Tarntaran News : ਸਹੁਰੇ ਘਰ ਰਹਿ ਰਹੇ ਨੌਜਵਾਨ ਨੇ ਪੁੜਪੁੜੀ ’ਚ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ
ਇਸ ਬਾਰੇ ਸੋਨੀਆ ਪੁੱਤਰੀ ਦਲਬੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਸ ਦਾ ਵਿਆਹ ਅਕਾਸ਼ਦੀਪ ਸਿੰਘ ਕਾਸੂ ਵਾਸੀ ਰਾਣਾ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੋਇਆ ਸੀ ਅਤੇ ਕਰੀਬ 11 ਮਹੀਨੇ ਤੋਂ ਉਹ ਆਪਣੇ ਪਤੀ ਸਣੇ ਪੇਕੇ ਪਿੰਡ ਦੀਨੇਵਾਲ ਰਹਿ ਰਹੀ ਹੈ।
Publish Date: Sun, 18 Jan 2026 08:57 PM (IST)
Updated Date: Sun, 18 Jan 2026 09:00 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਦੀਨੇਵਾਲ ਵਿਚ ਸਹੁਰੇ ਘਰ ਰਹਿੰਦੇ 31 ਸਾਲਾ ਨੌਜਵਾਨ ਨੇ ਆਪਣੀ ਪੁੜਪੁੜੀ ਵਿਚ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਜਿਸ ਪਿਸਤੌਲ ਨਾਲ ਖੁਦਕੁਸ਼ੀ ਕੀਤੀ ਹੈ, ਉਹ ਗ਼ੈਰ-ਕਾਨੂੰਨੀ ਸੀ, ਜਿਸ ਨੂੰ ਉਸ ਦੀ ਪਤਨੀ ਨੇ ਪਿੰਡ ਦੇ ਛੱਪੜ ਵਿਚ ਸੁੱਟ ਦਿੱਤਾ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਧਾਰਾ 194 ਬੀਐੱਨਐੱਸ ਦੇ ਤਹਿਤ ਕਾਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਸੋਨੀਆ ਪੁੱਤਰੀ ਦਲਬੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਸ ਦਾ ਵਿਆਹ ਅਕਾਸ਼ਦੀਪ ਸਿੰਘ ਕਾਸੂ ਵਾਸੀ ਰਾਣਾ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੋਇਆ ਸੀ ਅਤੇ ਕਰੀਬ 11 ਮਹੀਨੇ ਤੋਂ ਉਹ ਆਪਣੇ ਪਤੀ ਸਣੇ ਪੇਕੇ ਪਿੰਡ ਦੀਨੇਵਾਲ ਰਹਿ ਰਹੀ ਹੈ। ਉਸ ਦੇ ਪਤੀ ਤੇ ਬਾਕੀ ਸਹੁਰੇ ਪਰਿਵਾਰ ਵਿਰੁੱਧ ਥਾਣਾ ਜੰਡਿਆਲਾ ਵਿਚ ਝਗੜੇ ਦਾ ਕੇਸ ਦਰਜ ਹੋਇਆ ਸੀ, ਜਿਸ ਕਾਰਨ ਉਸ ਦਾ ਸਹੁਰਾ ਜੋਗਿੰਦਰ ਸਿੰਘ ਜੇਲ੍ਹ ਵਿਚ ਬੰਦ ਹੈ। ਇਸੇ ਮੁਕੱਦਮੇ ਤੋਂ ਪਰੇਸ਼ਾਨ ਉਸ ਦਾ ਪਤੀ ਨਸ਼ੇ ਕਰਨ ਲੱਗਾ ਅਤੇ ਉਸ ਦੇ ਕੋਲ ਗ਼ੈਰ-ਕਾਨੂੰਨੀ ਪਿਸਤੌਲ ਵੀ ਸੀ।
ਲੰਘੇ ਦਿਨ ਕਰੀਬ 3 ਵਜੇ ਉਹ ਘਰ ਦੀ ਛੱਤ ’ਤੇ ਕੱਪੜੇ ਸੁਕਾਉਣ ਗਈ ਤਾਂ ਗੋਲੀ ਚੱਲਣ ਦੀ ਆਵਾਜ਼ ਸੁਣੀ, ਉਹ ਹੇਠਾਂ ਆਈ ਤਾਂ ਲਾਬੀ ਦਾ ਦਰਵਾਜਾ ਬੰਦ ਮਿਲਿਆ। ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਗਈ ਤਾਂ ਅੱਗੇ ਉਸ ਦਾ ਪਤੀ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੇ ਦੱਸਿਆ ਕਿ ਘਰ ਵਿਚ ਇਕੱਲੀ ਹੋਣ ਕਰਕੇ ਉਸ ਨੇ ਘਬਰਾਹਟ ਵਿਚ ਪਿਸਤੌਲ ਚੁੱਕ ਕੇ ਘਰ ਦੇ ਪਿਛਲੇ ਪਾਸੇ ਛੱਪੜ ਵਿਚ ਸੁੱਟ ਦਿੱਤਾ।
ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸੋਨੀਆ ਦੇ ਬਿਆਨਾਂ ’ਤੇ ਲਾਸ਼ ਦਾ ਪੋਸਟਮਾਰਟਮ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਕਾਸ਼ਦੀਪ ਸਿੰਘ ਦੇ ਖਿਲਾਫ ਜੰਡਿਆਲਾ ਗੁਰੂ ਥਾਣੇ ਵਿਚ ਇਰਾਦਾ ਕਤਲ ਦਾ ਕੇਸ ਦਰਜ ਸੀ, ਜਿਸ ਕਾਰਨ ਉਹ ਆਪਣੇ ਸਹੁਰੇ ਘਰ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਵਿਧਵਾ ਨੇ ਜਿਹੜਾ ਪਿਸਤੌਲ ਛੱਪੜ ਵਿਚ ਸੁੱਟਿਆ ਹੈ, ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ।