ਸੰਪਰਦਾਇ ਵੱਲੋਂ ਦਰਿਆ ਰਾਵੀ ਦੇ ਧੁੱਸੀ ਬੰਨ੍ਹ ਦੇ ਦੋ ਪਾੜ ਪੂਰ ਦਿੱਤੇ ਗਏ ਹਨ ਤੇ ਤੀਜੇ ਪਾੜ ਨੂੰ ਪੂਰਨ ਦੀ ਸੇਵਾ ਚੱਲ ਰਹੀ ਹੈ। ਇਸ ਤਰ੍ਹਾਂ ਬਿਆਸ ਦੇ ਆਰਜੀ ਬੰਨ੍ਹਾਂ ਦੀਆਂ ਸੇਵਾਵਾਂ ਵੀ ਚੱਲ ਰਹੀਆਂ ਹਨ। ਅੱਜ ਸ਼ਾਮ ਜਦੋਂ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਬਿਆਸ ਦਰਿਆ ਦਾ ਪਾੜ ਪੂਰਿਆ ਗਿਆ ਤਾਂ ਸੰਗਤ ਨੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਅਸਮਾਨ ਤੱਕ ਗੂੰਜਾਂ ਪਾਈਆਂ।
ਲਵਦੀਪ ਦੇਵਗਨ, ਪੰਜਾਬੀ ਜਾਗਰਣ, ਸਰਹਾਲੀ ਕਲਾਂ : ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਜ਼ਿਲ੍ਹਾ ਕਪੂਰਥਲਾ ਦਾ ਸੁਲਤਾਨਪੁਰ ਲੋਧੀ ਇਲਾਕਾ ਸਭ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਹੇਠ ਆਇਆ ਤੇ ਇਸ ਤੋਂ ਬਾਅਦ ਹੋਰ 8 ਜ਼ਿਲੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ। ਦਰਿਆ ਰਾਵੀ, ਬਿਆਸ ਤੇ ਸਤਲੁਜ ਦੇ ਬੰਨ੍ਹ ਕਈ ਥਾਵਾਂ ਤੋਂ ਟੁੱਟ ਗਏ, ਜਿਨ੍ਹਾਂ ’ਚ ਘੋਨੇਵਾਲ, ਬਾਊਪੁਰ, ਚੱਕ ਪੱਤੀ ਬਾਲੂ ਬਹਾਦਰ ਆਦਿ ਥਾਵਾਂ ਦੇ ਅਡਵਾਂਸ ਆਰਜੀ ਬੰਨ੍ਹ ਤੇ ਧੁੱਸੀ ਬੰਨ੍ਹ ਸ਼ਾਮਲ ਹਨ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਨੇ ਹੜ੍ਹਾਂ ਦੌਰਾਨ ਹਮੇਸ਼ਾਂ ਵਾਂਗ ਮੋਹਰੀ ਹੋ ਕੇ ਸੇਵਾਵਾਂ ਨਿਭਾਈਆਂ ਹਨ। ਸੰਪਰਦਾਇ ਵੱਲੋਂ ਦਰਿਆ ਰਾਵੀ ਦੇ ਧੁੱਸੀ ਬੰਨ੍ਹ ਦੇ ਦੋ ਪਾੜ ਪੂਰ ਦਿੱਤੇ ਗਏ ਹਨ ਤੇ ਤੀਜੇ ਪਾੜ ਨੂੰ ਪੂਰਨ ਦੀ ਸੇਵਾ ਚੱਲ ਰਹੀ ਹੈ। ਇਸ ਤਰ੍ਹਾਂ ਬਿਆਸ ਦੇ ਆਰਜੀ ਬੰਨ੍ਹਾਂ ਦੀਆਂ ਸੇਵਾਵਾਂ ਵੀ ਚੱਲ ਰਹੀਆਂ ਹਨ। ਅੱਜ ਸ਼ਾਮ ਜਦੋਂ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਬਿਆਸ ਦਰਿਆ ਦਾ ਪਾੜ ਪੂਰਿਆ ਗਿਆ ਤਾਂ ਸੰਗਤ ਨੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਅਸਮਾਨ ਤੱਕ ਗੂੰਜਾਂ ਪਾਈਆਂ। ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਸ਼ਹੀਦ ਨੇ ਆਖਿਆ ਕਿ ਸਮੂਹ ਇਲਾਕਾ ਵਾਸੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਤੇ ਸੰਤ ਬਾਬਾ ਬਾਬਾ ਹਾਕਮ ਸਿੰਘ ਦੇ ਧੰਨਵਾਦੀ ਹਨ, ਜਿਨ੍ਹਾਂ ਦਿਨ-ਰਾਤ ਇਕ ਕਰ ਕੇ ਨਿਰੰਤਰ ਸੇਵਾ ਨਾਲ ਪਿੰਡ ਚੱਕ ਪੱਤੀ ਬਾਲੂ ਬਹਾਦਰ ਦਾ ਇਹ ਟੁੱਟਾ ਬੰਨ੍ਹ ਬੰਨ੍ਹਿਆ ਹੈ। ਇਥੇ 10 ਸਤੰਬਰ ਨੂੰ ਅਰਦਾਸ ਬੇਨਤੀ ਉਪਰੰਤ ਬਾਬਾ ਸੁੱਖਾ ਸਿੰਘ ਹੋਰਾਂ ਨੇ ਸੇਵਾ ਆਰੰਭ ਕੀਤੀ ਸੀ। ਇਥੇ 300 ਫੁੱਟ ਦਾ ਪਾੜ ਸੀ, ਜੋ ਸੰਗਤ ਦੇ ਸਹਿਯੋਗ ਨਾਲ 23 ਦਿਨਾਂ ਦੀ ਸੇਵਾ ਨਾਲ ਪੂਰ ਦਿੱਤਾ ਗਿਆ ਹੈ। ਸੰਪਰਦਾਇ ਵੱਲੋਂ ਰੋਜ਼ਾਨਾ ਗੱਡੀਆਂ ਭਰ-ਭਰ ਕੇ ਵੱਖ-ਵੱਖ ਨਗਰਾਂ ਤੋਂ ਸੰਗਤ ਪਹੁੰਚਾਈ ਜਾਂਦੀ ਰਹੀ ਤੇ ਖੁੱਲ੍ਹੇ ਲੰਗਰ ਭੰਡਾਰੇ ਵਰਤਦੇ ਰਹੇ। ਇਸ ਸੇਵਾ ’ਚ ਸ਼ਾਮਲ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਵੀ ਧੰਨਵਾਦ ਕੀਤਾ ਗਿਆ। ਇਸ ਸੇਵਾ ’ਚ ਭਰਪੂਰ ਸਹਿਯੋਗ ਦਿੰਦਿਆਂ ਉਨ੍ਹਾਂ ਵੱਲੋਂ ਦੋ ਪੋਕਲੇਨ ਮਸ਼ੀਨਾਂ ਲਗਾਤਾਰ ਸੇਵਾ ’ਚ ਚਲਦੀਆਂ ਰਹੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਸੁੱਖਾ ਸਿੰਘ ਨੇ ਆਖਿਆ ਕਿ ਸਾਲ 2023 ’ਚ ਵੀ ਇਥੇ ਬੰਨ੍ਹ ਬੰਨ੍ਹਣ ਦੀ ਸੇਵਾ ਕੀਤੀ ਗਈ ਸੀ। ਇਸ ਵਾਰ ਹੜ੍ਹਾਂ ਦੌਰਾਨ ਇਸ ਇਲਾਕੇ ਦੇ ਲੋਕਾਂ ਨੇ ਸਭ ਤੋਂ ਲੰਮਾ ਸਮਾਂ ਪਾਣੀ ’ਚ ਗੁਜਾਰਿਆ ਹੈ। ਵਾਹਿਗੁਰੂ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਇਸ ਬੰਨ੍ਹ ’ਤੇ ਨੌਜਵਾਨਾਂ ਨੇ ਦਿਨ-ਰਾਤ, ਧੁੱਪ-ਛਾਂ ਦੀ ਪਰਵਾਹ ਕੀਤੇ ਬਿਨਾਂ ਅਣਥੱਕ ਸੇਵਾਵਾਂ ਕੀਤੀਆਂ ਹਨ। ਅੱਜ ਇਥੇ ਬੰਨ੍ਹ ਦਾ ਪਾੜ ਪੂਰਿਆ ਗਿਆ ਹੈ, ਪਰ ਇਸ ਇਲਾਕੇ ’ਚ ਪਿੰਡ ਬਾਉਪੁਰ ਦੀ ਸੇਵਾ ਅਜੇ ਜਾਰੀ ਹੈ। ਇਥੋਂ ਦੀ ਸਾਰੀ ਟੀਮ ਨੇ ਉਥੇ ਪਹੁੰਚ ਕੇ ਵੀ ਇਵੇਂ ਹੀ ਸੇਵਾਵਾਂ ਕਰੇਗੀ। ਇਹ ਬੰਨ੍ਹ ਬੱਝਣ ਨਾਲ ਕਿਸਾਨ ਹੁਣ ਅਗਲੀ ਫਸਲ ਬੀਜਣ ਲਈ ਆਪਣੀ ਜ਼ਮੀਨ ਨੂੰ ਤਿਆਰ ਕਰ ਸਕਣਗੇ। ਇਸ ਮੌਕੇ ਸੰਗਤ ’ਚ ਜਥੇਦਾਰ ਬਾਬਾ ਹੀਰਾ ਸਿੰਘ ਗੁਰਦੁਆਰਾ ਮਾਤਾ ਸੁਲੱਖਣੀ ਜੀ ਸੁਲਤਾਨਪੁਰ ਲੋਧੀ, ਮੈਨੇਜਰ ਅਵਤਾਰ ਸਿੰਘ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਸਰਵਣ ਸਿੰਘ ਚੱਕ, ਜਥੇਦਾਰ ਬੀਰਾ ਸਿੰਘ, ਜਥੇਦਾਰ ਬਾਬਰ ਸਿੰਘ, ਜਥੇਦਾਰ ਪ੍ਰਿਤਪਾਲ ਸਿੰਘ ਭਾਈ, ਮੈਨੇਜਰ ਗੁਰਦੁਆਰਾ ਬੇਬੇ ਨਾਨਕੀ ਜੀ, ਬਾਬਾ ਜਗਜੀਤ ਸਿੰਘ ਬੇਗਮਪੁਰਾ ਫਿਲੌਰ ਵਾਲੇ, ਲਖਵਿੰਦਰ ਸਿੰਘ ਸਰਪੰਚ, ਕੁੰਦਨ ਸਿੰਘ ਸਾਬਕਾ ਸਰਪੰਚ, ਬਾਬਾ ਕਰਤਾਰ ਸਿੰਘ ਠੱਠੇ ਵਾਲੇ, ਬਾਬਾ ਨੀਲਾ ਜੀ, ਅੰਗਰੇਜ਼ ਸਿੰਘ ਅਮਰਜੀਤ ਸਿੰਘ ਖਿੰਡਾ ਲੋਧੀਵਾਲ, ਭੁਪਿੰਦਰ ਸਿੰਘ, ਨੰਬਰਦਾਰ ਕੁਲਬੀਰ ਸਿੰਘ ਆਹਲੀ, ਨੰਬਰਦਾਰ ਵਰਿਆਮ ਸਿੰਘ ਆਹਲੀ, ਹਰਜਿੰਦਰ ਸਿੰਘ ਲੋਧੀਵਾਲ, ਦਰਸ਼ਨ ਸਿੰਘ ਕਬੀਰਪੁਰ, ਬੋਹੜ ਸਿੰਘ ਹਜਾਰਾ, ਚਮਕੌਰ ਸਿੰਘ ਹੁਸੈਨਪੁਰ ਬੂਲੇ, ਭੁਪਿੰਦਰ ਸਿੰਘ ਹੁਸੈਨਪੁਰ ਬੂਲੇ, ਰਣਯੋਧ ਸਿੰਘ ਹਾਜੀਪੁਰ, ਡਾ. ਸਤਨਾਮ ਸਿੰਘ ਹਾਜੀਪੁਰ, ਇੰਦਰਜੀਤ ਸਿੰਘ ਸਰਪੰਚ ਹਾਜੀਪੁਰ, ਜਸਪਾਲ ਸਿੰਘ ਚੱਕ, ਸਤਪਾਲ ਸਿੰਘ ਚੱਕ, ਸੁਖਵਿੰਦਰ ਸਿੰਘ ਚੱਕ, ਅਜੀਤ ਸਿੰਘ ਭੀਮ ਕਦੀਮ, ਮੰਗਲ ਸਿੰਘ ਭੀਮ ਕਦੀਮ, ਗੁਰਮੀਤ ਸਿੰਘ ਸਰਪੰਚ ਬਾਊਪੁਰ, ਕੁਲਦੀਪ ਸਿੰਘ ਸਾਂਘਰਾ, ਰੇਸ਼ਮ ਸਿੰਘ ਸਰੂਪਵਾਲ ਤੇ ਹੋਰ ਕਈ ਪਤਵੰਤੇ ਹਾਜ਼ਰ ਸਨ।