ਡੌਂਕਰਾਂ ਵੱਲੋਂ ਤਰਨਾਤਰਨ ਦੇ ਇਕ ਨੌਜਵਾਨ ਨੂੰ ਕਰੀਬ ਇਕ ਸਾਲ ਤੋਂ ਮੈਕਸੀਕੋ ’ਚ ਬੰਧਕ ਬਣਾ ਕੇ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਸਹੀ ਸਲਾਮਤ ਵਿਦੇਸ਼ ਭੇਜਣ ਲਈ ਉਸਦੇ ਪਰਿਵਾਰ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਈ ਚਿਰਾਂ ਤੋਂ ਉਸਦੀ ਪਰਿਵਾਰ ਨਾਲ ਗੱਲ ਵੀ ਨਹੀਂ ਕਰਵਾਈ ਗਈ।

ਸਟਾਫ ਰਿਪੋਰਟਰ•ਪੰਜਾਬੀ ਜਾਗਰਣ, ਤਰਨਤਾਰਨ : ਡੌਂਕਰਾਂ ਵੱਲੋਂ ਤਰਨਾਤਰਨ ਦੇ ਇਕ ਨੌਜਵਾਨ ਨੂੰ ਕਰੀਬ ਇਕ ਸਾਲ ਤੋਂ ਮੈਕਸੀਕੋ ’ਚ ਬੰਧਕ ਬਣਾ ਕੇ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਸਹੀ ਸਲਾਮਤ ਵਿਦੇਸ਼ ਭੇਜਣ ਲਈ ਉਸਦੇ ਪਰਿਵਾਰ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਈ ਚਿਰਾਂ ਤੋਂ ਉਸਦੀ ਪਰਿਵਾਰ ਨਾਲ ਗੱਲ ਵੀ ਨਹੀਂ ਕਰਵਾਈ ਗਈ। ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਉਸ ਨੂੰ ਵਿਦੇਸ਼ ਭੇਜਣ ਵਾਲੇ ਦੋ ਏਜੰਟਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਮਿਹੰਦਰ ਸਿੰਘ ਪੁਤੱਰ ਸ਼ਰਦਾ ਸਿੰਘ ਵਾਸੀ ਬਾਬਾ ਬਿਧੀ ਚੰਦ ਨਗਰ ਤਰਨਤਾਰਨ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਥ ਦਿੱਤੀ ਸੀ ਉਸਦਾ ਛੋਟਾ ਲੜਕਾ ਜਗਜੀਤ ਸਿੰਘ ਅਮਰੀਕਾ ਜਾਣਾ ਚਾਹੁੰਦਾ ਸੀ। ਜਿਸ ਕਰਕੇ ਉਸਨੇ ਸਾਰੇ ਪਰਿਵਾਰ ਦੀ ਹਾਜਰੀ ਵਿਚ 14 ਲੱਖ ਰੁਪਏ ਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸ਼ਕਤੀ ਨਗਰ ਜਲੰਧਰ ਅਤੇ ਰਮਨਦੀਪ ਸਿੰਘ ਰੌਕੀ ਵਾਸੀ ਸਫੀਦੋ, ਜ਼ਿਲ੍ਹਾ ਜੀਂਦ ਹਰਿਆਣਾ ਨੂੰ ਨਕਦ ਦਿੱਤੇ ਅਤੇ ਬਾਅਦ ਵਿਚ ਉਹ ਵੱਖ ਵੱਖ ਖਾਤਿਆਂ ਵਿੱਚੋਂ ਯੂਪੀਆਈ ਰਾਂਹੀ ਉਕਤ ਲੋਕਾਂ ਦੇ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਦਾ ਰਿਹਾ। ਉਸਦੇ ਲੜਕੇ ਨੂੰ ਰੌਕੀ ਅਤੇ ਉਸਦੀ ਪਤਨੀ ਆਪਣੇ ਨਾਲ ਹਰਿਆਣਾ ਲੈ ਗਏ, ਜਿਸ ਤੋਂ ਬਾਅਦ ਉਸਦਾ ਲੜਕਾ ਵੱਖ ਵੱਖ ਦੇਸ਼ਾਂ ਤੋਂ ਹੁੰਦਾ ਹੋਇਆ ਮੈਕਸੀਕੋ ਪੁੱਜਾ। ਜਿਥੇ ਇਕ ਸਾਲ ਤੋਂ ਉਸ ਨੂੰ ਡੌਂਕਰਾਂ ਬੰਦੀ ਬਣਾਇਆ ਹੋਇਆ ਹੈ। ਜਿਨ੍ਹਾਂ ਨੇ ਉਸ ਕੋਲੋਂ ਹੋਰ ਪੈਸਿਆਂ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਸਨੇ ਆਪਣੇ ਲੜਕੇ ਨੂੰ ਸਹੀ ਸਲਾਮਤ ਅਮਰੀਕਾ ਪਹੁੰਚਾਉਣਾ ਹੈ ਤਾਂ ਹੋਰ ਪੈਸੇ ਦੇਵੇ, ਨਹੀਂ ਤਾਂ ਉਸਦੇ ਲੜਕੇ ਕੋਈ ਜਿੰਮੇਵਾਰੀ ਨਹੀਂ ਹੈ। ਉਸਨੇ ਸ਼ਿਕਾਇਤ ਵਿਚ ਇਹ ਵੀ ਦੱਸਿਆ ਕਿ ਉਨਵਾਂ ਦੀ ਕਾਫੀ ਸਮੇਂ ਉਨ੍ਹਾਂ ਦੇ ਲੜਕੇ ਨਾਲ ਵੀ ਕੋਈ ਗੱਲਬਾਤ ਨਹੀਂ ਹੋ ਰਹੀ ਅਤੇ ਨਾ ਹੀ ਉਕਤ ਵਿਅਕਤੀ ਉਸਦੇ ਲੜਕੇ ਬਾਰੇ ਕੁਝ ਦੱਸ ਰਹੇ ਹਨ। ਬੱਸ ਹੋਰ ਪੈਸਿਆਂ ਦੀ ਮੰਗ ਹੀ ਕਰ ਰਹੇ ਹਨ। ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਥਾਣਾ ਸਿਟੀ ਤਰਨਤਾਰਨ ’ਚ ਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਰੌਕੀ ਵਿਰੁੱਧ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ 2014 ਤੋਂ ਇਲਾਵਾ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਦੀ ਅਗਲੀ ਜਾਂਚ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ।