ਮਾਧੋਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਨ ਦਾ ਸਫ਼ਰ ਬੜਾ ਕਲਾਤਮਕ ਹੈ। ਮਾਧੋਦਾਸ ਬੈਰਾਗੀ 18 ਸਾਲ ਗੋਦਾਵਰੀ ਦੇ ਕਿਨਾਰੇ ਨਾਂਦੇੜ ਰਿਹਾ। ਇਸ ਸਮੇਂ ਦੌਰਾਨ ਉਸ ਨੂੰ ਆਪਣੇ ਤਪ-ਤੇਜ਼, ਬੁੱਧੀ ਤੇ ਸ਼ਕਤੀ ’ਤੇ ਬਹੁਤ ਫਖ਼ਰ ਸੀ। ਸਧਾਰਨ ਲੋਕਾਂ ਦੀ ਮਨੋਆਸਥਾ ’ਤੇ ਉਹ ਫ਼ਤਹਿ ਕਰ ਚੁੱਕਾ ਸੀ। ਮਾਧੋਦਾਸ ਦੇ ਕਰਾਮਾਤੀ ਤੇ ਸ਼ਕਤੀਸ਼ਾਲੀ ਹੋਣ ਬਾਰੇ ਮਹੰਤ ਜੈਂਤ ਰਾਮ ਨੇ ਗੁਰੂ ਗੋਬਿੰਦ ਸਿੰਘ ਨੂੰ ਦੱਸ ਦਿੱਤਾ ਸੀ।

ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਸ਼ਕਤੀ ਨੂੰ ਇਕੱਤਰ ਤੇ ਇਕਾਗਰ ਕਰ ਬਹਾਦਰੀ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਉਨ੍ਹਾਂ ਦਾ ਜਨਮ ਜੰਮੂ ਰਿਆਸਤ ਪੁਣਛ ਖੇਤਰ ਦੇ ਪਿੰਡ ਰਾਜੋਰੀ ’ਚ 16 ਅਕਤੂਬਰ, 1670 ਈ: ’ਚ ਰਾਮਦੇਵ ਰਾਜਪੂਤ ਦੇ ਘਰ ਹੋਇਆ। ਬਚਪਨ ’ਚ ਸ਼ਿਕਾਰ ਖੇਡਣ ਦੀ ਲਗਨ ਲਛਮਨ ਦੇਵ ਨੂੰ ਵੀ ਲੱਗ ਗਈ ਕਿਉਕਿ ਜੰਗਲੀ ਤੇ ਪਹਾੜੀ ਇਲਾਕੇ ’ਚ ਸ਼ਿਕਾਰੀ ਸੁਭਾਉ ਹੋਣਾ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਆਪ ਸ਼ਿਕਾਰ ਹੋ ਜਾਉਗੇ। ਇਕ ਦਿਨ ਉਨ੍ਹਾਂ ਪਾਸੋਂ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ। ਨਰਮ ਦਿਲ ਲਛਮਣ ਦੇਵ ਦਾ ਦਿਲ ਟੱੁਟ ਗਿਆ। ਉਸ ਨੇ ਕਮਾਨ ਤੋੜ ਦਿੱਤੀ ਅਤੇ ਤੀਰ ਵਗਾਹ ਮਾਰੇ। ਸ਼ਿਕਾਰੀ ਪਹਿਰਾਵਾ ਲਾਹ ਕੇ ਫ਼ਕੀਰੀ ਬਾਣਾ ਧਾਰਨ ਕਰ ਲਿਆ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ਘਰ-ਬਾਰ ਤਿਆਗ ਪਹਾੜੀ ਚੋਟੀਆਂ ਤੇ ਢਲਾਣਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਜੀਵਨ ’ਤੇ ਫ਼ਤਹਿ ਕਰਨ ਦੇ ਢੰਗ ਤਰੀਕੇ ਭਾਲਦਾ ਜਮਾਂਦਰੂ ਸ਼ਿਕਾਰੀ ਬਿਰਤੀ ਸੁਭਾਅ ਤਿਆਗ ਕੇ ਪਹਿਲੀ ਫ਼ਤਹਿ ਪ੍ਰਾਪਤ ਕੀਤੀ।
ਜੋਗੀਆਂ ਦੀ ਸੰਗਤ
ਮੈਦਾਨੀ ਇਲਾਕੇ ਪੰਜਾਬ, ਯੂ.ਪੀ ਆਦਿ ਦਾ 7 ਸਾਲ ਭ੍ਰਮਣ ਕੀਤਾ ਤੇ ਜਾਨਕੀਦਾਸ ਵੈਸ਼ਨਵ ਸਾਧ ਦਾ ਚੇਲਾ ਬਣ ਗਿਆ। ਸਾਧਾਂ-ਸੰਤਾਂ, ਜੋਗੀਆਂ ਦੀ ਸੰਗਤ ਕੀਤੀ ਪਰ ਮਨ ਕਾਬੂ ਨਾ ਆਇਆ ਭਾਵ ਮਨ ਜਿੱਤਣ ਵਾਸਤੇ ਹੋਰ ਭ੍ਰਮਣ ਕਰਨ ਲੱਗਾ।
ਭਾਰਤ ਭ੍ਰਮਣ ਕਰਦਾ-ਭਾਉਦਾ/ਭਟਕਦਾ ਮਨਵਾੜ ਹੁੰਦਾ ਹੋਇਆ ਨਾਂਦੇੜ ’ਚ ਲਛਮਣ ਦਾਸ ਬੈਰਾਗੀ ਗੋਦਾਵਰੀ ਦੇ ਰਮਣੀਕ ਕੰਢੇ ’ਤੇ ਡੇਰਾ ਬਣਾ ਬੈਠ ਗਿਆ। ਭੱੁਲੇ-ਭਟਕੇ ਲਾਚਾਰ, ਲੋੜਵੰਦ ਲੋਕ ਆਉਦੇ, ਲਛਮਣ ਦਾਸ ਦੇ ਚਰਨ ਸਪਰਸ਼ ਕਰਦੇ-ਅਸ਼ੀਰਵਾਦ ਪ੍ਰਾਪਤ ਕਰ ਆਤਮਿਕ ਸੰਤੁਸ਼ਟੀ ਪ੍ਰਾਪਤ ਕਰਦੇ। ਉਸ ਵੇਲੇ
ਤੀਕ ਲਛਮਣ ਦਾਸਮਾਧੋਦਾਸ ਬੈਰਾਗੀ ਨਾਂ ਨਾਲ ਪ੍ਰਸਿੱਧ ਹੋ ਚੁੱਕਾ ਸੀ। ਡੇਰਾ ਚੱਲ ਪਿਆ। ਚੇਲੇ ਥਾਪ ਲਏ। ਆਏ ਗਏ ਮਹਾਂਪੁਰਸ਼ਾਂ ਨੂੰ ਕਰਾਮਾਤੀ ਪਲੰਘ ’ਤੇ ਬਿਠਾਉਣਾ ਤੇ ਉਲਟਾ ਦੇਣਾ ਇਹ ਮਾਧੋਦਾਸ ਦਾ ਸ਼ੌਕ ਸੀ।
ਮਾਧੋਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ
ਮਾਧੋਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਨ ਦਾ ਸਫ਼ਰ ਬੜਾ ਕਲਾਤਮਕ ਹੈ। ਮਾਧੋਦਾਸ ਬੈਰਾਗੀ 18 ਸਾਲ ਗੋਦਾਵਰੀ ਦੇ ਕਿਨਾਰੇ ਨਾਂਦੇੜ ਰਿਹਾ। ਇਸ ਸਮੇਂ ਦੌਰਾਨ ਉਸ ਨੂੰ ਆਪਣੇ ਤਪ-ਤੇਜ਼, ਬੁੱਧੀ ਤੇ ਸ਼ਕਤੀ ’ਤੇ ਬਹੁਤ ਫਖ਼ਰ ਸੀ। ਸਧਾਰਨ ਲੋਕਾਂ ਦੀ ਮਨੋਆਸਥਾ ’ਤੇ ਉਹ ਫ਼ਤਹਿ ਕਰ ਚੁੱਕਾ ਸੀ। ਮਾਧੋਦਾਸ ਦੇ ਕਰਾਮਾਤੀ ਤੇ ਸ਼ਕਤੀਸ਼ਾਲੀ ਹੋਣ ਬਾਰੇ ਮਹੰਤ ਜੈਂਤ ਰਾਮ ਨੇ ਗੁਰੂ ਗੋਬਿੰਦ ਸਿੰਘ ਨੂੰ ਦੱਸ ਦਿੱਤਾ ਸੀ। ਦੱਖਣ ਯਾਤਰਾ ਸਮੇਂ 1708 ਈ: ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪਹੁੰਚੇ। ਗੁਰਦੇਵ ਪਿਤਾ ਸਿੰਘਾਂ ਦੇ ਦਲ ਸਮੇਤ ਗੋਦਾਵਰੀ ਦੇ ਕਿਨਾਰੇ ਮਾਧੋਦਾਸ ਦੇ ਡੇਰੇ ਪਹੁੰਚੇ ’ਤੇ ਪਲੰਘ ’ਤੇ ਬਿਰਾਜਮਾਨ ਹੋ ਗਏ, ਉਸ ਸਮੇਂ ਮਾਧੋਦਾਸ ਡੇਰੇ ਵਿਚ ਨਹੀਂ ਸੀ। ਜਦ ਡੇਰੇ ਪਹੁੰਚਾ ਤਾਂ ਗੁਰੂ ਜੀ ਨੂੰ ਪਲੰਘ ’ਤੇ ਬੈਠਾ ਦੇਖ ਕੇ ਬਹੁਤ ਕ੍ਰੋਧਵਾਨ ਹੋਇਆ ਕਿ ਕੌਣ ਹੈ, ਜੋ ਮੇਰੇ ਪਲੰਘ ’ਤੇ ਬਿਰਾਜਮਾਨ ਹੈ? ਗੁੱਸੇ ’ਚ ਆਮ ਵਾਂਗ ਪਲੰਘ ਉਲਟਾਉਣ ਦਾ ਯਤਨ ਕੀਤਾ ਪਰ ਸਭ ਅਸਫਲ। ਕਈ ਰਿਧੀਆਂ-ਸਿਧੀਆਂ, ਕਰਾਮਾਤਾਂ ਕਰਨ ਦਾ ਯਤਨ ਕੀਤਾ ਪਰ ਅਖੀਰ ਚਰਨੀਂ ਢਹਿ ਪਿਆ। ਮਨ ਜਿੱਤਣ ਦੀ ਗੁੜ੍ਹਤੀ ਤੇ ਮੌਤ ’ਤੇ ਵੀ ਫ਼ਤਹਿ ਪ੍ਰਾਪਤ ਕਰਨ ਵਾਸਤੇ ਜੋਦੜੀ ਕਰਨ ਲੱਗਾ। ਨੈਣ ਨੀਵੇਂ ਕਰਕੇ ਕਹਿਣ ਲੱਗਾ-ਸੁਆਮੀ ਬਖ਼ਸ਼ ਲਵੋ, ਮੈਂ ਤੁਹਾਡਾ ‘ਬੰਦਾ’ ਹਾਂ। ਜੀਵਨ ਲਕਸ਼ ਗੁਰਮਤਿ ਅਨੁਸਾਰ ਜੀਵਨ ਮੁਕਤੀ ਹੈ। ਜੀਵਨ-ਮੁਕਤੀ ਦਾ ਭਾਵ ਨਿਰਭਉ-ਨਿਰਵੈਰ ਨਾਲ ਇੰਨਾ ਜੁੜ ਜਾਣਾ ਹੈ ਕੇ ਖ਼ੁਦ ਵੀ ਨਿਰਭਉ-ਨਿਰਵੈਰ ਹੋ ਜਾਣਾ। ਮਨੱੁਖੀ ਜੀਵਨ ’ਚ ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ ਹੈ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਪੰਥਕ ਪਰਿਵਾਰ ਦਾ ਮੈਂਬਰ ਬਣ, ਫ਼ਤਹਿ ਦੀ ਬਾਦਸ਼ਾਹਤ ਪ੍ਰਾਪਤ ਕਰਨ ਲਈ ਗੁੜ੍ਹਤੀ ਪ੍ਰਾਪਤ ਕੀਤੀ। ਗੁਰੂ ਜੀ ਨੇ ਬੰਦਾ ਸਿੰਘ ਨੂੰ ਤੋੜੀ ਹੋਈ ਕਮਾਨ ਦੀ ਥਾਂ ਨਾ ਟੱੁਟਣ ਵਾਲੀ ਕਮਾਨ ਤੇ ਫੌਲਾਦੀ ਤੀਰ ਬਖਸ਼ਿਸ਼ ਕੀਤੇ ਤੇ ਹੁਕਮ ਕੀਤਾ ਕਿ ਪਹਿਲਾਂ ਨਿਰਦੋਸ਼ ਜਾਨਵਰਾਂ ਦਾ ਸ਼ਿਕਾਰ ਕਰਦਾ ਸਾਂ-ਹੁਣ ਤੰੂ ਜਬਰ-ਜ਼ੁਲਮ ਤੇ ਅਤਿਆਚਾਰ ਦੀ ਹਨੇਰੀ ਨੂੰ ਠੱਲਣ ਵਾਸਤੇ ਅਤਿਆਚਾਰੀ ਹਾਕਮਾਂ-ਜ਼ਾਲਮਾਂ ਦਾ ਸ਼ਿਕਾਰ ਕਰ ਅਤੇ ਜਬਰ-ਜ਼ਲਮ ਦੀ ਖ਼ੂਨੀ ਹਨੇਰੀ ਰੋਕਣ ਵਾਸਤੇ ਮੌਤ ਦੇ ਭੈ ਤੋਂ ਸੁਤੰਤਰ ਹੋ ਫ਼ਤਹਿ ਦਾ ਬਾਦਸ਼ਾਹ ਬਣ।
ਜਦ ਵੀ ਤੈਨੂੰ ਜ਼ਰੂਰਤ ਪਵੇ ਗੁਰੂ ਗ੍ਰੰਥ- ਗੁਰੂ ਪੰਥ ਅੱਗੇ ਅਰਦਾਸ ਕਰੀਂ ਤੈਨੂੰ ਫ਼ਤਹਿ ਪ੍ਰਾਪਤ ਹੋਵੇਗੀ। ਗੁਰੂ-ਪੰਥ ਤੇਰੀ ਸਹਾਇਤਾ ਕਰੇਗਾ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ਹੁਕਮ ਦਾ ਆਖਰੀ ਸਾਹਾਂ ਤੀਕ ਪਾਬੰਦ ਰਿਹਾ।
ਬੰਦਾ-ਬੰਦੇ-ਬੰਦਗੀ ਸ਼ਬਦ ’ਚ ਇਕ ਰੂਹਾਨੀ ਸਾਂਝ ਹੈ। ਬੰਦਾ ਹੀ ਬੰਦਗੀ ਅਖਤਿਆਰ ਕਰ ਸਕਦਾ ਹੈ ਅਤੇ ਬੰਦਾ ਤਦ ਹੀ ਬੰਦਾ ਹੈ ਜੇ ਉਹ ਬੰਦਗੀ ਅਖਤਿਆਰ ਕਰਦਾ ਹੈ। ਗੁਰਬਾਣੀ ਦੇ ਕਥਨ ਹਨ :
ਬੰਦੇ ਬੰਦਗੀ ਇਕਤੀਆਰ ॥
ਕਰਿ ਬੰਦੇ ਤੂ ਬੰਦਗੀ
ਜਿਚਰੁ ਘਟ ਮਹਿ ਸਾਹੁ॥
(ਪੰਨਾ 724)
ਘਰ ਤਿਆਗ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੁਆਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ‘ਬੰਦਗੀ’ ਕਰਨੀ ਸ਼ੁਰੂ ਕਰ ਦਿੱਤੀ, ਪਰ ਇਹ ਬੰਦਗੀ ਗੁਰਮਤਿ ਵਿਚਾਰਧਾਰਾ ਅਨੁਸਾਰੀ ਨਹੀਂ ਸੀ। ਗੁਰੂ ਜੀ ਦੇ ਮਿਲਾਪ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੀਵਨ ਆਦਰਸ਼ ਦੀ ਸਮਝ ਲੱਗੀ ਤਾਂ ਉਹ ਬੋਲ ਉੱਠਿਆ ਹੇ ਗੁਰੂਦੇਵ! ਮੈਂ ਤੇਰਾ ਦਾਸ, ਗੁਲਾਮ, ਬੰਦਾ ਹਾਂ, ਹੇ ਮਾਲਕ ਸੁਆਮੀ ਤੇਰੀ ਕੀਰਤੀ ਹੀ ਹੁਣ ਮੇਰੇ ਮਨ ਨੂੰ ਭਾਉਦੀ ਹੈ :
ਹਮ ਮਸਕੀਨ ਖੁਦਾਈ ਬੰਦੇ
ਤੁਮ ਰਾਜਸੁ ਮਨਿ ਭਾਵੈ॥
(ਪੰਨਾ 480)
ਗੁਰੂ ਜੀ ਨੇ ਬਾਬਾ ਬੰਦਾ ਸਿੰਘ ਨੂੰ ਸਮਝਾਇਆ ਕਿ ਬੰਦੇ ਚਸਮ ਦੀਦ ਫਨਾਇ ॥ ਜੁ ਕੁਝ ਦਿਖਾਈ ਦੇਂਦਾ ਹੈਸਭ ਨਾਸ਼ਵਾਨ ਹੈ। ਆਪਣੇ ਮਨ ਨੂੰ ਇਕਾਗਰ ਕਰਨ ’ਤੇ ਦੁਬਿਧਾ ਨੂੰ ਛੱਡ ਤੇ ਪਰੇਸ਼ਾਨੀਆਂ ਤੋਂ ਬਚ :
ਬੰਦੇ ਖੋਜੁ ਦਿਲ ਹਰ ਰੋਜ
ਨਾ ਫਿਰੁ ਪਰੇਸਾਨੀ ਮਾਹਿ
(ਪੰਨਾ 727)
ਬੰਦੇ ਦੀ ਭਟਕਣਾ ਗੁਰੂ ਮਿਲਾਪ ਤੋਂ ਬਾਅਦ ਖ਼ਤਮ ਹੋ ਗਈ। ਬਸ ਫਿਰ ਕੀ ਸੀ, ਇਸ ਸੰਸਾਰ ਦੀ ਕੋਈ ਵੀ ਸ਼ਕਤੀ ਉਸ ਨੂੰ ਡਰਾ, ਧਮਕਾ, ਭਟਕਾ ਨਹੀਂ ਸਕੀ। ਫਿਰ ਭਾਵੇਂ ਉਸਦੇ ਸਾਹਮਣੇ ਉਸ ਦੇ 4 ਸਾਲ ਦੇ ਬੱਚੇ ਦੇ ਟੁਕੜੇ ਕੀਤੇ ਜਾਂਦੇ ਹਨ, ਦਿਲ ਕੱਢ ਮੰੂਹ ’ਚ ਪਾਇਆ, ਬੋਟੀਆਂ ਦਾ ਹਾਰ ਪਰੋ ਕੇ ਗਲ ਵਿਚ ਪਾਇਆ, ਪਰ ਬੰਦਾ ਤਾਂ ਸਭ-ਕੁਝ ਤਨ-ਮਨ ਗੁਰੂ ਨੂੰ ਸੌਂਪ ਚੁੱਕਾ ਸੀ। ਉਸ ਦੀ ਤਾਂ ਇਕ ਹੀ ਅਰਦਾਸ ਸੀ :
ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ
ਪੰਥ ਪ੍ਰਕਾਸ਼ ’ਚ ਇਕ ਲਾਈਨ ਅੰਕਿਤ ਹੈ : ਬੰਦਾ ਲਾਗਯੋ ਤੁਰਕਨ ਬੰਦਾ ਇਸ ਵਿਚ ਦੂਸਰਾ ‘ਬੰਦਾ’ ਸ਼ਬਦ ਦਾ ਅਰਥ ਹੈ ਅਮਰ ਬੇਲ ਜੋ ਦਰੱਖ਼ਤਾਂ ਦੀ ਖੁਰਾਕ ’ਤੇ ਪਲਦੀ ਹੈ। ਇਥੇ ਅਰਥ ਹਨ ਬੰਦਾ ਸਿੰਘ ਬਹਾਦਰ ਨੇ ਜਬਰ-ਜ਼ੁਲਮ ਦੇ ਦਰੱਖ਼ਤ ਨੂੰ ਇਉ ਨਿਚੋੜ ਦਿੱਤਾ ਜਿਵੇਂ ਅਮਰ ਬੇਲ ਦਰੱਖ਼ਤ ਦਾ ਰਸ ਸੁਕਾ ਦਿੰਦੀ ਹੈ।
ਕਾਇਮ ਕੀਤੀ ਸਿੱਖ ਬਾਦਸ਼ਾਹਤ
ਅਤਿ ਬਿਖੜੇ ਸਮੇਂ ਸਿੱਖ ਬਾਦਸ਼ਾਹਤ ਕਾਇਮ ਕਰਨਾ ਉਸਦੀ ਵਿਸ਼ੇਸ਼ ਪੰਥਕ ਸੇਵਾ ਸੀ। ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਪ੍ਰਾਪਤ ਕਰ ਮੁਠੀ ਭਰ ਸਿਰ-ਲੱਥ ਯੋਧਿਆਂ ਦੀ ਸਹਾਇਤਾ ਨਾਲ ਪੰਜਾਬ ’ਚੋ ਜਬਰ ਜ਼ੁਲਮ ਦੀਆਂ ਜੜ੍ਹਾਂ ਉਖਾੜ ਸੁੱਟੀਆਂ। ਭਾਰਤ ਦੇ ਸਿਰ ਦਾ ਤਾਜ ਕਹੀ ਜਾਂਦੀ ਸਰਹਿੰਦ ਨੂੰ ਫ਼ਤਹਿ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੇਸਰੀ ਪਰਚਮ ਝੁਲਾ ਫ਼ਤਹਿ ਦਿਵਸ ਮਨਾਇਆ। ਜੇਕਰ ਉਸ ਸਮੇਂ ਦੇ ਹਾਲਾਤ ਦਾ ਅਧਿਐਨ ਕੀਤਾ ਜਾਵੇ ਤਾਂ ਇਕ ਇਨਕਲਾਬ ਦੇ ਦਰਸ਼ਨ ਹੁੰਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਫ਼ੌਜੀ ਦਸਤੇ ’ਚ ਸਿੱਖ, ਮੁਸਲਮਾਨ, ਹਿੰਦੂ ਤੇ ਉਦਾਸੀ ਸ਼ਾਮਲ ਸਨ। ਬਾਬਾ ਬੰਦਾ ਸਿੰਘ ਬਹਾਦਰ ਸੋਨੀਪਤ, ਸਮਾਣਾ, ਘੁੜਾਮ, ਸ਼ਾਹਬਾਦ, ਕਪੂਰੀ ਤੇ ਸਢੋਰ ’ਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। 12 ਮਈ, 1710 ਈ: ਚਪੜਚਿੜੀ ਦੇ ਮੈਦਾਨ ’ਚ ਲਹੂ ਡੋਲਵੀਂ ਜੰਗ ਹੋਈ, ਜਿਸ ਵਿਚ ਸਰਹਿੰਦ ਦਾ ਸੂਬੇਦਾਰ ਵਜ਼ੀਰ ਖ਼ਾਨ ਮਾਰਿਆ ਗਿਆ। 14 ਮਈ, 1710 ਨੂੰ ਪੰਥਕ ਸੈਨਾਵਾਂ ਨੇ ਸਰਹਿੰਦ ਤੋਂ ਹੈਦਰੀ ਝੰਡੇ ਉਤਾਰ, ਕੇਸਰੀ ਪਰਚਮ ਝੁਲਾ ਦਿੱਤੇ। ਗੁਰੂ ਮਾਰੀ ਸਰਹਿੰਦ ਦੀ ਥਾਂ ਬਾਬਾ ਜੀ ਨੇ ਮੁਖਲਿਸਗੜ੍ਹ ਨੂੰ ਪੰਥਕ ਸਰਕਾਰ ਦੀ ਰਾਜਧਾਨੀ ਬਣਾਇਆ ਇਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ।
ਉਸ ਦੀ ਪੰਥ ਪ੍ਰਸਤੀ-ਪੰਥਕ ਸੇਵਾ ਦਾ ਸਬੂਤ ਹੈ ਕਿ ਉਸ ਨੇ ਬਾਦਸ਼ਾਹੀ ਪ੍ਰਾਪਤ ਕਰ ਆਪਣੇ ਨਾਂ ਦਾ ਸਿੱਕਾ ਜਾਰੀ ਨਹੀਂ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਸਮੇਂ ਤੀਕ ਹਉਮੈ-ਹੰਕਾਰ ਰੂਪੀ ਖ਼ੂਨੀ ਸਰਹਿੰਦ ’ਤੇ ਫ਼ਤਹਿ ਪ੍ਰਾਪਤ ਕਰ ਲਈ ਸੀ। ਬਾਦਸ਼ਾਹਤ ਦੀਆਂ ਪਰਸਪਰ ਨਿਸ਼ਾਨੀਆਂ ਸਿੱਕਾ, ਮੋਹਰ ਤੇ ਕੈਲੰਡਰ ਗੁਰੂ ਨਾਨਕ ਦੇ ਨਾਂ ਦਾ ਜਾਰੀ ਕਰ ਕੇ, ਬਾਬਾ ਜੀ ਸੁਆਰਥ, ਹਾਉਮੈ-ਹੰਕਾਰ, ਖ਼ੁਦਗਰਜ਼ੀ ’ਤੇ ਫ਼ਤਹਿ ਪ੍ਰਾਪਤ ਕੀਤੀ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਜਾਰੀ ਕੀਤਾ, ਜਿਸ ’ਤੇ ਇਹ ਸ਼ਬਦ ਉਕਰੇ ਗਏ :
ਸਿੱਕਾ ਜਦ ਬਰ ਹਰ ਦੋ ਆਲਮ ਤੇਗਿ ਨਾਨਕ ਸਾਹਿਬ ਅਸਤ॥
ਫਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ॥
ਉਸਦੀ ਮੋਹਰ ਵੀ ਪੰਥਕ ਸਰੂਪ ਦੀ ਫ਼ਤਹਿ ਨੂੰ ਪ੍ਰਗਟ ਕਰਦੀ ਸੀ :
ਦੇਗੋ ਤੇਗੋ ਫਤਹਿ ਓ ਨੁਸਰਤਿ ਬੇ-ਦਿਰੰਗ॥
ਯਾਫ਼ਤ ਅਜ਼ ਨਾਨਕ ਗੁਰੂ
ਗੋਬਿੰਦ ਸਿੰਘ॥
ਪੰਜਾਬ ਵਾਸੀਆਂ ਵਿੱਚੋਂ ਗੁਲਾਮੀ ਨੂੰ ਜੜ੍ਹਾਂ ਤੋਂ ਮੁਕਾਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲੀਆਂ ਸੰਮਤ ਦੇ ਬਰਾਬਰ ਨਾਨਕ ਸ਼ਾਹੀ ਸੰਮਤ ਜਾਰੀ ਕੀਤਾ। ਇਸ ਤਰ੍ਹਾਂ ਨਿਰਮਲ ਸਿੱਖ ਹੋਂਦ ਹਸਤੀ ਨੂੰ ਪ੍ਰਗਟ ਹੋਣ ’ਚ ਸ਼ਕਤੀ ਮਿਲੀ, ਸਿੱਖ ਸੁਤੰਤਰ ਸੋਚ ਦੇ ਧਾਰਨੀ ਹੋ ਵਿਚਰਨ ਲੱਗੇ।
ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਇਸ ਪ੍ਰਾਪਤੀ ਨੂੰ ਕੇਵਲ ਗੁਰੂ ਦੀ ਬਖਸ਼ਿਸ਼ ਮੰਨਦਾ ਸੀ, ਉਸ ਦਾ ਕਹਿਣਾ ਸੀ ਕਿ ਉਹ ਤਾਂ ਗੁਰੂ ਦਾ ਸੇਵਾਦਾਰ ਹੈ। ਉਹ ਮੰਨਦਾ ਸੀ ਕਿ ਇਹ ਬਖਸ਼ਿਸ਼ ਗੁਰੂ ਨਾਨਕ ਦੀ ਹੈ- ਫ਼ਤਹਿ ਗੁਰੂ ਗੋਬਿੰਦ ਸਿੰਘ ਮਾਹਰਾਜ ਦੀ ਹੈ। ਯਮਨਾ ਤੋਂ ਲੈ ਕੇ ਦਰਿਆ ਰਾਵੀ ਦੇ ਵਿਸ਼ਾਲ ਇਲਾਕੇ ’ਚ ਬੰਦਾ ਸਿੰਘ ਬਹਾਦਰ ਨੇ ਲਗਪਗ 6 ਸਾਲ ਰਾਜ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਖ਼ਾਲਸਾ ਪਰਿਵਾਰ ਦੇ ਮੈਂਬਰ ਸੁਤੰਤਰ ਸੋਚ, ਹੋਂਦ, ਹਸਤੀ ਤੇ ਵਿਚਾਰ ਲੈ ਕੇ ਪੈਦਾ ਹੋਏ ਹਨ।
ਨਹੀਂ ਕਬੂਲਿਆ ਇਸਲਾਮ
ਮੁਗ਼ਲ ਤੇ ਈਸਾਈ ਇਤਿਹਾਸਕਾਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਕ ਵੀ ਸਿੱਖ ਦੇ ਚਿਹਰੇ ’ਤੇ ਇੰਨੇ ਬਿਖੜੇ ਸਮੇਂ ਉਦਾਸੀ ਨਹੀ ਸੀ। ਰੋਜ਼ਾਨਾ ਸੌਸੌ ਸਿੱਖ ਨੂੰ ਸ਼ਰੇਆਮ ਆਮ ਲੋਕਾਂ ਦੇ ਸਹਮਣੇ ਕਤਲ ਕੀਤਾ ਜਾਂਦਾ। ਇਕ ਵੀ ਸਿੱਖ ਨੇ ਇਸਲਾਮ ਨਹੀਂ ਪ੍ਰਵਾਨਿਆ ਤੇ ਨਾ ਹੀ ਮੌਤ ਤੋਂ ਡਰਿਆ। ਬਾਬਾ ਜੀ ਦੇ ਸਾਰੇ ਸਾਥੀ ਵੀ ਜੀਵਨ ’ਤੇ ਫ਼ਤਹਿ ਪ੍ਰਾਪਤ ਕਰ ਚੁੱਕੇ ਸਨ। 9 ਜੂਨ, 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਦਿਨ ਨਿਸ਼ਚਤ ਕੀਤਾ ਗਿਆ। ਬਾਬਾ ਜੀ ਵੀ ਅੱਗੇ ਮੌਤ ਜਾਂ ਇਸਲਾਮ ’ਚੋਂ ਇਕ ਨੂੰ ਪ੍ਰਵਾਨ ਕਰਨ ਦੀ ਸ਼ਰਤ ਰੱਖੀ। ਬਾਬਾ ਜੀ ਨੇ ਮੌਤ ਨੂੰ ਪ੍ਰਵਾਨ ਕੀਤਾ। ਬਾਬਾ ਜੀ ਦੇ ਸਨਮੁਖ ਉਸ ਦੇ ਚਾਰ ਸਾਲ ਦੇ ਬੱਚੇ ਬਾਬਾ ਅਜੈ ਸਿੰਘ ਨੂੰ ਸ਼ਹੀਦ ਕੀਤਾ ਗਿਆ ਤਾਂ ਜੋ ਬਾਬਾ ਜੀ ਡੋਲ ਜਾਣ ਪਰ ਬਾਬਾ ਬੰਦਾ ਸਿੰਘ ਬਹਾਦਰ ਅਡੋਲ ਤੇ ਸ਼ਾਂਤ ਰਹੇ। ਅਖੀਰ ਬਾਬਾ ਜੀ ਦੇ ਸਰੀਰ ਦੇ ਮਾਸ ਨੂੰ ਜਮੂਰਾਂ ਨਾਲ ਨੋਚਿਆ ਗਿਆ। ਅਖੀਰ ਅਕਹਿ ਤਸੀਹੇ ਦੇ ਕੇ ਬਾਬਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਗੈਬੀ ਸ਼ਕਤੀਆਂ ਦਾ ਧਾਰਨੀ ਮੰਨਆ ਜਾਂਦਾ ਸੀ। ਜਿਸ ਤਰ੍ਹਾਂ ਉਸ ਨੂੰ ਸ਼ਹੀਦ ਕੀਤਾ ਗਿਆ ਉਹ ਵੀ ਗੈਬੀ ਵਰਤਾਰੇ ਵਾਲਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪੰਥਕ ਸੇਵਾਵਾਂ ਸਦਕਾ ਹੀ 1799 ਈ. ਨੂੰ ਲਾਹੌਰ ਦੇ ਕਿਲੇ੍ਹ ’ਤੇ ਕੇਸਰੀ ਪਰਚਮ ਝੁਲਾਉਣ ’ਚ ਸਿੱਖ ਸਫਲ ਹੋਏ। ਮੁਗ਼ਲਾਂ ਵਾਸਤੇ ਉਹ ਰੱਤ ਦਾ ਤਿਹਾਇਆ ਰਾਖਸ਼ ਸੀ। ਹਿੰਦੂਆਂ ਦਾ ਸ਼੍ਰੋਮਣੀ ਨਾਇਕ ਅਤੇ ਸਿੱਖਾਂ ਦਾ ਪਹਿਲਾ ਬਾਦਸ਼ਾਹ ਸੀ। ਉਸ ਪਾਸ ਬਹਾਦਰੀ ਤੇ ਰੂਹਾਨੀਅਤ, ਅਦੁਤੀ ਯੁੱਧਨੀਤੀ ਵੀ ਸੀ।
ਪੰਥ ਪ੍ਰਕਾਸ਼ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦਿਨ ਰਾਤ ‘ਪੰਥ ਲਈ ਜੂਝਦਾ ਸੀ, ਉਹ ਕਦੇ ਪੂਰੀ ਤਰ੍ਹਾਂ ਸੌਂ ਵੀ ਨਹੀਂ ਸਕਿਆ ਤੇ ਸਿੱਖ ਪੰਥ ਦੀ ਉਸਾਰੀ ਲਈ ਕਦੇ ਹੰਭਿਆ ਨਹੀਂ। ਸਾਹਮਣੇ ਹੁੰਦੀ ਤਬਾਹੀ ਤੋਂ ਉਸ ਨੂੰ ਕਦੇ ਮੱਥੇ ਵੱਟ ਨਹੀ ਪਿਆ। ਖਾਫ਼ੀ ਖਾਂ ਸਮਕਾਲੀ ਲੇਖਕ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਇਕ ਵੀ ਸਿੱਖ ਨੇ ਮੌਤੋਂ ਡਰ ਇਸਲਾਮ ਨੂੰ ਨਹੀਂ ਕਬੂਲ ਕੀਤਾ। ਉਹ ਇਕ ਸਿੱਖ ਬੱਚੇ ਦੀ ਕਹਾਣੀ ਵੀ ਦਿ੍ਰਸ਼ਟੀਗੋਚਰ ਕਰਦਾ ਹੈ, ਜਿਸ ਦੀ ਮਾਂ ਕਹਿੰਦੀ ਹੈ ਕਿ ਇਹ ਸਿੱਖ ਨਹੀਂ। ਇਸ ਨੂੰ ਬਖ਼ਸ਼ ਦਿੱਤਾ ਜਾਵੇ-ਪਰ ਸਿੱਖ ਬੱਚਾ ਕਹਿੰਦਾ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ, ਮੇਰੇ ਨਾਲ ਵੀ ਉਹੀ ਸਲੂਕ ਕੀਤਾ ਜਾਵੇ ਜੋ ਮੇਰੇ ਭਰਾਵਾਂ ਨਾਲ ਕੀਤਾ ਗਿਆ ਹੈ। ਅਖੀਰ ਉਹ ਵੀ ਸ਼ਹਾਦਤ ਦਾ ਜਾਮ ਪੀਂਦਾ ਹੈ। ਇਹ ਬਾਬਾ ਬੰਦਾ ਸਿੰਘ ਹੀ ਸੀ ਜਿਸ ਨੇ ਬਿਖਰੀ ਹੋਈ ਸਿੱਖ ਸ਼ਕਤੀ ਨੂੰ ਇਕੱਤਰ ਤੇ ਇਕਾਗਰ ਕਰ ਬਹਾਦਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰ ਫ਼ਤਹਿ ਦੀ ਬਾਦਸ਼ਾਹਤ ਕਾਇਮ ਕੀਤੀ।
ਜਗੀਰਦਾਰੀ ਤੋਂ ਮੁਕਤੀ
ਪੰਜਾਬ ਦੇ ਕਿਸਾਨਾਂ ਨੂੰ ਜਗੀਰਦਾਰੀ ਪ੍ਰਬੰਧ ਤੋਂ ਮੁਕਤ ਕਰਵਾਇਆ ਤੇ ਸਾਬਤ ਕਰ ਦਿੱਤਾ ਕਿ ਖੇਤ ਦਾ ਮਾਲਕ ਉਹੀ ਹੈ ਜੋ ਖੇਤੀ ਕਰ ਰਿਹਾ ਹੈ। ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿਸ਼ਾਲ ਖੇਤਰ ’ਚ ਧਾਰਮਿਕ, ਸਮਾਜਿਕ, ਆਰਥਿਕ, ਰਾਜਸੀ ਸੁਤੰਤਰਤਾ ਦੇ ਝੰਡੇ ਗੱਡੇ। ਦੱਬੇ ਕੁਚਲੇ ਲੋਕਾਂ ਨੂੰ ਸੁਤੰਤਰਤਾ ਦਾ ਅਹਿਸਾਸ ਹੋਇਆ। ਲੋਕਾਂ ਦੇ ਦਿਲਾਂ ’ਤੇ ਰਾਜ ਸਥਾਪਿਤ ਕਰ ਲੋਕ ਮਾਨਸਿਕਤਾ ’ਤੇ ਫ਼ਤਹਿ ਪ੍ਰਾਪਤ ਕੀਤੀ। ਵਿਸ਼ਾਲ ਮੁਗ਼ਲ ਰਾਜ ਢਹਿ-ਢੇਰੀ ਹੋਣ ’ਤੇ ਸੂਫ਼ੀ
ਫ਼ਕੀਰ ਬੱੁਲੇ ਸ਼ਾਹ ਦੇ ਬੋਲ ਗੂੰਜ ਉੱਠੇ :
ਭੂਰਿਆਂ ਵਾਲੇ ਰਾਜੇ ਕੀਤੇ,
ਮੁਗਲਾਂ ਜ਼ਹਿਰ ਪਿਆਲੇ ਪੀਤੇ।।
ਜਾਤ-ਪਾਤ ਦੇ ਬੰਧਨ ਤੋੜੇ
ਡਾ. ਹਰੀ ਰਾਮ ਗੁਪਤਾ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਜਾਤ-ਪਾਤ, ਧਰਮ, ਨਸਲ ਦੇ ਬੰਧਨਾਂ ਨੂੰ ਤੋੜਿਆ, ਅਖੌਤੀ ਨੀਚ ਜਾਤਾਂ ਨੂੰ ਉੱਚ ਪਦਵੀਆਂ ਦਿੱਤੀਆਂ ਗਈਆਂ। ਸਮਾਜਿਕ ਬਰਾਬਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਇਸ ਤਰ੍ਹਾਂ ਉੱਚ-ਜਾਤੀਆਂ ਦੇ ਲੋਕ ਨੀਵੀਆਂ ਜਾਤਾਂ ਦੇ ਲੋਕਾਂ ਸਾਹਮਣੇ ਹੱਥ ਜੋੜੀ ਖੜ੍ਹੇ ਦਿਖਾਈ ਦਿੱਤੇ। ਬਾਬਾ ਬੰਦਾ ਸਿੰਘ ਦੇ ਰਾਜ ਪ੍ਰਬੰਧ ’ਚ ਸਭ ਦਾ ਮਾਣ ਸਤਿਕਾਰ ਕੀਤਾ ਜਾਂਦਾ ਸੀ। ਸਭੇ ਸਾਝੀਵਾਲ ਸਦਾਇਨ ਤੂ ਕਿਸੇ ਨਾ ਦਿਸੈ ਬਾਹਰਾ ਜੀਓੁ ਦਾ ਉਪਦੇਸ਼ ਅਮਲ ’ਚ ਪ੍ਰਗਟ ਕੀਤਾ। ਪ੍ਰਬੰਧ ’ਚ ਸਿੱਖ ਮੁਸਲਮਾਨ ਅਤੇ ਹਿੰਦੂ ਸਭ ਨੂੰ ਸਤਿਕਾਰ ਪ੍ਰਾਪਤ ਸੀ। ਬੰਦਾ ਸਿੰਘ ਬਹਾਦਰ ਨੇ ਹਿੰਦੂਆਂ ਜਾਂ ਮੁਸਲਮਾਨਾਂ ’ਤੇ ਕਿਸੇ ਕਿਸਮ ਦੀਆ ਪਾਬੰਦੀਆਂ ਨਹੀਂ ਲਾਈਆਂ, ਮੁਸਲਮਾਨ ਸਿਪਾਹੀਆਂ ਨੂੰ ਸਮੇਂ ਸਿਰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਵੀ ਸੀ, 15000 ਦੇ ਕਰੀਬ ਮੁਸਲਮਾਨ ਉਸ ਦੀਆਂ ਫ਼ੌਜਾਂ ਵਿਚ ਸ਼ਾਮਿਲ ਸਨ। ਗੁਰਦਾਸ ਨੰਗਲ ਦੇ ਪਿੰਡ ਵਿਚ ਦੁਨੀ ਚੰਦ ਦੀ ਹਵੇਲੀ ਸੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ 7 ਦਸੰਬਰ, 1715 ਈ: ਨੂੰ 8 ਮਹੀਨੇ ਘੇਰੇ ਪਿੱਛੋ ਸੱਤ ਸੌ ਸਿਪਾਹੀਆਂ ਸਮੇਤ ਗਿ੍ਰਫ਼ਤਾਰ ਕੀਤਾ ਗਿਆ। 8 ਮਹੀਨੇ ਸਿੰਘਾਂ ਨੇ ਬਹੁਤ ਕਸ਼ਟਾਂ ਨਾਲ ਕੱਟੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ੰਜੀਰਾਂ ’ਚ ਜਕੜ ਪਿੰਜਰੇ ’ਚ ਬੰਦ ਕਰਕੇ ਹਾਥੀ ’ਤੇ ਬਿਠਾ ਦਿੱਤਾ।
ਸਦੀਵੀ ਫ਼ਤਹਿ
ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ ਜੀ ਨੇ 1704 ਈ: ’ਚ ਸਰਹਿੰਦ ਦੀਆਂ ਦੀਵਾਰਾਂ ’ਚ ਛੋਟੀ ਉਮਰ ’ਚ ਮੌਤ ’ਤੇ ਫ਼ਤਹਿ ਪ੍ਰਾਪਤ ਕੀਤੀ। ਸਰਹਿੰਦ ਫ਼ਤਹਿ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਸੁਤੰਤਰ ਸਿੱਖ ਸੋਚ, ਸੁਤੰਤਰ ਰਾਜ ਦੀ ਸਥਾਪਨਾ ਕੀਤੀ। ਫ਼ਤਹਿ ਦੀ ਬਾਦਸ਼ਾਹਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੋਦਾਵਰੀ ਦੇ ਕਿਨਾਰੇ ਉਸ ਵੇਲੇ ਪ੍ਰਾਪਤ ਹੋਈ ਜਦ ਅਸੀਮ ਸ਼ਕਤੀ ਦੇ ਮਾਲਕ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਪਿੱਠ ’ਤੇ ਥਾਪੜਾ ਦੇ ਫ਼ਤਹਿ ਸ਼ਕਤੀ ਦਾ ਪ੍ਰਵੇਸ਼ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਚਾਰ ਸਾਲ ਦੇ ਸਪੁੱਤਰ ਬਾਬਾ ਅਜੈ ਸਿੰਘ ਸਮੇਤ ਦਿੱਲੀ ’ਚ ਮੌਤ ਨੂੰ ਮਖੌਲਾਂ ਕਰ ਮੌਤ ’ਤੇ ਫ਼ਤਹਿ ਪ੍ਰਾਪਤ ਕੀਤੀ। ਗੁਰਬਾਣੀ ਦੇ ਪਾਵਨ ਕਥਨ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਮਨ ’ਤੇ ਜਿੱਤ ਪ੍ਰਾਪਤ ਕਰਕੇ ਸਦੀਵੀ ਫ਼ਤਹਿ ਪ੍ਰਾਪਤ ਕਰ ਲਈ :
ਫਾਹੇ ਕਾਟੇ ਮਿਟੇ ਗਵਨ
ਫਤਿਹ ਭਈ ਮਨਿ ਜੀਤ ॥
ਨਾਨਕ ਗੁਰ ਤੇ ਥਿਤ ਪਾਈ
ਫਿਰਨ ਮਿਟੇ ਨਿਤ ਨੀਤ ।
(ਸ੍ਰੀ ਗੁਰੂ ਗ੍ਰੰਥ ਸਾਹਿਬ,
ਪੰਨਾ 258)
- ਡਾ. ਰੂਪ ਸਿੰਘ