ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਪ੍ਰਗਟਾਉਣ ਲਈ ਭਾਈ ਗੁਰਦਾਸ ਜੀ ਨੇ ਵੱਖ-ਵੱਖ ਬਿੰਬਾਂ ਤੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਦਿਗ ਵਿਜੇਤਾ ਤੇ ਉੱਤਮ ਗਿਆਨੀ ਦੇ ਰੂਪ ’ਚ ਵਖਿਆਨਿਆ ਹੈ।
ਅਜਿਹੀ ਤਰਸਯੋਗ ਹਾਲਤ ’ਚ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੇ ਆਗਮਨ ਦਾ ਵੱਡਾ ਕਾਰਨ ਦੁੱਖਾਂ ’ਚ ਰੋਂਦੀ-ਕੁਰਲਾਉਂਦੀ ਲੋਕਾਈ ਦੀ ਪੁਕਾਰ ਨੂੰ ਬਿਆਨਿਆ ਹੈ। ਅਕਾਲ ਪੁਰਖ ਨੇ ਕੂੜ ਦੀ ਅੱਗ ’ਚ ਸੜਦੀ ਲੋਕਾਈ ਵਿਚ ਠੰਢ ਵਰਤਾਉਣ ਲਈ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ’ਚ ਭੇਜਿਆ :
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗਿ ਮਾਹਿ ਪਠਾਇਆ॥
ਭਾਈ ਗੁਰਦਾਸ ਜੀ ਨੇ ਗੁਰੂ ਜੀ ਦੀ ਵਿਚਾਰਧਾਰਾ ਨੂੰ ਵੱਡਾ ਇਨਕਲਾਬ ਆਖਿਆ ਹੈ, ਜਿਸ ਦੇ ਸਿੱਟੇ ਵਜੋਂ ਸੰਸਾਰ ’ਚੋਂ ਅਗਿਆਨਤਾ ਦਾ ਹਨੇਰਾ ਦੂਰ ਹੋਇਆ ਅਤੇ ਸੱਚ, ਨਿਆਂ, ਸਾਂਝੀਵਾਲਤਾ ਆਦਿ ਸ੍ਰੇਸ਼ਟ ਗੁਣਾਂ ਦਾ ਪ੍ਰਕਾਸ਼ ਹੋਇਆ।
ਗੁਰੂ ਸਾਹਿਬ ਦੀ ਸ਼ਖ਼ਸੀਅਤ
ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਪ੍ਰਗਟਾਉਣ ਲਈ ਭਾਈ ਗੁਰਦਾਸ ਜੀ ਨੇ ਵੱਖ-ਵੱਖ ਬਿੰਬਾਂ ਤੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਦਿਗ ਵਿਜੇਤਾ ਤੇ ਉੱਤਮ ਗਿਆਨੀ ਦੇ ਰੂਪ ’ਚ ਵਖਿਆਨਿਆ ਹੈ। ਗੁਰੂ ਸਾਹਿਬ ਦੇ ਗਿਆਨ ਦੇ ਸਾਹਮਣੇ ਸਿੱਧ, ਨਾਥ ਤੇ ਵੱਡੇ-ਵੱਡੇ ਨਵਾਬ ਵੀ ਝੁਕਦੇ ਹਨ :
ਸਿਧ ਨਾਥ ਅਵਤਾਰ ਸਭ ਗੋਸਟਿ ਕਰਿ ਕਰਿ ਕੰਨ ਫੜਾਇਆ॥
ਬਾਬਰ ਕੇ ਬਾਬੇ ਮਿਲੇ ਨਿਵਿ ਨਿਵਿ ਸਭ ਨਵਾਬ ਨਿਵਾਇਆਂ॥
ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਤੇ ਸਿਧਾਂ ਵਿਚਕਾਰ ਹੋਈ ਗੋਸਟਿ ਬਾਰੇ ਫੁਰਮਾਇਆ ਹੈ ਕਿ ਸਿਧ ਗੁਰੂ ਜੀ ਦੇ ਗਿਆਨ ਤੋਂ ਬੇਹੱਦ ਪ੍ਰਭਾਵਿਤ ਹੋਏ ਤੇ ਗੁਰੂ ਜੀ ਦੀ ਉਸਤਤਿ ਕੀਤੀ :
ਸਿਧਿ ਬੋਲਨਿ ਸੁਭਿ ਬਚਨਿ ਧਨੁ ਨਾਨਕ ਤੇਰੀ ਵਡੀ ਕਮਾਈ॥।
ਗੁਰੂ ਨਾਨਕ ਦੇਵ ਜੀ ਲਈ ਭਾਈ ਸਾਹਿਬ ਨੇ ਅਲੰਕਾਰ ਵਜੋਂ ਵੱਖ-ਵੱਖ ਉਦਾਹਰਨਾਂ ਪੇਸ਼ ਕੀਤੀਆਂ, ਜਿਵੇਂ ਸੂਰਜ ਚੜ੍ਹਣ ’ਤੇ ਤਾਰੇ ਛਿਪ ਜਾਂਦੇ ਹਨ ਤੇ ਹਨੇਰਾ ਦੂਰ ਹੋ ਜਾਂਦਾ ਹੈ, ਜੰਗਲ ਵਿਚ ਸ਼ੇਰ ਦੇ ਗੱਜਣ ’ਤੇ ਹਿਰਨਾਂ ਦੀਆਂ ਡਾਰਾਂ ਭੱਜ ਉਠਦੀਆਂ ਨੇ, ਉਸੇ ਤਰ੍ਹਾਂ ਗੁਰੂ ਸਾਹਿਬ ਦੇ ਪ੍ਰਗਟ ਹੋਣ ਨਾਲ ਸੰਸਾਰ ’ਚ ਪਸਰੀ ਕੂੜ ਦੀ ਧੁੰਦ ਮਿਟ ਗਈ ਅਤੇ ਸੱਚ, ਨਿਆਂ ਤੇ ਸਾਂਝੀਵਾਲਤਾ ਦਾ ਪ੍ਰਕਾਸ਼ ਜਗ ਵਿਚ ਛਾ ਗਿਆ।
ਸਤਿਗੁਰ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁੁ ਹੋਆ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ॥
ਸਿੰਘੁ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥
ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਲਈ ਗੁਰਮੁਖ, ਬਾਬਾ, ਅਕਾਲ ਰੂਪ, ਵੱਡਾ ਪੁਰਖ, ਜਾਹਰ ਪੀਰ ਆਦਿ ਸ਼ਬਦ ਵਰਤੇ ਪ੍ਰੰਤੂ ਮੂਲ ਉਪਾਧੀ ਗੁਰੂ, ਗੁਰਦੇਵ, ਸਤਿਗੁਰੂ ਹੀ ਰੱਖੀ, ਜੋ ਕਿ ਅਗਿਆਨ ਹਨੇਰ ਦੇ ਪ੍ਰਸੰਗ ’ਚ ਪ੍ਰਕਾਸ਼ ਰੂਪ ਗਿਆਨ ਜੋਤ ਹੈ। ਇਹ ਸ਼ਬਦ ਪਹਿਲੀ ਵਾਰ ਦੇ ਮੰਗਲਾਚਰਨ ਵਾਲੀ ਪਉੜੀ ’ਚ ਵੀ ਵਰਤਿਆ ਗਿਆ ਹੈ।
ਨਮਸਕਾਰ ਗੁਰਦੇਵ ਕੋ ਸਤਿਨਾਮੁ ਜਿਸ ਮੰਤ੍ਰ ਸੁਣਾਇਆ॥
ਗੁਰੂ ਨਾਨਕ ਵਿਚਾਰਧਾਰਾ
ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿਸ਼ੇ ਪੱਖੋਂ ਵਿਸ਼ਾਲ ਤੇ ਵਿਸ਼ਵ ਵਿਆਪੀ ਪਹੁੰਚ ਵਾਲੀ ਸੀ। ਉਨ੍ਹਾਂ ਨੇ ਅਧਿਆਤਮ ਤੋਂ ਇਲਾਵਾ ਸਮਾਜਿਕ, ਰਾਜਨੀਤੀ, ਆਰਥਿਕ ਆਦਿ ਪੱਖਾਂ ਨੂੰ ਆਪਣੇ ਸੁਧਾਰ-ਖੇਤਰ ’ਚ ਦਰਜ ਕੀਤਾ। ਇਹ ਵਿਚਾਰਧਾਰਾ ਸਾਂਝੀਵਾਲਤਾ ’ਤੇ ਆਧਾਰਿਤ ਹੈ। ਇਹ ਕਿਸੇ ਖ਼ਾਸ ਸਮੂਹ ਜਾਂ ਕੌਮ ਲਈ ਨਹੀਂ ਬਲਕਿ ਸਰਬ-ਸਾਂਝੀ ਹੈ। ਇਸ ਲਈ ਅਮੀਰ-ਗ਼ਰੀਬ, ਉੱਚੇ-ਨੀਵੇਂ ਦਾ ਭੇਦ ਭਾਵ ਨਹੀਂ। ਗੁਰੂ ਸਾਹਿਬ ਨੇ ਉਦਾਸੀਆਂ ਦੀ ਆਰੰਭਤਾ ਸਮੇਂ ਪਹਿਲਾ ਉਪਦੇਸ ‘ਨਾ ਕੋ ਹਿੰਦੂ ਨਾ ਕੋ ਮੁਸਲਮਾਨ’ ਦਾ ਦਿੱਤਾ, ਜਿਸ ਨੂੰ ਗੁਰੂ ਸਾਹਿਬ ਨੇ ਬਾਣੀ ਵਿਚ ‘ਸਭ ਮਹਿ ਜੋਤਿ ਜੋਤਿ ਹੈ ਸੋਇ’, ਦੇ ਰੂਪ ’ਚ ਬਿਆਨ ਕੀਤਾ ਹੈ। ਗੁਰੂ ਜੀ ਨੇ ਅਨੇਕਤਾਵਾਦ ਦਾ ਭਰਮ ਮਿਟਾਇਆ ਤੇ ਇਕ ਪਰਮਾਤਮਾ ਦੀ ਹੋਂਦ ਦਾ ਉਪਦੇਸ਼ ਦਿੱਤਾ।
ਪਾਰਬ੍ਰਹਮੁ ਪੂਰਨ ਬ੍ਰਹਮ ਕਲਜੁਗਿ ਅੰਦਰਿ ਇਕੁ ਦਿਖਾਇਆ॥
ਭਾਈ ਗੁਰਦਾਸ ਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਜਾਤੀ ਭੇਦ-ਭਾਵ ਦਾ ਖੰਡਨ ਕਰਦਿਆਂ ਸਮਾਨਤਾ ਦਾ ਉਪਦੇਸ਼ ਦ੍ਰਿੜ ਕਰਵਾਇਆ :
ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕੁ ਵਰਨੁ ਕਰਾਇਆ॥
ਗੁਰੂ ਸਾਹਿਬ ਦਾ ਨਿਰਮਲ ਪੰਥ, ਪ੍ਰੇਮ-ਭਗਤੀ ’ਤੇ ਆਧਾਰਿਤ ਹੈ। ਗੁਰੂ ਸਾਹਿਬ ਜਪੁ ਜੀ ਬਾਣੀ ਵਿਚ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣ ਤੇ ਸੁਣਨ ਵੇਲੇ ਮਨ ’ਚ ਪਰਮਾਤਮਾ ਪ੍ਰਤੀ ਪ੍ਰੇਮ ਹੋਣਾ ਲਾਜ਼ਮੀ ਹੈ-‘ਗਾਵੀਐ ਸੁਣੀਐ ਮਨਿ ਰਖੀਐ ਭਾਉ॥’ ਭਾਈ ਗੁਰਦਾਸ ਜੀ ਅਨੁਸਾਰ ਜਦ ਗੁਰੂ ਸਾਹਿਬ ਸੱਚ ਦਾ ਉਪਦੇਸ਼ ਵੰਡਣ ਤੀਰਥ ਅਸਥਾਨਾਂ ’ਤੇ ਗਏ ਤਾਂ ਲੋਕਾਂ ਦੁਆਰਾ ਕੀਤੇ ਜਾ ਰਹੇ ਧਾਰਮਿਕ ਕਰਮ ਪ੍ਰੇਮ ਵਿਹੂਣੇ ਸਨ। ਗੁਰੂ ਜੀ ਨੇ ਲੋਕਾਂ ਨੂੰ ਪ੍ਰੇਮਾ ਭਗਤੀ ਦਾ ਉਪਦੇਸ਼ ਦਿੱਤਾ ਤੇ ਪ੍ਰੇਮ ਵਿਹੂਣੇ ਕਰਮਾਂ ਨੂੰ ਵਿਅਰਥ ਦੱਸਿਆ :
ਬਾਬਾ ਆਇਆ ਤੀਰਥੈ ਤੀਰਥਿ ਪੁਰਬਿ ਸਭੇ ਫਿਰਿ ਦੇਖੇ॥
ਪੁਰਬ ਧਰਮ ਬਹੁ ਕਰਮਿ ਕਰਿ ਭਾਉ ਭਗਤਿ ਬਿਨੁ ਕਿਤੈ ਨ ਲੇਖੈ॥।
ਗੁਰੂ ਜੀ ਨੇ ਸਮਝਾਇਆ ਕਿ ਭੇਖਾਂ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਆਪ ਨੇ ਪ੍ਰਭੂ ਪ੍ਰਾਪਤੀ ਲਈ ਮਨ, ਬਚਨ ਤੇ ਕਰਮਾਂ ਤੋਂ ਇਕਸੁਰ ਹੋਣ ਦੀ ਪ੍ਰੇਰਣਾ ਦਿੱਤੀ। ਹਉਮੈ ਦਾ ਤਿਆਗ ਕਰ ਕੇ ਨਿਮਰਤਾ ਦੇ ਧਾਰਨੀ ਹੋਣ ਲਈ ਆਖਿਆ :
ਭੇਖੀ ਪ੍ਰਭੂ ਨ ਪਾਈਐ ਆਪੁ ਗਵਾਏ ਰੂਪ ਨ ਰੇਖੈ।
ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਨਾਲ ਸਬੰਧਤ ਘਟਨਾਵਾਂ ਨੂੰ ਸੁਚੱਜੇ ਤੇ ਭਾਵਪੂਰਤ ਢੰਗ ਨਾਲ ਬਿਆਨਿਆ ਹੈ। ਹਰ ਘਟਨਾ ਵਿਚ ਗੁਰੂ ਜੀ ਦੇ ਰਹੱਸਮਈ ਸਿਧਾਂਤ ਨੂੰ ਸਧਾਰਨ ਸ਼ਬਦਾਂ ’ਚ ਪੇਸ਼ ਕੀਤਾ ਹੈ। ਭਾਈ ਸਾਹਿਬ ਅਨੁਸਾਰ ਗੁਰੂ ਜੀ ਜਦ ਮੱਕੇ ਗਏ ਤਾਂ ਮੁੱਲਾਂ ਤੇ ਹਾਜ਼ੀਆਂ ਨੇ ਪੁੱਛਿਆ ਕਿ ‘ ਸੰਸਾਰ ਵਿਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ?’ ਗੁਰੂ ਸਾਹਿਬ ਨੇ ਫੁਰਮਾਇਆ ਕਿ ਸ਼ੁਭ ਕਰਮਾਂ ਤੋਂ ਵਿਹੂਣੇ ਹਿੰਦੂ ਹੋਣ ਜਾਂ ਮੁਸਲਮਾਨ, ਪ੍ਰਭੂ ਦੀ ਦਰਗਾਹ ਵਿਚ ਰੋਂਦੇ ਹੀ ਹਨ।
ਭਾਈ ਗੁਰਦਾਸ ਜੀ ਅਨੁਸਾਰ ਗੁਰੂ ਸਾਹਿਬ ਨੇ ਨੌਂ ਖੰਡਾਂ ’ਚ ਸਤਿਨਾਮ ਦਾ ਡੰਕਾ ਵਜਾਇਆ ਤੇ ਸਾਰੇ ਜਗਤ ਨੂੰ ਜਿੱਤ ਲਿਆ। ਭਾਈ ਗੁਰਦਾਸ ਜੀ ਫੁਰਮਾਉਂਦੇ ਹਨ ਕਿ ਕਲਿਯੁਗ ਨੂੰ ਤਾਰਨ ਆਏ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਆਗਮਨ ਸਦਕਾ ਜਗਤ ਵਿਚ ਆਨੰਦ ਪਸਰਿਆ।
ਜੀਤੇ ਨਵ ਖੰਡ ਮੇਦਨੀ ਸਤਿ ਨਾਮੁ ਦਾ ਚਕ੍ਰ ਫਿਰਾਇਆ॥
ਦੇਵ ਦਾਨੋ ਰਾਕਸਿ ਦੈਤ ਸਭ ਚਿਤਿ ਗੁਪਤਿ ਸਭਿ ਚਰਨੀ ਲਾਇਆ॥
ਭਇਆ ਅਨੰਦ ਜਗਤੁ ਵਿਚਿ ਕਲਿ ਤਾਰਨ ਗੁਰੁ ਨਾਨਕੁ ਆਇਆ॥
ਹਿੰਦੂ ਮੁਸਲਮਾਣਿ ਨਿਵਾਇਆ॥
ਗੁਰੂ ਸਾਹਿਬ ਨੇ ਵੈਰ-ਵਿਰੋਧ, ਭੇਦਭਾਵ ਤੇ ਨਫ਼ਰਤ ਦੀ ਭਾਵਨਾ ਨੂੰ ਖ਼ਤਮ ਕਰ ਕੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਸਾਰਿਆਂ ਨੂੰ ਪਰਮ ਸੱਚ ਦਾ ਗਿਆਨ ਵੰਡ ਕੇ ਪਿਆਰ ਦੇ ਧਾਗੇ ’ਚ ਪਰੋਇਆ। ਉਨ੍ਹਾਂ ਨੇ ਕਿਣਕਾ-ਕਿਣਕਾ ਹੋ ਕੇ ਖ਼ਤਮ ਹੋ ਰਹੇ ਧਰਮ ਨੂੰ ਮੁੜ ਸੁਰਜੀਤ ਕੀਤਾ।
ਗੁਰੂ ਜੀ ਨੇ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ‘ਅੰਜਨ ਵਿਚ ਨਿਰੰਜਨ’ ਰਹਿਣ ਦਾ ਉਪਦੇਸ਼ ਦਿੱਤਾ ਤੇ ਇਖ਼ਲਾਕੀ ਗੁਣਾਂ ਨੂੰ ਉਜਾਗਰ ਕਰ ਕੇ, ਗਿਲਾਨੀ ਦੀ ਜ਼ੰਜੀਰ ’ਚੋਂ ਕੱਢ ਕੇ ਨਿਰਮਲ ਪੰਥ ਦੀ ਸਥਾਪਨਾ ਕੀਤੀ। J
ਗੁਰੂ ਜੀ ਦਾ ਪ੍ਰਯੋਜਨ
ਗੁਰੂ ਸਾਹਿਬ ਦੇ ਸੰਸਾਰ ਆਗਮਨ ਦਾ ਪ੍ਰਯੋਜਨ ਸਪਸ਼ਟ ਕਰਦਿਆਂ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਗੁਰੂ ਸਾਹਿਬ ਅਕਾਲ ਪੁਰਖ ਦੁਆਰਾ ਮਹਾਨ ਬਖ਼ਸ਼ਿਸ਼ਾਂ ਦੇ ਪਾਤਰ ਬਣ ਕੇ, ਅਕਾਲ ਪੁਰਖ ਦੇ ਹੁਕਮ ਵਿਚ ਹੀ ਸੰਸਾਰ ’ਚ ਆਏ। ਆਪ ਦਾ ਮੁੱਖ ਪ੍ਰਯੋਜਨ ਲੋਕਾਈ ਨੂੰ ਕਲਯੁੱਗ ਦੇ ਹਨੇਰੇ ’ਚੋਂ ਕੱਢ ਕੇ ਸੱਚੇ ਮਾਰਗ ਨੂੰ ਦਿ੍ਰੜ ਕਰਵਾਉਣਾ ਸੀ। ‘ਕਲਿ ਤਾਰਣਿ ਗੁਰ ਨਾਨਕ ਆਇਆ।’ ਇਸ ਮਨੋਰਥ ਦੀ ਪੂਰਤੀ ਹਿਤ ਉਨ੍ਹਾਂ ਨੇ ਨਿਰਮਲ ਪੰਥ ਚਲਾਇਆ।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ॥।
ਗੁਰੂ ਨਾਨਕ ਦੇਵ ਜੀ ਦੇ ਦਿਆਲਤਾ ਭਰਪੂਰ ਹਿਰਦੇ ਨੇ ਜਦ ਸੰਸਾਰ ’ਚ ਪਸਰੇ ਦੁਰਾਚਾਰ ਨੂੰ ਤੱਕਿਆ ਤਾਂ ਉਨ੍ਹਾਂ ਨੂੰ ਸਾਰੀ ਸਿ੍ਰਸ਼ਟੀ ਪਾਪਾਂ ’ਚ ਸੜਦੀ ਹੋਈ ਨਜ਼ਰ ਆਈ। ਸੱਚੇ ਗੁਰੂ ਦੀ ਅਣਹੋਂਦ ਵਿਚ ਹਨੇਰਗਰਦੀ ਕਾਰਨ ਲੋਕ ਤ੍ਰਾਹ-ਤ੍ਰਾਹ ਕਰ ਰਹੇ ਸਨ। ਪਾਪਾਂ ’ਚ ਤਪਦੀ ਲੋਕਾਈ ਦੇ ਹਿਰਦੇ ’ਚ ਠੰਢ ਵਰਤਾਉਣ ਲਈ ਗੁਰੂ ਸਾਹਿਬ ਨੇ ਉਦਾਸੀਆਂ ਆਰੰਭੀਆਂ।
ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪਿ੍ਰਥਵੀ ਦਿਸਿ ਆਈ॥
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੋਕਾਈ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜਿਆ ਸੋਧਣਿ ਧਰਤਿ ਲੋਕਾਈ॥