ਗਰਮੀ ਹੋਵੇ ਜਾਂ ਕੜਾਕੇ ਦੀ ਠੰਢ ਨੌਜਵਾਨ ਇਸ ਸੇਵਾ ਨੂੰ ਨਿਭਾਉਣ ਲਈ ਦੇਰ ਰਾਤ ਤੱਕ ਜੁੜੇ ਰਹਿੰਦੇ ਹਨ।

ਸਟਾਫ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਹਰ ਸ਼ੁਕਰਵਾਰ ਨੌਜਵਾਨਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਦਰਬਾਰ ਦੀਆਂ ਪੌੜੀਆਂ ਅਤੇ ਪਾਲਕੀ ਘਰ ਦੀ ਧੁਆਈ ਦੀ ਸੇਵਾ ਸ਼ਰਧਾ ਭਾਵਨਾ ਨਾਲ ਕੀਤੀ ਜਾਂਦੀ ਹੈ। ਗਰਮੀ ਹੋਵੇ ਜਾਂ ਕੜਾਕੇ ਦੀ ਠੰਢ ਨੌਜਵਾਨ ਇਸ ਸੇਵਾ ਨੂੰ ਨਿਭਾਉਣ ਲਈ ਦੇਰ ਰਾਤ ਤੱਕ ਜੁੜੇ ਰਹਿੰਦੇ ਹਨ। ਸੇਵਾ ਉਪਰੰਤ ਅਰਦਾਸ ਕਰਕੇ ਜਿਥੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ। ਉਥੇ ਹੀ ਗੁਰੂ ਕੇ ਲੰਗਰ ਵੀ ਉੱਥੇ ਹੀ ਤਿਆਰ ਕਰ ਕੇ ਸੰਗਤ ਨੂੰ ਛਕਾਏ ਜਾਂਦੇ ਹਨ।
ਸ੍ਰੀ ਦਰਬਾਰ ਸਾਹਿਬ ਵਿਖੇ ਸਮਾਪਤੀ ਉਪਰੰਤ ਮੁੱਖ ਦਰਬਾਰ ਦੀਆਂ ਚਾਰੇ ਪਾਸੇ ਦੀਆਂ ਪੌੜੀਆਂ ਦੀ ਧੁਆਈ ਦੀ ਸੇਵਾ ਨੌਜਵਾਨਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਆਰੰਭ ਕੀਤੀ ਜਾਂਦੀ ਹੈ। ਇਕ ਇਕ ਕਰ ਕੇ ਚਾਰੇ ਪਾਸੇ ਦੀ ਸੇਵਾ ਨੂੰ ਸੰਪੂਰਨ ਕਰਨ ਉਪਰੰਤ ਮੁੱਖ ਦਰਸ਼ਨੀ ਡਿਓਢੀ ਦੀਆਂ ਪੌੜੀਆਂ ਨੂੰ ਸਾਫ ਕੀਤਾ ਜਾਂਦਾ ਹੈ। ਜਦੋਂਕਿ ਇਸ ਦੇ ਨਾਲ ਹੀ ਪਾਲਕੀ ਘਰ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸਵਾਰੀ ਵਾਲੀ ਸੁਨਹਿਰੀ ਪਾਲਕੀ ਨੂੰ ਰੱਖਿਆ ਜਾਂਦਾ ਹੈ, ਦੀ ਵੀ ਧੁਆਈ ਦੀ ਸੇਵਾ ਪਾਲਕੀ ਘਰ ਸੇਵਾ ਸੁਸਾਇਟੀ ਵੱਲੋਂ ਕੀਤੀ ਜਾਂਦੀ ਹੈ।
ਇਸ ਮੌਕੇ ਸਮੁੱਚੀ ਵਿਛਾਈ ਦੀ ਸੇਵਾ ਵੀ ਦੁਬਾਰਾ ਕੀਤੀ ਜਾਂਦੀ ਹੈ। ਸੇਵਾਦਾਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਹਰ ਹਫਤੇ ਨੌਜਵਾਨ ਸ਼ਰਧਾ ਭਾਵਨਾ ਨਾਲ ਸੇਵਾ ਲਈ ਜੁੜਦੇ ਹਨ ਅਤੇ ਇਹ ਬਹੁਤ ਚੰਗੀ ਗੱਲ ਹੈ ਕਿ ਸੈਂਕੜੇ ਨੌਜਵਾਨ ਇਸ ਸੇਵਾ ਨਾਲ ਜੁੜ ਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਨਾਲ ਨਾਲ ਬੱਚੇ ਅਤੇ ਬੀਬੀਆਂ ਵੀ ਸੇਵਾ ਵਿਚ ਸ਼ਾਮਲ ਹੁੰਦੀਆਂ ਹਨ। ਇਸ ਮੌਕੇ ਜੋੜਾ ਘਰ ਸੇਵਕ ਜਥੇ ਦੇ ਭਾਈ ਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਜਿੱਥੇ ਪੌੜੀਆਂ ਦੀ ਧੁਆਈ ਦੀ ਸੇਵਾ ਕੀਤੀ ਜਾਂਦੀ ਹੈ। ਉਥੇ ਹੀ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਅੰਦਰ ਹੋਣ ਵਾਲੀ ਜਲ ਦੀ ਸੇਵਾ ਵਾਲੀਆਂ ਗਾਗਰਾਂ ਦੀ ਸਫਾਈ ਅਤੇ ਭਰਾਈ ਦੀ ਸੇਵਾ ਵੀ ਕੀਤੀ ਜਾਂਦੀ ਹੈ। ਸੇਵਾ ਉਪਰੰਤ ਨੌਜਵਾਨਾਂ ਵੱਲੋਂ ਮੂਲ ਮੰਤਰ ਦਾ ਜਾਪ ਕੀਤਾ ਜਾਂਦਾ ਹੈ ਅਤੇ ਫਿਰ ਦੋਵਾਵਾਂ ਸੇਵਾਵਾਂ ਦੀ ਸੰਪੂਰਨਤਾ ਤੇ ਸ਼ੁਕਰਾਨੇ ਲਈ ਅਰਦਾਸ ਕਰਕੇ ਸੰਗਤ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਾਲਾਂ ਤੋਂ ਇਹ ਸੇਵਾ ਸ਼ੁਕਰਵਾਰ ਨੂੰ ਚੱਲ ਰਹੀ ਹੈ ਅਤੇ ਸੇਵਾਵਾਂ ਉਪਰੰਤ ਗੁਰੂ ਕੇ ਲੰਗਰ ਵੀ ਦਰਸ਼ਨੀ ਡਿਓਢੀ ਦੇ ਬਾਹਰ ਪੰਗਤ ਵਿਚ ਸੰਗਤ ਨੂੰ ਛਕਾਏ ਜਾਂਦੇ ਹਨ। ਉਕਤ ਸੇਵਾਦਾਰਾਂ ਨੇ ਦੱਸਿਆ ਕਿ ਇਸ ਸੇਵਾ ਵਿਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਨੌਜਵਾਨ ਹਰ ਹਫਤੇ ਜੁੜਦੇ ਹਨ ਅਤੇ ਇਨ੍ਹਾਂ ਨੂੰ ਵੇਖ ਕੇ ਅਨੇਕਾਂ ਨੌਜਵਾਨ ਗੁਰੂ ਘਰ ਦੀਆਂ ਸੇਵਾਵਾਂ ਨਾਲ ਜੁੜ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਰਾਤ ਕਰੀਬ 12 ਵਜੇ ਤੱਕ ਇਹ ਸੇਵਾਵਾਂ ਚੱਲਦੀਆਂ ਹਨ ਅਤੇ ਸੰਗਤ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਇਹ ਸੇਵਾ ਕਰਦੀ ਹੈ।