ਲੁਟੇਰਿਆਂ ਦੀ ਬੇਰਹਿਮੀ ਨੇ ਲਈ ਮਹਿਲਾ ਦੀ ਜਾਨ: ਕੰਨਾਂ ਦੀਆਂ ਵਾਲੀਆਂ ਖੋਹਣ ਵੇਲੇ ਸਿਰ 'ਚ ਮਾਰੀ ਸੀ ਸੱਟ, ਇਲਾਜ ਦੌਰਾਨ ਤੋੜਿਆ ਦਮ
ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਮੱਦਰ ਮਥਰਾ ਭਾਗੀ ’ਚ ਸਵੇਰੇ ਕਰੀਬ ਸਾਢੇ ਚਾਰ ਵਜੇ ਗੁਰੂ ਘਰ ਜਾਂਦਿਆਂ ਖੋਹਬਾਜਾਂ ਵੱਲੋਂ ਜ਼ਖ਼ਮੀ ਕੀਤੀ ਗਈ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਉਕਤ ਲੁਟੇਰਿਆਂ ਨੇ ਔਰਤ ਦੇ ਕੰਨਾਂ ਵਿੱਚੋਂ ਵਾਲੀਆਂ ਝਪਟਣ ਮੌਕੇ ਸਿਰ ਵਿਚ ਸੱਟ ਲਗਾਈ ਸੀ, ਜੋ ਉਸ ਲਈ ਜਾਨਲੇਵਾ ਸਾਬਤ ਹੋਈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਿਥੇ ਤਿੰਨ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉਥੇ ਹੀ ਇਕ ਦੀ ਪਛਾਣ ਵੀ ਕਰ ਲਈ ਹੈ।
Publish Date: Thu, 15 Jan 2026 11:41 AM (IST)
Updated Date: Thu, 15 Jan 2026 11:49 AM (IST)

ਸਰਬਜੀਤ ਸਿੰਘ ਛੀਨਾ, ਪੰਜਾਬੀ ਜਾਗਰਣ, ਖਾਲੜਾ - ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਮੱਦਰ ਮਥਰਾ ਭਾਗੀ ’ਚ ਸਵੇਰੇ ਕਰੀਬ ਸਾਢੇ ਚਾਰ ਵਜੇ ਗੁਰੂ ਘਰ ਜਾਂਦਿਆਂ ਖੋਹਬਾਜਾਂ ਵੱਲੋਂ ਜ਼ਖ਼ਮੀ ਕੀਤੀ ਗਈ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਉਕਤ ਲੁਟੇਰਿਆਂ ਨੇ ਔਰਤ ਦੇ ਕੰਨਾਂ ਵਿੱਚੋਂ ਵਾਲੀਆਂ ਝਪਟਣ ਮੌਕੇ ਸਿਰ ਵਿਚ ਸੱਟ ਲਗਾਈ ਸੀ, ਜੋ ਉਸ ਲਈ ਜਾਨਲੇਵਾ ਸਾਬਤ ਹੋਈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਿਥੇ ਤਿੰਨ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉਥੇ ਹੀ ਇਕ ਦੀ ਪਛਾਣ ਵੀ ਕਰ ਲਈ ਹੈ।
ਕਾਰਜ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਮੱਦਰ ਮਥਰਾ ਭਾਗੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 12 ਜਨਵਰੀ ਨੂੰ ਸਵੇਰੇ ਕਰੀਬ ਸਾਢੇ ਚਾਰ ਵਜੇ ਉਹ ਤੇ ਉਸ ਦੀ ਪਤਨੀ ਤਸਬੀਰ ਕੌਰ ਪਿੰਡ ਦੇ ਗੁਰਦੁਆਰਾ ਬਾਬਾ ਲੱਛੀ ਰਾਮ ਜੀ ਵਿਖੇ ਮੱਥਾ ਟੇਕਣ ਜਾ ਰਹੇ ਸੀ। ਇਸੇ ਦੌਰਾਨ ਹਨੇਰੇ ਵਿਚ ਤਿੰਨ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਉਸ ਦੀ ਪਤਨੀ ਤਸਬੀਰ ਕੌਰ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਜਦੋਂਕਿ ਉਸਦੇ ਸਿਰ ਵਿਚ ਕੋਈ ਚੀਜ ਮਾਰ ਕੇ ਸੱਟ ਵੀ ਲਗਾ ਦਿੱਤੀ। ਗੰਭੀਰ ਜ਼ਖ਼ਮੀ ਹੋਣ ਕਰਕੇ ਉਨ੍ਹਾਂ ਨੇ ਤਸਬੀਰ ਕੌਰ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਖਾਲੜਾ ਦੇ ਏਐੱਸਆਈ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਖੋਹ ਸਬੰਧੀ ਦਰਜ ਕੀਤੇ ਕੇਸ ਵਿਚ ਜੁਰਮ ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਤਿੰਨ ਲੁਟੇਰਿਆਂ ਵਿੱਚੋਂ ਇਕ ਦੀ ਪਛਾਣ ਵਰਿਆਮ ਸਿੰਘ ਪੁੱਤਰ ਗੁਲਜਾਰ ਸਿੰਘ ਵਜੋਂ ਹੋਈ ਹੈ, ਜੋ ਮ੍ਰਿਤਕਾ ਦੇ ਪਿੰਡ ਮੱਦਰ ਮਥਰਾ ਭਾਗੀ ਦਾ ਹੀ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਵਰਿਆਮ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਕਾਬੂ ਕਰਕੇ ਦੂਸਰੇ ਦੋ ਲੁਟੇਰਿਆਂ ਦੀ ਵੀ ਪਛਾਣ ਕਰ ਲਈ ਜਾਵੇਗੀ।