ਤਰਨਤਾਰਨ ਦੇ ਪਿੰਡ ਬਨਵਾਲੀਪੁਰ ਵਾਸੀ ਲੜਕੀ ਨੂੰ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਰਸੂਲਪੁਰ ਦੇ ਅੱਡੇ ’ਤੇ ਘਰ ਜਾਣ ਲਈ ਆਟੋ ਉਡੀਕ ਕਰਦਿਆਂ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਲੁੜੀਂਦੇ ਅਰਜਨ ਸਿੰਘ ਨਾਮਕ ਮੁਲਜ਼ਮ ਨੂੰ ਤਰਨਤਾਰਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਕੋਲੋਂ ਹੱਤਿਆ ਵਿਚ ਵਰਤਿਆ ਪਿਸਟਲ ਅਤੇ ਮੋਟਰਸਾਈਕਲ ਵੀ ਬਰਾਮਦ ਹੋ ਗਿਆ।

ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਿੰਡ ਬਨਵਾਲੀਪੁਰ ਵਾਸੀ ਲੜਕੀ ਨੂੰ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਰਸੂਲਪੁਰ ਦੇ ਅੱਡੇ ’ਤੇ ਘਰ ਜਾਣ ਲਈ ਆਟੋ ਉਡੀਕ ਕਰਦਿਆਂ ਗੋਲ਼ੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਲੋੜੀਂਦੇ ਅਰਜਨ ਸਿੰਘ ਨਾਮਕ ਮੁਲਜ਼ਮ ਨੂੰ ਤਰਨਤਾਰਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਕੋਲੋਂ ਹੱਤਿਆ ਵਿਚ ਵਰਤਿਆ ਪਿਸਟਲ ਅਤੇ ਮੋਟਰਸਾਈਕਲ ਵੀ ਬਰਾਮਦ ਹੋ ਗਿਆ। ਜਦੋਂਕਿ ਉਸਦੇ ਇਕ ਹੋਰ ਸਾਥੀ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਨਵਰੂਪ ਕੌਰ ਪੁੱਤਰੀ ਮੰਗਲ ਸਿੰਘ ਵਾਸੀ ਬਨਵਾਲੀਪੁਰ ਸ਼ਨਿੱਚਰਵਾਰ ਨੂੰ ਤਰਨਤਾਰਨ ਦੇ ਸੈਲੂਨ ਤੋਂ ਕੰਮ ਕਰਕੇ ਸ਼ਾਮ ਕਰੀਬ ਸਾਢੇ ਪੰਜ ਵਜੇ ਰਸੂਪੁਰ ਪਿੰਡ ਦੇ ਅੱਡੇ ’ਤੇ ਆਪਣੇ ਪਿੰਡ ਬਨਵਾਲੀਪੁਰ ਜਾਣ ਵਾਸਤੇ ਆਟੋ ਦੀ ਉਡੀਕ ਕਰ ਰਹੀ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਜਣਿਆਂ ਨੇ ਉਸਦੇ ਸਿਰ ਵਿਚ ਗੋਲੀ ਮਾਰ ਦਿੱਤੀ। ਗੰਭੀਰ ਹਾਲਤ ਵਿਚ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿਥੇ ਬੁੱਧਵਾਰ ਨੂੰ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਉਕਤ ਘਟਨਾ ਸਬੰਧੀ ਵੀਰਵਾਰ ਨੂੰ ਰੱਖੀ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਐੱਸਪੀ ਇਨਵੈਸਟੀਗੇਸ਼ਨ ਰਿਪੂਤਪਨ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਮੰਗਲ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਕਿ ਉਸਦੇ ਗਵਾਂਢ ਵਿਚ ਰਹਿੰਦੇ ਅਰਜਨ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਹੀ ਉਸਦੀ ਲੜਕੀ ਦੇ ਸਿਰ ਵਿਚ ਗੋਲ਼ੀ ਮਾਰੀ ਹੈ। ਜਿਸ ਸਬੰਧੀ ਪਹਿਲਾਂ ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਸੀ ਅਤੇ ਬੁੱਧਵਾਰ ਨੂੰ ਲੜਕੀ ਦੀ ਮੌਤ ਹੋਣ ਉਪਰੰਤ ਉਕਤ ਕੇਸ ਵਿਚ ਕਤਲ ਦੀਆਂ ਧਾਰਾਵਾਂ ਨੂੰ ਜੋੜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਨਵਰੂਪ ਕੌਰ ਨੂੰ ਗੋਲ਼ੀ ਮਾਰਨ ਵਾਲੇ ਮੁੱਖ ਮੁਲਜ਼ਮ ਅਰਜਨ ਸਿੰਘ ਨੂੰ ਪੁਲਿਸ ਨੇ ਮਨੁੱਖੀ ਸਰੋਤਾਂ ਅਤੇ ਤਕਨੀਕੀ ਇੰਨਟੈਲੀਜੈਂਸੀ ਰਾਹੀਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਅਰਜਨ ਸਿੰਘ 24 ਸਾਲਾ ਨਵਰੂਪ ਕੌਰ ’ਤੇ ਵਿਆਹ ਕਰਵਾਉਣ ਲਈ ਦਬਾਅ ਪਾਉਂਦਿਆਂ ਤੰਗ ਪਰੇਸ਼ਾਨ ਕਰਦਾ ਆ ਰਿਹਾ ਸੀ। ਜਿਸ ਕਰਕੇ ਉਸਨੇ ਲੜਕੀ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਹੱਤਿਆ ਲਈ ਵਰਤਿਆ ਗਿਆ 9 ਐੱਮਐੱਮ ਦਾ ਪਿਸਟਲ, ਤਿੰਨ ਕਾਰਤੂਸ ਅਤੇ ਸਪਲੈਂਡਰ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਜਦੋਂਕਿ ਇਸਦੇ ਸਾਥੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਡੀਐੱਸਪੀ ਅਤੁਲ ਸੋਨੀ ਅਤੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।