ਮਾੜਾ ਸਮਾਂ
ਇਸੇ ਬਨਵਾਸ ’ਚ ਉਨ੍ਹਾਂ ਨੂੰ ਹਨੂਮਾਨ ਵਰਗਾ ਬੇਮਿਸਾਲ ਭਗਤ ਮਿਲਿਆ, ਜਿਨ੍ਹਾਂ ਦੀ ਭਗਤੀ ਤੇ ਸ਼ਕਤੀ ਨੇ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੱਤਾ ਤੇ ਉਸੇ ਬਨਵਾਸ ਦੌਰਾਨ ਉਨ੍ਹਾਂ ਦਾ ਸਾਹਮਣਾ ਰਾਵਣ ਵਰਗੇ ਤਾਕਤਵਰ ਦੁਸ਼ਮਣ ਨਾਲ ਵੀ ਹੋਇਆ। ਰਾਵਣ ਨੂੰ ਮਾਰ ਕੇ ਹੀ ਸ਼੍ਰੀ ਰਾਮ ਨੇ ਧਰਮ ਦੀ ਸਥਾਪਨਾ ਕੀਤੀ ਤੇ ਪੂਰੇ ਬ੍ਰਹਿਮੰਡ ’ਚ ਉਨ੍ਹਾਂ ਦੀ ਵਿਜੇ ਗਾਥਾ ਗਾਈ ਗਈ।
Publish Date: Sun, 14 Dec 2025 11:32 PM (IST)
Updated Date: Mon, 15 Dec 2025 07:44 AM (IST)
ਭਗਵਾਨ ਸ਼੍ਰੀ ਰਾਮ ਬਨਵਾਸ ਪੂਰਾ ਕਰ ਕੇ ਜਦ ਅਯੁੱਧਿਆ ਮੁੜੇ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਮਾਤਾ ਕੈਕਈ ਦੇ ਚਰਨ ਸਪਰਸ਼ ਕੀਤੇ। ਉਹੀ ਕੈਕਈ, ਜਿਨ੍ਹਾਂ ਕਾਰਨ ਉਨ੍ਹਾਂ ਨੂੰ ਬਨਵਾਸ ਮਿਲਿਆ ਸੀ। ਸ਼੍ਰੀ ਰਾਮ ਇਹ ਜਾਣਦੇ ਸਨ ਕਿ ਜੀਵਨ ’ਚ ਆਉਣ ਵਾਲੇ ਹਰ ਹਾਲਾਤ ਦਾ ਆਪਣਾ ਮਹੱਤਵ ਹੁੰਦਾ ਹੈ।
ਜੇ ਕੈਕਈ ਕਾਰਨ ਉਨ੍ਹਾਂ ਨੂੰ ਬਨਵਾਸ ਨਾ ਮਿਲਦਾ, ਤਾਂ ਸ਼ਾਇਦ ਉਨ੍ਹਾਂ ਦਾ ਜੀਵਨ ਓਨਾ ਮਹਾਨ ਤੇ ਪ੍ਰੇਰਕ ਨਾ ਬਣਦਾ। ਬਨਵਾਸ ਹੀ ਉਹ ਮਾਰਗ ਸੀ ਜਿਸ ਨੇ ਉਨ੍ਹਾਂ ਨੂੰ ਅਜਿਹੇ ਤਜਰਬੇ ਦਿੱਤੇ, ਜਿਨ੍ਹਾਂ ਨਾਲ ਸੰਸਾਰ ਨੂੰ ਆਦਰਸ਼ ਜੀਵਨ ਦੀ ਸਿੱਖਿਆ ਮਿਲੀ। ਬਨਵਾਸ ਕਾਰਨ ਹੀ ਸ਼੍ਰੀ ਰਾਮ ਦੀ ਮੁਲਾਕਾਤ ਸੁਗਰੀਵ ਵਰਗੇ ਸੱਚੇ ਦੋਸਤ ਨਾਲ ਹੋਈ। ਸੁਗਰੀਵ ਨੇ ਨਾ ਸਿਰਫ਼ ਉਨ੍ਹਾਂ ਦਾ ਸਾਥ ਦਿੱਤਾ, ਬਲਕਿ ਹਰ ਮੁਸ਼ਕਲ ’ਚ ਉਨ੍ਹਾਂ ਨਾਲ ਖੜ੍ਹੇ ਰਹੇ।
ਇਸੇ ਬਨਵਾਸ ’ਚ ਉਨ੍ਹਾਂ ਨੂੰ ਹਨੂਮਾਨ ਵਰਗਾ ਬੇਮਿਸਾਲ ਭਗਤ ਮਿਲਿਆ, ਜਿਨ੍ਹਾਂ ਦੀ ਭਗਤੀ ਤੇ ਸ਼ਕਤੀ ਨੇ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੱਤਾ ਤੇ ਉਸੇ ਬਨਵਾਸ ਦੌਰਾਨ ਉਨ੍ਹਾਂ ਦਾ ਸਾਹਮਣਾ ਰਾਵਣ ਵਰਗੇ ਤਾਕਤਵਰ ਦੁਸ਼ਮਣ ਨਾਲ ਵੀ ਹੋਇਆ। ਰਾਵਣ ਨੂੰ ਮਾਰ ਕੇ ਹੀ ਸ਼੍ਰੀ ਰਾਮ ਨੇ ਧਰਮ ਦੀ ਸਥਾਪਨਾ ਕੀਤੀ ਤੇ ਪੂਰੇ ਬ੍ਰਹਿਮੰਡ ’ਚ ਉਨ੍ਹਾਂ ਦੀ ਵਿਜੇ ਗਾਥਾ ਗਾਈ ਗਈ।
ਸ਼੍ਰੀ ਰਾਮ ਨੇ ਮਾਤਾ ਕੈਕਈ ਦੇ ਚਰਨ ਸਪਰਸ਼ ਕਰ ਕੇ ਇਹੀ ਸੰਦੇਸ਼ ਦਿੱਤਾ ਕਿ ਜੀਵਨ ਦੀ ਹਰ ਮੁਸ਼ਕਲ ਸਾਨੂੰ ਨਵੀਂ ਦਿਸ਼ਾ ਦੇਣ ਆਉਂਦੀ ਹੈ। ਜੋ ਘਟਨਾ ਉਸ ਸਮੇਂ ਦੁੱਖਦਾਈ ਲਗਦੀ ਹੈ, ਉਹੀ ਭਵਿੱਖ ’ਚ ਮੌਕਾ ਬਣ ਜਾਂਦੀ ਹੈ। ਸਾਡੇ ਜੀਵਨ ’ਚ ਵੀ ‘ਕੈਕਈ’ ਬੁਰੇ ਸਮੇਂ ਦਾ ਪ੍ਰਤੀਕ ਹੈ।
ਜੀਵਨ ’ਚ ਜਦ ਮੁਸ਼ਕਲ ਆਉਂਦੀ ਹੈ, ਤਦ ਸਾਨੂੰ ਸੱਚੇ ਹਮਦਰਦਾਂ ਦੀ ਪਛਾਣ ਹੁੰਦੀ ਹੈ। ਮੁਸ਼ਕਲ ਦੇ ਸਮੇਂ ਜੋ ਸਾਥ ਛੱਡ ਦੇਵੇ, ਉਹ ਸਿਰਫ਼ ਮੌਕਾਪ੍ਰਸਤ ਹੁੰਦਾ ਹੈ, ਪਰ ਜੋ ਹਰ ਹਾਲਾਤ ’ਚ ਸਾਥ ਦੇਵੇ, ਉਹੀ ਸੱਚਾ ਦੋਸਤ ਕਹਾਉਂਦਾ ਹੈ। ਮਾੜਾ ਸਮਾਂ ਸਾਨੂੰ ਮਜ਼ਬੂਤ ਬਣਾਉਂਦਾ ਹੈ, ਵਿਚਾਰਾਂ ਨੂੰ ਸਪੱਸ਼ਟ ਕਰਦਾ ਹੈ ਤੇ ਜੀਵਨ ਦੇ ਰਾਹ ਨੂੰ ਨਵਾਂ ਮੋੜ ਦਿੰਦਾ ਹੈ। ਇਸ ਲਈ ਮਨੁੱਖ ਨੂੰ ਮੁਸ਼ਕਲ ਸਮੇਂ ਤੋਂ ਘਬਰਾਉਣਾ ਨਹੀਂ ਚਾਹੀਦਾ, ਬਲਕਿ ਉਸ ਨੂੰ ਜੀਵਨ ਦੀ ਸਿੱਖਿਆ ਮੰਨ ਕੇ ਅੱਗੇ ਵਧਣਾ ਚਾਹੀਦਾ ਹੈ। ਭਗਵਾਨ ਸ਼੍ਰੀ ਰਾਮ ਦੀ ਤਰ੍ਹਾਂ ਸਾਨੂੰ ਵੀ ਹਰ ਤਜਰਬੇ ਨੂੰ ਨਿਰਮਤਾ ਨਾਲ ਸਵੀਕਾਰ ਕਰ ਕੇ, ਆਪਣੇ ਜੀਵਨ ਨੂੰ ਸਕਾਰਾਤਮਕ ਦਿਸ਼ਾ ’ਚ ਲਿਜਾਣਾ ਚਾਹੀਦਾ ਹੈ।
-ਸਮਰਾਜ ਚੌਹਾਨ।