ਬਾਬਾ ਮੋਤੀ ਰਾਮ ਮਹਿਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਰਪਿਤ ਚੇਲਾ ਤੇ ਸੇਵਕ ਸੀ। ਬਾਬਾ ਮੋਤੀ ਰਾਮ ਮਹਿਰਾ ਦੀ ਉਮਰ 40 ਸਾਲ ਸੀ ਜੋ ਸਰਹਿੰਦ ਦੇ ਰਹਿਣ ਵਾਲੇ ਤੇ ਗ਼ਰੀਬ ਪਰਿਵਾਰ ਨਾਲ ਸਬੰਧਿਤ ਸਨ। ਆਪ ਦੀ ਰਿਹਾਇਸ਼ ਮਨਸੂਰੀਵ ਟਿੱਬੇ ’ਤੇ ਇੱਕ ਕੱਚੇ ਮਕਾਨ ਵਿੱਚ ਸੀ ਜਿੱਥੇ ਉਹ ਆਪਣੀ ਪਤਨੀ ਭੋਲੀ ਜਿਸ ਦੀ ਉਮਰ 38 ਸਾਲ, ਬਿਰਧ ਮਾਤਾ ਦੀ ਉਮਰ 70 ਸਾਲ ਅਤੇ ਇੱਕ ਸੱਤ ਸਾਲ ਦੇ ਪੁੱਤਰ ਨਾਲ ਰਹਿੰਦੇ ਸਨ।

ਬਾਬਾ ਮੋਤੀ ਰਾਮ ਮਹਿਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਰਪਿਤ ਚੇਲਾ ਤੇ ਸੇਵਕ ਸੀ। ਬਾਬਾ ਮੋਤੀ ਰਾਮ ਮਹਿਰਾ ਦੀ ਉਮਰ 40 ਸਾਲ ਸੀ ਜੋ ਸਰਹਿੰਦ ਦੇ ਰਹਿਣ ਵਾਲੇ ਤੇ ਗ਼ਰੀਬ ਪਰਿਵਾਰ ਨਾਲ ਸਬੰਧਿਤ ਸਨ। ਆਪ ਦੀ ਰਿਹਾਇਸ਼ ਮਨਸੂਰੀਵ ਟਿੱਬੇ ’ਤੇ ਇੱਕ ਕੱਚੇ ਮਕਾਨ ਵਿੱਚ ਸੀ ਜਿੱਥੇ ਉਹ ਆਪਣੀ ਪਤਨੀ ਭੋਲੀ ਜਿਸ ਦੀ ਉਮਰ 38 ਸਾਲ, ਬਿਰਧ ਮਾਤਾ ਦੀ ਉਮਰ 70 ਸਾਲ ਅਤੇ ਇੱਕ ਸੱਤ ਸਾਲ ਦੇ ਪੁੱਤਰ ਨਾਲ ਰਹਿੰਦੇ ਸਨ। ਆਪ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ। ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਇਨ੍ਹਾਂ ਦੇ ਰਿਸ਼ਤੇਦਾਰ ਸਨ। ਭਾਈ ਮੋਤੀ ਰਾਮ ਮਹਿਰਾ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਂ ਹਿੰਦੂ ਲੰਗਰ ਵਿੱਚ ਲਾਂਗਰੀ ਵਜੋਂ ਨੌਕਰੀ ਕਰਦੇ ਸਨ। ਇਨ੍ਹਾਂ ਦੀ ਡਿਉੂਟੀ ਹਿੰਦੂ ਕੈਦੀਆਂ ਨੂੰ ਲੰਗਰ ਛਕਾਉਣ ਦੀ ਸੀ। ਆਪ ਜੀ ਦੀ ਉਮਰ ਉਸ ਸਮੇਂ ਕੋਈ 27-28 ਸਾਲ ਦੀ ਹੋਵੇਗੀ। ਜੇਲ੍ਹ ਦੇ ਦਰੋਗੇ ਨੇ ਆਪ ਨੂੰ ਕਿਹਾ, ‘‘ਭਾਈ ਮੋਤੀ ਰਾਮਾ! ਠੰਢੇ ਬੁਰਜ ਵਿੱਚ ਤਿੰਨ ਨਵੇਂ ਕੈਦੀ ਆਏ ਹਨ। ਉਨ੍ਹਾਂ ਨੂੰ ਭੋਜਨ ਛਕਾ ਦਈਂ।’’ ਭਾਈ ਮੋਤੀ ਰਾਮ ਭੋਜਨ ਲੈ ਕੇ ਬੁਰਜ ਦੀਆਂ ਪੌੜੀਆਂ ਚੜ੍ਹ ਗਿਆ। ਉੱਪਰ ਘੁੱਪ ਹਨੇਰਾ ਸੀ। ਦੀਵੇ ਦੀ ਮੱਧਮ ਲੋਅ ਵਿੱਚ ਨਿੱਕੇ-ਨਿੱਕੇ ਬਾਲਾਂ ਤੇ ਮਾਤਾ ਗੁੱਜਰ ਕੌਰ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ। ਮਾਤਾ ਜੀ ਬੋਲੇ ‘ਤੂੰ ਕੌਣ ਹੈਂ’ ? ਭਾਈ ਮੋਤੀ ਰਾਮ ਨੇ ਨਿਮਰਤਾ ਨਾਲ ਉੱਤਰ ਦਿੱਤਾ, ‘‘ਮਾਤਾ ਜੀਓ ! ਦਾਸ ਨੂੰ ‘ਮੋਤੀ’ ਕਹਿ ਕੇ ਲੋਕ ਬੁਲਾਉਦੇ ਹਨ। ਆਪ ਦਾ ਇਹ ਸੇਵਕ ਨਵਾਬ ਦੀ ਨੌਕਰੀ ਕਰਦਾ ਹੈ। ਆਪ ਲਈ ਭੋਜਨ ਲੈ ਕੇ ਆਇਆ ਹਾਂ, ਪ੍ਰਸ਼ਾਦਾ ਛਕ ਲਵੋ। ਮਾਤਾ ਜੀ ਨੇ ਸ਼ਾਹੀ ਭੋਜਨ ਲੈਣ ਤੋਂ ਇਨਕਾਰ ਕਰ ਦਿੱਤਾ। ਮਾਤਾ ਗੁਜਰੀ ਨੇ ਕਿਹਾ, ‘‘ਨਹੀਂ ਮੋਤੀਆ ! ਇਨ੍ਹਾਂ ਪਾਪੀਆਂ ਦੇ ਘਰ ਦੀ ਰੋਟੀ ਪ੍ਰਵਾਨ ਨਹੀਂ ਕਰਨੀ। ਇਨ੍ਹਾਂ ਜ਼ਾਲਮਾਂ ਦੇ ਘਰ ਦਾ ਅੰਨ ਪਾਣੀ ਨਹੀਂ ਛਕਣਾ, ਲੈ ਜਾ। ਭਾਈ ਮੋਤੀ ਰਾਮ ਦੂਜੀ ਵਾਰ ਦੀਵਾਨ ਸੁੱਚਾ ਨੰਦ ਦੇ ਘਰ ਤੋਂ ਲਿਆਂਦਾ ਭੋਜਨ ਵੀ ਲੈ ਕੇ ਗਿਆ। ਮਾਤਾ ਜੀ ਨੇ ਇਹ ਭੋਜਨ ‘ਪਾਪ ਦੀ ਕਮਾਈ’ ਕਹਿ ਕੇ ਵਾਪਸ ਕਰ ਦਿੱਤਾ। ਮਾਤਾ ਜੀ ਨੇ ਕਿਹਾ, ‘‘ਅਸੀਂ ਨਾਮ ਦਾ ਭੋਜਨ, ਬੰਦਗੀ ਦੀ ਖ਼ੁਰਾਕ ਖਾ ਕੇ ਸਮਾਂ ਬਤੀਤ ਕਰ ਲਵਾਂਗੇ।’’ ਗੁਰੂ ਘਰ ਦਾ ਸਿੱਖ ਭਾਈ ਮੋਤੀ ਰਾਮ ਮਹਿਰਾ ਦੁਖੀ ਮਨ ਨਾਲ ਆਪਣੇ ਘਰ ਪਹੁੰਚਿਆ। ਬਾਬਾ ਮੋਤੀ ਰਾਮ ਮਹਿਰਾ ਸਾਰਾ ਕੰਮ-ਕਾਜ ਸਮੇਟ ਕੇ ਘਰ ਜਾ ਕੇ ਬੈਠੇ। ਘਰ ਵਾਲੀ ਤੇ ਮਾਂ ਨੇ ਪ੍ਰਸ਼ਾਦਾ ਤਿਆਰ ਕੀਤਾ। ਰੋਟੀ ਦੀ ਗਰਾਹੀ ਤੋੜੀ ਤੇ ਮੂੰਹ ਕੋਲ ਪਹੁੰਚ ਗਈ ਪਰ ਮੂੰਹ ਦੇ ਅੰਦਰ ਨਾ ਜਾ ਸਕੀ। ਮੋਤੀ ਰਾਮ ਨੇ ਕਿਹਾ, ‘ਮਾਤਾ ਗੁਜਰੀ ਤੇ ਛੋਟੇ ਲਾਲ (ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ) ਭੁੱਖੇ ਹਨ, ਮੇਰੇ ਅੰਦਰ ਰੋਟੀ ਕਿਵੇਂ ਜਾਵੇਗੀ।’
ਭਾਈ ਮੋਤੀ ਰਾਮ ਨੇ ਆਪਣੀ ਧਰਮ ਪਤਨੀ ਨੂੰ ਸਮਝਾਇਆ। ਜੇਕਰ ਉਹ ਮੇਰੇ ਨਾਲ ਸਹਿਮਤ ਹੈ ਤਾਂ ਇੱਕ ਗੱਲ ਕਹਿੰਦਾ ਹਾਂ ਕਿ ਮੈਂ ਗਾਂ ਦਾ ਦੁੱਧ ਅਤੇ ਜਲ ਲੈ ਕੇ ਜਾਵਾਂਗਾ। ਜੇ ਤੁਸੀਂ ਆਪਣੇ ਗਹਿਣੇ ਮੈਨੂੰ ਦੇ ਦੇਵੋ। ਉਸ ਦੀ ਧਰਮ ਪਤਨੀ ਬੀਬੀ ਭੋਲੀ ਘਰ ਦੇ ਅੰਦਰ ਗਈ। ਉਸ ਨੂੰ ਪਿਤਾ ਨੇ ਜੋ ਗਹਿਣੇ ਵਿਆਹ ਸਮੇਂ ਪਾਏ ਸਨ ਤੇ ਕੁਝ ਸਿੱਕੇ ਜੋ ਉਸ ਕੋਲ ਸਨ, ਉਹ ਲਿਆ ਕੇ ਭਾਈ ਮੋਤੀ ਰਾਮ ਜੀ ਨੂੰ ਦਿੱਤੇ ਤੇ ਕਿਹਾ, ‘ਸੁਆਮੀ ਜੀ! ਪਹਿਰੇਦਾਰ ਜੋ ਪਹਿਰੇ ’ਤੇ ਖੜ੍ਹੇ ਹੁੰਦੇ ਹਨ, ਉਹ ਟਕੇ-ਟਕੇ ’ਤੇ ਵਿਕ ਜਾਂਦੇ ਹਨ। ਉਨ੍ਹਾਂ ਨੂੰ ਇਹ ਗਹਿਣੇ ਰਿਸ਼ਵਤ ਦੇ ਦੇਣੀ। ਇੱਕ ਗੜ੍ਹਵਾ ਚੰਗੀ ਤਰ੍ਹਾਂ ਸਾਫ ਕਰਕੇ ਦੁੱਧ ਦਾ ਭਰ ਕੇ ਦਿੱਤਾ ਤੇ ਨਾਲ ਸੁੱਕੇ ਮੇਵੇ ਅਤੇ ਕੋਰੇ ਭਾਂਡੇ ਵਿੱਚ ਜਲ ਲੈ ਕੇ ਭਾਈ ਮੋਤੀ ਰਾਮ ਠੰਢੇ ਬੁਰਜ ਵੱਲ ਚੱਲ ਪਏ। ਭਾਈ ਮੋਤੀ ਰਾਮ ਪਹਿਰੇਦਾਰ ਨੂੰ ਗਹਿਣੇ (ਰਿਸ਼ਵਤ) ਦੇ ਕੇ ਮਾਤਾ ਗੁੱਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਕੋਲ ਠੰਢੇ ਬੁਰਜ ਵਿੱਚ ਪਹੁੰਚ ਗਿਆ ਤੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ। ਇਹ ਦੁੱਧ ਇਸ ਗ਼ਰੀਬ ਸੇਵਕ ਦੇ ਘਰ ਦਾ ਹੈ। ਧੰਨ ਮਾਤਾ ਗੁੱਜਰ ਕੌਰ ਕਹਿਣ ਲੱਗੀ, ‘‘ਮੋਤੀਆ ! ਸਾਨੂੰ ਦੁੱਧ ਤਾਂ ਛਕਾ ਰਿਹਾ ਹੈਂ। ਜੇਕਰ ਸੂਬੇ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਪਤਾ ਹੈ ਕਿ ਤੇਰੇ ਪਰਿਵਾਰ ਨਾਲ ਕੀ ਹੋਵੇਗਾ।’’ ਬਾਬਾ ਮੋਤੀ ਰਾਮ ਕਹਿਣ ਲੱਗਾ, ‘ਤੁਸੀਂ ਦੁੱਧ ਛਕ ਕੇ ਮੇਰੇ ਸਿਰ ’ਤੇ ਹੱਥ ਰੱਖ ਦਿਓ। ਮਾਤਾ ਜੀ ਨੇ ਪ੍ਰਸੰਨ ਚਿੱਤ ਹੋ ਕੇ ਭਾਈ ਮੋਤੀ ਰਾਮ ਨੂੰ ਅਸ਼ੀਰਵਾਦ ਦਿੱਤਾ। ਭਾਈ ਮੋਤੀ ਰਾਮ ਦੇ ਮਨ ਨੂੰ ਸ਼ਾਂਤੀ ਮਿਲੀ। ਭਾਈ ਮੋਤੀ ਰਾਮ ਤਿੰਨ ਦਿਨ (10, 11 ਤੇ 12 ਪੋਹ) ਰਾਤ ਵੇਲੇ ਦੁੱਧ, ਮੇਵੇ ਤੇ ਜਲ ਦੀ ਸੇਵਾ ਮਾਤਾ ਗੁੱਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਕਰਦੇ ਰਹੇ। ਓਧਰ ਦੋਵਾਂ ਸਾਹਿਬਜ਼ਾਦਿਆਂ ਨਵਾਬ ਵਜ਼ੀਰ ਖਾਂ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ।
ਬਾਬਾ ਮੋਤੀ ਰਾਮ ਜੀ ਨੇ ਜੰਗਲਾਂ ਵਿੱਚ ਜਾ ਕੇ ਚੌਧਰੀ ਅੱਤਾ ਖਾਂ ਤੋਂ ਚੰਦਨ ਦੀਆਂ ਲੱਕੜਾਂ ਦੇ ਗੱਡੇ ਦਾ ਪ੍ਰਬੰਧ ਕੀਤਾ। ਸਿੱਖ ਮਰਯਾਦਾ ਅਨੁਸਾਰ ਮਾਤਾ ਗੁੱਜਰ ਕੌਰ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਦੇ ਮਿ੍ਰਤਕ ਸਰੀਰਾਂ ਦਾ ਸਸਕਾਰ ਕੀਤਾ ਗਿਆ। ਅੱਜ ਉਸ ਸਥਾਨ ’ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ।
ਕੁਝ ਸਮਾਂ ਬੀਤਣ ਤੋਂ ਬਾਅਦ ਨਵਾਬ ਵਜ਼ੀਰ ਖਾਂ ਕੋਲ ਪੰਮੇ ਲੰਗੇ ਨੇ ਆ ਕੇ ਚੁਗਲੀ ਕੀਤੀ ਕਿ ਬਾਬਾ ਮੋਤੀ ਰਾਮ ਨੇ ਮਾਤਾ ਗੁੱਜਰ ਕੌਰ ਤੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਦੁੱਧ, ਮੇਵੇ ਤੇ ਜਲ ਛਕਾਇਆ ਹੈ। ਨਵਾਬ ਨੇ ਬਾਬਾ ਮੋਤੀ ਰਾਮ, ਉਸ ਦੀ ਮਾਤਾ ਲੱਧੋ, ਪਤਨੀ ਭੋਲੀ ਤੇ ਛੋਟੇ ਪੁੱਤਰ ਦੀ ਗਿ੍ਰਫ਼ਤਾਰੀ ਦਾ ਹੁਕਮ ਦਿੱਤਾ। ਨਵਾਬ ਦੇ ਦਰਬਾਰ ਵਿੱਚ ਮੋਤੀ ਰਾਮ ਨੂੰ ਪੇਸ਼ ਕੀਤਾ ਗਿਆ। ਬਾਬਾ ਮੋਤੀ ਰਾਮ ਨੇ ਦਲੇਰੀ ਨਾਲ ਨਵਾਬ ਨੂੰ ਕਿਹਾ, ‘ਕੈਦੀ ਬੱਚਿਆਂ ਤੇ ਉਨ੍ਹਾਂ ਦੀ ਦਾਦੀ ਦੀ ਸੇਵਾ ਕਰਨਾ, ਉਸ ਦੀ ਪਵਿੱਤਰ ਡਿਉੂਟੀ ਹੈ।’ ਬਾਬਾ ਮੋਤੀ ਰਾਮ ਨੂੰ ਪਰਿਵਾਰ ਸਮੇਤ ਦੀਨ ਕਬੂਲ ਕਰਨ ਲਈ ਕਿਹਾ ਜਾਂ ਕੋਹਲੂ ਵਿੱਚ ਪਿੜ ਜਾਣ ਲਈ ਤਿਆਰ ਹੋ ਜਾਉ। ਬਾਬਾ ਮੋਤੀ ਰਾਮ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਪੁੱਤਰ, ਮਾਤਾ ਤੇ ਪਤਨੀ ਨੂੰ ਕੋਹਲੂ ਵਿਚ ਨਪੀੜ ਦਿੱਤਾ ਗਿਆ। ਬਾਬਾ ਮੋਤੀ ਰਾਮ ਜੋ ਸਤਿਨਾਮ-ਵਾਹਿਗੁਰੂ ਦਾ ਜਾਪ ਕਰ ਰਹੇ ਸਨ, ਨੂੰ ਵੀ ਕੋਹਲੂ ਵਿੱਚ ਨਪੀੜ ਦਿੱਤਾ। ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵੱਲੋਂ ਗੁਰਦੁਆਰਾ ਯਾਦਗਾਰ ਬਾਬਾ ਮੋਤੀ ਰਾਮ ਮਹਿਰਾ ਫ਼ਤਿਹਗੜ੍ਹ ਸਾਹਿਬ ਵਿਖੇ ਬਾਬਾ ਮੋਤੀ ਰਾਮ ਦਾ ਜਨਮ ਦਿਹਾੜਾ 9 ਫ਼ਰਵਰੀ ਨੂੰ ਮਨਾਇਆ ਜਾ ਰਿਹਾ ਹੈ।
ਹਿੰਦੂ-ਸਿੱਖਾਂ ਦੇ ਘਰਾਂ ’ਚ ਨਹੀਂ ਬਲਿਆ ਸੀ ਚੁੱਲ੍ਹਾ
ਸਰਹਿੰਦ ਦੀ ਕਚਹਿਰੀ ’ਚ ਜੁੜੀ ਖ਼ਲਕਤ ਇਸ ਜ਼ੁਲਮ ਨੂੰ ਵੇਖ ਕੇ ਤ੍ਰਾਹ-ਤ੍ਰਾਹ ਕਰ ਰਹੀ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਯਾਦਗਾਰੀ ਦਿਹਾੜੇ ਵਾਂਗ ਅਮਰ ਸ਼ਹੀਦ ਬਾਬਾ ਮੋਤੀ ਰਾਮ ਦੀ ਸ਼ਹਾਦਤ ਵਾਲੇ ਦਿਨ ਵੀ ਸਰਹਿੰਦ ਦੇ ਹਿੰਦੂ-ਸਿੱਖ ਘਰਾਂ ’ਚ ਚੁੱਲ੍ਹਾ ਨਹੀਂ ਸੀ ਬਲਿਆ। ਬਾਬਾ ਮੋਤੀ ਰਾਮ ਨੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁੱਜਰ ਕੌਰ ਨੂੰ ਜਿਨ੍ਹਾਂ ਗਲਾਸਾਂ ’ਚ ਦੁੱਧ ਤੇ ਜਲ ਛਕਾਇਆ ਸੀ, ਉਹ ਗਲਾਸ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਦਰਸ਼ਨਾਂ ਲਈ ਰੱਖੇ ਗਏ ਹਨ।
- ਕਰਨੈਲ ਸਿੰਘ ਐੱਮ.ਏ.