Hukamnama Sahib : ਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ, ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ। ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ।2।
Today's Hukamnama Sahib : ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ ਰਾਮਕਲੀ ਮਹਲਾ ੫ ਰੁਤੀ ਸਲੋਕੁ ੴ ਸਤਿਗੁਰ ਪ੍ਰਸਾਦਿ ॥ ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥ ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥ ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥ ਛੰਤੁ ॥ ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥ ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥ ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥ ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥ ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥ ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥ {ਪੰਨਾ 927} (Hukamnama)
ਪਦ ਅਰਥ: ਬੰਦਨ = ਨਮਸਕਾਰ। ਬਾਛਉ = ਬਾਛਉਂ, ਮੈਂ ਮੰਗਦਾ ਹਾਂ। ਸਾਧਹ ਧੂਰਿ = ਸੰਤ ਜਨਾਂ ਦੀ ਚਰਨ ਧੂੜ। ਆਪੁ = ਆਪਾ-ਭਾਵ। ਨਿਵਾਰਿ = ਦੂਰ ਕਰ ਕੇ। ਭਜਉ = ਭਜਉਂ, ਮੈਂ ਜਪਦਾ ਹਾਂ। ਭਰਪੂਰਿ = ਸਰਬ-ਵਿਆਪਕ।1।
ਕਿਲਵਿਖ = ਪਾਪ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਦੁਖ ਭੰਜਨੋ = ਦੁੱਖਾਂ ਦਾ ਨਾਸ ਕਰਨ ਵਾਲਾ। ਨੀਤ = ਨਿੱਤ, ਸਦਾ।2।
ਛੰਤੁ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਵਡਭਾਗੀਹੋ = ਹੇ ਵੱਡੇ ਭਾਗਾਂ ਵਾਲਿਓ! ਭਗਵੰਤ = ਭਗਵਾਨ। ਰੁਤੀ = ਰੁਤਾਂ। ਮਾਹ = ਮਹੀਨੇ। ਮੂਰਤ = ਮੁਹੂਰਤ {ਲਫ਼ਜ਼ 'ਮੂਰਤ' ਅਤੇ 'ਮੂਰਤਿ' ਦਾ ਫ਼ਰਕ ਚੇਤੇ ਰੱਖੋ} ਦੋ ਘੜੀਆਂ ਜਿਤਨਾ ਸਮਾ {ਇਥੇ ਲਫ਼ਜ਼ 'ਮੂਰਤ' ਬਹੁ-ਵਚਨ ਹੈ}। ਉਚਰਤ = ਉਚਾਰਦਿਆਂ। ਸੋਭਾਵੰਤ = ਸੋਭਾ ਵਾਲੇ। ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਹੋਏ। ਧੰਨਿ = ਭਾਗਾਂ ਵਾਲੇ। ਤੇ = ਉਹ {ਬਹੁ-ਵਚਨ}। ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ-ਮਨ ਹੋ ਕੇ। ਸਫ਼ਲ = ਕਾਮਯਾਬ। ਤੁਲਿ = ਬਰਾਬਰ। ਕਿਰਿਆ = (ਮਿਥੇ ਹੋਏ ਧਾਰਮਿਕ) ਕੰਮ। ਪਾਪਾ ਹੰਤ = ਪਾਪਾਂ ਦਾ ਨਾਸ ਕਰਨ ਵਾਲਾ। ਸਿਮਰਿ = ਸਿਮਰ ਕੇ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਰਹੰਤ = ਰਹਿ ਜਾਂਦਾ ਹੈ।1।
ਅਰਥ: ਹੇ ਨਾਨਕ! (ਆਖ– ਹੇ ਭਾਈ!) ਪਾਰਬ੍ਰਹਮ ਪ੍ਰਭੂ ਨੂੰ ਨਮਸਕਾਰ ਕਰ ਕੇ ਮੈਂ (ਉਸ ਦੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਅਤੇ ਆਪਾ-ਭਾਵ ਦੂਰ ਕਰ ਕੇ ਮੈਂ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਜਪਦਾ ਹਾਂ।1।
ਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ, ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ। ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ।2।
ਛੰਤੁ। ਹੇ ਵੱਡੇ ਭਾਗਾਂ ਵਾਲਿਓ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ। ਹੇ ਭਗਵਾਨ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਜਸ ਗਾਂਦਾ ਰਹਾਂ। ਹੇ ਭਾਈ! ਜਿਹੜੀਆਂ ਰੁੱਤਾਂ, ਜਿਹੜੇ ਮੁਹੂਰਤ, ਜਿਹੜੀਆਂ ਘੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ, ਉਹ ਸਮੇ ਸੋਭਾ ਵਾਲੇ ਹੁੰਦੇ ਹਨ।
ਹੇ ਭਾਈ! ਜਿਹੜੇ ਬੰਦੇ ਪਰਮਾਤਮਾ ਦੇ ਗੁਣਾਂ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਜਿਨ੍ਹਾਂ ਬੰਦਿਆਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਬੰਦੇ ਭਾਗਾਂ ਵਾਲੇ ਹਨ। ਹੇ ਭਾਈ! (ਸਿਮਰਨ ਦੀ ਬਰਕਤਿ ਨਾਲ) ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਹੈ।
ਹੇ ਭਾਈ! ਪਰਮਾਤਮਾ (ਦਾ ਨਾਮ) ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਕੋਈ ਪੁੰਨ-ਦਾਨ ਕੋਈ ਧਾਰਮਿਕ ਕਰਮ ਹਰਿ-ਨਾਮ ਸਿਮਰਨ ਦੇ ਬਰਾਬਰ ਨਹੀਂ ਹਨ। ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। (ਸਿਮਰਨ ਦੀ ਬਰਕਤ ਨਾਲ) ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।1।
ਸਲੋਕ ॥ ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥ ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥ ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥ ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥ ਛੰਤੁ ॥ ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥ ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥ ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥ ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥ ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥ {ਪੰਨਾ 927-928}
ਪਦ ਅਰਥ: ਉਦਮੁ = (all-energy, ਜਿਸ ਵਿਚ ਕਿਤੇ ਰਤਾ ਭੀ ਆਲਸ ਨਾਹ ਹੋਵੇ) । ਅਗਮੁ = ਅਪਹੁੰਚ। ਅਗੋਚਰੋ = ਅਗੋਚਰੁ {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਾਹ ਹੋ ਸਕੇ। ਕਥਨੀ ਸਾ = ਕਥਨੀ ਸਾ (ਕਥਾਂ) , ਮੈਂ ਉਹ ਬੋਲ ਬੋਲਾਂ। ਤੁਧੁ = ਤੈਨੂੰ। ਅਧਾਰ = ਆਸਰਾ।1।
ਸਾਜਨ = ਹੇ ਸੱਜਣੋ! ਪਰਹੁ = ਪਏ ਰਹੋ। ਸਿਮਰਿ = ਸਿਮਰ ਕੇ। ਤੇ = ਤੋਂ। ਜਪਿ = ਜਪ ਕੇ।2।
ਛੰਤੁ। ਸਰਸ = ਰਸ ਵਾਲੀ, ਰਸੀਲੀ, ਸੁਆਦਲੀ। ਮਾਸੁ = ਮਹੀਨਾ। ਨਾਹੁ = ਨਾਥ, ਖਸਮ। ਮਉਲਿਆ = ਖਿੜ ਪਿਆ। ਸਾਸੁ = ਸਾਹ। ਘਰਿ = ਹਿਰਦੇ-ਘਰ ਵਿਚ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਸਖੀਏ = ਹੇ ਸਹੇਲੀਏ! ਸੁਘੜੁ = ਸੋਹਣੀ ਘਾੜਤ ਵਾਲਾ। ਬੇਤਾ = (ਸਭ ਕੁਝ) ਜਾਣਨ ਵਾਲਾ। ਵਡਭਾਗਿ = ਵੱਡੀ ਕਿਸਮਤ ਨਾਲ। ਤ੍ਰਾਸ = ਡਰ।
ਅਰਥ: ਹੇ ਪ੍ਰਭੂ! ਤੂੰ ਉੱਦਮ-ਸਰੂਪ ਹੈਂ (ਤੇਰੇ ਵਿਚ ਰਤਾ ਭੀ ਆਲਸ ਨਹੀਂ ਹੈ) , ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ; ਮੈਂ ਤੇਰੇ ਸੋਹਣੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਹੇ ਪ੍ਰਭੂ! (ਮਿਹਰ ਕਰ) ਮੈਂ (ਸਦਾ) ਉਹ ਬੋਲ ਬੋਲਾਂ ਜੋ ਤੈਨੂੰ ਚੰਗਾ ਲੱਗੇ। ਤੇਰਾ ਨਾਮ ਹੀ ਨਾਨਕ ਦਾ ਆਸਰਾ ਬਣਿਆ ਰਹੇ।1।
ਹੇ ਨਾਨਕ! (ਆਖ-) ਹੇ ਸੱਜਣੋ! ਗੁਰੂ-ਸੰਤ ਦੀ ਸਰਨ ਪਏ ਰਹੋ। (ਗੁਰੂ ਦੀ ਰਾਹੀਂ) ਬੇਅੰਤ ਮਾਲਕ-ਪ੍ਰਭੂ ਨੂੰ ਸਿਮਰ ਕੇ, ਭਗਵਾਨ ਦਾ ਨਾਮ ਜਪ ਕੇ (ਮਨੁੱਖ) ਸੁੱਕੇ ਤੋਂ ਹਰਾ ਹੋ ਜਾਂਦਾ ਹੈ।2।
ਛੰਤੁ। (ਹੇ ਸੱਜਣੋ! ਜਿਸ ਮਨੁੱਖ ਨੂੰ) ਪ੍ਰਭੂ-ਖਸਮ ਮਿਲ ਪੈਂਦਾ ਹੈ, ਉਸ ਦਾ ਮਨ ਉਸ ਦਾ ਤਨ ਉਸ ਦਾ (ਹਰੇਕ) ਸਾਹ ਖ਼ੁਸ਼ੀ ਨਾਲ ਮਹਿਕ ਉਠਦਾ ਹੈ, ਉਸ ਨੂੰ ਬਸੰਤ ਦੀ ਰੁਤਿ ਆਨੰਦ-ਦਾਇਕ ਪ੍ਰਤੀਤ ਹੁੰਦੀ ਹੈ, ਉਸ ਵਾਸਤੇ ਮਹੀਨਾ ਚੇਤ ਉਸ ਵਾਸਤੇ ਵੈਸਾਖ ਦਾ ਮਹੀਨਾ ਸੁਖਾਂ ਨਾਲ ਭਰਪੂਰ ਹੋ ਜਾਂਦਾ ਹੈ।
ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦੇ ਸੋਹਣੇ ਚਰਨ ਆ ਵੱਸਣ, ਉਸ ਦਾ ਹਿਰਦਾ ਖਿੜ ਪੈਂਦਾ ਹੈ; ਜਿਸ ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆ ਵੱਸੇ, ਉਥੇ ਸਦਾ ਆਨੰਦ ਬਣਿਆ ਰਹਿੰਦਾ ਹੈ। ਹੇ ਸਹੇਲੀਏ! ਉਹ ਪ੍ਰਭੂ ਸੁੰਦਰ ਹੈ, ਸੋਹਣਾ ਹੈ, ਸੁਜਾਨ ਹੈ, (ਸਭ ਦੇ ਦਿਲ ਦੀ) ਜਾਣਨ ਵਾਲਾ ਹੈ। ਉਸ ਗੋਬਿੰਦ ਦੇ ਗੁਣ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ।
ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੇ ਚੰਗੀ ਕਿਸਮਤ ਨਾਲ ਉਸ ਦਾ ਮਿਲਾਪ ਪ੍ਰਾਪਤ ਕਰ ਲਿਆ, ਉਸ ਨੇ ਆਪਣਾ ਸਾਰਾ ਦੁੱਖ ਦੂਰ ਕਰ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ। ਨਾਨਕ (ਭੀ ਉਸ ਦੇ ਦਰ ਤੇ) ਬੇਨਤੀ ਕਰਦਾ ਹੈ (ਤੇ ਆਖਦਾ ਹੈ– ਹੇ ਪ੍ਰਭੂ! ਜਿਹੜਾ ਭੀ ਜੀਵ) ਤੇਰੀ ਸਰਨ ਆ ਗਿਆ, (ਉਸ ਦੇ ਦਿਲੋਂ) ਮੌਤ ਦਾ ਸਹਿਮ ਦੂਰ ਹੋ ਗਿਆ।2।