ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ 21 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ
ਪਰਿਵਾਰਾਂ ਅਤੇ ਅਧਿਕਾਰੀਆਂ ਵੱਲੋਂ ਨਵਜੰਮੀਆਂ ਧੀਆਂ ਦੇ ਉਜਲੇ ਭਵਿੱਖ ਲਈ ਅਰਦਾਸ ਕੀਤੀ ਗਈ।
Publish Date: Wed, 14 Jan 2026 08:22 PM (IST)
Updated Date: Thu, 15 Jan 2026 04:12 AM (IST)

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ 21 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਨੇ ਡਿਪਟੀ ਕਮਿਸ਼ਨਰਰ ਰਾਹੁਲ ਦੀ ਅਗਵਾਈ ਹੇਠ ਬੁੱਧਵਾਰ ਨੂੰ ਭਾਈ ਵੀਰ ਸਿੰਘ ਬਿਰਧ ਆਸ਼ਰਮ ਤਰਨਤਾਰਨ ਦੇ ਵਿਹੜੇ ’ਚ 21 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ। ਇਸ ਉਪਰਾਲੇ ਦਾ ਮਕਸਦ ਲਿੰਗ ਸਮਾਨਤਾ ਦਾ ਸੰਦੇਸ਼ ਦੇਣਾ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਨੂੰ ਉਤਸ਼ਾਹਿਤ ਕਰਨਾ ਸੀ। ਜਦੋਂਕਿ ਇਸ ਮੌਕੇ ਰਵਾਇਤੀ ਢੰਗ ਨਾਲ ਲੋਹੜੀ ਦੀ ਅੱਗ ਬਾਲ ਕੇ ਇਹ ਤਿਉਹਾਰ ਮਨਾਇਆ ਗਿਆ, ਜੋ ਖੁਸ਼ਹਾਲੀ, ਤਿਉਹਾਰ ਦੀ ਗਰਮਜੋਸ਼ੀ ਦਾ ਪ੍ਰਤੀਕ ਹੈ। ਇਸ ਮੌਕੇ ਪਰਿਵਾਰਾਂ ਅਤੇ ਅਧਿਕਾਰੀਆਂ ਵੱਲੋਂ ਨਵਜੰਮੀਆਂ ਧੀਆਂ ਦੇ ਉਜਲੇ ਭਵਿੱਖ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀ ਤਰਫ਼ੋਂ ਬੱਚੀਆਂ ਦੀਆਂ ਮਾਵਾਂ ਨੂੰ ਤੋਹਫ਼ੇ ਅਤੇ ਮਿਠਾਈਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੁਲ ਅਰੋੜਾ ਨੇ ਮਾਵਾਂ ਅਤੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਪ੍ਰਗਤੀਸ਼ੀਲ ਸਮਾਜ ਵਿੱਚ ਲੜਕਿਆਂ ਅਤੇ ਲੜਕੀਆਂ ਵਿੱਚ ਕੋਈ ਭੇਦਭਾਵ ਨਹੀਂ ਰਹਿ ਗਿਆ ਹੈ, ਕਿਉਂਕਿ ਲੜਕੀਆਂ ਹਰ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਸਮਾਂ ਸੀ ਜਦੋਂ ਧੀਆਂ ਦੇ ਜਨਮ ਨੂੰ ਖੁਸ਼ੀ ਨਾਲ ਨਹੀਂ ਮਨਾਇਆ ਜਾਂਦਾ ਸੀ, ਪਰ ਹੁਣ ਧੀਆਂ ਦਾ ਸਵਾਗਤ ਪੂਰੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਜਿੱਤੇ ਗਏ ਕ੍ਰਿਕਟ ਵਰਲਡ ਕੱਪ ਵਿਚ ਪੰਜਾਬ ਨਾਲ ਸਬੰਧਤ ਖਿਡਾਰਨਾਂ ਦੇ ਯੋਗਦਾਨ ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਮੌਕਾ ਅਤੇ ਮਿਹਨਤ ਨਾਲ ਨੌਜਵਾਨ ਬੱਚੀਆਂ ਕਿਸੇ ਵੀ ਉਚਾਈ ਨੂੰ ਛੂਹ ਸਕਦੀਆਂ ਹਨ, ਜੋ ਇਨ੍ਹਾਂ ਧੀਆਂ ਲਈ ਵੀ ਪ੍ਰੇਰਣਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਧੀਆਂ ਨੂੰ ਬਰਾਬਰ ਦੇ ਮੌਕੇ, ਸਿੱਖਿਆ ਅਤੇ ਆਪਣੇ ਫੈਸਲੇ ਖੁਦ ਲੈਣ ਦੀ ਆਜ਼ਾਦੀ ਦਿੱਤੀ ਜਾਵੇ, ਤਾਂ ਜੋ ਉਹ ਜੀਵਨ ਵਿਚ ਨਵੀਆਂ ਉਚਾਈਆਂ ਹਾਸਲ ਕਰ ਸਕਣ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਜ਼ਿਲ੍ਹੇ ਵਿਚ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਵਿੱਚੋਂ 40 ਆਂਗਣਵਾੜੀ ਵਰਕਰਾਂ ਅਤੇ ਪੰਜ ਸੁਪਰਵਾਈਜ਼ਰਾਂ ਨੂੰ ਸਨਮਾਨ ਪੱਤਰ ਦਿੱਤੇ। ਜਿਸ ਨਾਲ ਜ਼ਿਲੇ ਦੇ ਸਾਰੇ ਆਂਗਣਵਾੜੀ ਵਰਕਰਾਂ ਵਿਚ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਨੂੰ ਪੂਰਨ ਤੌਰ ਲਾਭਪਾਤਰੀਆਂ ਤੱਕ ਪਹੁੰਚਾਉਣ ਦੀ ਪ੍ਰੇਰਨਾ ਮਿਲੇਗੀ। ਇਸ ਮੌਕੇ ਭਾਈ ਵੀਰ ਸਿੰਘ ਬਿਰਧ ਘਰ ਦੇ ਵਾਸੀ ਬਜ਼ੁਰਗਾਂ ਲਈ ਅਟੱਲ ਵਾਯੂ ਅਬੂਦਇਆ ਯੋਜਨਾ ਤਹਿਤ ਪ੍ਰੀ ਅਸੈਸਮੈਂਟ ਚੈੱਕਅਪ ਸਕਰੀਨਿੰਗ ਕੈਂਪ ਲਗਾਇਆ ਗਿਆ। ਜਿਸ ਦਾ ਉਦੇਸ਼ ਸੀਨੀਅਰ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਨੂੰ ਸਿਹਤਮੰਦ, ਖੁਸ਼, ਸਸ਼ਕਤ ਅਤੇ ਸਨਮਾਨਜਨਕ ਜੀਵਨ ਜਿਊਣ ਦੇ ਯੋਗ ਬਣਾਉਣਾ ਹੈ। ਇਸ ਮੌਕੇ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ, ਸਖੀ ਵਨ ਸਟੋਪ ਸੈਂਟਰ ਐਡਮਿਨਿਸਟਰੇਟਰ ਅਤੇ ਭਾਈ ਵੀਰ ਸਿੰਘ ਬਿਰਧ ਘਰ ਦੇ ਮੈਂਬਰ ਇੰਚਾਰਜ ਰਵਿੰਦਰ ਸਿੰਘ, ਮਨਜੀਤ ਸਿੰਘ ਢਿੱਲੋਂ, ਆਤਮਬੀਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।