ਬਾਦਲ ਨੇ ਕਿਹਾ ਉਹ ਖੁਦ ਹੀ ਪੱਟੀ ਹਲਕੇ ਦੇ ਸਰਪੰਚ ਤੇ ਐੱਮਐੱਲਏ ਹੋਣਗੇ। ਇਸ ਮੌਕੇ ਉਨ੍ਹਾਂ ਭਵਿੱਖ ’ਚ ਪੱਟੀ ਹਲਕੇ ਦੀ ਅਗਵਾਈ ਕਰਨ ਦੇ ਸਪੱਸ਼ਟ ਸੰਕੇਤ ਦਿੱਤੇ।

ਸਾਬਕਾ ਸਰਪੰਚ, ਪੰਚ, ਵੱਖ-ਵੱਖ ਅਹੁਦਿਆਂ ਦੇ ਪ੍ਰਧਾਨ ਅਤੇ ਸਾਬਕਾ ਕੋਂਸਲਰਾਂ ਸਮੇਤ ਨਾਮਵਾਰ ਅਕਾਲੀ ਵਰਕਰ ’ਤੇ ਆਗੂ ਸ਼ਾਮਲ ਨਾ ਹੋ ਕੇ ਆਦੇਸ਼ ਪ੍ਰਤਾਪ ਕੈਰੋਂ ਦੀ ਰਾਜਨੀਤਿਕ ਪ੍ਰਭਾਵ ਨੂੰ ਸਮਰੱਥਨ ਦਿੱਤਾ
ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅੰਦਰ ਉਤਾਰੇ ਗਏ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਵਾਉਣ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਡੀਪੀਓ ਦਫ਼ਤਰ ਪੱਟੀ ਵਿਖੇ ਪਹੁੰਚੇ। ਉਮੀਦਵਾਰਾਂ ਤੇ ਉਨ੍ਹਾਂ ਦੇ ਸਮੱਰਥਕਾਂ ਦੇ ਇਕੱਠ ਅੰਦਰ ਬੋਲਦਿਆਂ ਬਾਦਲ ਨੇ ਕਿਹਾ ਉਹ ਖੁਦ ਹੀ ਪੱਟੀ ਹਲਕੇ ਦੇ ਸਰਪੰਚ ਤੇ ਐੱਮਐੱਲਏ ਹੋਣਗੇ। ਇਸ ਮੌਕੇ ਉਨ੍ਹਾਂ ਭਵਿੱਖ ’ਚ ਪੱਟੀ ਹਲਕੇ ਦੀ ਅਗਵਾਈ ਕਰਨ ਦੇ ਸਪੱਸ਼ਟ ਸੰਕੇਤ ਦਿੱਤੇ।
ਬਾਦਲ ਨੇ ਕਿਹਾ ਕਿ ਉਹ ਪੱਟੀ ਹਲਕੇ ਦੇ ਵਰਕਰਾਂ ਦੇ ਦੁੱਖ-ਸੁੱਖ ’ਚ ਸ਼ਾਮਲ ਹੋਣਗੇ ਤੇ ਕਿਸੇ ਅਕਾਲੀ ਵਰਕਰ ਨਾਲ ਸਰਕਾਰੀ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਬਾਦਲ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਆਰਥਿਕ ’ਤੇ ਵਿਕਾਸ ਪੱਖੋਂ ਨੁਕਸਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਹਿਤੈਸ਼ੀ ਪਾਰਟੀ ਹੈ ਜੋ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਲਈ ਇੱਕੋ ਇਕ ਖੇਤਰੀ ਪਾਰਟੀ ਹੈ। ਅੱਜ ਦੀ ਫੇਰੀ ਮੌਕੇ ਅਕਾਲ ਤਖਤ ਸਾਹਿਬ ਤੋਂ 10 ਸਾਲਾਂ ਲਈ ਸ੍ਰੋਮਣੀ ਅਕਾਲੀ ਦਲ ਵਿੱਚੋਂ ਖ਼ਾਰਜ ਕੀਤੇ ਗਏ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੀ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਨਾਲ ਨਜ਼ਰ ਆਏ ਪਰ ਕਿਸੇ ਵੀ ਸਿਆਸੀ ਗਤੀਵਿਧੀ ਅੰਦਰੋਂ ਉਨ੍ਹਾਂ ਦੂਰੀ ਬਣਾਈ ਰੱਖੀ।
ਸੁਖਬੀਰ ਸਿੰਘ ਬਾਦਲ ਦੀ ਫੇਰੀ ਮੌਕੇ ਪੱਟੀ ਹਲਕੇ ਦੀ ਪਹਿਲੀ ਕਤਾਰ ਦੀ ਲੀਡਰਸ਼ਿਪ ਵਿਚ ਸ੍ਰੋਮਣੀ ਕਮੇਟੀ ਮੈਂਬਰ ਸਾਬਕਾ ਸਰਪੰਚ, ਪੰਚ, ਵੱਖ-ਵੱਖ ਅਹੁਦਿਆਂ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰਾਂ ਸਮੇਤ ਨਾਮਵਾਰ ਅਕਾਲੀ ਵਰਕਰ ਤੇ ਆਗੂ ਸ਼ਾਮਲ ਨਾ ਹੋ ਕੇ ਆਦੇਸ਼ ਪ੍ਰਤਾਪ ਕੈਰੋਂ ਦੀ ਰਾਜਨੀਤਿਕ ਪ੍ਰਭਾਵ ਨੂੰ ਸਮਰੱਥਨ ਦਿੱਤਾ। ਆਦੇਸ਼ ਪ੍ਰਤਾਪ ਸਿੰਘ ਕੈਰੋਂ 1997 ਤੋਂ ਲੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਪੱਟੀ ਹਲਕੇ ਤੋਂ ਅਕਾਲੀ ਉਮੀਦਵਾਰ ਰਹੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਵਜ਼ਾਰਤ ਅੰਦਰ ਕੈਬਨਿਟ ਮੰਤਰੀ ਵੀ ਰਹੇ ਹਨ ।
ਕੈਰੋਂ ਦਸੰਬਰ 2024 ਤੋਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦਾ ਹਿੱਸਾ ਹੋਣ ਕਰਕੇ ਹਲਕੇ ਅੰਦਰ ਜਨਤਕ ਤੌਰ ’ਤੇ ਸਿਆਸੀ ਸਰਗਰਮੀਆਂ ਕਰਨ ਤੋਂ ਦੂਰ ਹਨ। ਪਾਰਲੀਮੈਂਟ ਚੋਣਾਂ ਦੌਰਾਨ ਵੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਹਮਾਇਤ ਨਹੀਂ ਕੀਤੀ ਸੀ। ਅਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਦਾ ਸਮੱਰਥਨ ਕੀਤਾ ਸੀ । ਕੈਰੋ ਵਲੋਂ ਤਰਨਤਾਰਨ ਦੀ ਜ਼ਿਮਨੀ ਚੋਣ ਮੌਕੇ ਅਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਦਾ ਖੁੱਲ੍ਹ ਕੇ ਸਮੱਰਥਨ ਕੀਤਾ ਗਿਆ ਹੈ । ਪੱਟੀ ਹਲਕੇ ਅੰਦਰ ਕੈਰੋਂ ਪਰਿਵਾਰ ਦੀ ਰਾਜਨੀਤੀ ਦੀ ਜੜ੍ਹਾਂ ਮਜ਼ਬੂਤ ਹੋਣ ਕਰਕੇ ਕੈਰੋ ਪਰਿਵਾਰ ਦੇ ਸਮੱਰਥਕਾਂ ਨੇ ਸੁਖਬੀਰ ਸਿੰਘ ਬਾਦਲ ਦੀ ਪੱਟੀ ਫੇਰੀ ਮੌਕੇ ਮੁਕੰਮਲ ਦੂਰੀ ਬਣਾਈ ਰੱਖੀ। ਉਥੇ ਕੁਝ ਅਕਾਲੀ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ ਹੈ।
ਬਾਦਲ ਦੀ ਪੱਟੀ ਫੇਰੀ ਅਕਾਲੀ ਦਲ ਦੇ ਵਰਕਰਾਂ ਨੂੰ ਆਪਣੇ ਵੱਲ ਖਿੱਚਣ ’ਚ ਕਾਮਯਾਬ ਨਹੀਂ ਹੋ ਸਕੀ। ਬਾਦਲ ਵਲੋਂ ਪੱਟੀ ਹਲਕੇ ਤੋਂ ਆਪਣੇ ਆਪ ਨੂੰ ਸਰਪੰਚ ਤੇ ਐੱਮਐੱਲਏ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪਰ ਕੈਰੋਂ ਪਰਿਵਾਰ ਰਾਜਨੀਤੀ ਪੱਖੋਂ ਵਿਧਾਨ ਸਭਾ ਹਲਕਾ ਪੱਟੀ ਉਪਰ ਪਰਿਵਾਰਕ ਸੀਟ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।
ਇਸ ਮੌਕੇ ਕਵਲਪ੍ਰੀਤ ਸਿੰਘ ਗਿੱਲ , ਗੁਰਦੀਪ ਸਿੰਘ ਧਾਲੀਵਾਲ, ਜਸਬੀਰ ਸਿੰਘ ਢੋਟੀਆਂ, ਸੁਰਜੀਤ ਸਿੰਘ ਸਾਬਕਾ ਸਰਪੰਚ ਸਭਰਾਂ, ਹਰਬੀਰ ਸਿੰਘ ਧਾਰੀਵਾਲ, ਸ਼ਿੰਗਾਰ ਸਿੰਘ ਸਾਬਕਾ ਵਾਇਸ ਚੇਅਰਮੈਨ, ਹਰਜਿੰਦਰ ਸਿੰਘ ਸਾਬਕਾ ਸਰਪੰਚ ਸਭਰਾਂ, ਬਲਰਾਜ ਸਿੰਘ ਦੁਬਲੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਆਗੂ ਹਾਜ਼ਰ ਸਨ।