1699 ਦੀ ਵੈਸਾਖੀ ਤਵਾਰੀਖ਼ ਨਹੀਂ ਸਗੋਂ ਇਕ ਮਹਾਨ ਘਟਨਾਕ੍ਰਮ ਸੀ, ਜੋ ਉਸ ਤੋਂ ਪਹਿਲਾਂ ਕਦੇ ਕਿਸੇ ਇਤਿਹਾਸ ’ਚ ਪੜ੍ਹਨ-ਸੁਣਨ ਨੂੰ ਨਹੀਂ ਮਿਲਦਾ। ਗੁਰੂ ਤੇ ਚੇਲੇ ਦਾ ਅਨੂਠਾ ਸੁਮੇਲ, ਜਿੱਥੇ ਚੇਲਾ ਬਣਨ ਲਈ ਸਿਰ ਦੇਣਾ ਪਿਆ ਤੇ ਗੁਰੂ ਬਣਨ ਲਈ ਵੀ ਸਿਰ ਦੇਣਾ ਪਿਆ ਸਗੋਂ ਸਾਰੇ ਪਰਿਵਾਰ ਦੇ ਸਿਰ ਦੇਣੇ ਪਏ। ਫਿਰ ਜਾ ਕੇ ਸਰਬੰਸਦਾਨੀ ਕਹਾਏ।
ਮਾਝੇ ਦੀ ਧਰਤੀ ਤੋਂ ਧਰਮ ਦਾ ਝੰਡਾ ਸਦਾ ਬੁਲੰਦ ਹੁੰਦਾ ਹੀ ਰਿਹਾ। ਗੱਲ ਦਹਾਕਿਆਂ ਤੋਂ ਪਰੇ ਦੇ ਯੁੱਗਾਂ ਨਾਲ ਜੁੜਦੀ ਹੈ। ਇਸ ਖਿੱਤੇ ਦੀ ਹਕੀਕਤ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ । ਇੱਥੇ ਹੀ ਤ੍ਰੇਤੇ ਯੁੱਗ ਦੇ ਮਹਾਨਾਇਕ ਲਵ-ਕੁਸ਼ ਬੇਟੇ ਸ੍ਰੀ ਰਾਮ ਜੀ ਦੀ ਪ੍ਰਵਰਿਸ਼ ਹੋਈ ਤੇ ਇਹ ਮਹਾਰਿਸ਼ੀ ਬਾਲਮੀਕਿ ਜੀ ਦੀ ਕਰਮਭੂਮੀ ਵੀ ਹੈ। ਆਸ਼ਰਮ ਹੋਵੇ, ਭਾਵੇਂ ਸੀਤਾ ਮਾਤਾ ਦੀਆਂ ਅੱਖਾਂ ਸਾਹਵੇਂ ਪਤੀ ਤੇ ਪੁੱਤਰਾਂ ਦਾ ਯੁੱਧ ਨਤੀਜੇ-ਸੋਚਾਂ ਦੀਆਂ ਦੀਵਾਰਾਂ ਨੂੰ ਢਹਿਢੇਰੀ ਕਰਦੇ ਨਵੇਂ ਮੀਲ ਪੱਥਰ ਗੱਡ ਗਏ। ਲਵ ਨੇ ਲਾਹੌਰ ਤੇ ਕੁਸ਼ ਨੇ ਕਸੂਰ ਵਸਾਇਆ ਸੁਣੀਂਦਾ। ਯੁੱਗ ਬੀਤ ਗਏ, ‘ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ’, ਇਹ ਪਾਵਨ ਪੰਕਤੀ ਰਚੀ ਜਾਣ ਤੋਂ ਪਹਿਲਾਂ ਦਿਨ ਦੀਵੀ ਇਕ ਚੰਨ ਚਮਕਿਆ, ਜਿਸ ਦੀ ਸ਼ੀਤਲਤਾ ਨੇ ਸਾਰੇ ਸੰਸਾਰ ਨੂੰ ਰੁਸ਼ਨਾਇਆ ਵੀ ਤੇ ਤਪਦਿਆਂ ਨੂੰ ਠਾਰ ਵੀ ਦਿੱਤਾ। ਇਕ ਦਰਵੇਸ਼ ਹਮੇਸ਼ਾ ਲਈ ਲਾਹੌਰ ਨੂੰ ਅਲਵਿਦਾ ਆਖ ਮਾਝੇ ਆ ਕੇ ਸਦਾ ਲਈ ਨਿਵਾਸ ਕਰ ਲਿਆ। ਨਾਮ ਧਰਿਓ ਜੇਠਾ ਜੀ ਤੋਂ ਗੁਰੂ ਰਾਮਦਾਸ ਸੋਢੀ ਬੰਸ ਦੇ ਮਹਾਨਾਇਕ। ‘ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ॥’
ਫਿਰ ਅਜਿਹੇ ਮਹਾਨਗਰ ਦਾ ਮੁੱਢ ਬੰਨ੍ਹਿਆ, ਜਿਸ ਨੂੰ ਅੰਮ੍ਰਿਤਸਰ ਸਿਫ਼ਤੀ ਦੇ ਘਰ ਵਜੋਂ ਪਛਾਣ ਮਿਲੀ। ਗੱਲ ਇੱਥੇ ਤਕ ਦੀ ਨਹੀਂ, ਹੋਰ ਪਰ੍ਹੇ ਦੀ ਹੈ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਦੇ ਵਡੇਰੇ ਵੀ ਇਸੇ ਹੀ ਪਵਿੱਤਰ ਭੂਮੀ ਦੇ ਬਾਸ਼ਿੰਦੇ ਹਨ ਤੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਨੇੜਲੇ ਪਿੰਡ ਪੱਠੇਵਿੰਡ ਤੋਂ ਸਨ। ਡੇਰਾ ਬਾਬਾ ਨਾਨਕ ਵਾਲੀ ਸਾਰੀ ਧਰਤੀ ਇਸੇ ਪਿੰਡ ਦੀ ਜਗੀਰ ਸੀ। ਉਨ੍ਹਾਂ ਦੇ ਵਡੇਰੇ ਰਾਮ ਨਾਰਾਇਣ ਤੋਂ ਸ਼ਿਵ ਨਾਰਾਇਣ, ਉਨ੍ਹਾਂ ਤੋਂ ਬਾਬਾ ਕਲਿਆਣ ਦਾਸ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਹੋਏ। ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਜੀ ਦਾ ਵਿਆਹ 1431 ’ਚ ਬੀਬੀ ਬਨਾਰਸੀ ਦੇਵੀ ਨਾਲ ਯਾਨੀ ਸ਼ਿਵ ਨਾਰਾਇਣ ਨਾਲ ਹੋਇਆ, ਜਿਨ੍ਹਾਂ ਤੋਂ 1440 ਈ: ਵਿਚ ਬਾਬਾ ਕਲਿਆਣ ਦਾਸ ਦਾ ਜਨਮ ਹੋਇਆ, ਜਿਸ ਜਰਖ਼ੇਜ਼ ਭੂਮੀ ਤੋਂ ਹੀਰੇ ਲਾਲ ਪ੍ਰਗਟ ਹੋਏ। ਦੋ ਸ਼ਹੀਦ ਗੁਰੂ ਸਾਹਬਿਾਨ ਪਾ: ਪੰਜਵੀਂ ਤੇ ਪਾਤਸ਼ਾਹੀ ਨੌਵੀਂ ਦੀ ਜਨਮ ਭੋਇੰ ਪ੍ਰਗਟ ਸਥਾਨ ਤੋਂ ਇਲਾਵਾ ਤੀਜੇ ਪਾਤਸ਼ਾਹ, ਸੇਵਾ ਸਿਮਰਨ ਦੇ ਪੁੰਜ, ਸਤਿਗੁਰ ਅਮਰਦਾਸ ਸਾਹਿਬ ਜੀ (ਬਾਸਰਕੇ ਗਿੱਲਾਂ) ਮਾਝੇ ਨੂੰ ਇਸ ਨਗਰ ਦੇ ਸਭਾਗ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਮਹਾਰਿਸ਼ੀ ਬਾਲਮੀਕਿ ਜੀ ਨੇ ਇਸੇ ਖਿੱਤੇ ’ਚ ਵਿਚਰਦਿਆਂ ਰਮਾਇਣ ਲਿਖੀ ਸੀ। 1475 ਤੋਂ 1675 ਤਕ ਲਗਪਗ 200 ਸਾਲ ਮਾਝੇ ਦੀ ਧਰਤੀ ਨੂੰ ਪਹਿਲੇ ਛੇ ਗੁਰੂਆਂ ਤੇ ਫਿਰ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਕਰਮ ਭੂਮੀ ਵਜੋਂ ਮਾਣ ਬਖਸ਼ਿਆ। ਇਤਿਹਾਸ ਦੇ ਪੰਨਿਆਂ ਦੀ ਗਵਾਹੀ ਇਹ ਦੱਸਦੀ ਹੈ ਹੈ ਕਿ ਅੱਠ ਗੁਰੂਆਂ ਜੀ ਨੇ ਇਸ ਖਿੱਤੇ ਨੂੰ ਆਪਣੇ ਮੁਬਾਰਕ ਚਰਨ ਬਖਸ਼ੇ। ਪੰਜ ਗੁਰੂ ਸਾਹਿਬਾਂ ਨੇ ਕਲਯੁਗੀ ਜੀਵਾਂ ਦੇ ਉਧਾਰ ਲਈ ਪ੍ਰਗਟ ਹੋਣ ਲਈ ਇਸ ਪਾਵਨ ਧਰਤੀ ਨੂੰ ਚੁਣਿਆ।
ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਦਰਜ ਹੋਈ ਕੁਰਬਾਨੀ
ਸੰਸਾਰੀ ਜੀਵਾਂ ਨੂੰ ਸੁੱਖ ਦੇਣ ਵਾਲੇ ਵੱਡ-ਅਕਾਰੀ ਰੁੱਖਾਂ ਦੀਆਂ ਦੂਰ ਤਕ ਫੈਲੀਆਂ ਜੜ੍ਹਾਂ ਵਿੱਚੋਂ ਫਿਰ ਅੱਗਿਓਂ ਛੋਟੇ ਰੁੱਖ ਉੱਗ ਆਉਂਦੇ ਹਨ ਤੇ ਉਹ ਵੀ ਵੱਡਾ ਰੂਪ ਧਾਰਨ ਕਰ ਲੈਂਦੇ ਹਨ। ਇਨ੍ਹਾਂ ਜੜ੍ਹਾਂ ਵਿੱਚੋਂ ਪੈਦਾ ਹੋਏ ਰੁੱਖ ਵੀ ਆਪਣਾ ਪਿਤਾ ਪੁਰਖੀ ਸੁਭਾਅ ਨਹੀਂ ਛੱਡਦੇ। ਕਦੇ ਵਿਸਾਰਦੇ ਨਹੀਂ ਸਗੋਂ ਅਡੋਲ ਖੜ੍ਹੇ ਰਹਿੰਦੇ ਹਨ। ਜੀਵਨ ਭਰ ਸਰਬੱਤ ਦੇ ਭਲੇ ਜੈਸੇ ਸ਼ੁੱਭ ਗੁਣਾਂ ਨਾਲ ਭਰਪੂਰ ਲਬਾਲਬ ਭਰੇ ਹੋਇਆਂ ਦੀ ਫਹਿਰਿਸ਼ਟ ਤਾਂ ਬਹੁਤ ਲੰਮੇਰੀ ਹੈ ਪਰ ਅੱਜ ਸੂਰਬੀਰ ਯੋਧੇ, ਸੰਤ ਸਿਪਾਹੀ, ਤੇਗ ਦੇ ਧਨੀ, ਸੇਵਾ ਸਿਮਰਨ ਦੇ ਪੁੰਜ, ਗੁਰੂ ਕੇ ਉਸ ਮਹਾਨ ਸਪੂਤ ਦੀ ਗੱਲ ਕਰਾਂਗੇ, ਜਿਨ੍ਹਾਂ ਦਾ ਜਨਮ ਏਸੇ ਪਾਵਨ ਧਰਤੀ ਮਾਝੇ ’ਚ ਪਿੰਡ ਗੱਗੋਮਹਿਲ, ਅੰਮ੍ਰਿਤਸਰ ਵਿਖੇ ਭਾਈ ਦੂਲਾ ਜੀ ਦੇ ਬੇਟੇ ਭਾਈ ਆਗਿਆ ਜੀ ਅਤੇ ਮਾਤਾ ਪ੍ਰੇਮੋ ਜੀ ਦੇ ਗ੍ਰਹਿ ’ਚ ਹੋਇਆ। ਉਸ ਮਹਾਨ ਸ਼੍ਰੋਮਣੀ ਜਰਨੈਲ ਭਾਵ ਭਾਈ ਜੈਤਾ ਜੀ ਦੀ ਕੁਰਬਾਨੀ ਇਤਿਹਾਸ ਦੇ ਸੁਨਹਿਰੀ ਪੰਨਿਆ ਉੱਤੇ ਦਰਜ ਹੋਈ।
ਪੁਰਖੇ ਸਨ ਸੰਗੀਤ ਦੇ ਆਲਮ ਫ਼ਾਜ਼ਲ
ਭਾਈ ਜੈਤਾ ਜੀ ਦੇ ਵਡੇਰੇ ਭਾਈ ਕਲਿਆਣ ਜੀ ਹੋਏ। ਉਨ੍ਹਾਂ ਦੇ ਸਪੁੱਤਰ ਭਾਈ ਸੁਖਭਾਨ ਜੀ ਤੇ ਉਨ੍ਹਾਂ ਦੇ ਬੇਟੇ ਭਾਈ ਜਸਭਾਨ ਤੋਂ ਭਾਈ ਸਦਾਨੰਦ ਜੀ ਹੋਏ। ਪਰਿਵਾਰ ਦਾ ਪਿਛੋਕੜ ਭਾਵੇਂ ਮਾਝੇ ਤੋਂ ਹੈ ਪਰ ਪੰਜਵੇਂ ਪਾਤਸ਼ਾਹ ਜੀ ਨੇ ਇਕ ਵਾਰ ਭਾਈ ਕਲਿਆਣ ਦਾਸ ਨੂੰ ਮੰਡੀ ਰਿਆਸਤ ਵੱਲ ਇਮਾਰਤੀ ਲੱਕੜ ਖ਼ਰੀਦਣ ਲਈ ਭੇਜਿਆ ਸੀ, ਦਾ ਜ਼ਿਕਰ ਮਿਲਦਾ ਹੈ। ਇਉਂ ਸਮਝ ਲਈਏ ਕਿ ਪੁਰਖੇ ਪੰਜਵੇਂ ਗੁਰੂ ਜੀ ਤੋਂ ਲੈ ਕੇ ਗੁਰੂ ਸੇਵਾ ’ਚ ਤੱਤਪਰ ਸਨ। ਬਾਅਦ ਵਿਚ ਦਿੱਲੀ ਵਿਖੇ ਰਾਇਸਿਨਾਂ ਪਿੰਡ ਵਿਚ ਕੂਚਾ ਦਿਲਵਾਲੀ ਕਰਕੇ ਧਰਮਸ਼ਾਲਾ ਬਣਾਈ ਗਈ, ਜਿਸ ਦਾ ਨਾਂ ਧਰਮਸ਼ਾਲ ਕਲਿਆਣੇ ਦੀ ਨਾਲ ਮਸ਼ਹੂਰ ਹੋਇਆ। ਇੱਥੇ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਵਿੱਦਿਆ ਦਿੱਤੀ ਜਾਂਦੀ ਸੀ। ਗੁਰੂ ਹਰਿ ਰਾਇ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵਕਤ ਤੋਂ ਹੀ ਜੁੜੇ ਸਿੱਖਾਂ ਦਾ ਅੰਮ੍ਰਿਤਸਰ ਦੀ ਧਰਤੀ ਨਾਲ ਮੋਹ, ਸ਼ਰਧਾ ਭਾਵ ਬੜਾ ਹੀ ਅਨੂਠਾ ਰਿਹਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਜੋ ਵੀ ਸੰਗਤ ਨੇ ਦਿੱਲੀ ਜਾਣਾ ਹੁੰਦਾ ਸੀ ਤਾਂ ਆਰਾਮ ਭਾਈ ਕਲਿਆਣੇ ਦੀ ਧਰਮਸ਼ਾਲਾ ਹੀ ਕਰਦੀਆਂ ਸਨ। ਅਨੇਕਾਂ ਬੱਚੇ ਇੱਥੋਂ ਸੰਗੀਤ ਦੀ ਵਿੱਦਿਆ ਲੈ ਕੇ ਗੁਰੂ ਘਰਾਂ ’ਚ ਸੇਵਾ ਲਈ ਹਾਜ਼ਰ ਹੁੰਦੇ। ਇਹ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦਾ ਇਕ ਮੁਕਾਮ ਸੀ। ਗੁਰਦੁਆਰਾ ਸ੍ਰੀ ਰਕਾਬਗੰਜ ਦੇ ਸਾਹਮਣੇ ਪਾਰਲੀਮੈਂਟ ਜਾਂ ਹੋਰ ਦੂਰ ਤੱਕ ਪਿੰਡ ਰਾਇਸਿਨਾਂ ਫੈਲਿਆ ਹੋਇਆ ਸੀ। ਇਸ ਪਿੰਡ ਨੂੰ ਉਜਾੜ ਕੇ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਸੁੰਦਰ ਇਮਾਰਤਾਂ ਬਣਾਈਆਂ।
ਨੌਵੇਂ ਗੁਰੂ ਦੀ ਸੇਵਾ ’ਚ ਤੱਤਪਰ ਰਿਹਾ ਪਰਿਵਾਰ
ਜਦੋਂ ਗੁਰੂ ਤੇਗ ਬਹਾਦਰ ਜੀ ਪੂਰਬ ਦੇਸ਼ ਭਾਵ ਪਟਨਾ ਸ਼ਹਿਰ ਵੱਲ ਯਾਤਰਾ ਲਈ ਰਵਾਨਾ ਹੋਏ ਤਾਂ ਭਾਈ ਜੈਤਾ ਜੀ ਦੇ ਮਾਤਾ ਪ੍ਰੇਮੋ ਅਤੇ ਪਿਤਾ ਆਗਿਆ ਵੀ ਗੁਰੂ ਸੇਵਾ ’ਚ ਨਾਲ ਹਾਜ਼ਰ ਰਹੇ। ਭਾਈ ਜੈਤਾ ਜੀ ਉਸ ਵੇਲੇ ਬਾਲ ਅਵਸਥਾ ’ਚ ਸਨ। ਜਦੋਂ ਜਨਵਰੀ 1666 ਵਿਚ ਸ੍ਰੀ ਗੁਰੂ ਗੋਬਿੰਦ ਰਾਇ ਜੀ ਦਾ ਪ੍ਰਕਾਸ਼ ਪਟਨਾ ਸ਼ਹਿਰ ਵਿਖੇ ਹੁੰਦਾ ਹੈ, ਉਦੋਂ ਵੀ ਪਰਿਵਾਰ ਪਟਨਾ ਸਾਹਿਬ ਮਾਤਾ ਗੁਜਰੀ ਜੀ ਦੀ ਸੇਵਾ ’ਚ ਹਾਜ਼ਰ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਪ੍ਰਚਾਰ ਦੌਰੇ ’ਤੇ ਉੜੀਸਾ, ਆਸਾਮ, ਬੰਗਾਲ ਵੱਲ ਕੂਚ ਕਰ ਗਏ ਸਨ। ਭਾਈ ਜੈਤਾ ਜੀ ਸ੍ਰੀ ਗੋਬਿੰਦ ਰਾਇ ਜੀ ਪਾਤਸ਼ਾਹੀ 10ਵੀਂ ਦੀ ਖਡਾਵੇ ਵਜੋਂ ਸੇਵਾ ਕਰਦੇ। ਭਾਈ ਜੈਤਾ ਜੀ ਨੇ ਸ਼ਸਤਰ ਵਿੱਦਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸੋਂ ਲਈ।
ਮੌਕਾ ਨਹੀ ਮਿਲਿਆ ਸੰਗੀਤ ਸਿੱਖਣ ਦਾ
ਗੁਰੂ ਤੇਗ ਬਹਾਦਰ ਜੀ ਹਮੇਸ਼ਾ ਪ੍ਰਚਾਰ ਯਾਤਰਾਵਾਂ ’ਤੇ ਰਹਿੰਦੇ, ਜਿਸ ਕਰਕੇ ਭਾਈ ਜੈਤਾ ਜੀ ਵੀ ਮਾਤਾ-ਪਿਤਾ ਨਾਲ ਗੁਰੂ ਦੇ ਜੱਥੇ ’ਚ ਹੀ ਵਿਚਰਦੇ। ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨਸ਼ੈਲੀ ਦਾ ਪ੍ਰਭਾਵ ਭਾਈ ਜੈਤਾ ਜੀ ਦੇ ਜੀਵਨ ’ਤੇ ਆਉਣਾ ਸੁਭਾਵਿਕ ਸੀ। ਛੇਵੇਂ ਗੁਰੂ ਜੀ ਆਪ ਸ਼ਸਤਰ ਵਿੱਦਿਆ ’ਚ ਬਹੁਤ ਨਿਪੁੰਨ ਸਨ, ਜੋ ਕਿ ਆਪ ਜੀ ਨੇ ਸ੍ਰੀ ਕਰਤਾਰਪੁਰ (ਨੇੜੇ ਜਲੰਧਰ) ਵਾਲੀ ਜੰਗ ਤੋਂ ਬਾਅਦ ਬੇਟੇ ਦਾ ਨਾਂ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ ਸੀ। ਸੋ ਤੇਗ ਦੇ ਬਹਾਦਰ ਪਾਸੋਂ ਤਲਵਾਰਬਾਜ਼ੀ, ਨੇਜ਼ੇਬਾਜ਼ੀ, ਤੀਰਆਦੰਜ਼ੀ, ਘੋੜ ਸਵਾਰੀ ’ਚ ਯੁੱਧ ਨੀਤੀ ਦੇ ਸਾਰੇ ਪੈਂਤੜੇ ਸਹਿਜੇ ਹੀ ਗੁਰੂ ਜੀ ਦੀ ਸੰਗਤ ਕਰਦਿਆਂ-ਕਰਦਿਆਂ ਬਚਪਨ ਵਿਚ ਹੀ ਨਿਪੁੰਨ ਹੋ ਗਏ ਸਨ। ਪਟਨੇ ਸਾਹਿਬ ਜੀ ਤੋਂ ਵਾਪਸੀ ਹੋਈ। ਪਰਿਵਾਰ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਟਿਕਾਣਾ ਬਣਾਇਆ। ਕਈ ਵਾਰ ਭਾਈ ਜੈਤਾ ਜੀ ਦਾ ਇੱਥੋਂ ਦਿੱਲੀ ਨੂੰ ਜਾਂ ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਉਣਾ-ਜਾਣਾ ਬਣਿਆ ਰਿਹਾ। ਕਦੇ ਪਰਿਵਾਰਕ ਕਾਰਨਾਂ ਕਰਕੇ, ਕਦੇ ਗੁਰੂ ਜੀ ਕੋਈ ਸੁੱਖ ਸੁਨੇਹਾ ਚਿੱਠੀ ਪੱਤਰੀ ਹੁਕਮਨਾਮਾ ਦੇ ਕੇ, ਵਿਸ਼ਵਾਸ਼ ਪਾਤਰ ਜਾਣ ਕਰਕੇ ਉਨ੍ਹਾਂ ਨੂੰ ਹੀ ਭੇਜਦੇ।
ਅਤਿ ਦੇ ਜੋਸ਼ੀਲੇ ਤੇ ਫੁਰਤੀਲੇ
ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਤਲਵਾਰਬਾਜ਼ੀ, ਨੇਜ਼ੇਬਾਜ਼ੀ ’ਚ ਮਾਹਿਰ ਹੋਣ ਲਈ ਦ੍ਰਿਸ਼ਟੀ ਬਾਜ਼ ਜਿਹੀ ਹੋਣੀ ਜ਼ਰੂਰੀ ਹੈ। ਇਨ੍ਹਾਂ ਸਾਰੇ ਗੁਣਾਂ ਕਰਕੇ ਹੀ ਤਾਂ ਨੌਵੇਂ ਗੁਰੂ ਜੀ ਨੇ ਆਪਣਾ ਧੜ ਤੋਂ ਕੱਟਿਆ ਹੋਇਆ ਸੀਸ ਸ੍ਰੀ ਅਨੰਦਪੁਰ ਸਾਹਿਬ ਹਿਫ਼ਾਜ਼ਤ ਨਾਲ ਲਿਆਉਣ ਲਈ ਗੁਣਾਂ ਪਾਇਆ ਕਿਉਂਕਿ ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਤਕ ਕਈ ਵਾਰ ਸਫ਼ਰ ਕਰ ਚੁੱਕੇ ਹੋਣਗੇ ਤੇ ਰਸਤੇ ਤੋਂ ਵੀ ਭਲੀਭਾਂਤ ਜਾਣੂ ਹੋਣਗੇ। ਤੀਖਣਬੁੱਧੀ ਦੇ ਮਾਲਕ, ਆਉਣ ਵਾਲੀ ਬਿਪਤਾ ਨਾਲ ਨਜਿੱਠਣ ਦੀ ਕਮਾਲ ਦੀ ਵਿਉਂਤਬੰਦੀ, ਘੜਨ ਦੇ ਮਾਹਿਰ ਹੋਣ ਕਰਕੇ ਉਹ ਹਮੇਸ਼ਾ ਮੂਹਰਲੀਆਂ ਸਫ਼ਾਂ ’ਚ ਰਹਿੰਦੇ। ਜੰਗਜੂ ਕਰਤੱਬ ਦੇਖ-ਦੇਖ ਦੁਸ਼ਮਣ ਵੀ ਹੈਰਾਨ ਹੁੰਦੇ।
ਵੱਧ-ਚੜ੍ਹ ਕੇ ਸਾਰੀਆਂ ਜੰਗਾਂ ’ਚ ਲਿਆ ਹਿੱਸਾ
ਨੌਵੇਂ ਗੁਰੂ ਤੋਂ ਬਾਅਦ ਦਸਮੇਸ਼ ਪਿਤਾ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਲਗਪਗ ਸਾਰੀਆਂ ’ਚ ਭਾਈ ਜੈਤਾ ਨੇ (ਜੀਵਨ ਸਿੰਘ ਜੀ ਸ਼ਹੀਦ) ਹਿੱਸਾ ਲਿਆ। ਮੁੱਖ ਤੌਰ ’ਤੇ ਪਹਿਲੀ ਭੰਗਾਣੀ ਦੀ ਜੰਗ, ਪਹਾੜੀ ਰਾਜਿਆਂ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਵੱਡੀ ਜੰਗ, ਚਮਕੌਰ ਦੀ ਗੜ੍ਹੀ ਦੀ ਜੰਗ ਜ਼ਿਕਰਯੋਗ ਹਨ। ਇਸੇ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਜਰਨੈਲ ਵੀ ਕਿਹਾ ਜਾਂਦਾ ਹੈ। ਜੰਗ ਦੀ ਰੂਪ-ਰੇਖਾ ਤਿਆਰ ਕਰਨੀ ਤੇ ਸਿੰਘਾਂ ਨਾਲ ਮਤਾ ਪਕਾਉਣਾ, ਮਸ਼ਵਰਾ ਕਰਨਾ ਤੋਂ ਲੈ ਕੇ ਸ਼ਸਤਰਾਂ ਦੀ ਸਾਂਭ-ਸੰਭਾਲ, ਰੱਖ-ਰਖਾਓ ਦੀਆਂ ਅਹਿਮ ਜ਼ਿੰਮੇਵਾਰੀਆਂ ਨੂੰ ਸੰਜੀਦਗੀ ਨਾਲ ਨਿਭਾਉਣਾ ਉਨ੍ਹਾਂਦੇ ਹਿੱਸੇ ਆਇਆ।
ਬਿਜਲੀ ਗਿਰੇ ਅਸਮਾਨੋਂ ਤਾਂ ਦੇਰ ਲੱਗੇ,
ਓਨੇ ਚਿਰ ’ਚ ਲੋਥਾਂ ਦੇ ਢੇਰ ਲੱਗੇ।
ਜਾਣ ਦੇਈਂ ਨਾ ਜੈਤਿਆ ਜਾਲਮਾਂ ਨੂੰ,
ਇਹੋ ਕੁੰਭ ਦਾ ਮੇਲਾ ਨਾ ਫੇਰ ਲੱਗੇ।
ਗੁਰੂ ਪਰਿਵਾਰ ਦਾ ਵਿਛੋੜਾ
25 ਜੂਨ, 1675 ਨੂੰ ਕਸ਼ਮੀਰੀ ਪੰਡਿਤਾਂ ਦਾ ਜੱਥਾ ਪੰਡਿਤ ਕਿਰਪਾ ਰਾਮ ਦੀ ਅਗਵਾਈ ’ਚ ਗੁਰੂ ਚਰਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਅਰਜ਼ੋਈ ਕਰਨ ਪਹੁੰਚਿਆ। ਸ੍ਰੀ ਗੋਬਿੰਦ ਰਾਇ ਜੀ ਦੀ ਉਮਰ ਉਸ ਵੇਲੇ 9 ਕੁ ਸਾਲ ਅਤੇ ਭਾਈ ਜੈਤਾ ਜੀ ਦੀ 15 ਕੁ ਸਾਲ ਦੀ ਸੀ। ਸ੍ਰੀ ਪਟਨਾ ਸਾਹਿਬ ਤੋਂ ਬਾਲ ਸ੍ਰੀ ਗੋਬਿੰਦ ਰਾਇ ਜੀ ਦੇ ਅੰਗ-ਸੰਗ ਸੇਵਾ ਵਿਚ ਵਿਚਰਦਿਆਂ ਇੱਥੇ ਪੰਜਾਬ ਮਧੁਰ ਦੇਸ਼ ਨਿਵਾਸ ਕੀਤਾ। ਨੌਵੇਂ ਗੁਰੂ ਜੀ ਨੇ ਅਜੇ ਨਵਾਂ-ਨਵਾਂ ਨਗਰ ਵਸਾਇਆ ਸੀ। ਪੰਡਿਤਾਂ ਦੀ ਪੁਕਾਰ ਧੁਰ ਦਰਗਾਹ ’ਚ ਸੁਣੀ ਗਈ। ਸ੍ਰੀ ਅਨੰਦਪੁਰ ਦੀ ਧਰਤੀ ਕੇਵਲ ਆਨੰਦਿਤ ਹੀ ਨਹੀਂ ਕਰਦੀ? ਇਹ ਉਹ ਧਰਤੀ ਹੈ. ਜਿੱਥੇ ਹਮੇਸ਼ਾ, ਦੁਖੀਆਂ, ਦਰਦਵੰਦਾਂ ਦੀ ਫ਼ਰਿਆਦ ਵੀ ਸੁਣੀ ਜਾਂਦੀ ਸੀ। ਇਸ ਧਰਤੀ ਤੋਂ ਧਰਮ ਦੀ ਆਜ਼ਾਦੀ ਦਾ ਝੰਡਾ ਬੁਲੰਦ ਹੋਇਆ। ਇਹ ਸਾਂਝੀਵਾਲਤਾ ਦਾ ਮੁਕਾਮ ਵੀ ਹੈ, ਧਰਮ ਦਾ ਨਿਸ਼ਾਨ ਵੀ ਤੇ ਖ਼ਾਲਸੇ ਜੀ ਦਾ ਪ੍ਰਗਟ ਸਥਾਨ ਹੋਣ ਦਾ ਮਾਣ ਵੀ ਇਸ ਧਰਤੀ ਨੂੰ ਹੈ। ਪੰਡਤਾਂ ਨੂੰ ਧਰਮ ਨੂੰ ਬਚਾਉਣ ਦਾ ਵਚਨ ਦਿੱਤਾ। ‘ਬਾਂਹਿ ਜਿਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋੜੀਏ।’ ਜਦੋਂ 9 ਸਾਲ ਦੇ ਬੇਟੇ ਨੇ ਵੀ ਹਾਮੀ ਭਰੀ ਤਾਂ ਦੁਖੀ ਮਨਾਂ ਨੂੰ ਤਸੱਲੀ ਮਿਲੀ। ਧਰਮ ਦੀ ਖਾਤਰ ਸ਼ਹੀਦ ਹੋਣ ਦਾ ਇਹ ਸਾਰਾ ਵਰਤਾਰਾ ਭਾਈ ਜੈਤਾ ਜੀ ਦੇ ਸਾਹਮਣੇ ਮੌਜੂਦਗੀ ’ਚ ਵਾਪਰਿਆ। ਆਖ਼ਰ 11 ਜੁਲਾਈ 1675 ਦਾ ਦਿਨ ਆਇਆ। ਘੁੱਗ ਵਸਦੇ ਪਰਿਵਾਰ ਦਾ ਵਿਛੋੜਾ ਹੋਇਆ। ਹੋਰਨਾਂ ਤੋਂ ਇਲਾਵਾ ਭਾਈ ਜੈਤਾ ਜੀ ਵੀ 9ਵੇਂ ਗੁਰੂ ਜੀ ਨਾਲ ਹੋ ਤੁਰੇ। ਸੰਗ-ਸੰਗ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਅਤੇ ਹੋਰ ਕਈ ਸਿੱਖ ਸੰਗਤਾਂ ਪੜਾਅ ਦਰ ਪੜਾਅ ਕਰਦੀਆਂ ਪਰਿਵਾਰ ਸਮੇਤ ਪਟਿਆਲੇ ਬਹਾਦਰਗੜ੍ਹ ਪਹੁੰਚੀਆਂ। ਮਾਤਾ ਗੁਜਰੀ ਜੀ ਅਤੇ ਹੋਰ ਸੰਗਤਾਂ ਨੂੰ ਵਾਪਸ ਪਰਤ ਜਾਣ ਦਾ ਹੁਕਮ ਹੋਇਆ ਪਰ ਜੈਤਾ ਜੀ ਨੂੰ ਸੇਵਾ ’ਚ ਹੀ ਰੱਖਿਆ। ਤਿੰਨ ਮਹੀਨੇ ਦੇ ਕਰੀਬ ਚੌਮਾਸਾ ਭਾਵ (ਵਰਖਾ ਰੁੱਤ ਦਾ ਸਮਾਂ) ਇੱਥੇ ਹੀ ਆਪਣੇ ਸ਼ੁੱਭਚਿੰਤਕ ਮੁਸਲਮਾਨ ਸੈਫ਼ ਦੀਨ ਕੋਲ ਬਤੀਤ ਕੀਤਾ, ਜੋ ਰਿਸ਼ਤੇ ’ਚ ਔਰੰਗਜੇਬ ਦਾ ਸਾਂਢੂ ਲੱਗਦਾ ਸੀ।
ਜਦੋਂ ਮਕਤੂਲ ਖ਼ੁਦ ਕਤਲਗਾਹ ਪਹੁੰਚਿਆ
ਇਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਨਾਮਬਾਣੀ ਦਾ ਹੋਕਾ ਦਿੰਦੇ ਜੱਥੇ ਸਮੇਤ ਗੁਰੂ ਜੀ ਆਗਰੇ ਪਹੁੰਚੇ। ਗ੍ਰਿਫ਼ਤਾਰੀ ਹੋਈ, ਘਿਨਾਉਣੇ ਤਸੀਹੇ ਦਿੱਤੇ ਗਏ, ਚਾਂਦਨੀ ਚੌਕ ਦਿੱਲੀ ਲਾਲ ਕਿਲ੍ਹੇ ਦੇ ਸਾਹਮਣੇ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ, ਰੂਹ ਕੰਬਾਹੂ ਜ਼ੁਲਮ ਗੁਰੂ ਕੇ ਤਿੰਨ ਸਿੱਖਾਂ ’ਤੇ ਕੀਤਾ। ਅਖ਼ੀਰ ਇਕ-ਇਕ ਕਰਕੇ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ ਲੱਕੜ ਦੇ ਸ਼ਤੀਰ ਫੱਟੇ ਨਾਲ ਨੂੜ ਕੇ ਬੰਨ੍ਹਿਆ ਗਿਆ। ਗੁਰੂ ਦੇ ਨੇਤਰਾਂ ਸਾਹਮਣੇ ਆਰੇ ਨਾਲ ਚੀਰ ਪਾ ਕੇ ਸਰੀਰ ਨੂੰ ਦੋ-ਫਾੜ ਕੀਤਾ ਗਿਆ। ਸਰੀਰ ਨੂੰ ਚੀਰ ਪਾਉਣ ਤੋਂ ਪਹਿਲਾਂ ਦੋਰਗੇ ਨੇ ਆਖ਼ਰੀ ਇੱਛਾ ਪੁੱਛੀ ਤਾਂ ਭਾਈ ਮਤੀ ਦਾਸ ਜੀ ਨੇ ਮੁੱਖ ਗੁਰੂ ਦੇ ਉਸ ਪਿੰਜਰੇ ਵੱਲ ਕਰਨ ਲਈ ਕਿਹਾ, ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਕੀਤਾ ਹੋਇਆ ਸੀ। ਦੂਜੇ ਸਿੱਖ ਭਾਈ ਸਤੀ ਦਾਸ ਜੀ ਨੂੰ ਰੂੰਈ ਲਪੇਟ ਅੱਗ ਲਾ ਜਿਉਂਦੇ ਜੀ ਸਾੜਿਆ ਗਿਆ, ਤੀਜੇ ਭਾਈ ਦਿਆਲਾ ਜੀ ਨੂੰ ਉੱਬਲਦੀ ਦੇਗ ਵਿਚ ਬਿਠਾ ਕੇ ਉਬਾਲ-ਉਬਾਲ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ ਗੁਰੂ ਦੇ ਸਨਮੁੱਖ ਇਹ ਤਿੰਨੋ ਸਿੱਖ ਸ਼ਹੀਦ ਹੋਏ ਪਰ ਉਹ ਧਰਮ ਤੋਂ ਨਹੀਂ ਡੋਲੇ। ਇਹ ਮੁਗਲ ਸਰਕਾਰ ਦਾ ਅਤਿ ਦਾ ਘਿਨਾਉਣਾ ਕਾਰਾ ਭਾਈ ਜੈਤਾ ਨੇ ਜੀ ਅੱਖੀਂ ਵੇਖਿਆ। ਹੁਕਮ ਅਨੁਸਾਰ ਤਮਾਸ਼ਬੀਨ ਲੋਕਾਂ ’ਚ ਤਿੰਨ ਦਿਨ ਖੜ੍ਹੇ ਰਹੇ।
11 ਨਵੰਬਰ ਦਾ ਘੋਰ ਕਾਲਾ ਦਿਨ
11 ਨਵੰਬਰ, 1675 ਦਾ ਘੋਰ ਕਾਲਾ ਦਿਨ ਚੜ੍ਹਿਆ, ਤਮਾਸ਼ਬੀਨਾਂ ਦੀ ਭੀੜ ਢੋਲ ਵਜਾ ’ਕੱਠੀ ਕਰ ਲਈ ਗਈ। ਕਾਇਰ ਸਰਕਾਰ ਸੋਚਦੀ ਸੀ, ਵਿਉਂਤਬੰਦੀ ਕਰ ਲਈ ਗਈ ਸੀ ਕਿ ਗੁਰੂ ਦਾ ਸਿਰ ਸ੍ਰੀ ਚਾਂਦਨੀ ਚੌਕ ’ਚ ਰੁਲਦਾ ਰਹੇਗਾ। ਲੋਕ ਵੇਖ-ਵੇਖ ਭੈਅ-ਭੀਤ ਹੁੰਦੇ ਰਹਿਣਗੇ, ਸਹਿਮ ਜਾਣਗੇ ਪਰ ਇਸ ਪਾਸੇ ਵੀ ਇਕ ਵਿਉਂਤਬੰਦੀ ਪਹਿਲਾਂ ਹੀ ਗੁਰੂ ਜੀ ਅਤੇ ਗੁਰੂ ਦੇ ਸਿੱਖਾਂ ਨੇ ਕਰ ਰੱਖੀ ਸੀ। ਮਨੁੱਖੀ ਹੱਕਾਂ ’ਤੇ ਡਾਕਾ ਵੱਜਿਆ, ਵਚਨ ਪਗਾਉਂਦਿਆਂ ਧਰਮ ਖ਼ਾਤਰ ਤਿਲਕ ਤੇ ਜੰਝੂ ਦੀ ਰੱਖਿਆ ਹਿੱਤ ਸੀਸ ਦੇਣਾ ਮਨਜ਼ੂਰ ਕੀਤਾ, ਸਿਰਰੁ ਭਾਵ ਸਿਦਕ ਤੋਂ ਨਹੀਂ ਡੋਲੇ, ‘ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ’ ਸਰੀਰ ਰੂਪੀ ਭਾਂਡਾ ਦਿੱਲੀ ਦੇ ਸਿਰ ਭੰਨ ਦਿੱਤਾ। ‘ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ’ ਐਸੀ ਮਿਸਾਲ ਕਦੇ ਪਹਿਲਾਂ ਯੁਗਾਂ ਤਕ ਨਹੀਂ ਮਿਲਦੀ। ‘ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ’।
ਮਰਜ਼ੀਵੜੇ ਸਿੱਖ ਨਿੱਤਰੇ ਚਾਂਦਨੀ ਚੌਕ ’ਚ
ਮੁਸੀਬਤਾਂ ਨਾਲ ਭਿੜਨ ਦੀ ਗੁੜਤੀ ਤਾਂ ਪੁਰਖਿਆ ਤੋਂ ਮਿਲੀ ਹੋਈ ਸੀ। ਇਕ ਸਿੱਖ ਨਿੱਤਰਿਆ ਨਾਂਓ ਕਹੀਏ ਤਾਂ ਲੱਖੀ ਸ਼ਾਹ ਵਣਜਾਰਾ, ਇਕ ਭਾਈ ਜੈਤਾ, ਉਦੈ ਜੀ, ਨਾਨੂੰ ਜੀ ਅਤੇ ਹੋਰ ਕਈ ਸਿਰਧੜ ਦੀ ਬਾਜ਼ੀ ਲਾਉਣ ਵਾਲੇ। ਇਕ ਗੁਰਮਤਾ ਉਸੇ ਹੀ ਮੁਹੱਲੇ ’ਚ, ਜਿਸ ਦਾ ਜ਼ਿਕਰ ਪਹਿਲਾ ਕਰ ਆਏ ਹਾਂ ਕੂਚਾ ਦਿਲ ਵਾਲੀ, ਪਿੰਡ ਰਾਇਸਿਨਾਂ ਦਿੱਲੀ, ਇਹ ਸਿੱਖੀ ਦਾ ਗੜ੍ਹ ਕਹੀਏ, ਇੱਥੇ ਕਈ ਦਹਾਕਿਆਂ ਤੋਂ ਭਾਈ ਜੈਤਾ ਜੀ ਦੇ ਪੁਰਖੇ ਧਰਮਸ਼ਾਲਾ ਚਲਾ ਰਹੇ ਸਨ। ਇੱਥੇ ਹੀ ਨੇੜੇ-ਤੇੜੇ ਇਕ ਵੱਡੇ ਸ਼ਾਹੂਕਾਰ ਵਪਾਰੀ ਭਾਈ ਲੱਖੀ ਸ਼ਾਹ ਦੀ ਰਿਹਾਇਸ਼ਗਾਹ ਵੀ ਸੀ। ਕਈ ਦਿਨ ਤੋਂ ਸਾਰੀ ਵਿਉਂਤ ਬਣਦੀ ਰਹੀ ਸੀ ਕਿ ਸ਼ਹਾਦਤ ਹੁੰਦੇ ਸਾਰ ਅੱਖ ਦੇ ਫੋਰ ’ਚ ਪਲ ਭਰ ਵੀ ਸਮਾਂ ਨਾ ਲੱਗੇ ਗੁਰੂ ਜੀ ਦੇ ਪਾਵਨ ਸੀਸ ਦੀ ਸੰਭਾਲ ਕਰਨੀ। ਇਹ ਸੇਵਾ ਅਤਿ ਫੁਰਤੀਲੇ ਭਾਈ ਜੈਤਾ ਜੀ ਦੇ ਜ਼ਿੰਮੇ ਸੀ। ਨਾਲ ਲੱਗਦੇ ਗੁਰੂ ਜੀ ਕੇ ਪਾਵਨ ਧੜ ਦੀ ਸੰਭਾਲ ਹੋਵੇ, ਰੁਲਣ ਨਹੀਂ ਦੇਣਾ। ਜਿੱਥੇ ਜਾਲਮ ਹਕੂਮਤ ਘਿਨਾਉਣੇ ਕਰਮ ਨੂੰ ਇਲਜ਼ਾਮ ਦੇ ਰਹੀ ਸੀ, ਉੱਥੇ ਗੁਰੂ ਦੇ ਲਾਡਲੇ ਸਿਪਾਹੀ ਪਤੰਗੇ ਬਣ ਨਿਸ਼ਾਵਰ ਹੋਣ ਲਈ ਤਿਆਰ ਸਨ। ਗੁਰੂ ਜੀ ਦਾ ਸੀਸ ਭਾਈ ਜੈਤਾ ਜੀ ਦੀ ਝੋਲੀ ਆ ਪਿਆ, ਜੋ ਪਹਿਲਾਂ ਹੀ ਭੇਸ ਵਟਾ ਕੇ ਤਿਆਰ-ਬਰ-ਤਿਆਰ ਹੋ ਭੀੜ ’ਚ ਖੜ੍ਹੇ ਸਨ। ਕੁਦਰਤ ਨੇ ਸਾਥ ਦਿੱਤਾ, ਕਾਲੀ ਹਨੇਰੀ ਚੜ੍ਹ ਆਈ, ਦਿਨੇ ਹਨੇਰ ਛਾਹ ਗਿਆ, ਸਰਕਾਰੀ ਪਹਿਰੇਦਾਰਾਂ ਦੇ ਅੱਖੀਂ ਘੱਟਾ ਪਿਆ, ਸਿਰ ਸੁਆਹ ਪਈ, ਇਸੇ ਹਫੜਾ-ਦਫੜੀ ’ਚ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਪਾਵਨ ਸੀਸ ਲੈ ਕੇ ਕੱਪੜੇ ’ਚ ਲਪੇਟ ਕੇ ਗੋਦ ਵਿਚ ਲਿਆ ਤੇ ਰਫੂ ਚੱਕਰ ਹੋ ਗਿਆ। ਵਿਉਂਤਬੰਦੀ ਮੁਤਾਬਿਕ ਲੱਖੀ ਸ਼ਾਹ ਨੇ ਬਿਨਾਂ ਦੇਰ ਕੀਤਿਆਂ ਅੱਖ ਝਪਕਦਿਆਂ ਪਾਵਨ ਸਰੀਰ ਨੂੰ ਵੀ ਗੱਡਿਆਂ ਚ ਛੁਪਾ ਲਿਆ। ਘਰੇ ਲਿਜਾ ਕੇ ਖ਼ੁਦ ਹੀ ਘਰ ਨੂੰ ਅੱਗ ਲਾ ਦਿੱਤੀ, ਸਰੀਰ ਅੱਗ ਭੇਟ ਹੋ ਗਿਆ, ਖ਼ੁਦ ਹੀ ਸ਼ੋਰ ਪਾ ਦਿੱਤਾ ਕਿ ਮੇਰੇ ਘਰ ਨੂੰ ਅੱਗ ਲੱਗ ਗਈ। ਅੱਗ ਬੁਝਾਉਣ ਦਾ ਕੋਈ ਯਤਨ ਨਹੀਂ ਕੀਤਾ, ਜਦੋਂ ਤਕ ਸਰੀਰ ਦਾ ਸੰਸਕਾਰ ਨਹੀਂ ਹੋ ਗਿਆ। ਇਸ ਤਰ੍ਹਾਂ ਸੇਵਨ ਕਉ ਸੇਵਾ ਬਣ ਆਈ।
ਪੱਥਰਾਂ ਨੂੰ ਠੋਕਰਾਂ ਮਾਰਦਾ ਗਿਆ ਬਿਖੜੇ ਪੈਂਡੇ ਦਾ ਰਾਹੀ
ਕਿਸੇ ਤਰ੍ਹਾਂ ਰਾਤ ਟਿਕਣ ਤਕ ਦਿੱਲੀ ’ਚ ਹੀ ਕਿਸੇ ਗੁਪਤ ਅਨਜਾਣ ਥਾਂ ਭਾਈ ਜੈਤਾ ਜੀ, ਭਾਈ ਉਦੇ ਜੀ ਤੇ ਨਾਨੂੰ ਜੀ ਗੁਰੂ-ਗੁਰੂ ਕਰਦੇ, ਗੁਰ ਮੇਰੇ ਸੰਗ ਸਦਾ ਹੈ, ਨਾਲੇ ਇਹ ਵੀਚਾਰ ਕਰਦਿਆਂ ਯਮੁਨਾ ਪਾਰ ਕਰਨ ਦਾ ਹੀਲਾ ਕੀਤਾ ਕਿਉਂਕਿ ਪੰਜਾਬ ਵਾਲੇ ਪਾਸੇ ਭਾਵ ਕਸ਼ਮੀਰੀ ਗੇਟ (ਦਰਵਾਜ਼ਾ) ਜੋ ਪੰਜਾਬ ਵੱਲ ਖੁੱਲ੍ਹਦਾ ਸੀ, ਜਿੱਧਰ ਯਮੁਨਾ ਦਰਿਆ ਵੀ ਨਹੀਂ ਵੱਗਦਾ, ਇਸ ਪਾਸੇ ਸਖ਼ਤ ਸਰਕਾਰੀ ਪਹਿਰਾ ਸੀ, ਇਸ ਪਾਸੇ ਫੜੇ ਜਾਣ ਦਾ ਵਧੇਰੇ ਖ਼ਦਸ਼ਾ ਸੀ। ਨਮੋਸ਼ੀਗ੍ਰਸਤ ਜਾਲਮ ਹਕੂਮਤ ਹਲਕੇ ਹੋਏ ਕੁੱਤੇ ਵਾਂਗ ਇੱਧਰ-ਉਧਰ ਦੌੜ-ਭੱਜ ਕਰ ਰਹੀ ਸੀ ਕਿ ਲਾਲ ਕਿਲ੍ਹੇ ਦੇ ਦਰਵਾਜ਼ੇ ਤੋਂ ਕੋਈ ਸਿਰ ਫਿਰਿਆ ਸੀਸ ਵੀ ਉਡਾ ਲੈ ਗਿਆ ਤੇ ਇੰਨਾ ਵੱਡਾ ਧੜ ਵੀ ਨਹੀਂ ਲੱਭਦਾ। ਫ਼ੌਜ ਲਈ ਇਸ ਤੋਂ ਵਧੇਰੇ ਹੋਰ ਕੀ ਨਮੋਸ਼ੀ ਹੋ ਸਕਦੀ ਸੀ। ਗੁਰੂ ਜੀ ਦੇ ਮਰਜ਼ੀਵੜੇ ਸਿੱਖ ਗੁਰੂ ਤੋਂ ਨਿਸ਼ਾਵਰ ਹੋਣ ਲਈ ਲਾਲਾਇਤ ਸਨ, ਜਿਵੇਂ ਸ਼ਮ੍ਹਾ ਤੋਂ ਪਰਵਾਨੇ ਕੁਰਬਾਨ ਹੋ ਜਾਂਦੇ ਹਨ।
ਯਮੁਨਾ ਪਾਰ ਕਰ ਗਏ ਪਰਵਾਨੇ
ਦਰਿਆ ਦੇ ਨਾਲ ਕੰਢੇ-ਕੰਢੇ ਤੁਰ ਪਏ ਤੇ ਗੁਰੂ ਦਾ ਸੀਸ ਟੋਕਰੀ ’ਚ ਟਿਕਾ ਲਿਆ, ਜਿਵੇਂ ਕੋਈ ਸਬਜ਼ੀ ਵੇਚਣ ਵਾਲਾ ਹੋਵੇ। ਉਸ ਸਮੇਂ ਸਿਰ ’ਤੇ ਟੋਕਰੀ ਰੱਖ ਕੇ ਗਲੀ-ਮੁਹੱਲੇ ਸਬਜ਼ੀ ਵੇਚੀ ਜਾਂਦੀ ਸੀ। ਭੇਖ ਵਟਾਉਣ ਦੇ ਮਾਹਿਰ ਭਾਈ ਜੈਤਾ ਜੀ ਨੇ ਪੁਰਾਣੇ ਜਿਹੇ ਕੰਬਲ ਹੇਠਾਂ ਤਿੰਨ ਫੁੱਟ ਦੀ ਸਿਰੀ ਸਾਹਿਬ ਵੀ ਗਾਤਰੇ ਕਰ ਲਈ, ਇਕ ਸਿੱਖ ਅੱਗੇ ਅੱਗੇ ਕੁਝ ਵਿੱਥ ਤੇ ਦੂਜਾ ਪਿੱਛੇ-ਪਿੱਛੇ ਕੁਝ ਵਿੱਥ ’ਤੇ, ਤਾਂ ਜੋ ਸ਼ੱਕ ਵੀ ਨਾ ਹੋਵੇ, ਮੁਸੀਬਤ ਦਿਖੇ ਤਾਂ ਸੁਚੇਤ ਵੀ ਕੀਤਾ ਜਾਵੇ। ਪੱਥਰਾਂ ਨੂੰ ਠੋਕਰਾਂ ਮਾਰਦੇ ਕੰਡਿਆਂ ਦੇ ਮੂੰਹ ਮੋੜਦੇ ਤਿੱਖੀਆਂ ਸੂਲ੍ਹਾਂ ਨੂੰ ਲਤਾੜਦੇ ਰਾਤ ਦੇ ਹਨੇਰੇ ’ਚ ਅੱਗੇ ਵੱਧ ਰਹੇ ਸੀ। ਪਹੁ ਫੁਟਾਲਾ ਹੁੰਦਿਆਂ ਬਾਗਪਤ ਕਸਬਾ ਦਿਖਾਈ ਦਿੱਤਾ। ਦੂਜੀ ਰਾਤ ਇੱਥੇ ਕੱਟਣ ਦਾ ਨਿਸ਼ਚਾ ਕੀਤਾ। 12 ਨਵੰਬਰ ਬਾਗਪਤ ਹੀ ਟਿਕਾਣਾ ਲੱਭਣ ਦੀ ਕੋਸ਼ਿਸ਼ ਹੋਈ। ਇਕ ਫ਼ਕੀਰ ਸਾਈਂ ਵਾਊਦੀਨ ਨੂੰ ਹੌਸਲਾ ਕਰ ਕੇ ਕੁਝ ਪੁੱਛਿਆ ਤਾਂ ਉਨ੍ਹਾਂ ਪੰਡਿਤ ਕ੍ਰਿਸ਼ਨਪਾਲ ਦੇ ਘਰੇ ਪਹੁੰਚਾ ਦਿੱਤਾ। ਜਿਵੇਂ-ਜਿਵੇਂ ਸਮਾਂ ਬਤੀਤ ਹੋਇਆ, ਘੋੜਿਆਂ ਦੇ ਪੈੜਾਂ ਦੀ ਠਕ-ਠਕ ਹੁੰਦੀ ਰਹੀ। ਨੀਂਦ ਤਾਂ ਕੀ ਆਉਣੀ ਸੀ, ਅੱਧੀ ਕੁ ਰਾਤ ਨੂੰ ਕੁਝ ਸ਼ਾਂਤ ਮਹਿਸੂਸ ਹੋਇਆ। ਲੰਮੀਆਂ ਵਾਟਾਂ ਦੇ ਰਾਹੀ ਉੱਠ ਤੁਰੇ ਅਗਲੇ ਪੜਾਓ ਵੱਲ। ਯਮੁਨਾ ਪਾਰ ਕਰ ਲਈ ਗਈ ਯਾਨੀ ਪੰਜਾਬ ਵੱਲ ਹੋ ਗਏ। ਪਿੰਡੋ-ਪਿੰਡੀ ਕਰਨਾਲ ਦੇ ਅੰਗ-ਸੰਗ ਹੁੰਦੇ ਰਾਜਪੂਤਾਂ ਦੀ ਰਾਜਧਾਨੀ ਮਹਾਰਾਣਾ ਪ੍ਰਤਾਪ ਦਾ ਵਸਾਏ ਨਗਰ ਤਰਾਵੜੀ ਉਸ ਵੇਲੇ ਮਹਾਂ ਪੰਜਾਬ ਦਾ ਹਿੱਸਾ ਸੀ, ਇੱਥੇ ਇਕ ਧੋਬੀ ਸਿੱਖ ਕੋਲ, ਜਿਸ ਦਾ ਨਾਂ ਦੇਵਾ ਰਾਮ ਸੀ, ਨੂੰ ਮਿਲਦਿਆਂ ਸਾਰ ਗੁਰੂ ਦੀ ਕਲਾ ਵਰਤ ਗਈ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਦੇਵਾਰਾਮ ਪਹਿਲਾਂ ਵੀ ਅਨੰਦਪੁਰ ਦਰਸ਼ਨ ਕਰ ਚੁੱਕਿਆ ਸੀ। ਦਿੱਲੀ ਤੋਂ ਅਨੰਦਪੁਰ ਕਈ ਵਾਰ ਭਾਈ ਜੈਤਾ ਜੀ (ਡਾਕ ਗੁਰੂ ਘਰ ਦੀ) ਹੁਕਮਨਾਮੇ ਚਿੱਠੀ ਪੱਤਰੀ ਲੈ ਕੇ ਲੰਘਦੇ ਸਨ ਤਾਂ ਕਰਕੇ ਵੀ ਦੇਵਾ ਰਾਮ ਨਾਲ ਜਾਣ-ਪਛਾਣ ਸੀ ।
13 ਨਵੰਬਰ ਨੂੰ ਤਰਾਵੜੀ ਤੇ 14 ਨੂੰ ਅੰਬਾਲੇ ਕੀਤਾ ਟਿਕਾਣਾ
ਇਸ ਤਰ੍ਹਾਂ ਸਾਰੇ ਆਪਸ ’ਚ ਮਿਲੇ ਤੇ ਸਾਰੀ ਗੱਲ ਦੱਸੀ ਗਈ। ਸਾਰੀ ਰਾਤ ਗੁਰੂ ਦੇ ਸੀਸ ਦੀ ਸੇਵਾ ਕਰਦਾ ਰਿਹਾ ਦੇਵਾ ਰਾਮ, ਹੰਝੂ ਵਹਾਉਂਦਾ ਰਿਹਾ ਤੇ ਵਾਰ-ਵਾਰ ਇੱਕੋ ਬੇਨਤੀ ਕਰੀ ਜਾਵੇ ਕਿ ਸਤਿਗੁਰੂ ਮੈਂ ਤੁਹਾਡੇ ਦਰਸ਼ਨ ਤਾਂ ਲੋਚਦਾ ਸੀ ਪਰ ਤੁਸੀਂ ਇਸ ਤਰ੍ਹ ਦੀਦਾਰ ਦਿਓਗੇ, ਇਹ ਨਹੀਂ ਸੋਚਿਆ ਸੀ। ਬਾਹਰ ਮਾਹੌਲ ਸ਼ਾਂਤ ਹੁੰਦਾ ਵੇਖ ਕੇ ਵੱਡੇ ਤੜਕੇ ਇੱਥੋਂ ਰੁਖ਼ਸਤ ਹੋਏ ਤੇ ਅੰਬਾਲੇ ਵੱਲ ਅੱਗੇ ਵਧੇ। ਉਸ ਸਮੇਂ ਟਾਂਗਰੀ ਨਦੀ ਅੰਬਾਲੇ ਦੇ ਦੱਖਣ ’ਚ ਵਗਦੀ ਸੀ। ਇਕ ਜੰਡ ਦੇ ਰੁੱਖ ਹੇਠਾਂ ਉੱਚੀ ਥਾਵੇਂ ਸੀਸ ਵਾਲੀ ਟੋਕਰੀ ਰੱਖੀ, ਘੁਟ ਪਾਣੀ ਪੀਤਾ ਤੇ ਮਾਲਕ ਦਾ ਸ਼ੁਕਰ ਕੀਤਾ ਕਿ ਅੱਧਾ ਕੁ ਸਫ਼ਰ ਨਿੱਬੜ ਗਿਆ। ਇਹੋ ਵੱਡੀ ਤਸੱਲੀ ਸੀ ਭਾਈ ਜੈਤਾ ਜੀ ਨੂੰ। ਉਨ੍ਹਾਂ ਕਿਸੇ ਸਿਆਣੇ ਭੱਦਰ ਪੁਰਸ਼ ਕੋਲੋਂ ਕਿਸੇ ਸਿੱਖ ਦੇ ਘਰ ਦਾ ਅਤਾ-ਪਤਾ ਪੁੱਛਿਆ ਅਤੇ ਟਾਂਗਰੀ ਨਦੀ ਪਾਰ ਕਰ ਕੇ ਕੈਂਥ ਮਾਜਰੀ ਪਹੁੰਚੇ। ਇੱਥੇ ਰਾਮ ਦੇਵ ਦਾ ਘਰ ਤਵੈਂਕਲ ਸ਼ਾਹ ਦੀ ਮਜਾਰ ਦੇ ਸਾਹਮਣੇ ਸੀ। ਉੱਥੇ ਟਿਕਾਣਾ ਕੀਤਾ, ਸਾਵਧਾਨ ਰਹੇ ਕਿਉਂਕਿ ਇੱਥੇ ਦਿੱਲੀ-ਅੰਬਾਲਾ ਸ਼ਾਹੀ ਫ਼ੌਜਾਂ ਦੀ ਗਸਤ ਬਹੁਤ ਰਹਿੰਦੀ ਸੀ। ਅੰਮ੍ਰਿਤ ਵੇਲਾ ਹੋਇਆ ਤਾਂ ਸੀਸ ਵਾਲੀ ਟੋਕਰੀ ਚੁੱਕ ਸਿਰ ਉੱਪਰ ਧਰ ਲਈ। ਪਾਂਧੀ ਨਾਲੇ ਨਦੀਆਂ ਨੂੰ ਚੀਰਦੇ ਤੁਰ ਪਏ। ਪੈਰ ਕੰਡਿਆਂ ਨੇ ਇਸ ਤਰ੍ਹਾਂ ਛਾਨਣੀ ਕਰ ਦਿੱਤੇ, ਜਿਵੇਂ ਹਲਵਾਈ ਪੇਠੇ ਵਿਚ ਛੁਰੀਆਂ ਮਾਰ-ਮਾਰ ਸੁਰਾਖ਼ ਕਰਦਾ ਹੋਵੇ। ਲੱਤਾਂ ਕੰਡਿਆਲੀ ਝਾੜੀਆਂ ਨੇ ਛਿੱਲ ਦਿੱਤੀਆਂ। ਲਹੂ-ਲੁਹਾਨ ਹੋਏ ਪੈਰ ਸੁੱਜ ਗਏ। ਬਸ ਇੱਕੋ ਇਕ ਸਕੂਨ ਹੈ ਮਨ ਨੂੰ ਕਿ ਅੱਗਾ ਨੇੜੇ ਆਇਆ, ਪਿੱਛਾ ਰਹਿਆ ਦੂਰ।
ਸਿਰ ’ਤੇ ਸੀਸ ਉੱਤੇ ਗੁਰਾਂ ਦੀ ਅਸੀਸ
ਭਾਈ ਜੈਤਾ ਜੀ ਦੇ ਸਿਰ ਉੱਤੇ ਗੁਰੂ ਸਾਹਿਬ ਦਾ ਸੀਸ ਹੈ, ਪੈਰੀ ਜੋੜਾ ਵੀ ਨਹੀਂ ਪਾਇਆ, ਮਨ ਵਿਚ ਅਦਬ ਧਾਰਨ ਕੀਤਾ ਹੋਇਆ। ਤੇਜ਼ ਤੁਰ ਵੀ ਨਹੀਂ ਸਕਦੇ, ਠੋਕਰ ਵੱਜੀ ਤਾਂ ਸਿਰ ਤੋਂ ਸੀਸ ਵਾਲੀ ਟੋਕਰੀ ਡਿੱਗ ਨਾ ਜਾਵੇ, ਹੌਲੀ ਤੁਰਨ ਨਾਲ ਸਫ਼ਰ ਕਿਵੇਂ ਕੱਟੇਗਾ? ਪਿੱਛੇ-ਪਿੱਛੇ ਖੁਰਾ ਖੋਜ ਕੱਢਦੀ ਫੌਜ ਦੇ ਸਿਪਾਹੀ ਪੈੜਾਂ ਨੱਪੀ ਆ ਰਹੇ ਹਨ। ਗੁਰੂ ਦੇ ਸੀਸ ਨੂੰ ਸ੍ਰੀ ਅਨੰਦਪੁਰ ਪਹੁੰਚਾਉਣ ਦੀ ਲੱਗੀ ਸੇਵਾ ’ਚ ਬਿਘਨ ਪੈਣ ਨਹੀਂ ਦੇਣਾ, ਨਿਸ਼ਾਨਾ ਕੇਵਲ ਇਕ ਹੈ, ਕਦਮ-ਦਰ-ਕਦਮ, ਔਕੜਾਂ, ਜੰਗਲੀ ਜਾਨਵਰ ਸੱਪ, ਮਗਰਮੱਛ, ਸ਼ੇਰ, ਚੀਤੇ ਹੋਰ ਖ਼ਤਰਨਾਕ ਜਾਨਵਰ ਵੀ ਰਾਹ ਰੋਕੀ ਖੜ੍ਹੇ ਮਿਲਦੇ। ਘੱਗਰ ਦਰਿਆ ਜੀ ਆਇਆਂ ਕਹਿਣ ਲਈ ਉਫਾਨ ’ਤੇ ਸੀ। ਪਵਣੁ ਗੁਰੂ ਪਾਣੀ ਪਿਤਾ ਇਹ ਸਲੋਕ ਲਬਾਂ ’ਤੇ ਸੀ, ਸਿਰ ’ਤੇ ਗੁਰੂ ਪਿਤਾ ਦਾ ਸੀਸ, ਪੈਰ ਪਾਣੀ ਪਿਤਾ ਵੱਲ ਵਧਾ ਦਿੱਤੇ, ਲਹਿਰਾਂ ਦੀ ਧੱਕੇਸ਼ਾਹੀ ਨਾਲ ਦੋ-ਚਾਰ ਹੋਏ। ਦਰਿਆ ਦਾ ਕੰਢਾ ਨਜ਼ਰ ਪਿਆ, ਕੰਢੇ ਤੋਂ ਪਾਰ ਫਿਰ ਕੰਡੇ ਜੰਗਲ ਕੰਡੇਦਾਰ ਝਾੜੀਆਂ ਇਕ ਕੰਢੇ ਆਣ ਲੱਗੇ। ਦੂਜੇ ਕੰਡਿਆਂ ਨੇ ਸਿਰ ਚੁੱਕ ਲਏ, ਮੰਨੋ ਯੁਗਾਂ ਤੋਂ ਉਡੀਕ ਰਹੇ ਹੋਣ ਕਿ ਕਦੋਂ ਜੈਤਾ ਆਵੇਗਾ ਤੇ ਉਹਦੇ ਪੈਰਾਂ ਨੂੰ ਚੁੰਮਾਂਗੇ। ਇਕ-ਇਕ ਕਰਕੇ ਕਈ ਪਿੰਡ ਲੰਘਦੇ ਗਏ। ਪਿੰਡ ਨਾਭਾ ਦੇ ਬਾਹਰਵਾਰ ਜੰਗਲ ਵਿਚ ਇਕ ਝੁੱਗੀ ਦਿਖੀ। ਦੀਵੇ ਦੀ ਲੋਅ ਦਿਸੀ ਕਿ ਨਸੀਬ ਜਾਗ ਪਏ, ਜਗਦਾ ਦੀਵਾ ਬੁਲਾ ਰਿਹਾ ਸੀ ਕਿ ਮੇਰੇ ਵਿੱਚੋਂ ਵੀ ਤੇਲ ਮੁੱਕਣ ਕੰਢੇ ਹੈ। ਆਓ ਮੇਰੇ ਕੋਲ ਇਹ ਝੁੱਗੀ ਦਰਗਾਹੀ ਸ਼ਾਹ ਫ਼ਕੀਰ ਦੀ, ਫ਼ੱਕਰ ਦੀ, ਰੱਬ ਦੇ ਮੁਰੀਦ ਦੀ, ਪਹੁੰਚੀ ਹੋਈ ਰੂਹ ਦੀ, ਆਰਜਾ ਸੁਣੀਦੀ 240 ਸਾਲ, ਉਡੀਕ ਬੜੀ ਲੰਮੇਰੀ, ਉਹ ਪਲ ਵੀ ਆਇਆ, ਖੁਦਾ ਖ਼ੁਦ ਨਹੀਂ ਜੇ ਆਇਆ ਕੇਵਲ ਸੀਸ ਆਇਆ ਹੈ, ਖ਼ੁਦਾ ਦੇ ਦੀਦਾਰ ਤਾਂ ਹੋ ਰਹੇ ਨੇ, ਚਰਨ ਨਜ਼ਰ ਨਹੀਂ ਪੈਂਦੇ ਲਪਕ ਕੇ ਭਾਈ ਜੈਤਾ ਜੀ ਤੇ ਹੋਰ ਦੋ ਸਿੱਖਾਂ ਨੂੰ ਧਾਅ ਮਿਲੇ, ਉੱਚੀ-ਸੁੱਚੀ ਥਾਵੇਂ ਗੁਰੂ ਦੇ ਸੀਸ ਵਾਲੀ ਟੋਕਰੀ ਟਿਕਾ ਲਈ, ਵਿੱਤ ਮੂ਼ਜ਼੍ਹਬ ਜਲਪਾਨ ਵੀ ਕਰਾਇਆ। ਅੱਜ ਦੀ ਰਾਤ ਇਸੇ ਫ਼ਕੀਰ ਕੋਲ ਕੱਟਣ ਦਾ ਮਨ ਹੋਇਆ। 15 ਨਵੰਬਰ ਦੀ ਰਾਤ ਮੁੱਕਣ ਕਿਨਾਰੇ ਹੋਈ। ਸਾਰੀ ਰਾਤ ਇਹ ਫ਼ਕੀਰ ਗੁਰੂ ਦੇ ਸੀਸ ਅਤੇ ਮਰਜ਼ੀਵੜਿਆਂ ਦੀ ਟਹਿਲ ਸੇਵਾ ’ਚ ਲੱਗਿਆ ਰਿਹਾ। ਤੜਕਸਾਰ ਤੁਰ ਗਏ, ਭਰੇ ਮਨ ਨਾਲ ਸਿਸਕਦਿਆਂ ਅਰਜ਼ੋਈ ਭੇਜ ਦਿੱਤੀ ਸਾਹਿਬੇ ਕਮਾਲ ਸ੍ਰੀ ਗੋਬਿੰਦ ਰਾਇ ਜੀ ਨੂੰ, ਜਦੋਂ ਤਕ ਤੁਸੀਂ ਦੀਦਾਰ ਨਹੀਂ ਦਿੰਦੇ, ਮੈਂ ਸੰਸਾਰ ਨੂੰ ਅਲਵਿਦਾ ਨਹੀਂ ਕਹਿਣਾ। ਮੇਰੇ ਖ਼ੁਦਾ ਨੂੰ ਜਾ ਕਹੀਓ ਮੇਰੇ ਦਿਲ ਦੀ ਹੂਕ, ਮੈਂ ਚਰਨਾਂ ’ਤੇ ਸਿਰ ਧਰ ਕੇ ਵਿਦਾਈ ਲੈਣਾ ਲੋਚਦਾ ਹਾਂ। ਜ਼ਿਕਰਯੋਗ ਹੈ ਕਿ ਕਈ ਸਾਲਾਂ ਬਾਅਦ ਸ੍ਰੀ ਪਾਉਂਟਾ ਸਾਹਿਬ ਤੋਂ ਵਾਪਸ ਸ੍ਰੀ ਅਨੰਦਪੁਰ ਨੂੰ ਜਾਂਦਿਆਂ ਗੁਰਦੁਆਰਾ ਸ੍ਰੀ ਨਾਢਾ ਸਾਹਿਬ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਤੋਂ ਹੁੰਦਿਆਂ ਪਰਿਵਾਰ ਅਤੇ ਸਿੰਘਾਂ ਸਮੇਤ ਇਸ ਫ਼ਕੀਰ ਸਾਈਂ ਨੂੰ ਦਸਮੇਸ਼ ਪਿਤਾ ਨੇ ਦੀਦਾਰ ਬਖ਼ਸ਼ੇ ਤੇ ਸੱਚਖੰਡ ਜਾਣ ਦੀ ਆਗਿਆ ਵੀ ਦਿੱਤੀ। ਇਸ ਵੇਲੇ ਵੀ ਭਾਈ ਜੈਤਾ ਜੀ ਨਾਲ ਹੀ ਸਨ। ਉਨ੍ਹਾਂ ਨੇ ਹੀ ਇਹ ਸਥਾਨ ਸੁਝਾਇਆ ਤੇ ਫ਼ਕੀਰ ਨੂੰ ਮਿਲਾਇਆ ਸੀ।
ਪਹੁ-ਫੁਟਾਲੇ ਤੋਂ ਪਹਿਲਾਂ-ਪਹਿਲਾਂ ਸਿੱਖ ਆਖ਼ਰੀ ਪੜਾਓ ਵੱਲ ਵੱਧ ਗਏ। ਪਿੱਛੇ ਰਹਿ ਗਏ ਨੌਵੇਂ ਗੁਰੂ ਦੇ ਸੀਸ ’ਚੋਂ ਚੋਏ ਖ਼ੂਨ ਦੇ ਤੁਪਕੇ, ਇਹ ਧਰਤੀ ਪਾਵਨ ਪਵਿੱਤਰ ਪੁਨੀਤ ਹੋਈ।
ਭਾਈ ਜੈਤੇ ਦਾ ਆਖ਼ਰੀ ਪੜਾਅ
ਅੱਜ ਲਗਪਗ 100 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ, ਮੁਸੀਬਤਾਂ ਘਟੀਆਂ ਨਹੀਂ ਤੇ ਸਫ਼ਰ ਵੀ ਲੰਬਾ ਹੈ। ਇੱਕੋ ਇਕ ਤਸੱਲੀ ਹੈ ਕਿ ਹੁਣ ਨੇੜੇ ਪਹੁੰਚ ਗਏ ਹਾਂ। ਕੀਰਤਪੁਰ ਪਹੁੰਚ ਕੇ ਗੁਰੂ ਪਰਿਵਾਰ ਨੂੰ ਸੁਨੇਹਾ ਦਿੱਤਾ ਕਿ ਸੀਸ ਲੈ ਆਏ ਹਾਂ। ਹੁਣ ਅੱਗੋਂ ਕੀ ਹੁਕਮ ਹੈ ਜੀ। ਹੁਕਮ ਆਇਆ ਕਿ ਰੁਕੋ ਅਸੀਂ ਆਉਂਦੇ ਹਾਂ। ਮਾਂ ਨਾਨਕੀ, ਮਾਤਾ ਗੁਜਰੀ, ਬੀਬੀ ਵੀਰੋ, ਬਾਬਾ ਸੂਰਜ ਮੱਲ ਜੀ, ਗੁਰੂ ਤੇਗ ਬਹਾਦਰ ਜੀ ਦਾ ਸਾਰਾ ਪਰਿਵਾਰ ਫੁੱਲਾਂ ਨਾਲ ਪਾਲਕੀ ਸਜਾ ਕੇ ਆ ਕੀਰਤਪੁਰ ਆ ਗਏ। ਮੁਲਾਕਾਤ ਹੋਈ ਤੇ ਗੁਰੂ ਦਾ ਸੀਸ ਨੌਂ ਸਾਲ ਦੇ ਬੇਟੇ ਦੀ ਝੋਲੀ ਪਾਇਆ ਗਿਆ। ਨੌਵੇਂ ਗੁਰੂ ਜੀ ਦੇ ਇਸ ਸਥਾਨ ਨੂੰ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਕਰਕੇ ਜਾਣਦੇ ਹਾਂ। ਇੱਥੋਂ ਸ਼ਬਦ ਕੀਰਤਨ ਕਰਦਿਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ। ਸੰਗਤਾਂ ਬਿਹਬਲ ਸਨ, ਬੇਹਾਲ ਤੇ ਸ਼ੋਕਗ੍ਰਸਤ ਵੀ ਸਨ।
ਰੰਗਰੇਟੇ ਗੁਰੂ ਕੇ ਬੇਟੇ ਦੇ ਵਰ ਨਾਲ ਨਿਵਾਜਿਆ
ਕਾਫਲਾ, ਪਾਵਨ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ। 16 ਨਵੰਬਰ 1675 ਦਾ ਦਿਨ ਸੀ, ਕਈ ਇਤਿਹਾਸਕਾਰ ਇਸੇ ਦਿਨ ਸੀਸ ਦਾ ਸਸਕਾਰ ਹੋਇਆ ਮੰਨਦੇ ਹਨ ਪਰ ਕਈਆਂ ਦਾ ਵਿਚਾਰ ਹੈ ਕਿ 17 ਨਵੰਬਰ ਨੂੰ ਸਸਕਾਰ ਹੋਇਆ ਕਿਉਂਕਿ 16 ਨੂੰ ਸ਼ਾਮ ਪੈ ਗਈ ਸੀ ਤੇ ਹਨੇਰਾ ਹੋ ਗਿਆ ਸੀ। ਵਾਰੀ-ਵਾਰੀ ਸਾਰਿਆਂ ਨੇ ਗੁਰੂ ਜੀ ਦੇ ਸੀਸ ਦੇ ਦੀਦਾਰ ਕੀਤੇ। ਕੋਲ ਖੜ੍ਹੇ ਭਾਈ ਜੈਤਾ ਜੀ ਸੀਸ ਦੀ ਸੇਵਾ ਨਿਭਾ ਰਹੇ ਸੀ। ਉਦਾਰਚਿੱਤ ਸ੍ਰੀ ਗੋਬਿੰਦ ਰਾਏ ਜੀ ਨੇ ਸਾਰੀ ਵਿੱਥਿਆ ਸੁਣੀ ਤੇ ਪੁੱਛਿਆ ਕਿ ਜੈਤਾ ਜੀ ਦਿੱਲੀ ਤੋਂ ਸੀਸ ਕਿਵੇਂ ਲੈ ਕੇ ਆਏ? ਪਹਾੜਾਂ ਤੋਂ ਵੱਡੇ ਦੁੱਖ ਸੁਣ-ਸੁਣ ਗੁਰੂ ਜੀ ਵੱਜਦ ’ਚ ਆਏ ਤੇ ਗਲਵੱਕੜੀ ਪਾ ਕੇ ਛਾਤੀ ਨਾਲ ਲਾਇਆ। ਸਿਰ ਨੂੰ ਪਿਆਰ ਦਿੱਤਾ ਤੇ ਆਖਿਆ, ‘ਰੰਗਰੇਟੇ ਗੁਰੂ ਕੇ ਬੇਟੇ’। ਇਹ ਵਰ ਦੇ ਕਰ ਨਿਵਾਜਿਆ।
ਭਾਈ ਜੈਤੇ ਤੋਂ ਬਣੇ ਜੀਵਨ ਸਿੰਘ
1699 ਦੀ ਵੈਸਾਖੀ ਤਵਾਰੀਖ਼ ਨਹੀਂ ਸਗੋਂ ਇਕ ਮਹਾਨ ਘਟਨਾਕ੍ਰਮ ਸੀ, ਜੋ ਉਸ ਤੋਂ ਪਹਿਲਾਂ ਕਦੇ ਕਿਸੇ ਇਤਿਹਾਸ ’ਚ ਪੜ੍ਹਨ-ਸੁਣਨ ਨੂੰ ਨਹੀਂ ਮਿਲਦਾ। ਗੁਰੂ ਤੇ ਚੇਲੇ ਦਾ ਅਨੂਠਾ ਸੁਮੇਲ, ਜਿੱਥੇ ਚੇਲਾ ਬਣਨ ਲਈ ਸਿਰ ਦੇਣਾ ਪਿਆ ਤੇ ਗੁਰੂ ਬਣਨ ਲਈ ਵੀ ਸਿਰ ਦੇਣਾ ਪਿਆ ਸਗੋਂ ਸਾਰੇ ਪਰਿਵਾਰ ਦੇ ਸਿਰ ਦੇਣੇ ਪਏ। ਫਿਰ ਜਾ ਕੇ ਸਰਬੰਸਦਾਨੀ ਕਹਾਏ। ਇਹ ਐਸੀ ਰੀਤ ਦਾ ਜਨਮ ਹੋਇਆ, ਜਦੋਂ ਖੰਡੇ ਦੀ ਧਾਰ ’ਚੋਂ ਧਰਮ ਪ੍ਰਗਟ ਹੋਇਆ, ਜਿਸ ਧਰਮ ਦਾ ਜਨਮ ਖੰਡੇ ਦੀ ਧਾਰ ’ਚੋਂ ਹੋਇਆ, ਉੱਥੇ ਖੰਡਣ ਹੈ ਜਾਤ-ਪਾਤ ਦਾ, ਊਚ-ਨੀਚ ਦਾ, ਭਿੰਨ-ਭੇਦ ਦਾ, ਔਰਤ-ਮਰਦ ਦਾ, ਖੰਡਨ ਹੋਇਆ ਉਨ੍ਹਾਂ ਸਾਰੇ ਸਮਾਂ ਵਹਾਅ ਚੁੱਕੇ ਰੀਤੀ-ਰਿਵਾਜਾਂ ਦਾ, ਜੋ ਅਰਥਹੀਣ ਹੋ ਚੁੱਕੇ ਸੀ, ਜਿਹੜੇ ਧਰਮ ਦੇ ਰਾਹ ਦਾ ਰੋੜ੍ਹਾ ਬਣ ਗਏ ਸੀ। ਜਿਹੜੇ ਮਨੁੱਖੀ ਕਦਰਾਂ-ਕੀਮਤਾਂ, ਮਨੁੱਖੀ ਹੱਕਾਂ ਨੂੰ ਖੋਹ ਕੇ ਗ਼ੁਲਾਮੀ ਦਾ ਅਹਿਸਾਸ ਕਰਵਾਉਂਦੇ ਸਨ। ਐਸੇ-ਐਸੇ ਰੀਤੀ-ਰਿਵਾਜ ਸੁਣ ਕੇ ਸਿਰ ਸ਼ਰਮ ਨਾਲ ਨੀਵਾਂ ਹੋ ਜਾਵੇ, ਜਿਉਂਦੇ ਜੀਅ ਔਰਤ ਨੂੰ ਪਤੀ ਦੀ ਬਲਦੀ ਚਿਖਾ ’ਚ ਸੁੱਟ ਦੇਣਾ ਤੇ ਕਹਿਣਾ ਇਹ ਸਤੀ ਪ੍ਰਥਾ ਹੈ। ਐਸੀਆਂ ਹੋਰ ਕਈ ਧੱਕੇਸ਼ਾਹੀਆਂ, ਜਿਨ੍ਹਾਂ ਦੀ ਗ਼ੁਲਾਮੀ ਦਾ ਜੂਲਾ, ਮਨੁੱਖਤਾ ਦੇ ਗਲੋਂ ਲਾਹੁਣ ਦਾ ਦਿਨ ਹੋ ਨਿੱਬੜਿਆ ਵੈਸਾਖੀ 1699 ਦਾ ਦਿਨ। ਜਿਸ ਦਿਨ ਨੇ ਇਤਿਹਾਸ ਪਲਟ ਕੇ ਰੱਖ ਦਿੱਤਾ। ਸਦੀਆਂ ਤੋਂ ਚੱਲੀਆਂ ਆ ਰਹੀਆਂ ਬੇਲੋੜੀਆਂ ਪ੍ਰਪੰਰਾਵਾਂ ਤੋਂ ਨਿਜਾਤ ਬਖ਼ਸ਼ ਦਿੱਤੀ, ਜਿਸ ਦਿਨ ਨੇ, ਜਿਸ ਥਾਂ ਨੇ, ਉਸ ਦਿਨ ਤੋਂ ਉਸ ਥਾਂ ਤੋਂ ਹੀ ਭਾਈ ਜੈਤਾ ਜੀ ਦਾ ਨਵਾਂ ਜਨਮ ਹੋਇਆ। ਖੰਡੇ ਦੀ ਪਹੁਲ ਨਸੀਬ ਹੋਈ। ‘ਗੁਰੁ ਨਾਨਕੁ ਤੁਠਾ ਕੀਨੀ ਦਾਤਿ’। ਅੰਮ੍ਰਿਤ ਦੀ ਦਾਤ ਵੱਡੀ ਖ਼ੁਸ਼ਨਸੀਬੀ ਸੀ, ਜਿਹੜੀ ਦਾਤ ਪੰਜ ਪਿਆਰਿਆਂ ਨੂੰ ਸਿਰ ਦੇ ਕੇ ਮਿਲੀ ਸੀ। ਉਨ੍ਹਾਂ ਗੁਰੂ ਰੂਪ ਪੰਜ ਪਿਆਰਿਆਂ ਪਾਸੋਂ ਐਸੀ ਅਣਮੁੱਲੀ ਦਾਤ ਪਾ ਕੇ ਭਾਈ ਜੈਤਾ, ਜੈਤੇ ਤੋਂ ਭਾਈ ਜੀਵਨ ਸਿੰਘ ਹੋਏ ਤੇ ਅੱਗੇ ਚੱਲ ਕੇ ਉਸ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਜਿਹੜੀ ਗੁਰੂ ਜੀ ਨੇ ਖ਼ੁਦ ਬੰਨ੍ਹੀ ਸੀ, ਸਿਰ ਬਦਲੇ ਅੰਮ੍ਰਿਤ ਦੀ ਦਾਤ, ਉਸ ਨੂੰ ਕਾਇਮ ਵੀ ਕੀਤਾ। ਗੁਰੂ ਕੀ ਸੇਵਾ, ਸਿੱਖੀ ਸਿਧਾਂਤਾਂ ਨੂੰ ਪਰਾਏ ਭਾਈ ਸਾਹਿਬ ਜੀਵਨ ਭਰ ਭਾਈ ਜੀਵਨ ਸਿੰਘ ਨੇ ਸਿਰ ਤੋੜ ਯਤਨ ਜਾਰੀ ਰੱਖੇ। ਜੀਵਨ ਸਿੰਘ ਜੀ ਦਾ ਗ੍ਰਹਿਸਥ ਜੀਵਨ ’ਚ ਪ੍ਰਵੇਸ਼ ਹੋਇਆ ਤਾਂ ਚਾਰ ਫ਼ਰਜ਼ੰਦ ਬੇਟੇ ਸੁੱਖਾ ਸਿੰਘ, ਸੇਵਾ ਸਿੰਘ, ਗੁਰਦਿਆਲ ਸਿੰਘ, ਗੁਲਜ਼ਾਰ ਸਿੰਘ ਅਕਾਲ ਪੁਰਖ ਨੇ ਬਖਸ਼ੇ।
ਸਿਰ ਦੀਜੈ ਕਾਣ ਨਾ ਕੀਜੈ
ਸੂਰਮਿਆਂ ਦਾ ਮੁਕਾਮ, ਮੰਜ਼ਿਲ-ਏ-ਮਕਸੂਦ ਹੀ ਸੂਰਮਗਤੀ ਨੂੰ ਪ੍ਰਾਪਤ ਹੋਣਾ ਹੁੰਦਾ ਹੈ। ਹਮੇਸ਼ਾ ਗੁਣਗੁਣਾਉਂਦੇ ਰਹਿਣਗੇ ‘ਮੋਹਿ ਮਰਨੇ ਕਾ ਚਾਉ ਹੈ’। ਪੂਜਨੀਕ ਮਾਤਾ ਪ੍ਰੇਮੋ ਜੀ ਕਾ ਬੇਟਾ ਇਨ੍ਹਾਂ ਪਾਵਨ ਪੰਕਤੀਆਂ ਨੂੰ ਸਾਰਥਿਕ ਕਰ ਗਿਆ ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਿਆਂ ਜੋ ਮਨ ਵਿਚ ਪ੍ਰਣ ਕੀਤਾ ਹੋਣਾ, ਠੀਕ ਪੰਜ ਸਾਲ ਬਾਅਦ ਉਹ ਪ੍ਰਣ ਪੂਰਾ ਕਰਨ ਲਈ ਲੰਬੀ ਜਦੋ-ਜਹਿਦ ਹੋਈ। ਕਰੀਬ 8 ਮਹੀਨੇ ਦੁਸ਼ਮਣ ਨਾਲ ਜੰਗ ਲੜੀ, ਉਸੇ ਧਰਤੀ ’ਤੇ, ਜਿੱਥੋਂ ਦਾਤ ਮਿਲੀ ਸੀ। ਮਨ ਤੋਂ ਉਹ ਸਾਰੇ ਬੋਝ ਉਤਾਰ ਦਿੱਤੇ, ਜਿਹੜੇ 27-28 ਸਾਲਾਂ ਤੋਂ ਭਾਵ 1675 ਤੋਂ ਚਾਂਦਨੀ ਚੌਕ ਦਿੱਲੀ ਤੋਂ ਮਣਾਂਮੂੰਹੀ ਬੋਝ ਸਿਰ ’ਤੇ ਚੁੱਕੀ ਜੀਅ ਰਹੇ ਸੀ। ਓੜਕ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਪਰਿਵਾਰ ਸਮੇਤ ਜੀਵਨ ਸਿੰਘ ਆਪਣੇ ਜੀਵਨ ਦੇ ਆਖ਼ਰੀ ਪੜਾਅ ਵੱਲ ਹੋ ਤੁਰੇ। ਸਰਸਾ ਪਾਰ ਹੋਈ ਤਾਂ ਝੂਠ ਦੇ ਵਣਜਾਰਿਆਂ ਨੇ ਖਾਧੀਆਂ ਝੂਠੀਆਂ ਕਸਮਾਂ ਤੋੜ ਗੁਰੂ ਪਰਿਵਾਰ ’ਤੇ ਹਮਲਾ ਬੋਲ ਦਿੱਤਾ। ਆਪ ਜੀ ਗੁਰੂ ਪਰਿਵਾਰ ਨੂੰ ਸੁਰੱਖਿਆ ਦੇ ਕੇ ਪਾਰ ਲੰਘਾ ਰਹੇ ਸੀ। ਜਿਸ ਫ਼ੌਜੀ ਸਿੱਖ ਟੁਕੜੀ ਦੀ ਆਪ ਅਗਵਾਈ ਕਰ ਰਹੇ ਸੀ, ਇਹ ਗੁਰੂ ਪਰਿਵਾਰ ਦੇ ਪਿੱਛੇ ਸੀ ਤਾਂ ਪਿੱਛੋਂ ਭਾਰੀ ਹਮਲਾ ਹੋਇਆ। ਨਦੀ ਪਾਰ ਕਰਦਿਆਂ ਇਹ ਅਣਕਿਆਸਿਆ ਪਹਾੜ ਸਿਰ ’ਤੇ ਆ ਡਿੱਗਾ। ਸੂਰਮਤਾਈ ਦੀ ਪਰਖ ਸੀ, ਸਾਥੀਆਂ ਸਮੇਤ ਆਪ ਨੇ 4 ਘੰਟੇ ਲਗਾਤਾਰ ਦੁਸ਼ਮਣ ਫ਼ੌਜ ਦੇ ਆਹੂ ਲਾਹੇ, ਦੁਸ਼ਮਣ ਨੇ ਸਾਰੇ ਹੀਲੇ ਵਰਤ ਲਏ ਪਰ ਆਪ ਚੱਟਾਨ ਵਾਂਗ ਅੜੇ ਰਹੇ ਟੱਸ ਤੋਂ ਮੱਸ ਨਾ ਹੋਏ, ਇਕ ਪਾਸੇ ਸਨ ਗਿਣਤੀ ਦੇ ਭੁੱਖੇ-ਭਾਣੇ ਕੁਝ ਸਿੱਖ ਸਾਥੀ ਕਈ ਮਹੀਨਿਆਂ ਦੇ ਝੰਡੇ ਹੋਏ, ਦੂਜੇ ਪਾਸੇ ਲੱਖਾਂ ਦੀ ਫ਼ੌਜ। ਇਹ ਅਣਸੁਖਾਵਾਂ ਯੁੱਧ ਕਰੀਬ 4 ਘੰਟੇ ਚੱਲਦਾ ਰਿਹਾ। ਦੁਸ਼ਮਣ ਨੂੰ ਇਕ ਕਦਮ ਵੀ ਗੁਰੂ ਪਰਿਵਾਰ ਵੱਲ ਵਧਣ ਨਹੀਂ ਦਿੱਤਾ। ਅਖ਼ੀਰ ਕੌਮ ਦਾ ਹੀਰਾ, ਗੁਰੂ ਕਾ ਬੇਟਾ, ਯੁੱਧਵੀਰ ਵੀਰਗਤੀ ਨੂੰ ਪ੍ਰਾਪਤ ਹੋਇਆ। ਕੋਟਿ-ਕੋਟਿ ਪ੍ਰਣਾਮ ਉਨ੍ਹਾਂ ਨੂੰ, ਜਿਨ੍ਹਾਂ ਨੇ ਜ਼ਿੰਦਗੀ ਭਰ ਇਹ ਗਾਇਆ ਹੋਣਾ, ‘ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥’
‘ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪਰ ਮਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ।’
- ਮਨਜੀਤ ਸਿੰਘ ਜ਼ੀਰਕਪੁਰ