹੈ।
ਅੱਜ ਦਾ ਯੁੱਗ ਅੱਤ ਦਾ ਦੌਰ ਬਣ ਗਿਆ ਹੈ- ਉਪਭੋਗ, ਮੁਕਾਬਲੇਬਾਜ਼ੀ, ਹੰਕਾਰ ਅਤੇ ਵਿਚਾਰਾਂ ਵਿਚ ਅੱਤ। ਇਸ ਦਾ ਨਤੀਜਾ ਹੈ-ਤਣਾਅ, ਅਸੁਰੱਖਿਆ ਅਤੇ ਅਸੰਤੁਲਨ। ਅੱਤ ਦਾ ਕੋਈ ਵੀ ਰੂਪ ਵਿਨਾਸ਼ ਵੱਲ ਲੈ ਕੇ ਜਾਂਦਾ ਹੈ। ਅੱਤ ਤੋਂ ਬਾਅਦ ਸ਼ਾਂਤੀ ਨਹੀਂ, ਸਗੋਂ ਮਨਫ਼ੀ ਹੋਣ ਦਾ ਅਹਿਸਾਸ ਆਉਂਦਾ ਹੈ।
ਸਮਾਂ ਆ ਗਿਆ ਹੈ ਕਿ ਅਸੀਂ ਅੱਤ ਦੇ ਇਸ ਮੋਹਜਾਲ਼ ਤੋਂ ਬਾਹਰ ਨਿਕਲੀਏ ਅਤੇ ਸੰਜਮ ਵੱਲ ਵਾਪਸ ਆਈਏ। ਅੱਤ ਦਾ ਪ੍ਰਤੀਕਰਮ ਸਾਨੂੰ ਵਿਨਾਸ਼ ਦੀ ਦਿਸ਼ਾ ਵੱਲ ਲੈ ਕੇ ਜਾਂਦਾ ਹੈ ਜਦਕਿ ਸੰਤੁਲਨ ਸਾਨੂੰ ਸਿਰਜਣਾ ਵੱਲ ਲਿਜਾਉਂਦਾ ਹੈ। ਸੰਜਮ ਹੀ ਉੱਥਾਨ ਦਾ ਮਾਰਗ ਹੈ।
ਇਸ ਲਈ ਸਾਨੂੰ ਆਪਣੇ ਅੰਦਰ ਜਾਗਰੂਕਤਾ ਦਾ ਚਿਰਾਗ਼ ਬਾਲਣਾ ਹੋਵੇਗਾ ਤਾਂ ਜੋ ਨਾ ਅਗਿਆਨ ਸਾਨੂੰ ਬੰਨ੍ਹੇ, ਨਾ ਹੰਕਾਰ ਸਾਨੂੰ ਅੰਨ੍ਹਾ ਕਰੇ ਅਤੇ ਨਾ ਲਗਾਅ ਸਾਨੂੰ ਨੁਕਸਾਨ ਪਹੁੰਚਾਏ। ਤਦ ਹੀ ਜੀਵਨ ਦਾ ਉਦੈ ਸਥਾਈ ਬਣੇਗਾ ਤੇ ਅਸਤ ਹੋਣ ਦਾ ਭੈਅ ਨਹੀਂ ਰਹੇਗਾ। ਜੋ ਵਿਅਕਤੀ ਆਪਣੇ-ਆਪ ਨੂੰ ਜਿੱਤ ਲੈਂਦਾ ਹੈ, ਉਹੀ ਸੱਚਾ ਜੇਤੂ ਹੈ। ਇਸ ਲਈ ਜੀਵਨ ਦਾ ਮੂਲ ਮੰਤਰ ਇਹ ਹੈ-ਅੱਤ ਨਹੀਂ, ਸੰਤੁਲਨ; ਹੰਕਾਰ ਨਹੀਂ, ਹਲੀਮੀ; ਅਗਿਆਨ ਨਹੀਂ, ਜਾਗਰੂਕਤਾ। ਜਦੋਂ ਜੀਵਨ ਸੰਤੁਲਿਤ ਹੁੰਦਾ ਹੈ ਤਦ ਹੀ ਉਸ ਵਿਚ ਪ੍ਰਕਾਸ਼ ਸਥਾਈ ਹੁੰਦਾ ਹੈ।
-ਲਲਿਤ ਗਰਗ।