ਇਸ ਤੋਂ ਅੱਗੇ ਜਦੋਂ ਗੁਰੂ ਸਾਹਿਬ ਨਗਰ ਢਿੱਲਵਾਂ ਪਹੁੰਚੇ ਜਿੱਥੇ ਪਿੰਡ ਦੀ ਚੜ੍ਹਦੀ ਨੁੱਕਰੇ ਬਾਹਰਵਾਰ ਪਿੰਡ ਤੋਂ ਕਰੀਬ ਇਕ ਫਰਲਾਂਗ ਪੂਰਬ-ਦੱਖਣ ਵਾਲੇ ਪਾਸੇ ਉਤਾਰਾ ਕੀਤਾ। ਇਸ ਪਿੰਡ ਵਿਚ ਪਿੰਡ ਸੁਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ (ਪਹਿਲਾਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ) ਤੋਂ ਆ ਕੇ ਆਰਜ਼ੀ ਤੌਰ ਉੱਤੇ ਵਸੇ ਹੋਏ ਭਾਈ ਮਧੋ ਜੀ ਸੰਗਤਾਂ ਸਮੇਤ ਗੁਰੂ ਸਾਹਿਬ ਦੀ ਟਹਿਲ ਸੇਵਾ ਵਿਚ ਹਾਜ਼ਰ ਹੋਏ। ਕਿਹਾ ਜਾਂਦਾ ਹੈ ਕਿ ਉਹ ਆਪਣੀ ਮਾਸੀ ਦੇ ਪੁੱਤਰਾਂ ਕੋਲ ਨੇੜਲੇ ਪਿੰਡ ਮੌੜ ਆਏ ਹੋਏ ਸਨ, ਜਿਥੋਂ ਅੱਗੇ ਖੇਤੀ ਲਈ ਨਗਰ ਢਿੱਲਵਾਂ ਆਏ। ਉਨ੍ਹਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਗੁਰੂ ਸਾਹਿਬ ਦਾ ਸ਼ਰਧਾਲੂ ਸੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਗੁਰੂ ਤੇਗ਼ ਬਹਾਦਰ ਸਾਹਿਬ ਆਪਣੀ ਪਹਿਲੀ ਪ੍ਰਚਾਰ ਫੇਰੀ ਦੌਰਾਨ ਸਮੁੱਚੇ ਕਾਫ਼ਲੇ ਜਿਸ ਵਿਚ ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਦਾਸ ਜੀ ਸਮੇਤ ਅਨੇਕਾਂ ਸਿੱਖ ਸੰਗਤਾਂ ਸ਼ਾਮਿਲ ਸਨ। ਨਗਰ ਢਿੱਲਵਾਂ ਜ਼ਿਲ੍ਹਾ ਬਰਨਾਲਾ ਵਿਖੇ 2 ਮਾਘ 1665 ਨੂੰ ਪਹੁੰਚੇ, ਇਸ ਤੋਂ ਪਹਿਲਾਂ ਉਹ ਮੂਲੋਵਾਲ, ਸੇਖਾ, ਫਰਵਾਹੀ, ਕੱਟੂ, ਹੰਢਿਆਇਆ, ਅੜੀਸਰ ਸਾਹਿਬ ਤੇ ਸੋਹੀਆਣਾ ਹੁੰਦੇ ਹੋਏ ਨਗਰ ਢਿੱਲਵਾਂ ਪਧਾਰੇ ਸਨ।
ਕੈਲੋਂ ਸਾਹਿਬ 'ਚ ਪੜਾਅ : ਉਹ ਖੁੱਡੀ ਖੁਰਦ ਨੇੜੇ ਨਗਰ ਧੌਲਾ ਦੀ ਜੂਹ ਵਿਚ ਬਣੇ ਗੁਰਦੁਆਰਾ ਸੋਹੀਆਣਾ ਸਾਹਿਬ ਤੋਂ ਢਿੱਲਵਾਂ ਲਈ ਚੱਲੇ ਤਾਂ ਰਸਤੇ ਵਿਚ ਇਕ ਜਗ੍ਹਾ ਠਹਿਰੇ ਜਿੱਥੇ ਨੇੜੇ ਹੀ ਕੁਝ ਲੋਕ ਵੱਸਦੇ ਸਨ। ਧਾਰਨਾ ਮੁਤਾਬਕ ਉਥੋਂ ਦੇ ਕੁਝ ਲੋਕਾਂ ਨੇ ਗੁਰੂ ਸਾਹਿਬ ਦੇ ਕਾਫ਼ਲੇ ਦਾ ਅਸਬਾਬ ਲੁੱਟਣ ਦੀ ਬਦਨੀਤੀ ਧਾਰੀ ਤਾਂ ਇਸ ਬਾਰੇ ਉਸੇ ਇਲਾਕੇ ਦੀ ਇਕ ਮਾਤਾ ਨੇ ਗੁਰੂ ਸਾਹਿਬ ਤੱਕ ਜਾਣਕਾਰੀ ਪਹੁੰਚਾਈ ਅਤੇ ਦੁੱਧ ਦੀ ਸੇਵਾ ਲੈ ਕੇ ਹਾਜ਼ਰ ਹੋਈ। ਗੁਰੂ ਸਾਹਿਬ ਉਨ੍ਹਾਂ ਲੋਕਾਂ ਨੂੰ ਮਨਮੁੱਖ ਜਾਣ ਕੇ ਕਾਫ਼ਲੇ ਸਮੇਤ ਅੱਗੇ ਨਗਰ ਢਿੱਲਵਾਂ ਲਈ ਰਵਾਨਾ ਹੋ ਗਏ। ਇਸ ਜਗ੍ਹਾ ਉੱਤੇ ਵੱਸਦਾ ਨਗਰ ਬਾਅਦ ਵਿਚ ਉੱਜੜ ਗਿਆ ਜਾਂ ਇਕ ਮੱਤ ਇਹ ਹੈ ਕਿ ਲੋਕ ਨਗਰ ਛੱਡ ਕੇ ਨੇੜਲੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੌਲੋਂਕੇ ਜਾਂ ਹੋਰ ਇਧਰ-ਓਧਰ ਜਾ ਕੇ ਵਸ ਗਏ ਤੇ ਸਾਰਾ ਪਿੰਡ ਜ਼ਮੀਨ ਅੰਦਰ ਹੀ ਧੱਸ ਗਿਆ। ਇਸ ਵਿਚ ਕਿੰਨੀ ਕੁ ਸੱਚਾਈ ਹੈ, ਕੁਝ ਨਹੀਂ ਆਖਿਆ ਜਾ ਸਕਦਾ ਪਰ ਪਿਛਲੇ ਸਮਿਆਂ ਵਿਚ ਖੁਦਾਈ ਦੌਰਾਨ ਕੁਝ ਪੁਰਾਤਨ ਘਰੇਲੂ ਵਰਤੋਂ ਦਾ ਸਮਾਨ ਜਿਵੇਂ ਚੱਕੀਆਂ ਦੇ ਪੁੜ, ਮਿੱਟੀ ਦੇ ਬਰਤਨ ਆਦਿ ਜ਼ਰੂਰ ਮਿਲੇ ਸਨ, ਇੱਥੇ ਅੱਜਕਲ੍ਹ ਗੁਰੁਦਆਰਾ ਕੈਲੋਂ ਸਾਹਿਬ ਹੈ। ਆਲੀਸ਼ਾਨ ਦਰਬਾਰ ਸਾਹਿਬ ਕੰਪਲੈਕਸ ਬਣਿਆ ਹੋਇਆ ਹੈ, ਜਿਹੜਾ ਕਿ ਖੁੱਡੀ ਖੁਰਦ, ਸੁਖਪੁਰਾ ਮੌੜ, ਘੁੰਨਸ ਅਤੇ ਢਿੱਲਵਾਂ ਵਿਚਕਾਰ ਖੇਤਾਂ ਵਿਚ ਨਿਵੇਕਲਾ ਅਸਥਾਨ ਹੈ। ਇਹ ਅਸਥਾਨ ਢਿੱਲਵਾਂ ਤੋਂ ਖੁੱਡੀ ਖੁਰਦ ਰੋਡ ਉੱਤੇ ਸੜਕ ਤੋਂ ਕਰੀਬ ਅੱਧਾ ਕਿੱਲੋਮੀਟਰ ਉੱਤਰ ਵੱਲ ਨੂੰ ਖੇਤਾਂ ਵਿਚਕਾਰ ਹੈ ਤੇ ਨੇੜੇ ਕੋਈ ਅਬਾਦੀ ਨਹੀਂ। ਇਥੇ ਪੁਰਾਤਨ ਖੂਹ ਹੈ, ਜਿਸ ਬਾਰੇ ਆਖਿਆ ਜਾਂਦਾ ਹੈ ਕਿ ਨਗਰ ਢਿੱਲਵਾਂ ਦੀ ਇਕ ਧੀ ਚੰਦ ਕੌਰ ਜਿਹੜੀ ਕਿ ਨਾਭੇ ਦੇ ਮਹਾਰਾਜੇ ਹੀਰਾ ਸਿੰਘ ਦੀ ਰਾਣੀ ਸੀ, ਨੇ ਇਹ ਖੂਹ ਲਗਵਾਇਆ ਗਿਆ ਸੀ।
ਢਿੱਲਵਾਂ ’ਚ ਆਮਦ : ਇਸ ਤੋਂ ਅੱਗੇ ਜਦੋਂ ਗੁਰੂ ਸਾਹਿਬ ਨਗਰ ਢਿੱਲਵਾਂ ਪਹੁੰਚੇ ਜਿੱਥੇ ਪਿੰਡ ਦੀ ਚੜ੍ਹਦੀ ਨੁੱਕਰੇ ਬਾਹਰਵਾਰ ਪਿੰਡ ਤੋਂ ਕਰੀਬ ਇਕ ਫਰਲਾਂਗ ਪੂਰਬ-ਦੱਖਣ ਵਾਲੇ ਪਾਸੇ ਉਤਾਰਾ ਕੀਤਾ। ਇਸ ਪਿੰਡ ਵਿਚ ਪਿੰਡ ਸੁਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ (ਪਹਿਲਾਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ) ਤੋਂ ਆ ਕੇ ਆਰਜ਼ੀ ਤੌਰ ਉੱਤੇ ਵਸੇ ਹੋਏ ਭਾਈ ਮਧੋ ਜੀ ਸੰਗਤਾਂ ਸਮੇਤ ਗੁਰੂ ਸਾਹਿਬ ਦੀ ਟਹਿਲ ਸੇਵਾ ਵਿਚ ਹਾਜ਼ਰ ਹੋਏ। ਕਿਹਾ ਜਾਂਦਾ ਹੈ ਕਿ ਉਹ ਆਪਣੀ ਮਾਸੀ ਦੇ ਪੁੱਤਰਾਂ ਕੋਲ ਨੇੜਲੇ ਪਿੰਡ ਮੌੜ ਆਏ ਹੋਏ ਸਨ, ਜਿਥੋਂ ਅੱਗੇ ਖੇਤੀ ਲਈ ਨਗਰ ਢਿੱਲਵਾਂ ਆਏ। ਉਨ੍ਹਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਗੁਰੂ ਸਾਹਿਬ ਦਾ ਸ਼ਰਧਾਲੂ ਸੀ।
ਇੱਥੇ ਗੁਰੂ ਜੀ ਕਿੰਨਾਂ ਸਮਾਂ ਰੁਕੇ, ਵੱਖ-ਵੱਖ ਧਾਰਨਾਵਾਂ ਇੰਝ ਹਨ
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼, ਪੰਨਾ 565 ਕਾਲਮ 3 ਮੁਤਾਬਕ :-
" ਰਿਆਸਤ ਨਾਭਾ, ਨਜ਼ਾਮਤ ਫੂਲ ਤਹਿਸੀਲ ਅਤੇ ਥਾਣਾ ਧਨੌਲਾ ਵਿਚ ਇਕ ਪਿੰਡ ਹੈ, ਜੋ ਨਾਭੇ ਤੇ ਪਟਿਆਲਾ ਰਿਆਸਤਾਂ ਦੋਹਾਂ ਦਾ ਸਾਂਝਾ ਹੈ।
ਨਾਭਾ ਪੱਤੀ ਦੀ ਹੱਦ ਵਿਚ ਦੋ ਗੁਰਦੁਆਰੇ ਹਨ
ਓ - ਪਿੰਡ ਤੋਂ ਅਗਨ ਕੋਣ ਇਕ ਮੀਲ ਦੇ ਕਰੀਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਧੌਲੇ ਤੋ ਆਉਂਦੇ ਪੰਜ ਇਸ਼ਨਾਨਾ ਕਰ ਕੇ ਥੋੜ੍ਹਾ ਸਮਾਂ ਆਰਾਮ ਕੀਤਾ ਇੱਥੇ ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ ਤੇ ਸੇਵਾਦਾਰ ਕੋਈ ਨਹੀਂ। ਰਿਆਸਤ ਨਾਭਾ ਨੇ 12 ਰੁਪਏ ਸਾਲਾਨਾ ਦੀਵਾ-ਬੱਤੀ ਲਈ ਲਗਾਏ।
ਅ - ਪਿੰਡ ਤੋਂ ਦੱਖਣ ਵੱਲ ਇਕ ਫਰਲਾਂਗ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਹੈ, ਦਰਅਸਲ ਉਥੇ ਗੁਰੂ ਸਾਹਿਬ ਨੇ ਕਈ ਦਿਨ ਨਿਵਾਸ ਕੀਤਾ ਸੀ। ਗੁਰਦਆਰਾ ਛੋਟਾ ਜਿਹਾ ਬਣਿਆ ਹੋਇਆ ਹੈ ਤੇ ਲਾਗੇ ਮਕਾਨ ਵੀ ਹਨ। 35 ਘੁਮਾਅ ਜ਼ਮੀਨ ਰਿਆਸਤ ਨਾਭਾ, 15 ਘੁਮਾਅ ਜ਼ਮੀਨ ਬਾਬਾ ਖੁਸ਼ਹਾਲ ਸਿੰਘ ਤੇ 10 ਘੁਮਾਅ ਪਿੰਡ ਵੱਲੋਂ ਹੈ। ਤਪਾ ਰੇਲਵੇ ਸਟੇਸ਼ਨ ਤੋਂ ਤਿੰਨ ਮੀਲ ਈਸਾਨ ਕੋਣ ਹੈ।"
-ਕੁਝ ਜ਼ੁਬਾਨੀ ਪ੍ਰਚੱਲਤ ਧਾਰਨਾਵਾਂ ਮੁਤਾਬਕ ਗੁਰੂ ਜੀ ਨੇ ਇਸ ਅਸਥਾਨ ਉੱਤੇ ਸਰੋਵਰ ਬਣਵਾਏ, ਨੇੜਲੇ ਸ਼ਹਿਰ ਤਪਾ ਦੇ ਗੁਜਰਾਤੀ ਪੰਡਿਤਾਂ ਨੂੰ ਰਾਜਸਥਾਨ ਤੋਂ ਮੰਗਵਾ ਕੇ 101 ਕਪਲਾ ਗਊ ਦਾਨ ਕਰਨ ਬਾਰੇ ਹੈ। ਇਕ ਵਿਚਾਰ ਇਹ ਹੈ ਕਿ ਇਲਾਕੇ ਵਿਚ ਖੇਤੀ ਦੀ ਸਿੰਚਾਈ ਲਈ ਖੂਹ ਲਗਵਾਏ ਤੇ ਲੋੜਵੰਦਾਂ ਨੂੰ ਪਸ਼ੂ ਧਨ ਵੰਡਿਆ। ਇਕ ਹੋਰ ਧਾਰਨਾ ਮੁਤਾਬਕ ਗੁਰੂ ਸਾਹਿਬ ਇੱਥੇ ਨੌ ਮਹੀਨੇ, ਨੌ ਦਿਨ, ਨੌ ਘੰਟੇ ਤੇ ਘੜੀਆਂ ਦਾ ਸਮਾਂ ਰੁਕੇ ਪਰ ਏਨਾ ਸਮਾਂ ਗੁਰੂ ਸਾਹਿਬ ਇੱਥੇ ਠਹਿਰਾਅ ਕਰਨ ਨਾਲ ਅਗਲੀ ਯਾਤਰਾ ਦਾ ਸਮਾਂ ਮੇਲ ਨਹੀਂ ਖਾਂਦਾ। ਸ਼ਾਇਦ ਇਹ ਤੱਥ ਬਹੁਤ ਸਮਾਂ ਬਾਅਦ ਜ਼ੁਬਾਨੀ ਜੋੜੇ ਗਏ ਹੋਣ, ਜਿਵੇਂ ਕਿ ਉ‘ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ’ ਤੋਂ ਲਿਆ ਹੋਵੇ। ਇਕ ਤਰਕ ਭਰੋਸੇਯੋਗ ਜਾਪਦਾ ਹੈ ਕਿ ਉਹ ਇਸ ਅਸਥਾਨ ਉੱਤੇ ਲੰਬਾ ਸਮਾਂ ਰੁਕੇ ਹੋਣਗੇ ਕਿਉਕਿ ਨੇੜਲੇ ਪਿੰਡਾਂ ਮੌੜ, ਤਪਾ ਤੇ ਰੂੜੇਕੇ ਕਲਾਂ ਆਦਿ ਵਿਚ ਪ੍ਰਚਾਰ ਹਿੱਤ ਜਾਣ ਬਾਰੇ ਟੁੱਟਵੇਂ ਵਿਚਾਰ ਮਿਲਦੇ ਹਨ, ਨੇੜਲੇ ਪਿੰਡ ਮੌੜ ਵਿਖੇ ਦੁੱਲਮੀ ਕੀ ਢਾਬ ਉੱਤੇ ਜਾਣ ਦੇ ਵੀ ਪ੍ਰਮਾਣ ਮਿਲਦੇ ਹਨ, ਇੱਥੇ ਗੁਰਦੁਆਰਾ ਦੁੱਲਮਸਰ ਸਾਹਿਬ ਪਿੰਡ ਮੌੜ ਦੀ ਜੂਹ ਵਿਚ ਹੈ। ਇਤਿਹਾਸਕਾਰ ਇਕਮਤ ਨਹੀਂ, ਕੋਈ ਕੁਝ ਦਿਨ ਆਖਦਾ ਹੈ, ਕੋਈ 3-4 ਦਿਨ ਆਖਦਾ ਹੈ ਅਤੇ ਕੁਝ ਥਾਂ ਮਹੀਨੇ ਆਖਦੇ ਹਨ। ਮਾਲਵਾ ਖਿੱਤੇ ਅੰਦਰ ਇੱਥੇ ਲੰਬੀ ਠਾਹਰ ਦੇ ਟੇਵੇ ਜ਼ਰੂਰ ਹਨ।
--
ਤਵਾਰੀਖ ਗੁਰੂ ਖ਼ਾਲਸਾ : ਲਿਖਤ ਗਿਆਨੀ ਗਿਆਨ ਸਿੰਘ 'ਮਾਲਵੇ ਦੇ’ ਪੰਨਾ 17-18 ਮੁਤਾਬਕ ਪਿੰਡ ਦੀ ਜੂਹ ਵਿਚ ਮੋਹੀਵਾਲ ਨਾਂ ਦੇ ਢਾਬ ਉੱਤੇ ਉੱਤਰ ਕੇ ਪੰਜ ਇਸ਼ਨਾਨਾ ਕਰ ਕੇ, ਰਾਤ ਨੂੰ ਢਿੱਲਵਾਂ ਪਿੰਡ ਜਾ ਰਹੇ ਸਨ। ਉਥੋਂ ਦੇ ਢਿੱਲੋਂ ਜੱਟਾਂ ਨੇ ਪ੍ਰੇਮ ਨਾਲ ਤਿੰਨ ਦਿਨ ਸੇਵਾ ਕੀਤੀ। ਗੁਰੂ ਜੀ ਨੇ ਉਥੇ ਗਰੀਬ ਬ੍ਰਾਹਮਣਾਂ ਨੂੰ ਕਈ ਗਊਆਂ ਮੁੱਲ ਮੰਗਵਾ ਕੇ ਦਾਨ ਕੀਤੀਆਂ। ਫੇਰ ਉਸੇ ਥਾਂ ਇਕ ਭਾਰਾ ਜੱਗ ਕੀਤਾ। ਪੱਕਾ ਭੋਜਨ ਬਣਵਾ ਕੇ ਬ੍ਰਾਹਮਣਾਂ ਅਤੇ ਉਸ ਦੇਸ ਦਾ ਸਾਰੇ ਸਾਧਾਂ ਤੇ ਗ਼ਰੀਬਾਂ ਨੂੰ ਛਕਾਇਆ। ਉਥੋਂ ਦੇ ਲੋਕਾਂ ਨੂੰ ਭਗਤੀ ਭਜਨ ਦ੍ਰਿੜਾ ਕੇ ਗੁਰੂ ਜੀ ਪੰਦੇਹਰ ਪਿੰਡ ਗਏ। (ਪੰਦੇਹਰ ਪਿੰਡ ਅੱਜਕਲ ਬਰਨਾਲਾ ਜ਼ਿਲ੍ਹੇ ਦਾ ਪਿੰਡ ਪੰਧੇਰ ਕਰ ਕੇ ਜਾਣਿਆ ਜਾਂਦਾ ਹੈ।)
ਇਵੇਂ ਹੀ ਡਾ. ਸੁਖਦਿਆਲ ਸਿੰਘ ਵੀ ਆਪਣੀ ਪੁਸਤਕ ਗੁਰੂ ਤੇਗ ਬਹਾਦਰ ਮਾਰਗ ਪੰਜਾਬ, ਪਬਲੀਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇੱਥੇ ਗੁਰੂ ਸਾਹਿਬ ਦੇ ਆਉਣ ਬਾਰੇ ਆਪਣੇ ਖੋਜ ਕਾਰਜ ਵਿਚ ਜ਼ਿਕਰ ਕਰਦੇ ਹਨ। ਉਹ ਮਾਲਵੇ ਦੇ ਦੌਰੇ ਦਾ ਵਕਤ 1673 ਤੋ 1675 ਦੇ ਪਹਿਲੇ ਅੱਧ ਦਾ ਮੰਨਦੇ ਹਨ। ਉਨ੍ਹਾਂ ਮੁਤਾਬਕ ਪਿੰਡ ਢਿੱਲਵਾਂ ਤੇ ਮੌੜ ਨੇੜੇ-ਨੇੜੇ ਹੋਣ ਕਰ ਕੇ ਇੱਕੋ ਸੰਯੁਕਤ ਨਾਂ ਢਿੱਲਵਾਂ-ਮੌੜ ਨਾਲ ਹੀ ਕਹੇ ਜਾਂਦੇ ਹਨ। ਬਰਨਾਲੇ ਤੋਂ ਤਪੇ ਵਿੱਚੋਂ ਦੀ ਜੋ ਸੜਕ ਪੱਖੋ ਨੂੰ ਜਾਂਦੀ ਹੈ, ਢਿੱਲਵਾਂ-ਮੌੜ ਉਸ ਉਪਰ ਸਥਿਤ ਹੈ। ਢਿੱਲਵਾਂ ਵਿਖੇ ਮੱਦੋ ਨਾਮੀ ਸਿੱਖ, ਗੁਰੂ ਘਰ ਦਾ ਪ੍ਰਚਾਰਕ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਧਰਮ ਪ੍ਰਚਾਰ ਕਰ ਰਹੇ ਸਨ ਤਾਂ ਮਧੋ, ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਲਿਆਉਣ ਲਈ ਗਿਆ ਸੀ। ਇੱਥੇ ਆ ਕੇ ਗੁਰੂ ਸਾਹਿਬ ਕਾਫੀ ਸਮਾਂ ਠਹਿਰੇ ਸਨ। ਅਸਲ ਵਿਚ ਢਿੱਲਵਾਂ ਪਿੰਡ ਵਿਚ ਗੁਰੂ ਜੀ ਨੇ ਆਪਣਾ ਮੁੱਖ ਡੇਰਾ ਰੱਖਿਆ ਹੋਇਆ ਸੀ ਤੇ ਆਲੇ- ਦੁਆਲੇ ਦੇ ਪਿੰਡਾਂ ਵਿਚ ਧਰਮ ਪ੍ਰਚਾਰ ਕਰਨ ਜਾਂਦੇ ਸਨ। ਪੁਰਾਣੀਆਂ ਪੁਸਤਕਾਂ ਜਿਵੇਂ ਕਿ ਸਾਖੀ ਪੋਥੀ ਜਾਂ ਸ੍ਰੀ ਗੁਰੂ ਤੀਰਥ ਸੰਗ੍ਰਹਿ ਸਾਖੀ ਪੋਥੀ ਵਿਚ ਕੁਝ ਅਢੁਕਵੀਆਂ ਗੱਲਾਂ ਗੁਰੂ ਸਾਹਿਬ ਨਾਲ ਜੋੜੀਆਂ ਗਈਆਂ ਹਨ, ਜੋ ਤਰਕਹੀਣ ਹਨ ਤੇ ਖ਼ਾਸਕਰ ਸਿੱਖ ਵਿਚਾਰਧਾਰਾ ਦੇ ਵੀ ਵਿਰੁੱਧ ਹਨ। ਜਿਵੇਂ ਕਿ 101 ਗਊਆਂ ਪਾਂਡਿਆਂ ਨੂੰ ਦਾਨ ਕੀਤੀਆਂ ਸਨ। ਹੁਣ ਵੇਖਿਆ ਜਾਵੇ ਕਿ 101 ਗਊਆਂ ਪਾਂਡਿਆਂ ਨੂੰ ਦਾਨ ਕਰਨ ਵਿਚ ਤਰਕ, ਦਲੀਲ ਜਾਂ ਵਿਚਾਰਧਾਰਾ ਦੀ ਗੱਲ ਹੈ? ਗੁਰੂ ਜੀ ਤਾਂ ਇਥੇ ਲੋਕਾਂ ਨੂੰ ਬ੍ਰਾਹਮਣਾਂ, ਸਰਵਰੀਆਂ, ਬੈਰਾਗੀਆਂ ਅਤੇ ਸਨਿਆਸੀਆਂ ਵੱਲੋਂ ਫੈਲਾਏ ਗਏ ਭਰਮ ਜਾਲਾਂ ਵਿੱਚੋਂ ਮੁਕਤ ਕਰਾਉਣ ਲਈ ਪਧਾਰੇ ਸਨ। ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਗਊਆਂ ਪੁੰਨ ਕਰਨ ਦੇ ਸਬੰਧ ਵਿਚ ਇਸ਼ਾਰਾ ਮਾਤਰ ਵੀ ਜਾਣਕਾਰੀ ਨਹੀਂ ਮਿਲਦੀ। ਇਵੇਂ ਹੀ ਸੂਰਜ ਗ੍ਰਹਿਣ ਲੱਗੇ ਹੋਣ ਕਰ ਕੇ ਦਾਨ ਦੇਣ ਦੀ ਗੱਲ ਵੀ ਗੁਰੂ ਜੀ ਨਾਲ ਜੋੜੀ ਜਾਂਦੀ ਹੈ, ਜਿਸ ਦਾ ਗੁਰਮਤਿ ਫ਼ਲਸਫ਼ੇ ਮੁਤਾਬਕ ਕੋਈ ਆਧਾਰ ਨਹੀਂ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਦੇ ਮੁਖੀ ਰਹੇ ਕਰੀਬ 30 ਕਿਤਾਬਾਂ ਦੇ ਲੇਖਕ ਡਾ. ਫੌਜਾ ਸਿੰਘ ਆਪਣੀ ਪੁਸਤਕ ‘ਸ੍ਰੀ ਗੁਰੂ ਤੇਗ ਬਹਾਦਰ ਯਾਤਰਾ ਅਸਥਾਨ, ਪ੍ਰੰਪਰਾਵਾਂ ਤੇ ਯਾਦ-ਚਿੰਨ੍ਹ’ 1976 ਦੇ ਪੰਨਾ 103 ਉੱਤੇ ਲਿਖਦੇ ਹਨ। ਢਿੱਲਵਾਂ ਮੌੜ ਪਿੰਡ ਪਹਿਲਾਂ ਨਾਭਾ ਤੇ ਪਟਿਆਲਾ ਰਿਆਸਤਾਂ ਦਾ ਸਾਂਝਾ ਸੀ। ਇੱਥੋਂ ਦੇ ਲੋਕ ਆਕੀ ਹੋ ਗਏ ਸਨ। ਦੋਵਾਂ ਰਿਆਸਤਾਂ ਨੇ ਰਲ ਕੇ ਇਸ ਨੂੰ ਸਰ ਕੀਤਾ ਸੀ। ਇਸ ਲਈ ਇੱਥੇ ਦੋਵਾਂ ਰਿਆਸਤਾਂ ਦਾ ਸਾਂਝਾ ਕੰਟਰੋਲ ਸੀ। ਇਹ ਪਿੰਡ ਤਪਾ ਰੇਲਵੇ ਸਟੇਸ਼ਨ ਤੋਂ 3 ਮੀਲ ਉੱਤਰ ਪੂਰਬ ਵੱਲ ਹੈ। ਤਪੇ ਤੋਂ ਪੱਕੀ ਸੜਕ ਢਿੱਲਵਾਂ ਵਿਚ ਦੀ ਪੱਖੋਂ ਨੂੰ ਜਾਂਦੀ ਹੈ। ਇੱਥੋਂ ਦੀ ਤਹਿਸੀਲ ਤਪਾ ਮੰਡੀ ਤੇ ਜ਼ਿਲ੍ਹਾ ਬਰਨਾਲਾ ਹੈ। ਇਸ ਪਿੰਡ ਦਾ ਨਾਂ ਢਿੱਲਵਾ ਇਸ ਕਰ ਕੇ ਹੈ ਕਿਉਂਕਿ ਇਸ ਦਾ ਮੋੜ੍ਹੀਗੱਡ ਢਿੱਲੋਂ ਗੋਤ ਦਾ ਸੀ, ਢਿਲਵਾਂ ਪਿੰਡ ਹੋਰ ਵੀ ਹਨ। ਇਸ ਨੂੰ ਮੌੜ ਪਿੰਡ ਨੇੜੇ ਹੋਣ ਕਰ ਕੇ ਢਿੱਲਵਾਂ ਮੌੜ ਕਹਿੰਦੇ ਹਨ।
ਪਿੰਡ ਦੇ ਬਜ਼ੁਰਗਾਂ ਮੁਤਾਬਕ ਜਦੋਂ ਗੁਰੂ ਸਾਹਿਬ ਢਿਲਵਾਂ ਪਧਾਰੇ, ਉਸ ਵੇਲੇ ਉੱਥੇ ਸਿਰਫ਼ ਝੁੱਗੀਆਂ ਜਾਂ ਕੱਚੇ ਕੋਠੇ ਹੀ ਸਨ। ਇਨ੍ਹਾਂ ਝੁੱਗੀਆਂ ਨੂੰ ਸੁਰ ਸਿੰਘ ਪਿੰਡ ਤਹਿਸੀਲ ਪੱਟੀ ਤੋਂ ਆ ਕੇ ਮਧੋ ਨਾਮੀ ਢਿੱਲੋ ਗੋਤ ਦੇ ਜੱਟ ਨੇ ਵਸਾਇਆ ਸੀ। ਮਧੋ ਨੂੰ ਮੌੜਾਂ ਵਿਚ ਰਹਿੰਦਾ ਮਾਨ ਗੋਤ ਦਾ ਰਿਸ਼ਤੇਦਾਰ ਲੈ ਕੇ ਆਇਆ ਸੀ, ਦੋਵੇਂ ਆਪੋ ਵਿਚ ਮਾਸੀਆਂ ਦੇ ਪੁੱਤਰ ਭਰਾ ਸਨ। ਮਧੋ ਦੇ ਪੁੱਤਰਾਂ ਦੇ ਨਾਂ ਲਾਲੂ, ਨੱਥਾ, ਰਾਜਾ, ਬਾਜਾ, ਖਾਨਾ ਅਤੇ ਮਾਨਾ ਸਨ। ਇਨ੍ਹਾਂ ਸਾਰਿਆਂ ਦੀਆਂ ਪੱਤੀਆਂ ਪਿੰਡ ਦੇ ਮਾਲ ਦੇ ਰਿਕਾਰਡ ਵਿਚ ਦਰਜ ਹਨ। ਇਸ ਤੋਂ ਇਲਾਵਾ ਦੋ ਪੱਤੀਆਂ ਹੋਰ ਹਨ ਜੋ ਇਨ੍ਹਾਂ ਦੇ ਰਿਸ਼ਤੇਦਾਰ ਜਾਂ ਦੋਸਤ ਹਨ, ਉਹ ਪਿੱਛੋਂ ਆਏ ਸਨ। ਇਹ ਪੱਤੀਆਂ ਚਾਹੜ ਅਤੇ ਲਸ਼ਕਰੀ ਹਨ। ਚਾਹੜ ਧਾਲੀਵਾਲ ਗੋਤ ਦਾ ਜੱਟ ਧਨੌਲੇ ਤੋਂ ਅਤੇ ਲਸ਼ਕਰੀ ਮਹਿਰਾਜ ਤੋਂ ਆ ਕੇ ਵੱਸਿਆ ਸੀ। ਗੁਰੂ ਸਾਹਿਬ ਦੇ ਆਉਣ ਤੋਂ ਕੁਝ ਚਿਰ ਪਹਿਲਾਂ ਕੈਲੋਂ ਪਿੰਡ ਵਾਲੀ ਭੱਡਲੀ ਨਦੀ ਇੱਥੋਂ ਦੀ ਵਗਦੀ ਸੀ। ਇਸ ਨਦੀ ਦੇ ਕਿਨਾਰੇ ਮੁਸਲਮਾਨ ਮਾਹੀਗੀਰਾਂ ਨੇ ਆਪਣੇ ਛੋਟੇ- ਛੋਟੇ 12 ਪਿੰਡ ਵਸਾਏ ਹੋਏ ਸਨ। ਦਰਿਆ ਦੇ ਵਹਿਣ ਵਿਚ ਤਬਦੀਲੀ ਹੋਣ ਕਰ ਕੇ ਇਹ ਨਦੀ ਬੰਦ ਹੋ ਗਈ ਤੇ ਇਸ ਕਾਰਨ ਉਹ ਸਾਰੇ ਮਾਹੀਗੀਰ ਉਜੜ ਗਏ। ਉਨ੍ਹਾਂ ਦੇ ਜੋ ਛੋਟੇ- ਛੋਟੇ ਪਿੰਡ ਜਟੂ, ਬਟੂ, ਮੋਟੂ ਅਤੇ ਸੋਟਾ ਆਦਿ ਸਨ। ਉਨਾਂ ਦੇ ਛੋਟੇ- ਛੋਟੇ ਥੇਹ ਢਿਲਵਾਂ ਦੇ ਆਸ-ਪਾਸ ਪਏ ਹਨ। ਭਡਲੀ ਨਦੀ ਦੇ ਪੁਰਾਣੇ ਵਹਿਣ ਉੱਤੇ ਹੁਣ ਲਸਾੜਾ ਡਰੇਨ ਕੋਟਲਾ ਬਰਾਂਚ ਚਲਦੀ ਹੈ। ਇਹ ਡਰੇਨ ਢਿਲਵਾਂ ਤੇ ਤਪੇ ਦੇ ਵਿਚਕਾਰ ਦੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਭਾਈ ਮਧੋ, ਮਾਝੇ ਦੇ ਇਲਾਕੇ ਤੋਂ ਆਉਣ ਕਰ ਕੇ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਸ਼ਰਧਾਲੂ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਹੰਡਿਆਏ ਆਏ ਹੋਏ ਹਨ ਤਾਂ ਉਹ ਖੁਦ ਗੁਰੂ ਸਾਹਿਬ ਨੂੰ ਕੈਲੋ ਪਿੰਡ ਦੇ ਨੇੜੇ ਜਾ ਕੇ ਮਿਲਿਆ ਅਤੇ ਉਨ੍ਹਾਂ ਨੂੰ ਆਪਣੇ ਪਿੰਡ ਢਿੱਲਵਾਂ ਵਿਚ ਡੇਰਾ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਮਧੋ ਦਾ ਪ੍ਰੇਮ ਵੇਖ ਕੇ ਮੰਜੀ ਸਾਹਿਬ ਵਾਲੀ ਥਾਂ ’ਤੇ ਆ ਕੇ ਡੇਰਾ ਕੀਤਾ। ਇੱਥੇ ਇਕ ਭਾਰੀ ਢਾਬ ਹੁੰਦੀ ਸੀ, ਇਸ ਲਈ ਇੱਥੋਂ ਦੇ ਗੁਰਦੁਆਰੇ ਦਾ ਨਾਂ ਪਹਿਲਾਂ ਬਜ਼ੁਰਗਾਂ ਵਿਚ ‘ਗੁਰੂਸਰ’ ਪ੍ਰਚੱਲਤ ਸੀ। ਹੁਣ ਇਸ ਦਾ ਨਾਂ ਸਰਕਾਰੀ ਰਿਕਾਰਡ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਹੈ।
ਬਜ਼ੁਰਗਾਂ ਵਿਚ ਇਹ ਗੱਲ ਆਮ ਪ੍ਰਚੱਲਤ ਹੈ ਗੁਰੂ ਸਾਹਿਬ ਢਿੱਲਵਾਂ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ ਠਹਿਰੇ ਸਨ। ਇਹ ਗੱਲ ਯਕੀਨ ਨਾਲ ਨਹੀਂ ਕਹੀ ਜਾ ਸਕਦੀ ਪਰ ਇਹ ਗੱਲ ਸਪਸ਼ਟ ਹੈ ਕਿ ਗੁਰੂ ਸਾਹਿਬ ਢਿੱਲਵਾਂ ਕਈ ਮਹੀਨੇ ਠਹਿਰੇ ਸਨ। ਜਦੋਂ ਗੁਰੂ ਸਾਹਿਬ ਨੇ ਢਿੱਲਵਾਂ ਡੇਰਾ ਲਾਇਆ ਹੋਇਆ ਤਾਂ ਉਸ ਸਮੇਂ ਸੂਰਜ ਦਾ ਗ੍ਰਹਿਣ ਲੱਗਿਆ ਸੀ। ਇਸ ਮੌਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਦੂਰ ਨੇੜੇ ਤੋਂ ਸੰਗਤ ਪੁੱਜੀ। ਇਸ ਮੌਕੇ ਗੁਰੂ ਜੀ ਨੇ ਢਿੱਲਵਾਂ ਅਤੇ ਮੌੜ ਤੋਂ ਇਕੋਤਰ ਸੌ (101) ਕਪਲਾ ਗਊਆਂ ਮੁੱਲ ਲੈ ਕੇ ਤਪੇ ਦੇ ਗੁਜਰਾਤੀ ਢੌਂਸੀ ਨੂੰ ਪੁੰਨ ਕੀਤੀਆਂ। ਸੰਕਲਪ ਲੈਣ ਵੇਲੇ ਉਸ ਦਾ ਸਰੀਰ ਮਚਣ ਲੱਗ ਪਿਆ ਸੀ, ਬੱਜਰ ਦਾਨ ਸਮਝ ਕੇ ਉਸ ਨੇ ਵਾਪਸ ਦੇਣ ਲਈ ਕਿਹਾ ਪਰ ਗੁਰੂ ਜੀ ਨੇ ਉਸ ਨੂੰ ਛੱਪੜੀ ਵਿਚ ਇਸ਼ਨਾਨ ਕਰਨ ਲਈ ਆਖਿਆ ਇਸ਼ਨਾਨ ਉਪਰੰਤ ਉਸ ਨੂੰ ਸ਼ਾਂਤੀ ਆਈ। ਲੋਕ-ਵਿਸ਼ਵਾਸ ਮੁਤਾਬਕ ਗੁਰੂ ਜੀ ਨੇ ਇਸ ਛੱਪੜੀ ਨੂੰ ਵਰ੍ਹ ਦਿੱਤਾ ਕਿ ਸੂਰਜ ਗ੍ਰਹਿਣ ਸਮੇਂ ਕੁਰੂਕਸ਼ੇਤਰ ਦੇ ਇਸ਼ਨਾਨ ਦਾ ਜਿਹੜਾ ਫਲ ਮਿਲਦਾ ਹੈ ਓਹੀ ਫਲ ਇਸ ਛੱਪੜੀ ਵਿਚ ਨਹਾਉਣ ਨਾਲ ਮਿਲੇਗਾ। ਜਿੱਥੇ ਹੁਣ ਮੰਜੀ ਸਾਹਿਬ ਬਣੀ ਹੋਈ ਹੈ ਇਸ ਨੂੰ ਪਹਿਲਾਂ ਜ਼ਮੀਨਾਂ ਵਾਲੇ ਬਣਾਉਣ ਨਹੀਂ ਸੀ ਦਿੰਦੇ। ਜਦ ਕੋਈ ਥੜ੍ਹਾ ਬਣਾਇਆ ਜਾਂਦਾ ਸੀ ਉਹ ਢਾਹ ਦਿੰਦੇ ਸਨ। ਕੁਦਰਤ ਦਾ ਭਾਣਾ ਕੁਝ ਅਜਿਹਾ ਹੋਇਆ ਕਿ ਉਹਨਾਂ ਵਿੱਚੋਂ ਕੁਝ ਔਂਤਰੇ ਹੀ ਮਰ ਗਏ। ਬਾਕੀਆਂ ਨੂੰ ਪਛਤਾਵਾ ਹੋਇਆ ਤੇ ਉਨ੍ਹਾਂ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਬੇ-ਔਲਾਦ ਹੋਣ ਦਾ ਕਾਰਨ ਇਹ ਅਵੱਗਿਆ ਹੀ ਹੈ। ਹੁਣ ਉਹ ਗੁਰੂ ਅਸਥਾਨ ਦੀ ਬੇਅਦਬੀ ਨਹੀਂ ਕਰਦੇ, ਉਹ ਸੱਚੇ ਸ਼ਰਧਾਲੂ ਬਣੇ ਹੋਏ ਹਨ ਤੇ ਸਕੂਨ ਨਾਲ ਰਹਿੰਦੇ ਹਨ। ਮੁਰੱਬਾਬੰਦੀ ਸਮੇਂ ਉਨ੍ਹਾਂ ਸਾਰਾ ਟੱਕ ਛੱਡ ਕੇ ਤਬਾਦਲੇ ਵਿਚ ਗੁਰੂ ਘਰ ਨੂੰ 35 ਕਿੱਲ੍ਹੇ ਦੇ ਦਿੱਤੇ ਹਨ। ਮਹਾਰਾਜਾ ਹੀਰਾ ਸਿੰਘ ਨਾਭਾ ਨੇ ਦੋ ਹਲਾਂ ਦੀ ਜ਼ਮੀਨ ਗੁਰਦੁਆਰੇ ਦੇ ਨਾਂ ਲਵਾਈ ਸੀ। ਮਹਾਰਾਜਾ ਹੀਰਾ ਸਿੰਘ ਦੀ ਰਾਣੀ ਚੰਦ ਕੌਰ ਇੱਥੋਂ ਦੀ ਧੀ ਸੀ। ਇਸ ਵਕਤ ਗੁਰਦੁਆਰੇ ਕੋਲ ਕੁਲ ਜ਼ਮੀਨ 55 ਕਿੱਲ੍ਹੇ ਹੈ। ਇਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ।
-------------
ਸਰੋਵਰ ਦੀ ਅਣਹੋਂਦ : ਸੰਗਤਾਂ ਦੇ ਇਸ਼ਨਾਨ ਲਈ ਭਾਵੇਂ ਸਰੋਵਰ ਬਣਿਆ ਹੋਇਆ ਹੈ। ਇਹ ਸੰਨ 1995 ਵਿਚ ਕਾਰ ਸੇਵਾ ਰਾਹੀਂ ਬਣਾਇਆ ਗਿਆ ਹੈ। (ਅਸਲੀ ਪੁਰਾਤਨ ਛੱਪੜੀ/ਸਰੋਵਰ ਬਾਰੇ ਅੰਦਾਜ਼ਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਨਾਲ ਬਣਿਆ ਗੰਦੇ ਪਾਣੀ ਵਾਲਾ ਛੱਪੜ ਹੀ ਪੁਰਾਤਨ ਸਰੋਵਰ ਹੋਵੇਗਾ ਕਿਉਕਿ ਬਜ਼ੁਰਗ ਇਸੇ ਵਿਚ ਇਸ਼ਨਾਨ ਕਰਦੇ ਵੇਖੇ ਗਏ ਹਨ। ਇੱਥੇ ਸੂਰਜ ਗ੍ਰਹਿਣ ਤੇ ਬੜਾ ਭਾਰੀ ਮੇਲਾ ਲੱਗਦਾ ਹੈ। ਇੱਥੇ ਵਿਸਾਖੀ ਪੋਹ ਸੁਦੀ ਸੱਤਵੀਂ ਤੇ ਸ਼ਹੀਦੀ ਪੁਰਬ ਪਾਤਸ਼ਾਹੀ ਨੌਵੀਂ ਖ਼ਾਸ ਤੌਰ ਉੱਤੇ ਮਨਾਏ ਜਾਂਦੇ ਹਨ। ਸੂਰਜ ਗ੍ਰਹਿਣ ਤੇ 101 ਗਊਆਂ ਦੇ ਪੁੰਨ ਦਾਨ ਦਾ ਜ਼ਿਕਰ ਸਾਖੀ ਪੋਥੀ (ਸਫ਼ਾ 11, ਸਾਖੀ 7)ਨੇ ਵੀ ਕੀਤਾ ਹੈ। ਤਾਰਾ ਸਿੰਘ ਨਰੋਤਮ (ਗੁਰ ਤੀਰਥ ਸੰਗ੍ਰਹਿ ਗੁਰਦੁਆਰਾ ਨੰ : 26, ਸਫ਼ਾ 79) ਨੇ ਵੀ ਮੌੜ ਢਿੱਲਵਾਂ ਵਿਚ ਇਕੋਤਰ ਸੌ ਕਪਲਾ ਗਊਆਂ ਦੇ ਦਾਨ ਦਾ ਜ਼ਿਕਰ ਕੀਤਾ ਹੈ। ਇਸ ਨਗਰ ਢਿੱਲਵਾਂ ਦੇ ਪੂਰਬ ਵੱਲ ਨਿਕਲੀ ਡਰੇਨ ਕੋਲ ਕਿਸੇ ਸਮੇਂ ਦਰਿਆ ਵਗਦੇ ਹੋਣ ਦੀ ਗੱਲ ਵੀ ਪ੍ਰਚੱਲਤ ਹੈ।
ਢਿੱਲਵਾਂ ਨਗਰ ਬਾਰੇ ਜਾਣਕਾਰੀ : ਢਿੱਲਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਕਰ ਕੇ ਉਨ੍ਹਾਂ ਦੇ ਵਿਚਾਰਾਂ ਨੂੰ ਪ੍ਰਣਾਇਆ ਹੈ। ਨਗਰ ਅੰਦਰ ਇੱਕੋ-ਇਕ ਗੁਰਦੁਆਰਾ ਸਾਹਿਬ ਹੈ। ਅੰਦਾਜਨ 10000 ਤੋਂ ਵੱਧ ਦੀ ਆਬਾਦੀ ਵਾਲੇ ਨਗਰ ਵਿਚ ਕਿਸੇ ਵੀ ਜਾਤ, ਗੋਤ ਦੇ ਵਿਅਕਤੀ ਨੇ ਵੱਖਰਾ ਗੁਰਦੁਆਰਾ ਨਹੀਂ ਬਣਾਇਆ। ਭਾਵੇਂ ਨਗਰ ਅੰਦਰ ਕਿਸਾਨ, ਮਜ਼ਦੂਰ (ਰਵਿਦਾਸੀਏ ਸਿੱਖ, ਮਜ਼੍ਹਬੀ ਸਿੱਖ, ਛੀਂਬੇ, ਤਰਖਾਣ, ਮਹਿਰੇ, ਰਾਜੇ ਤੇ ਬਾਜ਼ੀਗਰ) ਵੱਸਦੇ ਹਨ। ਸਿੱਖ ਧਰਮ, ਹਿੰਦੂ ਅਤੇ ਮੁਸਲਮਾਨ ਆਬਾਦੀ ਵੀ ਭਾਈਚਾਰਕ ਸਾਂਝ ਨਾਲ ਵੱਸਦੀ ਹੈ। ਪਿੰਡ ਅੰਦਰ ਛੇ ਪੰਚਾਇਤਾਂ, ਅੰਦਾਜ਼ਨ 7000 ਏਕੜ ਰਕਬਾ, 7500 ਕਰੀਬ ਵੋਟਰ ਹਨ। ਪਿੰਡ ਵਿੱਚੋਂ ਦੋ ਬਸਤੀਆਂ ਕਾਮਰੇਡ ਬਸਤੀ ਪੱਖੋ ਕੈਂਚੀਆਂ ਰੋਡ ਉੱਤੇ ਅਤੇ ਨੰਦੀ ਬਸਤੀ ਤਪਾ ਰੋਡ ਉੱਤੇ ਵਸੀ ਹੋਈ ਹੈ। ਪਿੰਡ ਵਿੱਚੋਂ ਹੀ ਆਲੀਕੇ ਰੋਡ ਉੱਤੇ ਕੋਠੇ ਅਮਰ ਸਿੰਘ ਵਾਲਾ ਬਣੇ ਸਨ, ਜਿਨ੍ਹਾਂ ਦਾ ਨਾਮ ਕੋਠੇ ਵਾਦੀਆਂ ਅਤੇ ਹੁਣ ਜੈਤਾ ਸਰ ਹੈ, ਵੱਖਰੀ ਪੰਚਾਇਤ ਹੈ। ਕਰੀਬ 8 ਡੇਰੇ ਅਤੇ ਇਕ ਮਸੀਤ ਬਣੀ ਹੋਈ ਹੈ। ਲੋਕਾਂ ਵੱਲੋਂ ਆਪੋ -ਆਪਣੇ ਗੁਰੂ ਪੀਰਾਂ ਦੇ ਨਾਵਾਂ ਉੱਤੇ ਧਰਮਸ਼ਾਲਾਵਾਂ ਜਿਵੇਂ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ, ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿਚ, ਰਵਿਦਾਸ ਜੀ ਮਹਾਰਾਜ ਦੀ ਯਾਦ ਵਿਚ, ਬਾਬਾ ਵਿਸ਼ਵਕਰਮਾ ਜੀ ਦੀ ਯਾਦ ਵਿਚ, ਬਾਬਾ ਨੇਤਾ ਜੀ ਦੀ ਯਾਦ ਵਿਚ, ਬਾਬਾ ਨੱਥਾ ਜੀ ਦੀ ਯਾਦ ਵਿਚ ਅਸਥਾਨ ਬਣੇ ਹਨ।
ਨਗਰ ਵਿਚ 9 ਪੱਤੀਆਂ (ਅਗਵਾੜ) ਦਾ ਸੰਕਲਪ ਵੀ ਨੌਵੇਂ ਗੁਰੂ ਦੇ ਨਾਮ ਨਾਲ ਜੁੜਿਆ ਜਾਂ ਜੋੜਿਆ ਗਿਆ ਜਾਪਦਾ ਹੈ। ਪਿੰਡ ਦੇ ਐਨ ਵਿਚਕਾਰ ਪੱਕੀਆਂ/ਉੱਚੀਆਂ ਦੁਕਾਨਾਂ /ਹੱਟਾਂ ਹਨ, ਭਾਵ ਇਕ ਪੁਰਾਣੀ ਮਾਰਕੀਟ ਹੈ। ਜਿਥੋਂ ਅੱਡੋ- ਅੱਡ ਨੌ ਪੱਤੀਆਂ (ਰਾਜਾ, ਬਾਜਾ, ਮਾਨਾ, ਖ਼ਾਨਾ, ਜੈਤਾ ,ਚਾਹੜ, ਨੱਥਾ, ਲਸ਼ਕਰੀ ਅਤੇ ਲਾਲੂ) ਨੂੰ ਗਲੀਆਂ ਨਿਕਲਦੀਆਂ ਹਨ। ਇਸ ਇਲਾਕੇ ਨੂੰ ਪਿੰਡ ਦਾ ਮੁੱਢ ਧੁੰਨੀ ਮੰਨਿਆ ਜਾਂਦਾ ਹੈ।
ਸੰਸਥਾਵਾਂ ਤੇ ਥੁੜ੍ਹਾਂ : ਪਿੰਡ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਕਾਲਜ ਕੈਂਪਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਢਿੱਲਵਾਂ (ਨਾਭਾ) ਸਰਕਾਰੀ ਪ੍ਰਾਇਮਰੀ ਸਕੂਲ ਢਿੱਲਵਾਂ (ਪਟਿਆਲਾ), ਕੇਂਦਰੀ ਜਵਾਹਰ ਨਵੋਦਿਆ ਵਿਦਿਆਲਿਆ, ਸਿਹਤ ਕੇਂਦਰ ਮੁਹੱਲਾ ਕਲੀਨਿਕ, ਡਾਕਖਾਨਾ ਆਦਿ ਬਣੇ ਹੋਏ ਹਨ। ਪਸ਼ੂ ਹਸਪਤਾਲ, ਸੁਵਿਧਾ ਕੇਂਦਰ ਅਤੇ ਦੋਵੇਂ ਸਰਕਾਰੀ ਆਰਓ ਸੈਂਟਰ ਚਿੱਟੇ ਹਾਥੀ ਬਣ ਚੁੱਕੇ ਹਨ। ਡਾਕਖਾਨਾ ਵੀ ਬੰਦ ਪਏ ਸੁਵਿਧਾ ਕੇਂਦਰ ਵਿਚ ਚੱਲਦਾ ਹੈ। ਪਟਵਾਰਖ਼ਾਨੇ ਦੀ ਇਮਾਰਤ ਖ਼ਸਤਾ ਹੈ। ਜਵਾਹਰ ਨਵੋਦਿਆ ਵਿਦਿਆਲਿਆ ਦੇ ਰਸਤੇ ਵਿਚ ਅਜੇ ਵੀ ਧੂੜ ਉੱਡਦੀ ਹੈ। ਕਿਸਾਨਾਂ ਦੀ ਸਹਿਕਾਰੀ ਸਭਾ ਕਾਰਜਸ਼ੀਲ ਹੈ। ਫ਼ਸਲਾਂ ਦੀ ਵਿਕਰੀ ਲਈ ਦੋ ਅਨਾਜ ਮੰਡੀਆਂ ਹਨ। ਪਾਣੀ ਦੀ ਸਪਲਾਈ ਲਈ ਦੋ ਵਾਟਰ ਵਰਕਸ ਪਿੰਡ ਦੇ ਚੜ੍ਹਦੇ ਅਤੇ ਲਹਿੰਦੇ ਪਾਸੇ ਬਣੇ ਹੋਏ ਹਨ, ਇਹਨਾਂ ਵਿੱਚੋਂ ਪੁਰਾਣੀ ਟੈਂਕੀ ਡਿਗੂੰ- ਡਿਗੂੰ ਕਰਦੀ ਹੈ।
ਸਾਲਾਨਾ ਸਮਾਗਮ
ਗੁਰੂ ਜੀ ਦਾ ਇਸ ਨਗਰ ਵਿਚ ਆਉਣ ਦਾ ਦਿਨ ਹਰੇਕ ਸਾਲ 2 ਮਾਘ ਨੂੰ ਨਗਰ ਕੀਰਤਨ ਕਰ ਕੇ ਮਨਾਇਆ ਜਾਂਦਾ ਹੈ। ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦਾ ਸਲਾਨਾ ਦਿਹਾੜਾ ਤੋਂ ਬਿਨਾਂ ਗੁਰੂ ਜੀ ਦੇ ਸ਼ਹੀਦੀ, ਪ੍ਰਕਾਸ਼ ਦਿਹਾੜੇ, ਬੰਦੀ ਛੋੜ ਦਿਵਸ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਹਰੇਕ ਸਾਲ 13 ਅਪ੍ਰੈਲ ਵਿਸਾਖ ਨੂੰ ਵਿਸਾਖੀ ਵਾਲੇ ਦਿਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਢਿੱਲਵਾਂ ਵਿਖੇ ਸੰਗਤਾਂ ਹਾਜ਼ਰੀ ਭਰਦੀਆਂ ਹਨ।