ਨਵਾਂ ਸਾਲ ਉਹ ਪੜਾਅ ਹੁੰਦਾ ਹੈ ਜਦੋਂ ਅਸੀਂ ਪਿਛਲੇ ਸਾਲ ਦੀ ਧੂੜ ਝਾੜ ਕੇ ਭਵਿੱਖ ਦੇ ਰਾਹ ਨੂੰ ਉਜਵਲ ਬਣਾਉਣ ਦਾ ਸੰਕਲਪ ਲੈਂਦੇ ਹਾਂ। ਨਵੇਂ ਸਾਲ ਵਿਚ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਕਣ ਦੀ ਲੋੜ ਹੁੰਦੀ ਹੈ। ਸਾਲ ਭਰ ਦੀ ਦੌੜ-ਭੱਜ ਵਿਚ ਅਸੀਂ ਕਈ ਵਾਰ ਆਪਣੇ-ਆਪ ਤੋਂ ਦੂਰ ਹੋ ਜਾਂਦੇ ਹਾਂ, ਆਪਣੇ ਸੁਪਨਿਆਂ, ਕਦਰਾਂ-ਕੀਮਤਾਂ ਅਤੇ ਸੰਵੇਦਨਾਵਾਂ ਤੋਂ ਵੀ ਦੂਰ ਹੋ ਜਾਂਦੇ ਹਾਂ। ਨਵਾਂ ਸਾਲ ਸਾਨੂੰ ਇਹ ਸਿਖਾਉਂਦਾ ਹੈ ਕਿ ਜੀਵਨ ਸਿਰਫ਼ ਟੀਚਿਆਂ ਦੀ ਪ੍ਰਾਪਤੀ ਦੀ ਦੌੜ ਨਹੀਂ ਬਲਕਿ ਆਤਮਿਕ ਸੰਤੁਲਨ ਅਤੇ ਮਨੁੱਖੀ ਸੰਵੇਦਨਾ ਦੀ ਸਾਧਨਾ ਵੀ ਹੈ।

ਨਵਾਂ ਸਾਲ ਉਹ ਪੜਾਅ ਹੁੰਦਾ ਹੈ ਜਦੋਂ ਅਸੀਂ ਪਿਛਲੇ ਸਾਲ ਦੀ ਧੂੜ ਝਾੜ ਕੇ ਭਵਿੱਖ ਦੇ ਰਾਹ ਨੂੰ ਉਜਵਲ ਬਣਾਉਣ ਦਾ ਸੰਕਲਪ ਲੈਂਦੇ ਹਾਂ। ਨਵੇਂ ਸਾਲ ਵਿਚ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਕਣ ਦੀ ਲੋੜ ਹੁੰਦੀ ਹੈ। ਸਾਲ ਭਰ ਦੀ ਦੌੜ-ਭੱਜ ਵਿਚ ਅਸੀਂ ਕਈ ਵਾਰ ਆਪਣੇ-ਆਪ ਤੋਂ ਦੂਰ ਹੋ ਜਾਂਦੇ ਹਾਂ, ਆਪਣੇ ਸੁਪਨਿਆਂ, ਕਦਰਾਂ-ਕੀਮਤਾਂ ਅਤੇ ਸੰਵੇਦਨਾਵਾਂ ਤੋਂ ਵੀ ਦੂਰ ਹੋ ਜਾਂਦੇ ਹਾਂ। ਨਵਾਂ ਸਾਲ ਸਾਨੂੰ ਇਹ ਸਿਖਾਉਂਦਾ ਹੈ ਕਿ ਜੀਵਨ ਸਿਰਫ਼ ਟੀਚਿਆਂ ਦੀ ਪ੍ਰਾਪਤੀ ਦੀ ਦੌੜ ਨਹੀਂ ਬਲਕਿ ਆਤਮਿਕ ਸੰਤੁਲਨ ਅਤੇ ਮਨੁੱਖੀ ਸੰਵੇਦਨਾ ਦੀ ਸਾਧਨਾ ਵੀ ਹੈ। ਇਸ ਸਮੇਂ ਸਾਨੂੰ ਆਪਣੇ ਮਨ ਦੀ ਗੰਢਾਂ ਖੋਲ੍ਹਣੀਆਂ ਚਾਹੀਦੀਆਂ ਹਨ, ਪੁਰਾਣੀਆਂ ਅਸਫਲਤਾਵਾਂ ਦੀ ਨਿਰਾਸ਼ਾ ਦੇ ਪਰਛਾਵੇਂ ਨੂੰ ਪਿੱਛੇ ਛੱਡਦੇ ਹੋਏ ਮਾਫ਼ੀ, ਕਰੁਣਾ ਅਤੇ ਸਕਾਰਾਤਮਕਤਾ ਨੂੰ ਅਪਣਾਉਣਾ ਚਾਹੀਦਾ ਹੈ।
ਡਾ. ਏਪੀਜੇ ਅਬਦੁਲ ਕਲਾਮ ਨੇ ਕਿਹਾ ਹੈ, ‘ਉਤਕ੍ਰਿਸ਼ਟਤਾ ਇਕ ਘਟਨਾ ਨਹੀਂ, ਬਲਕਿ ਆਦਤ ਹੈ। ਨਵਾਂ ਸਾਲ ਨਵੀਆਂ ਆਦਤਾਂ ਬਣਾਉਣ ਦਾ ਸਮਾਂ ਹੈ।’ ਜੀਵਨ ਨੂੰ ਅੱਗੇ ਵਧਾਉਣ ਦਾ ਸਹੀ ਰਸਤਾ ਉਹੀ ਹੈ, ਜਿਸ ਵਿਚ ਨਿਰੰਤਰ ਸਿੱਖਣ ਅਤੇ ਆਪਣੇ-ਆਪ ਨੂੰ ਬਿਹਤਰ ਬਣਾਉਣ ਦੀ ਲਾਲਸਾ ਹੋਵੇ। ਨਵਾਂ ਸਾਲ ਸਾਨੂੰ ਅਨੁਸ਼ਾਸਨ, ਮਿਹਨਤ ਅਤੇ ਸਬਰ ਦਾ ਮਹੱਤਵ ਸਮਝਾਉਂਦਾ ਹੈ। ਛੋਟੇ-ਛੋਟੇ ਸੰਕਲਪ ਜਿਵੇਂ ਸਮੇਂ ਦਾ ਸਦਉਪਯੋਗ, ਰਿਸ਼ਤਿਆਂ ਵਿਚ ਇਮਾਨਦਾਰੀ, ਸਿਹਤ ਪ੍ਰਤੀ ਸਾਵਧਾਨੀ ਅਤੇ ਸਮਾਜ ਪ੍ਰਤੀ ਜਵਾਬਦੇਹੀ ਹੌਲੀ-ਹੌਲੀ ਸਾਡੇ ਜੀਵਨ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹਨ। ਵੱਡੇ ਬਦਲਾਅ ਅਕਸਰ ਛੋਟੇ-ਮੋਟੇ ਨਿਯਮਤ ਯਤਨਾਂ ਨਾਲ ਹੀ ਆਕਾਰ ਲੈਂਦੇ ਹਨ। ਨਵੇਂ ਸਾਲ ਦਾ ਮਹੱਤਵ ਇਸੇ ਵਿਚ ਹੈ ਕਿ ਇਹ ਸਾਨੂੰ ਉਮੀਦ ਦਾ ਨਵਾਂ ਦੀਪਕ ਦਿੰਦਾ ਹੈ। ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਪਿਛਲੇ ਸਮੇਂ ਦੀਆਂ ਭੁੱਲਾਂ ਭਵਿੱਖ ਦੀਆਂ ਬੇੜੀਆਂ ਨਹੀਂ ਬਲਕਿ ਸਿੱਖਣ ਦਾ ਆਧਾਰ ਹਨ। ਹਰ ਨਵਾਂ ਸਾਲ ਇਕ ਕੋਰੀ ਚਿੱਠੀ ਦੀ ਤਰ੍ਹਾਂ ਹੁੰਦਾ ਹੈ ਜਿਸ ’ਤੇ ਅਸੀਂ ਆਪਣੇ ਕਰਮਾਂ ਨਾਲ ਜੀਵਨ ਦੀ ਖ਼ੂਬਸੂਰਤ ਕਹਾਣੀ ਲਿਖ ਸਕਦੇ ਹਾਂ। ਇਹ ਸਾਨੂੰ ਸੁਨੇਹਾ ਦਿੰਦਾ ਹੈ ਕਿ ਜੀਵਨ ਨਿਰੰਤਰ ਵਹਾਅ ਹੈ, ਜਿੱਥੇ ਰੁਕਣਾ ਨਹੀਂ ਬਲਕਿ ਅੱਗੇ ਵਧਣਾ ਹੀ ਸਾਰਥਕਤਾ ਹੈ। ਜੇ ਅਸੀਂ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਦ੍ਰਿਸ਼ਟੀ ਨਾਲ ਨਵੇਂ ਸਾਲ ਦਾ ਸਵਾਗਤ ਕਰੀਏ ਤਾਂ ਯਕੀਨੀ ਤੌਰ ’ਤੇ ਇਹ ਸਾਲ ਜੀਵਨ ਵਿਚ ਨਵਚੇਤਨਾ, ਨੂਰ ਅਤੇ ਸੰਤੁਲਨ ਦਾ ਸੁਨੇਹਾ ਲੈ ਕੇ ਆਵੇਗਾ।
-ਕੁਮਾਰ ਨਰਪੇਂਦਰ।