ਸ਼੍ਰੀਮਦਭਾਗਵਤ ਪੁਰਾਣ 'ਚ ਵਰਣਨ ਹੈ ਕਿ ਹਰਨਾਖਸ਼ ਨੇ ਬ੍ਰਹਮਾ ਜੀ ਤੋਂ ਇਹ ਵਰਦਾਨ ਮੰਗਿਆ ਕਿ ਉਸ ਦੀ ਮੌਤ ਨਾ ਕਿਸੇ ਮਨੁੱਖ ਦੇ ਹੱਥੋਂ ਹੋਵੇ, ਨਾ ਕਿਸੇ ਪਸ਼ੂ ਦੇ। ਨਾ ਕੋਈ ਦੇਵਤਾ ਉਸ ਨੂੰ ਮਾਰ ਸਕੇ, ਨਾ ਕੋਈ ਦੈਂਤ। ਨਾ ਦਿਨ ਵੇਲੇ ਮਰੇ, ਨਾ ਰਾਤ। ਨਾ ਘਰ ਦੇ ਅੰਦਰ ਮਰੇ, ਨਾ ਘਰ ਦੇ ਬਾਹਰ। ਨਾ ਧਰਤੀ 'ਤੇ ਉਸ ਦੀ ਜਾਨ ਜਾਵੇ, ਨਾ ਆਕਾਸ਼ ਵਿੱਚ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਪੰਚਾਂਗ ਅਨੁਸਾਰ, ਹਰ ਤਿੰਨ ਸਾਲਾਂ ਵਿਚ ਇਕ ਵਾਰ ਆਉਣ ਵਾਲੇ ਵਾਧੂ ਮਹੀਨੇ ਨੂੰ 'ਅਧਿਕ ਮਾਸ', 'ਮਲਮਾਸ' ਜਾਂ ਫਿਰ 'ਪੁਰਸ਼ੋਤਮ ਮਾਸ' ਕਿਹਾ ਜਾਂਦਾ ਹੈ। ਸਾਲ ਵਿਚ ਇਸ 13ਵੇਂ ਮਹੀਨੇ ਦੇ ਜੁੜਨ ਪਿੱਛੇ ਇਕ ਬਹੁਤ ਹੀ ਦਿਲਚਸਪ ਪੌਰਾਣਿਕ ਕਥਾ ਹੈ ਜਿਸ ਦਾ ਸਿੱਧਾ ਸਬੰਧ ਦੈਂਤ ਰਾਜਾ ਹਰਨਾਖਸ਼ ਦੇ ਵਧ ਅਤੇ ਭਗਵਾਨ ਵਿਸ਼ਨੂੰ ਦੇ ਨਰਸਿੰਘ ਅਵਤਾਰ ਨਾਲ ਹੈ। ਆਓ ਪੜ੍ਹਦੇ ਹਾਂ ਇਹ ਅਦਭੁਤ ਕਥਾ।
ਮਹਾਰਿਸ਼ੀ ਕਸ਼ਯਪ ਤੇ ਅਦਿਤੀ ਦੇ ਪੁੱਤਰ ਹਰਨਾਖਸ਼ ਦੀ ਕਠੋਰ ਤਪੱਸਿਆ ਤੋਂ ਬ੍ਰਹਮਾ ਜੀ ਪ੍ਰਸੰਨ ਹੋਏ ਅਤੇ ਉਸ ਨੇ ਅਮਰਤਾ ਦੇ ਕਰੀਬ ਪਹੁੰਚਣ ਲਈ ਬਹੁਤ ਹੀ ਗੁੰਝਲਦਾਰ ਵਰਦਾਨ ਮੰਗਿਆ, ਜੋ ਇਸ ਪ੍ਰਕਾਰ ਸੀ:
ਸ਼੍ਰੀਮਦਭਾਗਵਤ ਪੁਰਾਣ 'ਚ ਵਰਣਨ ਹੈ ਕਿ ਹਰਨਾਖਸ਼ ਨੇ ਬ੍ਰਹਮਾ ਜੀ ਤੋਂ ਇਹ ਵਰਦਾਨ ਮੰਗਿਆ ਕਿ ਉਸ ਦੀ ਮੌਤ ਨਾ ਕਿਸੇ ਮਨੁੱਖ ਦੇ ਹੱਥੋਂ ਹੋਵੇ, ਨਾ ਕਿਸੇ ਪਸ਼ੂ ਦੇ। ਨਾ ਕੋਈ ਦੇਵਤਾ ਉਸ ਨੂੰ ਮਾਰ ਸਕੇ, ਨਾ ਕੋਈ ਦੈਂਤ। ਨਾ ਦਿਨ ਵੇਲੇ ਮਰੇ, ਨਾ ਰਾਤ। ਨਾ ਘਰ ਦੇ ਅੰਦਰ ਮਰੇ, ਨਾ ਘਰ ਦੇ ਬਾਹਰ। ਨਾ ਧਰਤੀ 'ਤੇ ਉਸ ਦੀ ਜਾਨ ਜਾਵੇ, ਨਾ ਆਕਾਸ਼ ਵਿੱਚ।
ਨਾ ਕਿਸੇ ਅਸਤਰ-ਸ਼ਸਤਰ ਨਾਲ ਮਰੇ ਤੇ ਨਾ ਹੀ ਬ੍ਰਹਮਾ ਜੀ ਵੱਲੋਂ ਬਣਾਏ ਗਏ ਸਾਲ ਦੇ 12 ਮਹੀਨਿਆਂ 'ਚੋਂ ਕਿਸੇ ਵਿਚ ਵੀ। ਬ੍ਰਹਮਾ ਜੀ ਦੇ 'ਤਥਾਸਤੂ' ਕਹਿੰਦੇ ਹੀ ਹਰਨਾਖਸ਼ ਹੰਕਾਰ 'ਚ ਅੰਨ੍ਹਾ ਹੋ ਗਿਆ। ਉਸ ਨੇ ਦੇਵਰਾਜ ਇੰਦਰ ਤੋਂ ਸਵਰਗ ਖੋਹ ਲਿਆ ਅਤੇ ਖ਼ੁਦ ਨੂੰ ਭਗਵਾਨ ਐਲਾਨ ਦਿੱਤਾ।
ਹਰਨਾਖਸ਼ ਦਾ ਆਪਣਾ ਪੁੱਤਰ ਪ੍ਰਹਿਲਾਦ ਭਗਵਾਨ ਵਿਸ਼ਨੂੰ ਦਾ ਪਰਮ ਭਗਤ ਸੀ, ਜੋ ਦੈਂਤ ਰਾਜੇ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੀ। ਉਸ ਨੇ ਪ੍ਰਹਿਲਾਦ ਦੀ ਭਗਤੀ ਤੋੜਨ ਲਈ ਉਸ ਨੂੰ ਕਈ ਕਰੂਰ ਤਸੀਹੇ ਦਿੱਤੇ - ਜਿਵੇਂ ਪਹਾੜ ਦੀ ਚੋਟੀ ਤੋਂ ਸੁੱਟਵਾਉਣਾ, ਪਾਗਲ ਹਾਥੀ ਤੋਂ ਕੁਚਲਵਾਉਣਾ ਤੇ ਆਪਣੀ ਭੈਣ ਹੋਲਿਕਾ ਦੀ ਗੋਦੀ 'ਚ ਬਿਠਾ ਕੇ ਅੱਗ 'ਚ ਜਲਾਉਣਾ। ਪਰ ਭਗਵਾਨ ਵਿਸ਼ਨੂੰ ਦੀ ਕਿਰਪਾ ਨਾਲ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ।
ਜਦੋਂ ਹਰਨਾਖਸ਼ ਦੇ ਪਾਪਾਂ ਦਾ ਘੜਾ ਭਰ ਗਿਆ ਤਾਂ ਆਪਣੇ ਭਗਤ ਦੀ ਰੱਖਿਆ ਲਈ ਭਗਵਾਨ ਵਿਸ਼ਨੂੰ ਨੇ 'ਨਰਸਿੰਘ ਅਵਤਾਰ' ਲਿਆ। ਭਗਵਾਨ ਵਿਸ਼ਨੂੰ ਦਾ ਇਹ ਸਰੂਪ ਨਰ (ਮਨੁੱਖ) ਦੇ ਸਰੀਰ ਤੇ ਸਿੰਘ (ਸ਼ੇਰ) ਦੇ ਸਿਰ ਵਾਲਾ ਸੀ। ਇਸ ਤਰ੍ਹਾਂ ਬ੍ਰਹਮਾ ਜੀ ਦੇ ਵਰਦਾਨ ਦੀ ਹਰ ਇਕ ਸ਼ਰਤ ਦਾ ਸਨਮਾਨ ਕਰਦੇ ਹੋਏ ਭਗਵਾਨ ਨੇ ਹਰਨਾਖਸ਼ ਦਾ ਵਧ ਕੀਤਾ, ਕਿਉਂਕਿ ਨਰਸਿੰਘ ਭਗਵਾਨ ਨਾ ਤਾਂ ਪੂਰੀ ਤਰ੍ਹਾਂ ਇਨਸਾਨ ਸਨ ਅਤੇ ਨਾ ਹੀ ਪਸ਼ੂ।
ਉਨ੍ਹਾਂ ਨੇ ਗੋਧੂਲੀ ਵੇਲੇ (ਸ਼ਾਮ ਦੇ ਸਮੇਂ) ਹਰਨਾਖਸ਼ ਦਾ ਵਧ ਕੀਤਾ, ਜੋ ਨਾ ਤਾਂ ਦਿਨ ਸੀ ਤੇ ਨਾ ਹੀ ਪੂਰੀ ਤਰ੍ਹਾਂ ਰਾਤ। ਉਨ੍ਹਾਂ ਨੇ ਮਹਿਲ ਦੀ ਦਹਿਲੀਜ਼ 'ਤੇ ਆਪਣੇ ਪੱਟਾਂ 'ਤੇ ਲਿਟਾ ਕੇ ਆਪਣੇ ਤਿੱਖੇ ਨਹੁੰਆਂ ਨਾਲ ਹਰਨਾਖਸ਼ ਦੀ ਛਾਤੀ ਪਾੜ ਦਿੱਤੀ।
ਹਰਨਾਖਸ਼ ਦਾ ਵਧ ਸਾਲ ਦੇ 12 ਮਹੀਨਿਆਂ 'ਚ ਨਹੀਂ ਹੋਇਆ। ਬਲਕਿ ਭਗਵਾਨ ਨੇ ਉਸ ਦੇ ਵਰਦਾਨ ਨੂੰ ਅਸਫਲ ਕਰਨ ਲਈ ਸਾਲ ਦਾ ਇਕ ਵਾਧੂ 13ਵਾਂ ਮਹੀਨਾ ਪੈਦਾ ਕੀਤਾ, ਜਿਸ ਨੂੰ ਅਸੀਂ 'ਅਧਿਕ ਮਾਸ' ਵਜੋਂ ਜਾਣਦੇ ਹਾਂ। ਇਸੇ 13ਵੇਂ ਮਹੀਨੇ (ਅਧਿਕ ਮਾਸ) 'ਚ ਭਗਵਾਨ ਨਰਸਿੰਘ ਨੇ ਹਰਨਾਖਸ਼ ਦਾ ਵਧ ਕਰ ਕੇ ਧਰਮ ਦੀ ਰੱਖਿਆ ਕੀਤੀ। ਕਿਉਂਕਿ ਇਹ ਮਹੀਨਾ ਭਗਵਾਨ ਵਿਸ਼ਨੂੰ (ਪੁਰਸ਼ੋਤਮ) ਵੱਲੋਂ ਆਪਣੇ ਭਗਤ ਦੀ ਰੱਖਿਆ ਲਈ ਬਣਾਇਆ ਗਿਆ ਸੀ, ਇਸ ਲਈ ਇਸ ਨੂੰ 'ਪੁਰਸ਼ੋਤਮ ਮਾਸ' ਵੀ ਕਿਹਾ ਜਾਂਦਾ ਹੈ, ਜੋ ਕਿ ਬਹੁਤ ਹੀ ਪਵਿੱਤਰ ਹੈ।