ਵਿਜੀਲੈਂਸ ਦੀ ਟੀਮ ਵੱਲੋਂ ਵੱਡੀ ਕਾਰਵਾਈ : 25 ਹਜ਼ਾਰ ਦੀ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ
ਵੀਰਵਾਰ ਨੂੰ ਵਿਜੀਲੈਂਸ ਦੇ ਇੰਸਪੈਕਟਰ ਗੁਰਚਰਨ ਸਿੰਘ ’ਤੇ ਅਧਾਰਤ ਟੀਮ ਜਿਸ ਵਿਚ ਰੀਡਰ ਗੁਰਸੇਵਕ ਸਿੰਘ ਤੋਂ ਇਲਾਵਾ ਵਿਭਾਗ ਦੇ ਕਰਮਚਾਰੀ ਅਮਰਪ੍ਰੀਤ ਸਿੰਘ ਅਤੇ ਦਵਿੰਦਰ ਸਿੰਘ ਆਦਿ ਸ਼ਾਮਲ ਸਨ ਨੇ ਪਟਵਾਰੀ ਦੇ ਤਰਨਤਾਰਨ ਦਫਤਰ ਵਿਚ ਜਾਲ ਵਿਛਾਇਆ ਅਤੇ ਸਰਕਾਰੀ ਗਵਾਹਾਂ ਪਾਵਰਕਾਮ ਦੇ ਇੰਜੀਨੀਅਰ ਮਨਪ੍ਰੀਤ ਸਿੰਘ ਤੇ ਇੰਜੀਨੀਅਰ ਅਮਰਿੰਦਰ ਸਿੰਘ ਦੀ ਹਾਜਰੀ ਵਿਚ 25 ਹਜਾਰ ਦੀ ਰਿਸ਼ਵਤ ਲੈਂਦਿਆਂ ਸਰਬਜੀਤ ਸਿੰਘ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
Publish Date: Thu, 20 Nov 2025 08:22 PM (IST)
Updated Date: Thu, 20 Nov 2025 08:24 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ : ਜਮੀਨ ਦੇ ਘਟੇ ਰਕਬੇ ਨੂੰ ਪੂਰਾ ਕਰਨ ਦੇ ਲਈ ਕਥਿਤ ਤੌਰ ’ਤੇ 25 ਹਜਾਰ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਤਰਨਤਾਰਨ ਦੀ ਟੀਮ ਨੇ ਮਾਲ ਵਿਭਾਗ ਦੇ ਪਟਵਾਰੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ’ਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਖੇਮ ਸਿੰਘ ਵਾਸੀ ਅੰਮ੍ਰਿਤਸਰ ਦੀ ਜਮੀਨ ਗੋਹਲਵੜ ਪਟਵਾਰ ਸਰਕਲ ਵਿਚ ਪੈਂਦੀ ਸੀ। ਉਕਤ ਜਮੀਨ ਦਾ ਰਕਬਾ ਘਟ ਗਿਆ, ਜਿਸ ਨੂੰ ਪੂਰਾ ਕਰਨ ਲਈ ਗੋਹਲਵੜ ਦੇ ਪਟਵਾਰੀ ਸਰਬਜੀਤ ਸਿੰਘ ਨੇ 30 ਤੋਂ 40 ਹਜਾਰ ਰੁਪਏ ਦੀ ਰਿਸ਼ਵਤ ਮੰਗੀ ਅਤੇ ਪੰਜ ਹਜਾਰ ਰੁਪਏ ਪੇਸ਼ਗੀ ਵਜੋਂ ਲੈ ਲਏ। ਜਰਨੈਲ ਸਿੰਘ ਵੱਲੋਂ ਉਕਤ ਮਾਮਲੇ ਸਬੰਧੀ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ।
ਜਿਸਦੇ ਅਧਾਰ ’ਤੇ ਵੀਰਵਾਰ ਨੂੰ ਵਿਜੀਲੈਂਸ ਦੇ ਇੰਸਪੈਕਟਰ ਗੁਰਚਰਨ ਸਿੰਘ ’ਤੇ ਅਧਾਰਤ ਟੀਮ ਜਿਸ ਵਿਚ ਰੀਡਰ ਗੁਰਸੇਵਕ ਸਿੰਘ ਤੋਂ ਇਲਾਵਾ ਵਿਭਾਗ ਦੇ ਕਰਮਚਾਰੀ ਅਮਰਪ੍ਰੀਤ ਸਿੰਘ ਅਤੇ ਦਵਿੰਦਰ ਸਿੰਘ ਆਦਿ ਸ਼ਾਮਲ ਸਨ ਨੇ ਪਟਵਾਰੀ ਦੇ ਤਰਨਤਾਰਨ ਦਫਤਰ ਵਿਚ ਜਾਲ ਵਿਛਾਇਆ ਅਤੇ ਸਰਕਾਰੀ ਗਵਾਹਾਂ ਪਾਵਰਕਾਮ ਦੇ ਇੰਜੀਨੀਅਰ ਮਨਪ੍ਰੀਤ ਸਿੰਘ ਤੇ ਇੰਜੀਨੀਅਰ ਅਮਰਿੰਦਰ ਸਿੰਘ ਦੀ ਹਾਜਰੀ ਵਿਚ 25 ਹਜਾਰ ਦੀ ਰਿਸ਼ਵਤ ਲੈਂਦਿਆਂ ਸਰਬਜੀਤ ਸਿੰਘ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਟਵਾਰੀ ਸਰਬਜੀਤ ਸਿੰਘ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ।