ਇਸੇ 'ਤੇ ਇਕ ਵਾਰ ਵਿੰਸਟਲ ਚਰਚਿਲ ਨੇ ਕਿਹਾ ਸੀ ਕਿ ਇਕ ਨਿਰਾਸ਼ਾਵਾਦੀ ਵਿਅਕਤੀ ਨੂੰ ਹਰ ਮੌਕੇ 'ਚ ਕਠਿਨਾਈ ਦਿਖਾਈ ਦਿੰਦੀ ਹੈ, ਉੱਥੇ ਹੀ ਇਕ ਆਸ਼ਾਵਾਦੀ ਵਿਅਕਤੀ ਨੂੰ ਹਰ ਕਠਿਨਾਈ ਵਿਚ ਮੌਕਾ ਦਿਖਾਈ ਦਿੰਦਾ ਹੈ।
ਮਨੁੱਖ ਦੇ ਜੀਵਨ ਵਿਚ ਹਾਂ-ਪੱਖੀ ਨਜ਼ਰੀਏ ਦਾ ਬਹੁਤ ਮਹੱਤਵ ਹੈ। ਜ਼ਿੰਦਗੀ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਅੰਤ ਤਕ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦੇ ਸੰਘਰਸ਼ ਦੇ ਦੌਰ 'ਚੋਂ ਗੁਜ਼ਰਦੇ ਰਹੇ ਹੁੰਦੇ ਹਾਂ। ਅਜਿਹੇ ਵਿਚ ਸਾਡੇ ਅੰਤਰ-ਮਨ ਵਿਚ ਤਮਾਮ ਤਰ੍ਹਾਂ ਦੇ ਨਾਂਹ-ਪੱਖੀ ਵਿਚਾਰ ਵੀ ਤੇਜ਼ੀ ਨਾਲ ਆਪਣੀ ਥਾਂ ਬਣਾਉਂਦੇ ਹਨ ਜੋ ਕੁਝ ਸਮੇਂ ਲਈ ਆਪਣੀ ਇਕ ਸਥਾਈ ਪੈਂਠ ਬਣਾ ਲੈਂਦੇ ਹਨ। ਇਹ ਸਾਡੇ ਜੀਵਨ ਵਿਚ ਹਰ ਮੋੜ 'ਤੇ ਅੜਿੱਕਾ ਬਣ ਕੇ ਖੜ੍ਹੇ ਹੋ ਜਾਂਦੇ ਹਨ। ਜੀਵਨ ਦੇ ਹਰੇਕ ਮੋੜ 'ਤੇ ਮੁਸ਼ਕਲ ਹਾਲਾਤ ਦਾ ਸਾਹਮਣਾ ਜੇ ਅਸੀਂ ਆਪਣੀ ਨਾਂਹ-ਪੱਖੀ ਸੋਚ ਅਤੇ ਨਜ਼ਰੀਏ ਨੂੰ ਹਟਾ ਕੇ ਕਰੀਏ ਤਾਂ ਅਸਲ ਵਿਚ ਸਾਡੀ ਸਫਲਤਾ ਦੀ ਦਰ ਕਾਫ਼ੀ ਹੱਦ ਤਕ ਵੱਧ ਜਾਵੇਗੀ। ਇਸੇ 'ਤੇ ਇਕ ਵਾਰ ਵਿੰਸਟਲ ਚਰਚਿਲ ਨੇ ਕਿਹਾ ਸੀ ਕਿ ਇਕ ਨਿਰਾਸ਼ਾਵਾਦੀ ਵਿਅਕਤੀ ਨੂੰ ਹਰ ਮੌਕੇ 'ਚ ਕਠਿਨਾਈ ਦਿਖਾਈ ਦਿੰਦੀ ਹੈ, ਉੱਥੇ ਹੀ ਇਕ ਆਸ਼ਾਵਾਦੀ ਵਿਅਕਤੀ ਨੂੰ ਹਰ ਕਠਿਨਾਈ ਵਿਚ ਮੌਕਾ ਦਿਖਾਈ ਦਿੰਦਾ ਹੈ। ਦਰਅਸਲ, ਹਾਂ-ਪੱਖੀ ਸੋਚ ਹੀ ਸਫਲਤਾ ਦੀ ਮੂਲ ਬੁਨਿਆਦ ਹੁੰਦੀ ਹੈ ਕਿਉਂਕਿ ਇਸ 'ਤੇ ਹੀ ਅੱਗੇ ਚੱਲ ਕੇ ਮਨੁੱਖ ਦੇ ਅੰਦਰ ਸੰਘਰਸ਼, ਸਬਰ ਅਤੇ ਪ੍ਰੇਰਨਾ ਜਿਹੇ ਭਾਵ ਅਤੇ ਗੁਣ ਵਿਕਸਤ ਹੁੰਦੇ ਹਨ ਜੋ ਸੰਕਲਪ ਦੇ ਭਾਵ ਨੂੰ ਜਗਾਉਂਦੇ ਹਨ। ਹਾਂ-ਪੱਖੀ ਨਜ਼ਰੀਆ ਮਨੁੱਖ ਦੇ ਅੰਦਰ ਉਮੀਦ ਨੂੰ ਜਨਮ ਦਿੰਦਾ ਹੈ ਜਿਸ ਸਦਕਾ ਉਹ ਆਪਣੇ ਟੀਚੇ ਦੀ ਪ੍ਰਾਪਤੀ ਲਈ ਆਪਣੇ ਅੰਦਰ ਲੁਕੇ ਹੁਨਰ ਨੂੰ ਉਘਾੜਦਾ ਹੈ। ਨਾਂਹ-ਪੱਖੀ ਸੋਚ ਵਾਲੇ ਵਿਅਕਤੀ ਦੂਜਿਆਂ ਵਿਚ ਹਮੇਸ਼ਾ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਕਮੀਆਂ ਲੱਭਦੇ ਰਹਿੰਦੇ ਹਨ। ਇੰਜ ਵਿਅਕਤੀ ਅੰਦਰ ਹੀਣ-ਭਾਵਨਾ ਜਨਮ ਲੈਂਦੀ ਹੈ। ਹੀਣ-ਭਾਵਨਾ ਤੋਂ ਪੀੜਤ ਵਿਅਕਤੀ ਕਦੇ ਵੀ ਆਪਣੇ ਟੀਚੇ ਨੂੰ ਆਪਣੀ ਪ੍ਰਤਿਭਾ ਮੁਤਾਬਕ ਹਾਸਲ ਨਹੀਂ ਕਰ ਸਕਦਾ। ਉਹ ਇਸ ਸੱਚਾਈ ਨੂੰ ਨਹੀਂ ਸਮਝ ਪਾਉਂਦਾ ਕਿ ਨਾਂਹ-ਪੱਖੀ ਸੋਚ ਹੀ ਅਸਫਲਤਾ ਦਾ ਮੂਲ ਕਾਰਕ ਹੈ। ਓਥੇ ਹੀ, ਦੂਜੇ ਪਾਸੇ ਹਾਂ-ਪੱਖੀ ਸੋਚ ਵਾਲਾ ਵਿਅਕਤੀ ਆਪਣੀਆਂ ਕਮੀਆਂ ਨੂੰ ਦੂਰ ਕਰ ਕੇ ਹਾਂ-ਪੱਖੀ ਮਨ ਨਾਲ ਟੀਚੇ ਨੂੰ ਹਾਸਲ ਕਰਨ ਲਈ ਅੱਗੇ ਵਧਦਾ ਹੈ। ਇਸ ਦਾ ਇਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਅਜਿਹੇ ਲੋਕਾਂ ਵਿਚ ਆਤਮ-ਵਿਸ਼ਵਾਸ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ ਜੋ ਅਸਲ ਵਿਚ ਸਭ ਤੋਂ ਵੱਡੀ ਪ੍ਰੇਰਨਾ ਹੈ। ਹਾਂ-ਪੱਖੀ ਨਜ਼ਰੀਏ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਸ ਨਾਲ ਮਨੁੱਖ ਦੇ ਅੰਦਰ ਮੁਸ਼ਕਲਾਂ ਨਾਲ ਲੜਨ ਦੀ ਸਮਰੱਥਾ ਵਿਕਸਤ ਹੋ ਜਾਂਦੀ ਹੈ, ਉਸ ਅੰਦਰ ਭਾਈਚਾਰੇ, ਸਮਾਜਿਕ ਸਹਿਯੋਗ ਅਤੇ ਤਾਲਮੇਲ ਦੇ ਗੁਣ ਆ ਜਾਂਦੇ ਹਨ। ਇਸ ਤਰ੍ਹਾਂ ਇਹ ਤਣਾਅ, ਕੁੜੱਤਣ ਅਤੇ ਬਿਨਾਂ ਮਕਸਦ ਵਾਲੀ ਜ਼ਿੰਦਗੀ ਜਿਊਣ ਜਿਹੀਆਂ ਕਮੀਆਂ ਨੂੰ ਦੂਰ ਕਰ ਕੇ ਇਕ ਚੰਗੀ ਸ਼ਖ਼ਸੀਅਤ ਦੇ ਨਿਰਮਾਣ ਵਿਚ ਸਹਿਯੋਗ ਕਰਦਾ ਹੈ।
-ਸ਼ਿਵਾਂਸ਼ੂ ਰਾਏ।