ਵੇਈਂ ਪ੍ਰਵੇਸ਼ ਤੋਂ ਬਾਹਰ ਆ ਕੇ ਜਿਸ ਧਰਤ 'ਤੇ ਗੁਰੂ ਨਾਨਕ ਸਾਹਿਬ ਨੇ ਮੂਲਮੰਤਰ ਉਚਾਰ ਕੇ ਦੁਨੀਆਂ ਲਈ ਪਰਮਾਤਮਾ ਦਾ ਇਕ ਸਰੂਪ ਦੱਸਿਆ ਤੇ ਇਕ ਸੁਰ ਹੋਣ ਦਾ ਸੱਦਾ ਦਿੱਤਾ, ਉਸ ਸ਼ਹਿਰ ਦਾ ਇਤਿਹਾਸ ਵੀ ਦਿਲਚਸਪ ਹੈ।

ਗੁਰੂ ਨਾਨਕ ਦੇਵ ਜੀ ਦੇ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਨ 11 ਅੱਸੂ, ਭਾਵ 27 ਸਤੰਬਰ ਨੂੰ ਦੇਸ਼ ਵਿਦੇਸ਼ ਵਿਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ 24 ਸਤੰਬਰ ਨੂੰ ਮਨਾ ਰਹੀ ਹੈ।
ਵੇਈਂ ਪ੍ਰਵੇਸ਼ ਤੋਂ ਬਾਹਰ ਆ ਕੇ ਜਿਸ ਧਰਤ 'ਤੇ ਗੁਰੂ ਨਾਨਕ ਸਾਹਿਬ ਨੇ ਮੂਲਮੰਤਰ ਉਚਾਰ ਕੇ ਦੁਨੀਆਂ ਲਈ ਪਰਮਾਤਮਾ ਦਾ ਇਕ ਸਰੂਪ ਦੱਸਿਆ ਤੇ ਇਕ ਸੁਰ ਹੋਣ ਦਾ ਸੱਦਾ ਦਿੱਤਾ, ਉਸ ਸ਼ਹਿਰ ਦਾ ਇਤਿਹਾਸ ਵੀ ਦਿਲਚਸਪ ਹੈ। ਕਸਬਾ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸਮੁੱਚੇ ਸੰਸਾਰ ਦੇ ਸਿੱਖ ਤੱਤਪਰ ਹਨ। ਭਾਵੇਂ ਇਸ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਹੀ ਨਿਸਚਿਤ ਹਨ ਪਰ ਦੂਰ ਦੁਰਾਡੇ ਬੈਠੇ ਸਿੱਖ ਇਸ ਨੂੰ ਵੱਖ-ਵੱਖ ਸੂਬਿਆਂ ਤੇ ਦੇਸ਼ਾਂ ਵਿਚ ਵੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਨ।
ਸੁਲਤਾਨਪੁਰ ਲੋਧੀ ਦਾ ਪਹਿਲਾ ਨਾਂ ਸਰਬਮਾਨਪੁਰ ਸੀ। ਨਾਮਵਰ ਚੀਨੀ ਯਾਤਰੀ ਯੁਆਂਗ-ਚੁਆਂਗ ਏਥੇ ਆਇਆ ਤਾਂ ਉਸ ਵੇਲੇ ਇਸ ਸ਼ਹਿਰ ਦਾ ਨਾਂ ਤਮਯਵਨ ਸੀ। 11ਵੀਂ ਸਦੀ ਵਿਚ ਸੁਲਤਾਨ ਖ਼ਾਨ ਲੋਧੀ, ਜੋ ਮਹਿਮੂਦ ਗਜ਼ਨਵੀ ਦਾ ਫ਼ੌਜਦਾਰ ਸੀ, ਨੇ ਇਸ ਨੂੰ ਵਸਾਇਆ ਤੇ ਆਪਣੇ ਨਾਂ 'ਤੇ ਇਸ ਦਾ ਨਾਂ ਸੁਲਤਾਨਪੁਰ ਲੋਧੀ ਰੱਖਿਆ। ਇਤਿਹਾਸਅਨੁਸਾਰ ਪਹਿਲੀ ਤੋਂ 6ਵੀਂ ਸਦੀ ਤਕ ਸੁਲਤਾਨਪੁਰ ਲੋਧੀ ਬੁੱਧ ਧਰਮ ਤੇ ਗਿਆਨ ਮਾਰਗ ਦਾ ਕੇਂਦਰ ਰਿਹਾ ਹੈ। ਇਹ ਇਸਲਾਮਿਕ ਤਾਲੀਮ ਦਾ ਵੱਡਾ ਕੇਂਦਰ ਸੀ। ਔਰੰਗਜ਼ੇਬ ਤੇ ਦਾਰਾ ਸ਼ਿਕੋਹ ਨੇ ਵਿੱਦਿਆ ਇਥੋ ਹੀ ਪ੍ਰਾਪਤ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਬੰਧ ਇਸ ਸ਼ਹਿਰ ਨਾਲ ਆਪਣੀ ਭੈਣ ਬੇਬੇ ਨਾਨਕੀ ਜੀ ਤੇ ਭਣਵਾਈਏ ਜੈ ਰਾਮ ਜੀ ਕਰਕੇ ਬਣਿਆ।
ਗੁਰੂ ਜੀ ਇਥੇ 14 ਸਾਲ 9 ਮਹੀਨੇ 13 ਦਿਨ ਰਹੇ। ਲੁਕਾਈ ਨੂੰ ਤਾਰਨ ਲਈ ਸੰਸਾਰ ਦੌਰਿਆਂ ਸਮੇਂ ਗੁਰੂ ਜੀ ਜਿੱਥੇ-ਜਿੱਥੇ ਵੀ ਗਏ, ਉੱਥੋਂ ਦੇ ਹਾਲਾਤ ਅਨੁਸਾਰ ਮਨੁੱਖਤਾ ਨੂੰ ਉਪਦੇਸ਼ ਕੀਤਾ। ਪਹਿਲੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਸੈਦਪੁਰ ਪਹੁੰਚੇ। ਇਸ ਥਾਂ ਦਾ ਨਾਂ ਬਾਅਦ 'ਚ ਐਮਨਾਬਾਦ ਪ੍ਰਸਿੱਧ ਹੋਇਆ। ਪੁਰਾਤਨ ਜਨਮ ਸਾਖੀ ਭਾਈ ਬਾਲਾ ਜੀ, ਜਨਮ ਸਾਖੀ ਸ੍ਰੀ ਗੁਰੂ ਨਾਨਕ ਸ਼ਾਹ ਕੀ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਮਹਿਮਾਪ੍ਰਕਾਸ਼, ਪੁਰਾਤਨ ਜਨਮ ਸਾਖੀ, ਮਹਾਨਕੋਸ਼ ਤੇ ਸਿਖ ਵਿਸ਼ਵਕੋਸ਼ ਦੇ ਕਰਤਾਵਾਂ ਨੇ ਗੁਰੂ ਜੀ ਤੇ ਭਾਈ ਲਾਲੋ ਜੀ ਸਬੰਧੀ ਵੱਖ-ਵੱਖ ਵੇਰਵੇ ਦਰਜ ਕੀਤੇ ਹਨ। ਸ. ਕੇਹਰ ਸਿੰਘ ਮਠਾਰੂ ਨੇ 'ਕਿਰਤੀ ਸੂਰਮੇ' ਗ੍ਰੰਥ 'ਚ ਭਾਈਲਾਲੋ ਜੀ ਬਾਰੇ ਚੰਗੀ ਤੇ ਭਾਵਪੂਰਤ ਜਾਣਕਾਰੀ ਦਿੱਤੀ ਹੈ।
ਸ. ਕੇਹਰ ਸਿੰਘ ਲਿਖਦੇ ਨੇ ਕਿ ਐਮਨਾਬਾਦ ਵਿਚ ਭਾਈ ਲਾਲੋ ਨਾਂ ਦਾ ਇਕ ਕਿਰਤੀ ਸਿੱਖ ਰਹਿੰਦਾ ਸੀ। ਭਾਈ ਲਾਲੋ ਜੀ ਬੜੇ ਸੱਚੇ-ਸੁੱਚੇ, ਧਰਮ ਦੀ ਕਿਰਤ ਕਰਨ ਵਾਲੇ, ਮਿਹਨਤੀ, ਸਾਧੂ ਸੁਭਾ ਦੇ ਮਾਲਕ ਸਨ, ਜੋ ਕਿਰਤ ਦੀ ਕਮਾਈ ਨੂੰ ਹਮੇਸ਼ਾ ਵੰਡ ਕੇ ਛਕਦੇ। ਭਾਈ ਲਾਲੋ ਜੀ ਦਾ ਜਨਮ 11 ਅੱਸੂ 1452 ਈਸਵੀ ਵਿਚ ਸੈਦਪੁਰ ਸੰਡਿਆਲੀ ਜ਼ਿਲ੍ਹਾ ਗੁੱਜਰਾਂਵਾਲਾ (ਪਾਕਿਸਤਾਨ) ਵਿਖੇ ਬੀਬੀ ਖੇਮੋ ਜੀ ਤੇ ਭਾਈ ਜਗਤ ਰਾਮ ਦੇ ਘਰ ਹੋਇਆ। ਭਾਈ ਲਾਲੋ ਗੁਰੂ ਸਾਹਿਬ ਨਾਲੋਂ 17 ਕੁ ਸਾਲ ਤੇ ਭਾਈ ਮਰਦਾਨਾ ਜੀ ਤੋਂ 8 ਸਾਲ ਵੱਡੇ ਸਨ।
ਸੈਦਪੁਰ ਸੰਡਿਆਲੀ 'ਚ ਬਾਬਰ ਵੱਲੋਂ ਕੀਤੇ ਗਏ ਕਤਲੇਆਮ ਤਕ ਇਸ ਪਿੰਡ ਦਾ ਇਹੋ ਨਾਂ ਰਿਹਾ। ਹੰਕਾਰੀ ਰਾਜਾ ਬਾਬਰ ਨੂੰ 'ਜਾਬਰ' ਕਹਿ ਕੇ ਵੰਗਾਰਨ ਵਾਲੇ ਬਾਬਾ ਨਾਨਕ ਹੀ ਸਨ, ਬਾਬਰ ਦਾ ਪੂਰਾ ਨਾਂ ਜ਼ਹੀਰੁਦੀਨ ਮੁਹੰਮਦ ਬਾਬਰ ਸੀ। ਉਸ ਦਾ ਪਿਛੋਕੜ ਚੰਗੇਜ਼ ਖ਼ਾਂ ਨਾਲ ਮਿਲਦਾ ਹੈ। ਬਾਬਰ ਦਾ ਖਨਵਾਦਾ ਤੈਮੂਰ ਨਾਲ ਰਲਦਾ ਸੀ। ਜਦੋਂ ਬਾਬਰ ਦਾ ਸੈਦਪੁਰ ਵੱਲ ਤੀਸਰਾ ਹਮਲਾ ਸੀ ਤਾਂ ਗੁਰੂ ਸਾਹਿਬ ਵੀ ਤੀਸਰੀ ਉਦਾਸੀ ਵੇਲੇ ਉੱਥੇ ਆਏ ਹੋਏ ਸਨ। 26 ਜੂਨ 1539 ਨੂੰ ਚੌਸੇ ਦੇ ਮੈਦਾਨ ਵਿਚ ਸ਼ੇਰਸ਼ਾਹ ਸੂਰੀ ਪਾਸੋਂ ਹਿਮਾਯੂੰ ਦੀ ਹਾਰ ਹੋਈ। ਫਿਰ 15 ਮਈ 1540 ਨੂੰ ਕਨੌਜ 'ਚ ਵੱਡੀ ਲੜਾਈ ਹੋਈ। ਉਥੇ ਵੀ ਹਮਾਯੂੰ ਹਾਰ ਗਿਆ ਤੇ ਬਚਦੀ ਫ਼ੌਜ ਲੈ ਕੇ ਪੰਜਾਬ ਵੱਲ ਭੱਜ ਨਿਕਲਿਆ। ਮਗਰ ਆਏ ਸ਼ੇਰ ਸ਼ਾਹ ਸੂਰੀ ਨੇ ਸੈਦਪੁਰ ਨੂੰ ਬੁਰੀ ਤਰ੍ਹਾਂ ਉਜਾੜਿਆ ਤੇ ਫਿਰ ਆਪ ਵਸਾ ਕੇ ਇਸ ਦਾ ਨਾਂ ਸ਼ੇਰਗੜ੍ਹ ਰੱਖਿਆ। ਅਕਬਰ ਦੇ ਅਹਿਲਕਾਰ ਮੁਹੰਮਦ ਅਮੀਨ ਕਰੋੜੀ ਨੇ ਇਸ ਦਾ ਨਾਂ ਸ਼ੇਰਗੜ੍ਹ ਤੋਂ ਬਦਲ ਕੇ ਏਮਨਾਬਾਦ ਰੱਖਿਆ।
ਇਹ ਪੱਛਮੀ ਪਾਕਿਸਤਾਨ 'ਚ ਗੁਜਰਾਂਵਾਲੇ ਸ਼ਹਿਰ ਤੋਂ ਅੱਠ ਮੀਲ ਦੀ ਵਿੱਥ 'ਤੇ ਹੈ। ਇਥੇ ਗੁਰੂ ਨਾਨਕ ਦੇਵ ਜੀ ਰੋੜਿਆਂ ਦਾ ਥੜ੍ਹਾ ਬਣਾ ਕੇ ਧਰਮ ਪ੍ਰਚਾਰ ਕਰਦੇ ਰਹੇ। ਅੱਜ ਅਸਥਾਨ ਗੁਰਦੁਆਰਾ ਰੋੜੀ ਸਾਹਿਬ, ਭਾਈ ਲਾਲੋ ਜੀ ਦੇ ਵੇਹੜੇ ਵਾਲੀ ਖੂਹੀ ਜਿੱਥੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਸਨ, ਉਹ ਅਸਥਾਨ ਖੂਹੀ ਸਾਹਿਬ ਬਣਿਆ ਤੇ ਗੁਰਦੁਆਰਾ ਚੱਕੀ ਸਾਹਿਬ ਸੁਭਾਏਮਾਨ ਹੈ।
ਭਾਈ ਲਾਲੋ ਜੀ ਲੱਕੜ ਦੇ ਮਾਹਰ ਕਾਰੀਗਰ ਸਨ। ਉਹ ਇਸ ਕੰਮ ਦੇ ਨਾਲ-ਨਾਲ ਹਕੀਮੀ ਵੀ ਜਾਣਦੇ ਸਨ ਤੇ ਬਿਮਾਰਾਂ ਦਾ ਮੁਫ਼ਤ ਇਲਾਜ ਕਰਦੇ ਸਨ। ਉਸ ਸਮੇਂ ਸਮਾਜ ਅੰਦਰ ਜਾਤੀਵਾਦ ਦਾ ਕੋਹੜ ਇੰਨਾ ਭਾਰੂ ਸੀ ਕਿ ਆਪਣੇ ਆਪ ਨੂੰ ਉੱਚ ਜਾਤੀ ਦਾ ਸਮਝਣ ਵਾਲੇ ਲੋਕ ਗ਼ਰੀਬਾਂ ਦਾ ਪਰਛਾਵਾਂ ਵੀ ਬਰਦਾਸ਼ਤ ਨਹੀਂ ਸਨ ਕਰਦੇ। ਗੁਰੂ ਨਾਨਕ ਦੇਵ ਜੀ ਸਮਾਜ ਦੀਆਂ ਪਾਈਆਂ ਹੋਈਆਂ ਅਖੌਤੀ ਵੰਡੀਆਂ ਨੂੰ ਤੋੜ ਕੇ ਭਾਈ ਲਾਲੋ ਜੀ ਦੇ ਘਰ ਠਹਿਰੇ। ਐਮਨਾਬਾਦ ਦੇ ਅਖੌਤੀ ਉੱਚ ਜਾਤੀ ਲੋਕਾਂ ਵਿਚ ਚਰਚਾ ਛਿੜ ਪਈ, ਕਿ ਗੁਰੂ ਸਾਹਿਬ ਬੇਦੀ ਹੋ ਕੇ ਕਿਰਤੀ ਦੇ ਘਰ ਠਹਿਰੇ ਹਨ।
ਐਮਨਾਬਾਦ ਵਿਚ ਪਠਾਨ ਫ਼ੌਜਦਾਰ ਜ਼ਾਲਮ ਖ਼ਾਂ ਦਾ ਇਕ ਹਿੰਦੂ ਅਹਿਲਕਾਰ ਮਲਕ ਭਾਗੋ ਵੀ ਰਹਿੰਦਾ ਸੀ। ਉਹ ਹੰਕਾਰੀ ਜਾਬਰ ਤੇ ਵੱਡੀਖ਼ੋਰ ਸੀ। ਉਹ ਲੋਕਾਂ ਦੇ ਹੱਕ ਦੀ ਕਮਾਈ ਨੂੰ ਲੁੱਟ ਰਿਹਾ ਸੀ। ਉਸ ਨੂੰ ਆਪਣੀ ਉੱਚੀ ਜਾਤ 'ਤੇ ਹੰਕਾਰ ਸੀ। ਮਲਕ ਭਾਗੋ ਅਖੌਤੀ ਨੀਵੀਂ ਜਾਤ ਵਾਲਿਆਂ ਨਾਲ ਮਾੜਾ ਵਿਵਹਾਰ ਕਰਦਾ। ਗੁਰੂ ਸਾਹਿਬ ਜਦ ਐਮਨਾਬਾਦ ਵਿਚ ਸਨ ਤਾਂ ਮਲਕ ਭਾਗੋ ਨੇ ਆਪਣੇ ਘਰ 'ਬ੍ਰਹਮ ਭੋਜ' ਰੱਖਿਆ, ਜਿਸ ਲਈ ਉਸ ਨੇ ਬ੍ਰਾਹਮਣਾਂ, ਸਾਧੂ ਸੰਤਾਂ ਤੇ ਗੁਰੂ ਸਾਹਿਬ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਜੀ ਉਸ ਦੇ ਭੋਜ 'ਤੇ ਨਾ ਆਏ। ਮਲਕ ਭਾਗੋ ਨੇ ਇਸ ਨੂੰ ਆਪਣਾ ਨਿਰਾਦਰ ਸਮਝਦਿਆਂ ਦੁਬਾਰਾ ਸੱਦਾ ਭੇਜਿਆ। ਜਦ ਗੁਰੂ ਜੀ ਆਏ ਤਾਂ ਮਲਕ ਭਾਗੋ ਨੇ ਗੁਰੂ ਜੀ ਨੂੰ ਭਾਈ ਲਾਲੋ ਦੇ ਘਰ ਦੀ ਰੁੱਖੀ-ਸੁੱਖੀ ਰੋਟੀ ਦੀ ਜਗ੍ਹਾ ਛੱਤੀ ਪ੍ਰਕਾਰ ਦੇ ਭੋਜਨ ਨਾ ਛਕਣ ਦਾ ਕਾਰਨ ਪੁਛਿਆ। ਗੁਰੂ ਸਾਹਿਬ ਨੇ ਮਲਕ ਭਾਗੋ ਨੂੰ ਸਮਝਾਇਆ ਕਿ ਤੁਹਾਡਾ ਭੋਜਨ ਗ਼ਰੀਬਾਂ ਦੇ ਲਹੂ ਨਾਲ ਭਰਿਆ ਹੈ। ਤੁਸੀਂ ਗ਼ਰੀਬ ਤੇ ਮਿਹਨਤੀ ਲੋਕਾਂ ਦੀ ਲਹੂ-ਪਸੀਨੇ ਦੀ ਕਮਾਈ ਨੂੰ ਧੱਕੇ ਨਾਲ ਖੋਹ ਕੇ ਉਸ ਨਾਲ ਬ੍ਰਹਮ ਭੋਜ ਕਰ ਰਹੇ ਹੋ। ਪਾਪਾਂ ਰਾਹੀਂ ਇਕੱਠੀ ਕੀਤੀ ਮਾਇਆ ਨਾਲ ਜੇ ਜਗ ਲਾ ਦੇਈਏ ਤਾਂ ਉਹ ਹੱਕ ਦੀ ਨਹੀਂ ਹੋ ਜਾਂਦੀ। ਅਜਿਹੀ ਕਮਾਈ ਨਾਲ ਕੀਤਾ ਦਾਨ-ਪੁਨ ਪਰਮਾਤਮਾਂ ਦੇ ਦਰ 'ਤੇ ਪ੍ਰਵਾਨ ਨਹੀਂ ਹੋਣਾ :
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।।
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ।।
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ।।
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ£ (141)
ਗੁਰੂ ਜੀ ਕਹਿਣ ਲੱਗੇ ਭਾਈ ਲਾਲੋ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ ਪ੍ਰਭੂ ਦਾ ਭਗਤ ਹੈ, ਜੋ ਕਿਰਤ ਦੀ ਕਮਾਈ ਵਿਚੋਂ ਲੋੜਵੰਦਾਂ ਨੂੰ ਵੰਡ ਕੇ ਛੱਕਦਾ ਹੈ। ਇਸ ਵਾਸਤੇ ਉਸ ਦੁਆਰਾ ਤਿਆਰ ਕੀਤਾ ਰੁੱਖਾ-ਸੁੱਖਾ ਭੋਜਨ ਵੀ ਦੁੱਧ ਵਾਂਗ ਨਰੋਆ ਸੁਆਦੀ ਤੇ ਪਵਿੱਤਰ ਹੈ। ਜੇ ਤੁਸੀਂ ਉੱਚ ਜਾਤ ਦੀ ਗੱਲ ਕਰਦੇ ਹੋ ਤਾਂ ਮਨੁੱਖ ਦੁਆਰਾ ਕੀਤੇ ਕੰਮ ਹੀ ਉਸ ਦੀ ਉੱਚੀ ਜਾਂ ਨੀਵੀਂ ਜਾਤ ਦਾ ਨਿਰਣਾ ਕਰਦੇ ਹਨ। :
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ।।
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।। (1330)
ਗੁਰੂ ਨਾਨਕ ਦੇਵ ਜੀ ਦੇ ਅੰਮ੍ਰਿਤਮਈ ਉਪਦੇਸ਼ਾਂ ਕਾਰਨ ਮਲਕ ਭਾਗੋ ਦੀਆਂ ਅੱਖਾਂ ਖੁਲ੍ਹ ਗਈਆਂ। ਉਹ ਗੁਰੂ ਸਾਹਿਬ ਦੇ ਚਰਨੀਂ ਪੈ ਗਿਆ ਤੇ ਆਪਣੇ ਔਗੁਣ ਬਖ਼ਸ਼ਾਉਣ ਲਈ ਬੇਨਤੀ ਕਰਨ ਲੱਗਾ। ਮਲਕ ਭਾਗੋ ਨੇ ਪ੍ਰਣ ਕੀਤਾ ਕਿ ਉਹ ਅੱਜ ਤੋਂ ਬਾਅਦ ਕਿਸੇ ਨਾਲ ਵਧੀਕੀ ਨਹੀਂ ਕਰੇਗਾ, ਪਰਾਇਆ ਹੱਕ ਨਹੀਂ ਖਾਏਗਾ ਤੇ ਧਰਮ ਦੀ ਕਿਰਤ ਕਰੇਗਾ। ਗੁਰੂ ਜੀ ਨੇ ਮਲਕ ਭਾਗੋ ਨੂੰ ਆਪਣਾ ਸਿੱਖ ਬਣਾਇਆ। ਐਮਨਾਬਾਦ ਵਿਚ ਗੁਰੂ ਜੀ ਦੇ ਬਹੁਤ ਸਾਰੇ ਸ਼ਰਧਾਲੂ ਸਿੱਖ ਬਣੇ। ਗੁਰੂ ਜੀ ਨੇ ਭਾਈ ਲਾਲੋ ਨੂੰ ਉਥੋਂ ਦੀ ਸੰਗਤ ਦਾ ਮੁੱਖੀ ਪ੍ਰਚਾਰਕ ਥਾਪਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਸਮੇਂ 1517 ਵਿਚ ਭਾਈ ਲਾਲੋ ਦੇ ਘਰ ਫਿਰ ਆਏ ਤੇ ਉਨ੍ਹਾਂ ਦੀ ਇਕਲੋਤੀ ਸਪੁੱਤਰੀ ਬੀਬੀ ਰੱਜੀ ਦਾ ਵਿਆਹ ਪਿੰਡ ਤਤਲੇ ਜ਼ਿਲ੍ਹਾ ਗੁੱਜਰਾਂਵਾਲਾ ਵਿਖੇ ਕਰਵਾਇਆ। 1521 ਵਿਚ ਗੁਰੂ ਸਾਹਿਬ ਜਦੋਂ ਤੀਸਰੀ ਉਦਾਸੀ 'ਤੇ ਸਨ ਤਾਂ ਬਾਬਰ ਲਗਾਤਾਰ ਐਮਨਾਬਾਦ 'ਤੇ ਹਮਲੇ ਕਰ ਰਿਹਾ ਸੀ। ਗੁਰੂ ਸਾਹਿਬ ਇਸ ਸਮੇਂ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ। ਗੁਰੂ ਜੀ ਨੇ ਬਾਬਰ ਦੁਆਰਾ ਜੰਤਾ ਉੱਪਰ ਕੀਤੇ ਜਾ ਰਹੇ ਜ਼ੁਲਮ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਗੁਰੂ ਸਾਹਿਬ ਨੇ ਫੁਰਮਾਇਆ :
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।।
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।। (722)
ਭਾਈ ਲਾਲੋ ਜੀ 1531 ਵਿਚ ਪਿੰਡ ਤਤਲੇ ਵਿਖੇ ਅਕਾਲ ਚਲਾਣਾ ਕਰ ਗਏ। ਭਾਈ ਲਾਲੋ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਦੇ ਦਰਸਾਏ ਮਾਰਗ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛੱਕੋ ਦੇ ਸਿਧਾਂਤ 'ਤੇ ਚੱਲਦਿਆਂ ਬਤੀਤ ਕੀਤਾ ਤੇ ਲੋਕਾਂ ਨੂੰ ਗੁਰੂ ਘਰ ਨਾਲ ਜੋੜਿਆ।
- ਦਿਲਜੀਤ ਸਿੰਘ ਬੇਦੀ
98148-98570