ਨਵਰੂਪ ਕੌਰ ਨੂੰ ਪਹਿਲਾਂ ਤਰਨਤਾਰਨ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਅਤੇ ਚਾਰ ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਨਵਰੂਪ ਕੌਰ ਨੇ ਬੁੱਧਵਾਰ ਨੂੰ ਦਮ ਤੋੜ ਦਿੱਤਾ। ਲੜਕੀ ਦੇ ਪਿਤਾ ਮੰਗਲ ਸਿੰਘ ਦੇ ਦੱਸਿਆ ਕਿ ਅਰਜਨ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਵਿਰੋਧ ਕਰਨ ਦੇ ਚੱਲਦਿਆਂ ਹੀ ਉਨ੍ਹਾਂ ਦੀ ਲੜਕੀ ਨੂੰ ਗੋਲੀ ਮਾਰੀ ਗਈ ਹੈ।

ਸਟਾਫ ਰਿਪੋਰਟਰ•ਪੰਜਾਬੀ ਜਾਗਰਣ, ਤਰਨਤਾਰਨ : ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਰਸੂਲਪੁਰ ਦੇ ਅੱਡੇ ਉੱਪਰ ਸ਼ਨਿਚਰਵਾਰ ਨੂੰ ਆਪਣੇ ਘਰ ਜਾਣ ਲਈ ਆਟੋ ਦੀ ਉਡੀਕ ਕਰਦਿਆਂ ਪਿੰਡ ਦੇ ਹੀ ਨੌਜਵਾਨ ਦੀ ਗੋਲ਼ੀ ਦਾ ਸ਼ਿਕਾਰ ਹੋਈ ਨਵਰੂਪ ਕੌਰ ਨਾਮਕ ਲੜਕੀ ਨੇ ਇਲਾਜ ਦੌਰਾਨ ਚਾਰ ਦਿਨ ਬਾਅਦ ਦਮ ਤੋੜ ਦਿੱਤਾ ਜਿਸ ਦਾ ਬੁੱਧਵਾਰ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ’ਚੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਜਿਸ ਦਾ ਪਿੰਡ ਬਨਵਾਲੀਪੁਰ ’ਚ ਗਮਗੀਨ ਮਾਹੌਲ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਨਵਾਲੀਪੁਰ ਦੀ ਵਸਨੀਕ ਨਵਰੂਪ ਕੌਰ ਬੀਏ ਪਾਸ ਸੀ ਅਤੇ ਤਰਨਤਾਰਨ ਵਿਖੇ ਸੈਲੂਨ ਵਿਚ ਕੰਮ ਕਰਦੀ ਸੀ। ਸ਼ਨਿਚਰਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਜਦੋਂ ਉਹ ਆਪਣੇ ਪਿੰਡ ਬਨਵਾਲੀਪੁਰ ਜਾਣ ਵਾਸਤੇ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਰਸੂਲਪੁਰ ਦੇ ਅੱਡੇ ’ਤੇ ਆਟੋ ਦੀ ਉਡੀਕ ਕਰ ਰਹੀ ਸੀ ਤਾਂ ਉਸ ਦੇ ਪਿੰਡ ਦਾ ਅਰਜੁਨ ਸਿੰਘ ਨਾਮਕ ਮੁੰਡਾ ਆਪਣੇ ਇਕ ਹੋਰ ਸਾਥੀ ਨਾਲ ਬਾਈਕ ’ਤੇ ਆਇਆ ਅਤੇ ਨਵਰੂਪ ਕੌਰ ਨੂੰ ਗੋਲ਼ੀ ਮਾਰ ਦਿੱਤੀ, ਜੋ ਉਸ ਦੇ ਸਿਰ ’ਚੋਂ ਆਰ-ਪਾਰ ਹੋ ਗਈ।
ਨਵਰੂਪ ਕੌਰ ਨੂੰ ਪਹਿਲਾਂ ਤਰਨਤਾਰਨ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਅਤੇ ਚਾਰ ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਨਵਰੂਪ ਕੌਰ ਨੇ ਬੁੱਧਵਾਰ ਨੂੰ ਦਮ ਤੋੜ ਦਿੱਤਾ। ਲੜਕੀ ਦੇ ਪਿਤਾ ਮੰਗਲ ਸਿੰਘ ਦੇ ਦੱਸਿਆ ਕਿ ਅਰਜਨ ਉਸ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਵਿਰੋਧ ਕਰਨ ਦੇ ਚੱਲਦਿਆਂ ਹੀ ਉਨ੍ਹਾਂ ਦੀ ਲੜਕੀ ਨੂੰ ਗੋਲ਼ੀ ਮਾਰੀ ਗਈ ਹੈ। ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਮੰਗਲ ਸਿੰਘ ਦੇ ਉਕਤ ਬਿਆਨਾਂ ਦੇ ਆਧਾਰ ’ਤੇ ਪਹਿਲਾਂ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਹੁਣ ਕਤਲ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਮੁਲਜ਼ਮ ਦੇ ਨੇੜੇ ਪੁੱਜੀ ਪੁਲਿਸ
ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਲੜਕੀ ਨੂੰ ਗੋਲ਼ੀ ਮਾਰਨ ਵਾਲੇ ਅਰਜੁਨ ਦੇ ਨੇੜੇ ਪੁਲਿਸ ਪਹੁੰਚ ਚੁੱਕੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਮੁਲਜ਼ਮ ਸਬੰਧੀ ਪੁਖਤਾ ਸੁਰਾਗ ਹੱਥ ਵਿਚ ਲੱਗੇ ਹਨ ਜਿਸ ਨੂੰ ਕਾਬੂ ਕਰਨ ਦੇ ਬਹੁਤ ਨੇੜੇ ਹਾਂ।