ਸਤਲੁਜ ਦਰਿਆ ਦੇ ਕਿਨਾਰੇ ਅਤੇ ਸ਼ਿਵਾਲਿਕ ਦੇ ਨੀਮ ਪਰਬਤਾਂ ਦੀ ਗੋਦ ’ਚ ਵੱਸਦੀ-ਰਸਦੀ ਅਨੰਦਾਂ ਦੀ ਪੁਰੀ ਅੱਜ ਤੋਂ ਸਵਾ ਕੁ ਤਿੰਨ ਸੌ ਸਾਲ ਪਹਿਲਾਂ ਇਕ ਬਚਿੱਤਰ ਸਰੂਪ ਦਾ ਪ੍ਰਤੀਕ ਸੀ, ਜਿਸ ਦੇ ਖੰਡਾਂ-ਬ੍ਰਹਿਮੰਡਾਂ ਤੱਕ ਇਲਾਹੀ ਬਾਣੀ ਦੀਆਂ ਧੁਨਾਂ ਗੂੰਜਦੀਆਂ ਸਨ। ਪਰਬਤਾਂ ਦੀ ਗੋਦ ’ਚ ਵੱਸਦੀ ਅਨੰਦਾਂ ਦੀ ਇਸ ਪੁਰੀ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਦੀ ਹਿੱਕ ’ਤੇ ਘੋੜਿਆਂ ਦੀਆਂ ਟਪਕਾਂ ਪੈਂਦੀਆਂ ਸਨ।

ਸਤਲੁਜ ਦਰਿਆ ਦੇ ਕਿਨਾਰੇ ਅਤੇ ਸ਼ਿਵਾਲਿਕ ਦੇ ਨੀਮ ਪਰਬਤਾਂ ਦੀ ਗੋਦ ’ਚ ਵੱਸਦੀ-ਰਸਦੀ ਅਨੰਦਾਂ ਦੀ ਪੁਰੀ ਅੱਜ ਤੋਂ ਸਵਾ ਕੁ ਤਿੰਨ ਸੌ ਸਾਲ ਪਹਿਲਾਂ ਇਕ ਬਚਿੱਤਰ ਸਰੂਪ ਦਾ ਪ੍ਰਤੀਕ ਸੀ, ਜਿਸ ਦੇ ਖੰਡਾਂ-ਬ੍ਰਹਿਮੰਡਾਂ ਤੱਕ ਇਲਾਹੀ ਬਾਣੀ ਦੀਆਂ ਧੁਨਾਂ ਗੂੰਜਦੀਆਂ ਸਨ। ਪਰਬਤਾਂ ਦੀ ਗੋਦ ’ਚ ਵੱਸਦੀ ਅਨੰਦਾਂ ਦੀ ਇਸ ਪੁਰੀ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਦੀ ਹਿੱਕ ’ਤੇ ਘੋੜਿਆਂ ਦੀਆਂ ਟਪਕਾਂ ਪੈਂਦੀਆਂ ਸਨ। ਭਾਗਾਂ ਭਰੀ ਇਹ ਧਰਤੀ ਕਿੰਨੀ ਕਿਸਮਤ ਦੀ ਧਨੀ ਕਿ ਇਸ ਨੂੰ ਬਾਜ਼ਾਂ ਵਾਲੇ ਗੁਰੂ ਸਾਹਿਬ ਦੇ ਦੀਦਾਰ ਹੁੰਦੇ ਰਹੇ। ਰਣਜੀਤ ਨਗਾਰੇ ਦੀਆਂ ਗੂੰਜਾਂ ਫਿਜ਼ਾਵਾਂ ਵਿਚ ਘੁੱਲਦੀਆਂ ਅਤੇ ਇਲਾਹੀ ਅਤੇ ਅਗੰਮੀ ਵੀਰਗਤੀ ਭਰਪੂਰ ਤਰੰਨੁਮ ਵਿਚ ਲਬਰੇਜ਼ ਨਗ਼ਮੇ ਸਿਰਜਦੀਆਂ ਹਨ ।
ਸ਼ਹਾਦਤਾਂ ਦੀ ਰੁੱਤ (ਭਾਗ ਪਹਿਲਾ)
ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) ਦੇ ਸਰਬੰਸ ਦੀਆਂ ਸ਼ਹਾਦਤਾਂ ਦਾ ਦੌਰ ਛੇ ਅਤੇ ਸੱਤ ਪੋਹ ਦੀ ਦਰਮਿਆਨੀ ਰਾਤ ਨੂੰ ਕਿਲ੍ਹਾ ਅਨੰਦਗੜ੍ਹ (Qila Anandgarh) ਛੱਡਣ ਉਪਰੰਤ ਸ਼ੁਰੂ ਹੁੰਦਾ ਹੈ। ਇਕ ਹਫ਼ਤੇ ਦੇ ਅੰਦਰ-ਅੰਦਰ ਗੁਰੂ ਸਾਹਿਬ ਜੀ ਦੇ ਚਾਰੇ ਸਾਹਿਬਜ਼ਾਦੇ ਮਾਤਾ ਜੀ ਅਤੇ ਜਾਨੋ ਪਿਆਰੇ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ। ਇਸ ਦੌਰਾਨ ਗੁਰੂ ਜੀ ਨੂੰ ਉੱਚ ਦਾ ਪੀਰ ਬਣ ਕੇ ਮੁਗ਼ਲ ਸਲਤਨਤ ਅਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਘੇਰੇ ਵਿਚੋਂ ਮਹਿਫੂਜ਼ ਨਿਕਲ ਕੇ ਮਾਲਵੇ ਵੱਲ ਜਾਣਾ ਪਿਆ। ਅਜਿਹੀ ਭਿਆਨਕ ਸਥਿਤੀ ਵਿਚ ਇਤਿਹਾਸ ਦਾ ਉਹ ਖ਼ੂਨੀ ਪੰਨਾ ਲਿਖਿਆ ਗਿਆ। ਜਿਸ ਨੂੰ ਪੜ੍ਹ ਕੇ ਅੱਜ ਵੀ ਤਮਾਮ ਮਨੁੱਖਤਾ ਦਾ ਹਿਰਦਾ ਥਰ-ਥਰ ਕੰਬਦਾ ਹੈ। ਇਨ੍ਹਾਂ ਲੜੀਵਾਰ ਲਿਖਤਾਂ ‘ਸ਼ਹਾਦਤਾਂ ਦੀ ਰੁੱਤ-ਭਾਗ ਪਹਿਲਾ’ ਰਾਹੀਂ ਅਸੀਂ ਇਸ ਇਤਿਹਾਸ ਨੂੰ ਕਲਮਬੱਧ ਕਰਨ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ । ਜੋ ਲੜੀਵਾਰ ਪ੍ਰਕਾਸ਼ਿਤ ਕੀਤਾ ਜਾਵੇਗਾ। ਉਮੀਦ ਕਰਦੇ ਹਾਂ ਕਿ ਸਾਡੇ ਇਸ ਨਿਮਾਣੇ ਜਿਹੇ ਯਤਨ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲੇਗਾ।
ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (Sri Guru Tegh Bahadur Sahib) ਵੱਲੋਂ ਬਿਲਾਸਪੁਰ ਦੀ ਰਾਣੀ ਚੰਪਾ ਤੋਂ ਜ਼ਮੀਨ ਖ਼ਰੀਦ ਕੇ ਵਸਾਈ ਇਹ ਨਗਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਕਾਰਨਾਮਿਆਂ ਦੀ ਜਿੱਥੇ ਪ੍ਰਤੀਕ ਬਣੀ, ਉੱਥੇ ਸਮੇਂ ਦੀ ਰਾਜਨੀਤੀ ਦੇ ਉਤਰਾਅ-ਚੜ੍ਹਾਅ ਤੇ ਇਤਿਹਾਸਿਕ ਪੱਖ ਵੀ ਇਸ ਧਰਤੀ ਨਾਲ ਸਮੇਂ-ਸਮੇਂ ਜੁੜਦੇ ਗਏ। ਦਸਮ ਪਾਤਸ਼ਾਹ ਨੇ ਆਪਣੀ 42 ਸਾਲਾਂ ਦੀ ਉਮਰ ਵਿਚੋਂ 31 ਸਾਲਾਂ ਦਾ ਅਰਸਾ ਇਸ ਧਰਤੀ ’ਤੇ ਗੁਜ਼ਾਰਿਆ। ਸੰਨ 1700 ਤੋਂ ਪਹਿਲਾਂ ਵਰਤੇ ਘਟਨਾਕ੍ਰਮ ਅਤੇ ਇਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣ ਦੇ ਦੁਖਾਂਤਕ ਬਿਰਤਾਂਤ ਤੱਕ ਇਸ ਦਾ ਇਲਾਹੀ ਅਗੰਮੀ ਤੇ ਅਲੌਕਿਕ ਸਰੂਪ ਕਿਹੋ ਜਿਹਾ ਸੀ। ਇਸ ਦੀ ਹਿੱਕ ’ਤੇ ਲਹੂ ਰੱਤੜੀ ਤਵਾਰੀਖ਼ ਪਰਤ-ਦਰ-ਪਰਤ ਕਿਸ ਕਦਰ ਲਹੂ ਰੰਗੇ ਹਰਫ਼ ਉਕਰਦੀ ਗਈ। ਇਹ ਇਤਿਹਾਸਿਕ ਪੱਖ ਗੁਰੂ ਜੀ ਦੇ ਕਿਲ੍ਹਾ ਛੱਡਣ ਦੇ ਬੇਨਜ਼ੀਰ ਘਟਨਾਕ੍ਰਮ ਤੋਂ ਪਹਿਲਾਂ ਕਲਮਬੱਧ ਕਰਨੇ ਜ਼ਰੂਰੀ ਹਨ। ਸਮੇਂ ਦੇ ਉਸ ਸਮੇਂ ਦੇ ਸੰਗੀਨ ਹਾਲਾਤ ’ਤੇ ਨਜ਼ਰ ਮਾਰਨੀ ਵੀ ਜ਼ਰੂਰੀ ਹੈ, ਜਿਸ ਹਾਲਾਤ ਨੇ ਗੁਰੂ ਸਾਹਿਬ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ। ਲਾਸਾਨੀ ਸ਼ਹਾਦਤਾਂ ਦੀ ਰੁੱਤ ਦੇ ਆਗਾਜ਼ ਤੋਂ ਪਹਿਲਾਂ ਆਓ ਪਾਉਂਦੇ ਹਾਂ ਇਸ ਧਰਤੀ ਨਾਲ ਸਬੰਧਿਤ ਵਾਪਰੀਆਂ ਘਟਨਾਵਾਂ ’ਤੇ ਇਕ ਪੰਛੀ ਝਾਤ।
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ
ਗੁਰੂ ਜੀ ਦੇ 9 ਸਾਲਾਂ ਦੀ ਉਮਰ ਵਿਚ ਜਦੋਂ ਮੁਗ਼ਲ ਸਾਮਰਾਜ ਦੇ ਸਭ ਤੋਂ ਕੱਟੜ ਅਤੇ ਪੱਥਰ ਦਿਲ ਬਾਦਸ਼ਾਹ ਔਰੰਗਜ਼ੇਬ (Emperor Aurangzeb) ਦੇ ਜ਼ੁਲਮ-ਓ-ਸਿਤਮ ਦੇ ਸਤਾਏ ਕਸ਼ਮੀਰੀ ਪੰਡਿਤ ਗੁਰੂ ਦਰਬਾਰ ’ਚ ਫਰਿਆਦੀ ਬਣ ਕੇ ਪੁੱਜੇ ਤਾਂ ਦਸਮੇਸ਼ ਪਿਤਾ ਨੇ 9 ਸਾਲ ਦੀ ਉਮਰ ਵਿਚ ਆਪਣੇ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਦਿੱਲੀ ਸ਼ਹਾਦਤ ਦੇਣ ਲਈ ਹੱਥੀਂ ਤੋਰਿਆ ਜਿਥੇ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸੀਸ ਨਿਛਾਵਰ ਕਰ ਦਿੱਤਾ ਪਰ ਈਨ ਨਹੀਂ ਮੰਨੀ। ਉਨ੍ਹਾਂ ਦੀ ਇਸ ਵੱਡੀ ਕੁਰਬਾਨੀ ਨਾਲ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਤੱਕ ਹਿੱਲ ਗਈਆਂ। ਉਨ੍ਹਾਂ ਦਾ ਸੀਸ ਕੁਝ ਅਰਸੇ ਬਾਅਦ ਜਦੋਂ ਅਨੰਦਪੁਰ ਪੁੱਜਿਆ, ਤਾਂ ਸੀਸ ਦਾ ਸਸਕਾਰ ਵਰਤਮਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਾਲੇ ਅਸਥਾਨ ’ਤੇ ਦਸਮ ਪਾਤਸ਼ਾਹ ਨੇ ਹੱਥੀਂ ਕੀਤਾ।
ਰੰਗਰੇਟੇ ਗੁਰੂ ਕੇ ਬੇਟੇ ਭਾਈ ਜੀਵਨ ਸਿੰਘ ਨੂੰ ਹਿੱਕ ਨਾਲ ਲਾ ਕੇ ਗੁਰੂ ਜੀ ਨੇ ਜਿੱਥੇ ਦਲਿਤ ਸਮਾਜ ਨੂੰ ਵਡਮੁੱਲਾ ਰੁਤਬਾ ਪ੍ਰਦਾਨ ਕੀਤਾ, ਉੱਥੇ ਧਰਮ ਨਿਰਪੱਖਤਾ ਦੀ ਨੀਤੀ ਦੀ ਮਿਸਾਲ ਪੈਦਾ ਕੀਤੀ ਅਤੇ ਮਨੁੱਖਤਾ ਨੂੰ ਜਬਰ-ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੱਤੀ। ਇਸੇ ਸਥਾਨ ’ਤੇ ਵਿਚਰਦਿਆਂ ਗੁਰੂ ਜੀ ਦਾ ਵਿਆਹ ਗੁਰੂ ਕਾ ਲਾਹੌਰ ਦੀ ਧਰਤੀ ਅਤੇ ਭਾਈ ਹਰਜਸ ਸੁਭੱਖੀ ਦੀ ਸਪੁੱਤਰੀ ਮਾਤਾ ਜੀਤੋ ਜੀ ਨਾਲ ਹੋਇਆ ਅਤੇ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਹੀ ਉਨ੍ਹਾਂ ਦੀ ਕੁੱਖੋਂ 3 ਸਾਹਿਬਜ਼ਾਦਿਆਂ ਨੇ ਜਨਮ ਲਿਆ। ਇਸੇ ਹੀ ਧਰਤੀ ’ਤੇ ਗੁਰੂ ਜੀ ਨੇ ਅਨੇਕਾਂ ਹੋਰ ਕੌਤਕ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਕਾਰਨਾਮੇ ਕੀਤੇ, ਜੋ ਇਤਿਹਾਸ ਦਾ ਅਨਿੱਖੜਵਾਂ ਅੰਗ ਹੋ ਨਿਬੜੇ ।
ਖ਼ਾਲਸਾ ਸਾਜਨਾ
ਗੁਰੂ ਜੀ ਨੇ 1699 ਦੀ ਵਿਸਾਖੀ ਦੇ ਮੁਕੱਦਸ ਦਿਹਾੜੇ ’ਤੇ ਇਸੇ ਹੀ ਧਰਤੀ ’ਤੇ ਖ਼ਾਲਸਾ ਪੰਥ ਦੀ ਸਾਜਨਾ (Khalsa Panth) ਕਰ ਕੇ ਉਹ ਵਿਲੱਖਣ ਕਾਰਨਾਮਾ ਕਰ ਦਿਖਾਇਆ। ਖ਼ਾਲਸਾ ਪੰਥ ਦੀ ਸਾਜਨਾ ਨਾਲ ਜਿਥੇ ਨਿਵੇਕਲੀ ਪਛਾਣ ਕਾਇਮ ਕੀਤੀ ਗਈ ਉਥੇ ਇਹ ਪੰਥ ਜ਼ੁਲਮ ਦਾ ਖ਼ਾਤਮਾ ਕਰ ਲਈ ਲੋੜਵੰਦਾਂ ਦੀ ਢਾਲ ਬਣਿਆ। ਸਭ ਤੋਂ ਪ੍ਰਮੁੱਖ ਗੱਲ ਗੁਰੂ ਸਾਹਿਬ ਨੇ ਸਭਨਾਂ ਨੂੰ ਇਕ ਹੀ ਜਾਣਿਆਂ ਅਤੇ ਕੋਈ ਭੇਦ-ਭਾਵ ਨਾ ਕਰਨ ਦਾ ਮਾਨਵਤਾ ਨੂੰ ਸੱਦਾ ਦਿੱਤਾ। ਦਸਮੇਸ਼ ਪਿਤਾ ਨੇ ਊਚ-ਨੀਚ ਦੇ ਭੇਦਭਾਵ ਖ਼ਤਮ ਕਰ ਕੇ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ ਦਾ ਦਰਜਾ ਪ੍ਰਦਾਨ ਕੀਤਾ। ਸਦੀਆਂ ਤੋਂ ਲਿਤਾੜੇ ਜਾ ਰਹੇ ਨਿਮਾਣੇ-ਨਿਤਾਣੇ ਲੋਕਾਂ ਨੂੰ ਸੂਰਬੀਰਤਾ ਪ੍ਰਦਾਨ ਕੀਤੀ। ਗੁਰੂ ਜੀ ਨੇ ਜਪੁ ਜੀ ਸਾਹਿਬ ਤੋਂ ਭਗਤੀ, ਜਾਪੁ ਸਾਹਿਬ ਤੋਂ ਸ਼ਕਤੀ ਸਵੱਯੇ ਤੋਂ ਵੈਰਾਗ, ਚੌਪਈ ਸਾਹਿਬ ਤੋਂ ਨਿਮਰਤਾ ਅਤੇ ਅਨੰਦ ਸਾਹਿਬ ਤੋਂ ਖੇੜਾ ਲੈ ਕੇ ਸਰਬ ਲੋਹ ਦੇ ਬਾਟੇ ਵਿਚ ਅੰਮ੍ਰਿਤਪਾਨ ਕਰਾ ਕੇ ਊਚ-ਨੀਚ ਦੇ ਭੇਦਭਾਵ ਨੂੰ ਖ਼ਤਮ ਕਰ ਦਿੱਤਾ ਅਤੇ ਸਦੀਆਂ ਤੋਂ ਦੁਰਕਾਰੀ ਜਾਂਦੀ ਅਬਲਾ ਤੋਂ ਪਤਾਸਿਆਂ ਰਾਹੀਂ ਮਿਠਾਸ ਲੈ ਕੇ ਦੱਬੇ-ਕੁਚਲੇ ਲੋਕਾਂ ਨੂੰ ਜ਼ੁਲਮ ਨਾਲ ਟੱਕਰ ਲੈਣ ਦੇ ਸਮਰੱਥ ਬਣਾ ਦਿੱਤਾ। ਗੁਰੂ ਜੀ ਦਾ ਸਰਬੱਤ ਦੇ ਭਲੇ ਦਾ ਪ੍ਰਤੀਕ ਇਹ ਖ਼ਾਲਸਾ ਸਮੇਂ-ਸਮੇਂ ਜਬਰ ਜ਼ੁਲਮ ਵਿਰੁੱਧ ਲੜਿਆ ਅਤੇ ਉਸ ਨੇ ਕੁਰਬਾਨੀਆਂ ਦੀ ਲੰਮੀ ਤੇ ਅਤੁੱਟ ਕਤਾਰ ਸਿਰਜ ਦਿੱਤੀ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਹੋਲੇ-ਮਹੱਲੇ ਦੇ ਜੰਗਜੂ ਕਰਤੱਬ ਦਾ ਆਗਾਜ਼ ਕਰ ਕੇ ਗੁਰੂ ਜੀ ਨੇ ਖ਼ਾਲਸੇ ਵਿਚ ਵੀਰਗਤੀ ਦਾ ਅਨੋਖਾ ਅਤੇ ਕ੍ਰਾਂਤੀਕਾਰੀ ਜਜ਼ਬਾ ਭਰਿਆ। ਗੁਰੂ ਜੀ ਦਾ ਇਹ ਅਲੌਕਿਕ ਵਰਤਾਰਾ ਦਿੱਲੀ ਦਰਬਾਰ ਅਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਲਈ ਇੱਕ ਵੱਡੀ ਚੁਣੌਤੀ ਸਾਬਤ ਹੋਇਆ, ਜਿਸ ਨਾਲ ਗੁਰੂ ਜੀ ਦੀ ਟੱਕਰ ਹਕੂਮਤ ਨਾਲ ਸ਼ੁਰੂ ਹੋਈ ਅਤੇ ਭਵਿੱਖ ਵਿਚ ਇਸ ਸੰਕਲਪ ਨੂੰ ਅੰਜ਼ਾਮ ਦੇਣ ਲਈ ਗੁਰੂ ਜੀ ਨੂੰ ਸਮੁੱਚੇ ਸਰਬੰਸ ਦੀ ਦੇਸ਼ ਕੌਮ ਅਤੇ ਵਤਨਪ੍ਰਸਤੀ ਲਈ ਕੁਰਬਾਨੀ ਦੇਣੀ ਪਈ।
ਮਾਤਾ ਜੀਤੋ ਜੀ ਦੀ ਸ਼ਹਾਦਤ
ਇਹ ਸਨਸਨੀਖੇਜ਼ ਸਬੱਬ ਸੀ ਕਿ ਸਾਹਿਬਜ਼ਾਦਿਆਂ ਨੂੰ ਜਨਮ ਦੇਣ ਉਪਰੰਤ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ 4 ਵਰ੍ਹੇ ਪਹਿਲਾਂ ਗੁਰੂ ਕੇ ਮਹਿਲ ਮਾਤਾ ਜੀਤੋ ਜੀ ਸੰਨ 1700 ਵਿਚ ਸਦੀਵੀ ਵਿਛੋੜਾ ਦੇ ਗਏ। ਗੁਰੂ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ ਉਸ ਵੇਲੇ ਮਹਿਜ਼ 3 ਸਾਲ ਦੇ ਸਨ। ਸਾਹਿਬਜ਼ਾਦਿਆਂ ਨੂੰ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਜਿੱਥੇ ਮਾਤਾ ਗੁਜਰੀ ਨੇ ਬਿਰਧ ਅਵਸਥਾ ਵਿਚ ਨਿਭਾਈ ਉੱਥੇ ਇਹ ਵੀ ਕੁਦਰਤ ਦਾ ਅਨੋਖਾ ਇਤਫ਼ਾਕ ਸੀ ਕਿ ਗੁਰੂ ਸਾਹਿਬ ਨੂੰ ਮਾਤਾ ਜੀ ਦਾ ਸਸਕਾਰ ਹੱਥੀਂ ਕਰਨਾ ਪਿਆ। ਇਸ ਤੋਂ ਪਹਿਲਾਂ ਉਨ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਸਵੈ ਕੀਤਾ ਸੀ। ਜਦਕਿ ਸਮੁੱਚੇ ਪਰਿਵਾਰ ’ਚੋਂ ਹੋਰ ਕਿਸੇ ਮੈਂਬਰ ਦਾ ਸਸਕਾਰ ਕਰਨ ਦਾ ਇਤਫ਼ਾਕ ਗੁਰੂ ਜੀ ਨੂੰ ਪ੍ਰਾਪਤ ਨਹੀਂ ਹੋ ਸਕਿਆ।
ਅਨੰਦਪੁਰ ਸਾਹਿਬ ਦੀ ਕਿਲ੍ਹਾਬੰਦੀ
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਸ਼੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਕੁਝ ਕਿਲ੍ਹੇ ਹਿਫ਼ਾਜ਼ਤੀ ਪ੍ਰਬੰਧਾਂ ਲਈ ਬਣਾਏ ਜੋ ਕਿ ਬਾਅਦ ਵਿਚ ਕਿਲ੍ਹਾ ਫ਼ਤਹਿਗੜ੍ਹ ਸਾਹਿਬ, ਕਿਲ੍ਹਾ ਤਾਰਾਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ ਅਤੇ ਕਿਲ੍ਹਾ ਹੌਲਗੜ੍ਹ ਸਾਹਿਬ ਦੇ ਰੂਪ ਵਿਚ ਪ੍ਰਚੱਲਿਤ ਹੋਏ। ਕਿਲ੍ਹਾ ਅਨੰਦਗੜ੍ਹ ਸਾਹਿਬ ਗੁਰੂ ਜੀ ਦੀ ਯੁੱਧਨੀਤੀ ਦਾ ਕੇਂਦਰ ਬਿੰਦੂ ਬਣਿਆ, ਜੋ ਕਿ ਸਮੇਂ-ਸਮੇਂ ਹਕੂਮਤ ਦੀਆਂ ਨਜ਼ਰਾਂ ਵਿਚ ਰੜਕਦਾ ਰਿਹਾ। ਸ਼੍ਰੀ ਅਨੰਦਪੁਰ ਸਾਹਿਬ ’ਚ ਰਹਿੰਦਿਆਂ ਜਿਨ੍ਹਾਂ ਜਰਨੈਲਾਂ ਨੇ ਗੁਰੂ ਜੀ ਤੋਂ ਸਸ਼ਤਰ ਵਿੱਦਿਆ ਅਧਿਐਨ ਕੀਤੀ, ਉਨ੍ਹਾਂ ’ਚ ਸ਼ਹੀਦ ਬਾਬਾ ਦੀਪ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਆਲਮ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਤੋਂ ਇਲਾਵਾ 4 ਸਾਹਿਬਜ਼ਾਦੇ ਅਤੇ 5 ਪਿਆਰੇ ਮੁੱਖ ਰੂਪ ਵਿਚ ਸ਼ਾਮਿਲ ਸਨ। ਭਾਈ ਨੰਦ ਲਾਲ ਅਤੇ ਬਾਬਾ ਦੁੰਨਾ ਸਿੰਘ ਹੰਡੂਰੀਆ ਜਿਹੇ ਕਲਮਜਾਰ ਵੀ ਇਸੇ ਧਰਤੀ ’ਤੇ ਗੁਰੂ ਜੀ ਦੇ ਜੀਵਨ ਨੂੰ ਆਪਣੀਆਂ ਲਿਖਤਾਂ ਰਾਹੀਂ ਕਲਮਬੱਧ ਕਰਦੇ ਰਹੇ। ਅਨੰਦਪੁਰ ਸਾਹਿਬ ਦੀ ਸਥਾਪਨਾ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ। ਅਨੰਦਪੁਰ ਸਾਹਿਬ ਦੀ ਸਿੱਖ ਪੰਥ ਵਿਚ ਇਤਿਹਾਸਿਕ ਮਹੱਤਤਾ ਬਹੁਤ ਜ਼ਿਆਦਾ ਹੈ।
ਇਸ ਅਗੰਮੀ ਨਗਰੀ ਦੀ ਸਥਾਪਨਾ 1665 ਵਿਚ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਭੋਰਾ ਸਾਹਿਬ ਦੇ ਸਥਾਨ ’ਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਕੀਤੀ ਗਈ ਸੀ। ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ ਕੀਰਤਪੁਰ ਸਾਹਿਬ ਤੋਂ 9 ਕਿਲੋਮੀਟਰ ਦੂਰ ਪਹਾੜਾਂ ਵੱਲ ਅਨੰਦਪੁਰ ਸਾਹਿਬ ਵਸਾਇਆ। ਇਸ ਦਾ ਪਹਿਲਾ ਨਾਮ ਮਾਖੋਵਾਲ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ’ਤੇ ‘ਚੱਕ ਨਾਨਕੀ’ (ਬਾਅਦ ਵਿਚ ਅਨੰਦਪੁਰ ਸਾਹਿਬ) ਨਗਰ ਵਸਾਇਆ। ਇਥੋਂ ਹੀ 9 ਸਾਲ ਦੀ ਉਮਰ ਵਿਚ ਬਾਲਕ ਗੋਬਿੰਦ ਰਾਏ (ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ) ਨੇ ਚੱਕ ਨਾਨਕੀ ਤੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀਂ ਦਿੱਲੀ ਵੱਲ ਤੋਰਿਆ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਕਿਲ੍ਹਾ ਅਨੰਦਗੜ੍ਹ ਸਾਹਿਬ (Fortification of Anandpur Sahib) ਉਸਾਰਿਆ ਸੀ। ਇਹ 1689 ਵਿਚ ਬਣਨਾ ਸ਼ੁਰੂ ਹੋਇਆ ਜੋ ਸਭ ਤੋਂ ਮਜ਼ਬੂਤ ਅਤੇ ਉੱਚਾ ਮੰਨਿਆ ਜਾਂਦਾ ਸੀ। ਕਿਲ੍ਹਾ ਲੋਹਗੜ੍ਹ ਖ਼ਾਸ ਅਹਿਮੀਅਤ ਰੱਖਦਾ ਸੀ। ਇਹ ਕਿਲ੍ਹਾ ਸਤਲੁੱਜ ਦਰਿਆ ਦੇ ਕੰਢੇ ’ਤੇ ਸੀ। ਤੀਜੇ ਕਿਲ੍ਹੇ ਹੋਲਗੜ੍ਹ ਦਾ ਫ਼ਲਸਫ਼ਾ ਸਦਾ ਕਿਰਿਆਸ਼ੀਲ ਰਹਿਣ ਦਾ ਸੁਨੇਹਾ ਦਿੰਦਾ ਹੈ। ਚੌਥਾ ਕਿਲ੍ਹਾ ਫ਼ਤਹਿਗੜ੍ਹ ਸਾਹਿਬ ਆਸ਼ਾਵਾਦੀ ਅਤੇ ਚੜ੍ਹਦੀ ਕਲਾ ਵਿਚ ਰਹਿਣ ਦਾ ਸੁਨੇਹਾ ਦਿੰਦਾ ਹੈ। ਕਿਲ੍ਹਾ ਅਨੰਦਪੁਰ ਸਾਹਿਬ ਤੋਂ ਤਕਰੀਬਨ 5 ਕਿਲੋਮੀਟਰ ਦੂਰ ਕਿਲ੍ਹਾ ਤਾਰਾਗੜ੍ਹ ਵੀ ਸਿੱਖ ਨੂੰ ਭਗਤੀ-ਸ਼ਕਤੀ ਦੇ ਸੁਮੇਲ ਦੀ ਜਾਚ ਸਿੱਖਣ ਦਾ ਫ਼ਲਸਫ਼ਾ ਦਿੰਦਾ ਹੈ।
ਇਨਕਲਾਬ ਦਾ ਪ੍ਰਤੀਕ ਅਨੰਦਪੁਰ ਸਾਹਿਬ
ਗੁਰੂ ਜੀ ਦੀ ਵਰੋਸਾਈ ਇਹ ਧਰਤੀ ਇਕ ਆਮ ਸ਼ਹਿਰ ਨਹੀਂ ਬਲਕਿ ਇੱਕ ਸੰਕਲਪ ਅਤੇ ਇਨਕਲਾਬ ਦੀ ਰੂਪ-ਰੇਖਾ ਹੈ। ਇਹ ਜਿੱਥੇ ਭਗਤੀ ਦੀ ਪ੍ਰਤੀਕ ਹੈ, ਉੱਥੇ ਜ਼ੁਲਮ ਨਾਲ ਮੱਥਾ ਲਾਉਣ ਦੀ ਸਮਰੱਥਾ ਪਾਲਣ ਦਾ ਵੀ ਸੰਦੇਸ਼ ਦਿੰਦੀ ਹੈ। ਇਹ ਨਰੋਏ ਅਤੇ ਵਿਲੱਖਣ ਸਮਾਜ ਦੀ ਪ੍ਰਤੀਕ ਹੈ। ਇਸ ਧਰਤੀ ਦਾ ਸਿਧਾਂਤ ਬਾਜ਼ ਦੀ ਉਸ ਪ੍ਰਵਾਜ਼ ਵਰਗਾ ਹੈ, ਜੋ ਜ਼ਖ਼ਮੀ ਹੋ ਕੇ ਵੀ ਲੜਨ ਅਤੇ ਮਰਨ ਦੀ ਸਮਰੱਥਾ ਰੱਖਦਾ ਹੈ। ਇਸ ਧਰਤੀ ’ਤੇ ਰਹਿੰਦਿਆਂ ਗੁਰੂ ਜੀ ਨੇ ਜੋ ਕਿਹਾ, ਸੋ ਕਰ ਕੇ ਦਿਖਾਇਆ ਹੈ। ਇੱਥੋਂ ਦਾ ਜਨਪਿਆ ਸਿੱਖ ਇਨਕਲਾਬ ਹਜ਼ਾਰਾਂ ਸਾਲਾਂ ਤੋ ਦੁਰਕਾਰੇ, ਤਿਰਸਕਾਰੇ ਇਨਸਾਨ ਨੂੰ ਖੰਡੇ ਦੀ ਪਾਹੁਲ ਛਕਾ ਕੇ ਸੂਰਮਗਤੀ ਪ੍ਰਾਪਤ ਕਰਨ ਦਾ ਜਿੱਥੇ ਬਲ ਸਿਖਾਉਂਦਾ ਹੈ, ਉੱਥੇ ਵੈਰੀਆਂ ਦੇ ਜ਼ਖ਼ਮਾਂ ’ਤੇ ਮੱਲ੍ਹ੍ਮ ਲਗਾਉਣ ਦੀ ਜਾਚ ਵੀ ਦੱਸਦਾ ਹੈ।
ਅਨੰਦਪੁਰ ਸਾਹਿਬ ਸਮੁੱਚੇ ਖ਼ਾਲਸੇ ਦੀ ਜਨਮ-ਭੂਮੀ ਹੈ ਅਤੇ ਇਕ ਅਜਿਹੇ ਸਿਧਾਂਤ ਦੀ ਕਰਮ-ਭੂਮੀ ਹੈ, ਜੋ ਬਾਬੇ ਨਾਨਕ ਦੇ ਸਿਧਾਂਤ ਦੇ ਮੁਹਤਾਜ ਰਹਿ ਕੇ ਬਾਬਰ ਨੂੰ ਜਾਬਰ ਕਹਿਣ ਤੱਕ ਦੀ ਹਿੰਮਤ ਰੱਖਦਾ ਹੈ। ਗੁਰੂ ਕਾਲ ਵਿਚ ਅਨੰਦਪੁਰ ਸਾਹਿਬ ਵਿਚ ਵਾਪਰੇ ਸੀਸ-ਭੇਟ ਕੌਤਕ ਨੇ ਦੇਸ਼ ਦੀ ਰਾਜਸੀ ਅਤੇ ਸਮਾਜਿਕ ਬਣਤਰ ਵਿਚ ਜੋ ਇਨਕਲਾਬ ਲਿਆਂਦਾ ਉਸ ਦਾ ਅਧਾਰ ਵਿਅਕਤੀਗਤ ਮਨੁੱਖੀ ਚਰਿੱਤਰ ਦੀ ਉਹ ਉਸਾਰੀ ਸੀ ਜੋ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ 9 ਪਾਤਸ਼ਾਹੀਆਂ ਨੇ ਕੀਤੀ ਸੀ। ਗੁਰੂ ਦੇ ਖ਼ਾਲਸੇ ਨੇ ਜੋ ਮੱਲਾਂ ਪਿਛਲੇ ਸਵਾ ਤਿੰਨ ਕੁ ਸੌ ਸਾਲ ਪਹਿਲੇ ਅਰਸੇ ਵਿਚ ਮਾਰੀਆਂ ਹਨ, ਉਹ ਅਨੰਦਪੁਰ ਸਾਹਿਬ ਦੀ ਸਿਧਾਂਤਕ ਰੌਸ਼ਨੀ ਦਾ ਹੀ ਪ੍ਰਤੀਕ ਹੈ।
- ਸ਼ਮਸ਼ੇਰ ਸਿੰਘ ਡੂਮੇਵਾਲ