ਤਰਨਤਾਰਨ 'ਚ ਹੋਈ ਠਾਹ-ਠਾਹ, ਮਾਰਬਲ ਸਟੋਰ ’'ਤੇ ਬਾਈਕ ਸਵਾਰਾਂ ਨੇ ਕੀਤੀ ਫਾਇਰਿੰਗ, ਮੁਲਾਜ਼ਮਾਂ ਨੇ ਮਸੀਂ ਬਚਾਈ ਜਾਨ
ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ’'ਚੋਂ ਇਕ ਜਣਾ ਮੋਬਾਈਲ ’ਤੇ ਵੀਡੀਓ ਵੀ ਬਣਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਮੌਕੇ ਉੱਪਰ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
Publish Date: Thu, 30 Apr 2026 10:18 AM (IST)
Updated Date: Thu, 30 Apr 2026 10:21 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ: ਨੈਸ਼ਨਲ ਹਾਈਵੇ ਨੰਬਰ 54 ’'ਤੇ ਪੈਂਦੇ ਪਿੰਡ ਪੰਡੋਰੀ ਗੋਲਾ ਕੋਲ ਸਥਿਤ ਮਾਰਬਲ ਸਟੋਰ ਉੱਪਰ ਬਾਈਕ ਸਵਾਰ ਤਿੰਨ ਜਣਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਦੁਕਾਨ ਅੰਦਰ ਮੌਜੂਦ ਲੋਕਾਂ ਨੇ ਮਾਰਬਲ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ’'ਚੋਂ ਇਕ ਜਣਾ ਮੋਬਾਈਲ ’ਤੇ ਵੀਡੀਓ ਵੀ ਬਣਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਮੌਕੇ ਉੱਪਰ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਸਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਲੰਘੀ ਰਾਤ ਕਰੀਬ ਪੌਣੇ 10 ਵਜੇ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨ ਮਾਰਬਲ ਸਟੋਰ ਦੇ ਅੱਗੇ ਆਏ। ਜਿਨ੍ਹਾਂ ਵਿੱਚੋਂ ਇਕ ਨੌਜਵਾਨ ਆਪਣੇ ਫੋਨ ’ਤੇ ਵੀਡੀਓ ਬਣਾਉਣ ਲੱਗਾ ਤੇ ਇਕ ਨੌਜਵਾਨ ਨੇ ਬਾਈਕ ਤੋਂ ਉੱਤਰ ਕੇ ਪਿਸਤੌਲ ਨਾਲ ਉਸ ਵੱਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਉਹ ਤੇ ਹੋਰ ਕਰਮਚਾਰੀ ਭੱਜ ਕੇ ਮਾਰਬਲ ਦੇ ਪਿੱਛੇ ਲੁਕ ਗਏ ਤਾਂ ਜਾ ਕੇ ਉਨ੍ਹਾਂ ਦੀ ਜਾਨ ਬਚੀ। ਗੋਲੀਆਂ ਦੁਕਾਨ ਦੇ ਬਾਹਰੀ ਸ਼ੀਸ਼ੇ ਵਿਚ ਲੱਗੀਆਂ ਅਤੇ ਫਾਇਰਿੰਗ ਕਰਨ ਉਪਰੰਤ ਤਿੰਨੇ ਜਣੇ ਫਰਾਰ ਹੋ ਗਏ। ਮੌਕੇ ਉੱਪਰ ਪੁੱਜੇ ਏਐੱਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਤਿੰਨ ਖੋਲ ਬਰਾਮਦ ਹੋਏ ਹਨ। ਜਦੋਂਕਿ ਤਿੰਨ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਪਛਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।