ਸਟਾਫ ਰਿਪੋਰਟਰ, ਤਰਨਤਾਰਨ : ਸੈਸ਼ਨ ਕੋਰਟ ਤਰਨਤਾਰਨ ਨੇ ਅੱਜ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ 38 ਸਾਲ ਪੁਰਾਣੇ ਡਾਕਟਰ ਸੁਦਰਸ਼ਨ ਤਰੇਹਨ ਕਤਲ ਕੇਸ 'ਚੋਂ ਬਰੀ ਕਰ ਦਿੱਤਾ ਹੈ। ਇਸ ਬਹੁ-ਚਰਚਿਤ ਕਤਲ ਕੇਸ 'ਚ ਲਗਪਗ ਸਵਾ ਦੋ ਸਾਲ ਪਹਿਲਾਂ ਵਲਟੋਹਾ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ। ਵਿਰਸਾ ਸਿੰਘ ਵਲਟੋਹਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਇਸ ਨੂੰ ਝੂਠ ਦੀ ਹਾਰ ਤੇ ਸੱਚ ਦੀ ਜਿੱਤ ਕਰਾਰ ਦਿੱਤਾ। ਵਲਟੋਹਾ ਨੇ ਅਦਾਲਤ ਦਾ ਵੀ ਧੰਨਵਾਦ ਕੀਤਾ।ਵਲਟੋਹਾ ਨੇ ਕਿਹਾ ਕਿ ਮੈਨੂੰ ਰਾਜਨੀਤਕ ਤੇ ਮਾਨਸਿਕ ਤੌਰ 'ਤੇ ਖ਼ਤਮ ਕਰਨ ਲਈ ਇਕ ਸਾਜਿਸ਼ ਤਹਿਤ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਮੇਰੇ ਖ਼ਿਲਾਫ਼ ਦੁਬਾਰਾ ਚਲਾਨ ਪੇਸ਼ ਕੀਤਾ ਗਿਆ ਜਦਕਿ ਇਸ ਕੇਸ 'ਚੋਂ ਸੈਸ਼ਨ ਕੋਰਟ ਅੰਮ੍ਰਿਤਸਰ ਨੇ ਉਨ੍ਹਾਂ ਨੂੰ 1991 'ਚ ਜ਼ਮਾਨਤ ਦੇ ਦਿੱਤੀ ਸੀ ਤੇ ਬਾਅਦ 'ਚ ਸਬੰਧਿਤ ਅਦਾਲਤ ਵੱਲੋਂ ਉਨ੍ਹਾਂ ਨੂੰ ਇਸ ਕੇਸ 'ਚੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਵਲਟੋਹਾ ਨੇ ਦੱਸਿਆ ਕਿ ਉਸ ਨੂੰ ਇਸ ਕੇਸ 'ਚ ਬਿਲਕੁੱਲ ਗਲਤ ਫਸਾਇਆ ਗਿਆ ਸੀ। ਵਲਟੋਹਾ ਨੇ ਉਨ੍ਹਾਂ ਧਿਰਾਂ ਦੀ ਵੀ ਨਿੰਦਾ ਕੀਤੀ ਜੋ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਤੇ ਸਿੱਖ ਨੌਜਵਾਨਾਂ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਵਿਰੁੱਧ ਲੜਣ ਦਾ ਦਾਅਵਾ ਤਾਂ ਕਰਦੀਆਂ ਰਹੀਆਂ ਹਨ ਪਰ ਅੱਜ ਸਰਕਾਰ ਪੱਖੀ ਰੋਲ ਨਿਭਾਅ ਰਹੀਆਂ ਹਨ। ਵਲਟੋਹਾ ਨੇ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਕਹਾਉਣ ਵਾਲਿਆਂ 'ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਹੋਈ ਇਸ ਜ਼ਿਆਦਤੀ 'ਤੇ ਕੋਈ ਵੀ ਪੰਥਕ ਧਿਰ ਜਾਂ ਪੰਥਕ ਆਗੂ ਨਹੀਂ ਬੋਲਿਆ। ਅੰਤ 'ਚ ਵਲਟੋਹਾ ਨੇ ਕਿਹਾ ਕਿ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ। ਵਲਟੋਹਾ ਨੇ ਆਪਣੇ ਵਕੀਲਾਂ ਐਡਵੋਕੇਟ ਜੇ.ਐਸ ਢਿੱਲੋਂ ਤੇ ਐਡਵੋਕੇਟ ਕੰਵਲਜੀਤ ਸਿੰਘ ਬਾਠ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਵਾਂਗ ਤਨਦੇਹੀ ਨਾਲ ਕੇਸ ਦੀ ਪੈਰਵੀ ਕੀਤੀ।

Posted By: Amita Verma