ਇੱਥੇ ਬੜਾ ਵੱਡਾ ਤੀਰਥ ਅਸਥਾਨ ਬਣੇਗਾ ਅਤੇ ਜਿਹੜਾ ਹਿਰਦਾ ਸ਼ੁੱਧ ਕਰ ਕੇ 12 ਮੱਸਿਆ ਨਹਾਵੇਗਾ, ਉਸ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਤੇ ਦੁੱਖ ਕੱਟੇ ਜਾਣਗੇ। ਗੁਰੂ ਸਾਹਿਬ ਤਿੰਨ ਦਿਨ ਤੇ ਦੋ ਰਾਤਾਂ ਰਹਿ ਕੇ ਮੱਲੇ ਨਾਮੀ ਤਰਖਾਣ ਨੂੰ ਨਿਹਾਲ ਕਰ ਕੇ ਤ੍ਰਲੋਕ ਦਾਸ ਸਾਧ ਦਾ ਉਧਾਰ ਕਰ ਕੇ ਅੱਗੇ ਕੈਥਲ ਨੂੰ ਚਲੇ ਗਏ।

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਟਿਆਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਪਾਤੜਾਂ ਦੀ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਬਹਿਰ ਜੱਛ ਨੂੰ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਗੁਰੂ ਸਾਹਿਬ ਜਦੋਂ ਧਰਮ ਪ੍ਰਚਾਰ ਲਈ ਪਰਿਵਾਰ ਸਮੇਤ ਮਾਲਵੇ ਦੀ ਯਾਤਰਾ ਕਰ ਰਹੇ ਸਨ ਤਾਂ ਧਮਧਾਨ ਸਾਹਿਬ ਤੋਂ ਹੁੰਦੇ ਹੋਏ ਕੱਤਕ ਵਦੀ ਪੰਜ ਸੰਮਤ 1723 ਨੂੰ ਇਸ ਸਥਾਨ ਉਤੇ ਪੁੱਜੇ। ਮੱਲਾ ਨਾਮੀ ਤਰਖਾਣ ਸਿੱਖ ਨੇ ਪਰਿਵਾਰ ਸਮੇਤ ਗੁਰੂ ਸਾਹਿਬਾਨ ਨੂੰ ਆ ਕੇ ਮੱਥਾ ਟੇਕਣ ਉਪਰੰਤ ਆਪਣੇ ਘਰ ਲਿਜਾ ਕੇ ਸੇਵਾ ਟਹਿਲ ਕੀਤੀ। ਮੱਲੇ ਸਿੱਖ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਨਾਲੋਂ-ਨਾਲ ਗਿਆਨ ਦੀਆਂ ਬਾਤਾਂ ਕਰਦਾ ਰਿਹਾ।
ਕਿਸੇ ਸਮੇਂ ਮੌਜੂਦਾ ਹਰਿਆਣਾ ਦੇ ਇਤਿਹਾਸਕ ਸ਼ਹਿਰ ਪਿਹੋਵਾ ਦੀ ਤਰਫੋਂ ਹੋ ਕੇ ਸਰੁਸਤੀ ਨਦੀ ਇਸ ਪਿੰਡ ਦੇ ਬਿਲਕੁਲ ਕੋਲੋਂ ਲੰਘਦੀ ਸੀ। ਅਗਲੇ ਦਿਨ ਅੰਮ੍ਰਿਤ ਵੇਲੇ ਗੁਰੂ ਸਾਹਿਬ ਸਰੁਸਤੀ ਨਦੀ ਵਿੱਚੋਂ ਇਸ਼ਨਾਨ ਕਰ ਕੇ ਨਿਤਨੇਮ ਦਾ ਪਾਠ ਕਰ ਰਹੇ ਸਨ ਕਿ ਪਿੰਡ ਵਿੱਚੋਂ ਲੋਕ ਇਕੱਠੇ ਹੋ ਕੇ ਆਏ, ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਬੜੇ ਗਰੀਬ ਹਾਂ। ਸਾਡੀ ਗਰੀਬੀ ਦੂਰ ਕਰੋ। ਇਸ ਪਿੰਡ ਦੇ ਲੋਕ ਤੰਬਾਕੂ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਸਨ। ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਤੰਬਾਕੂ ਛੱਡੋ, ਤੁਹਾਡੀ ਗੁਰੂ ਗਰੀਬੀ ਦੂਰ ਹੋ ਜਾਵੇਗੀ। ਪਿੰਡ ਵਾਸੀਆਂ ਨੇ ਕਿਹਾ ਕਿ ਤੰਬਾਕੂ ਤਾਂ ਅਸੀਂ ਨਹੀਂ ਛੱਡ ਸਕਦੇ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਜੇਕਰ ਅੱਜ ਹੀ ਤੰਬਾਕੂ ਛੱਡ ਦਿੰਦੇ ਤਾਂ ਹੁਣ ਹੀ ਗਰੀਬੀ ਦੂਰ ਹੋ ਜਾਂਦੀ। ਜਾਉ ਹੁਣ ਕੁਝ ਸਮਾਂ ਪਾ ਕੇ ਮੇਰੇ ਸਿੱਖ ਆਉਣਗੇ ਤਾਂ ਲਹਿਰਾਂ-ਬਹਿਰਾਂ ਹੋਣਗੀਆਂ ਤੇ ਗਰੀਬੀ ਦੂਰ ਹੋਵੇਗੀ। ਇੱਥੇ ਬੜਾ ਵੱਡਾ ਤੀਰਥ ਅਸਥਾਨ ਬਣੇਗਾ ਅਤੇ ਜਿਹੜਾ ਹਿਰਦਾ ਸ਼ੁੱਧ ਕਰ ਕੇ 12 ਮੱਸਿਆ ਨਹਾਵੇਗਾ, ਉਸ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਤੇ ਦੁੱਖ ਕੱਟੇ ਜਾਣਗੇ।
ਗੁਰੂ ਸਾਹਿਬ ਤਿੰਨ ਦਿਨ ਤੇ ਦੋ ਰਾਤਾਂ ਰਹਿ ਕੇ ਮੱਲੇ ਨਾਮੀ ਤਰਖਾਣ ਨੂੰ ਨਿਹਾਲ ਕਰ ਕੇ ਤ੍ਰਲੋਕ ਦਾਸ ਸਾਧ ਦਾ ਉਧਾਰ ਕਰ ਕੇ ਅੱਗੇ ਕੈਥਲ ਨੂੰ ਚਲੇ ਗਏ। 1947 ਦੀ ਭਾਰਤ ਪਾਕਿਸਤਾਨ ਵੰਡ ਮਗਰੋਂ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਲਹਿੰਦੇ ਪੰਜਾਬ ਤੋਂ ਆ ਕੇ ਇੱਥੇ ਵੱਸ ਗਏ। ਇਸ ਅਸਥਾਨ ਦੀ ਉਸਾਰੀ ਕਰਵਾਈ। ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਬਹਿਰ ਸਾਹਿਬ ਸੁਸ਼ੋਭਿਤ ਹੈ। ਸ਼ਾਨਦਾਰ ਸਰੋਵਰ ਬਣਿਆ ਹੋਇਆ ਹੈ। ਇਸ ਅਸਥਾਨ ’ਤੇ ਹਰ ਮਹੀਨੇ ਮੱਸਿਆ ਦਾ ਮੇਲਾ ਭਰਦਾ ਹੈ। ਦੂਰੋਂ-ਦੂਰੋਂ ਸੰਗਤਾਂ ਮੱਸਿਆ ਵਾਲੇ ਦਿਨ ਆ ਕੇ ਇੱਥੇ ਹਾਜ਼ਰੀ ਭਰਦੀਆਂ ਹਨ। ਕਾਰ ਸੇਵਾ ਵਾਲੇ ਬਾਬਾ ਕਾਬਲ ਸਿੰਘ ਜੀ ਨੇ ਲੰਬਾ ਸਮਾਂ ਇਸ ਅਸਥਾਨ ਦੀ ਸੇਵਾ ਕੀਤੀ। ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਹੈ ਤੇ ਮੌਜੂਦਾ ਸਮੇਂ ਸੇਵਾ ਬਾਬਾ ਕਾਬਲ ਸਿੰਘ ਕਰ ਰਹੇ ਹਨ ਜਦੋਂ ਕਿ ਗੁਰੂ ਘਰ ਦੀ ਸੇਵਾ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲਿਆਂ ਕੋਲ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਗਰਾਨੀ ਹੇਠ ਸਥਾਨਕ ਕਮੇਟੀ ਕਰਦੀ ਹੈ।