85 ਲੱਖ ਦਾ ਗਬਨ ਕਰਨ ਦੇ ਦੋਸ਼ ਹੇਠ ਪਿੰਡ ਚੋਹਲਾ ਸਾਹਿਬ ਦਾ ਸਰਪੰਚ ਮੁਅੱਤਲ, ਪੰਚਾਇਤ ਦੀ ਕਿਸੇ ਵੀ ਕਾਰਵਾਈ 'ਚ ਨਹੀਂ ਲੈ ਸਕੇਗਾ ਭਾਗ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਚੋਹਲਾ ਸਾਹਿਬ ਦੇ ਸਰਪੰਚ ਨੂੰ ਗਰਾਂਟਾਂ ਵਿੱਚੋਂ 85 ਲੱਖ ਦਾ ਗਬਨ ਕਰਨ ਅਤੇ ਰਿਕਾਰਡ ਨੂੰ ਖੁਰਦ ਬੁਰਦ ਕਰਨ ਦੇ ਕਥਿਤ ਦੋਸ਼ ਹੇਠ ਮੁਅਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਰੀ ਕੀਤੇ ਆਦੇਸ਼ਾਂ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਮੁਅਤਲ ਸਰਪੰਚ ਹੁਣ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਭਾਗ ਨਹੀਂ ਲੈ ਸਕੇਗਾ।
Publish Date: Fri, 09 Jan 2026 10:06 PM (IST)
Updated Date: Fri, 09 Jan 2026 10:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਚੋਹਲਾ ਸਾਹਿਬ ਦੇ ਸਰਪੰਚ ਨੂੰ ਗਰਾਂਟਾਂ ਵਿੱਚੋਂ 85 ਲੱਖ ਦਾ ਗਬਨ ਕਰਨ ਅਤੇ ਰਿਕਾਰਡ ਨੂੰ ਖੁਰਦ ਬੁਰਦ ਕਰਨ ਦੇ ਕਥਿਤ ਦੋਸ਼ ਹੇਠ ਮੁਅਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਰੀ ਕੀਤੇ ਆਦੇਸ਼ਾਂ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਮੁਅਤਲ ਸਰਪੰਚ ਹੁਣ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਭਾਗ ਨਹੀਂ ਲੈ ਸਕੇਗਾ।
ਡਿਪਟੀ ਕਮਿਸ਼ਨਰ ਦਫਤਰ ਵੱਲੋਂ ਜਾਰੀ ਹੋਏ ਆਦੇਸ਼ਾਂ ਮੁਤਾਬਿਕ ਪਿੰਡ ਚੋਹਲਾ ਸਾਹਿਬ ਨੂੰ 15ਵੇਂ ਵਿੱਤ ਕਮਿਸ਼ਨ ਅਤੇ ਐਮਪੀ ਲੈਂਡ ਸਕੀਮ ਤਹਿਤ ਸਾਲ 2022 ਤੋਂ ਹੁਣ ਤੱਕ 89 ਲੱਖ 50 ਹਜ਼ਾਰ 806 ਰੁਪਏ ਦੀ ਗਰਾਂਟ ਪ੍ਰਾਪਤ ਹੋਈ ਸੀ ਇਸ ਗਰਾਂਟ ਵਿੱਚੋਂ 86 ਲੱਖ 16 ਹਜਾਰ 717 ਰੁਪਏ ਕਢਵਾਏ ਗਏ ਅਤੇ ਹੁਣ 3 ਲੱਖ 34 ਹਜ਼ਾਰ 89 ਰੁਪਏ ਬਕਾਇਆ ਰਾਸ਼ੀ ਪੰਚਾਇਤ ਦੇ ਖਾਤੇ ਵਿਚ ਪਈ ਹੈ। ਸਰਪੰਚ ਕੇਵਲ ਕ੍ਰਿਸ਼ਨ ਅਤੇ ਪੰਚਾਇਤ ਸਕੱਤਰ ਜਸਪਾਲ ਸਿੰਘ ਵੱਲੋਂ ਗਰਾਂਟ ਖਰਚ ਕਰਨ ਤੋਂ ਪਹਿਲਾਂ ਕੋਈ ਤਕਨੀਕੀ ਪ੍ਰਵਾਨਗੀ ਨਹੀਂ ਲਈ ਗਈ ਅਤੇ ਪੰਚਾਇਤ ਸਕੱਤਰ ਵੱਲੋਂ ਇਹ ਵੀ ਲਿਖਤ ਮੰਨਿਆ ਗਿਆ ਹੈ ਕਿ ਗ੍ਰਾਮ ਪੰਚਾਇਤ ਵਿੱਚ ਸਿਰਫ 10 ਲੱਖ ਰੁਪਏ ਦਾ ਕੰਮ ਹੋਇਆ ਹੈ। ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਜਾਰੀ ਕੀਤੇ ਗਏ ਉਕਤ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਬਾਰ-ਬਾਰ ਰਿਕਾਰਡ ਤਲਬ ਕਰਨ ਦੇ ਬਾਵਜੂਦ ਸਰਪੰਚ ਅਤੇ ਪੰਚਾਇਤ ਸਕੱਤਰ ਰਿਕਾਰਡ ਪੇਸ਼ ਨਹੀਂ ਕਰ ਸਕੇ। ਜਿਸ ਦੇ ਚਲਦਿਆਂ ਇਹ ਸਪਸ਼ਟ ਹੁੰਦਾ ਹੈ ਕਿ ਗ੍ਰਾਮ ਪੰਚਾਇਤ ਵਿਚ ਸਿਰਫ 10 ਲੱਖ ਰੁਪਏ ਦਾ ਹੀ ਕੰਮ ਹੋਇਆ ਹੈ ਅਤੇ 85 ਲੱਖ 16 ਹਜਾਰ 717 ਰੁਪਏ ਦਾ ਕੰਮ ਪੰਚਾਇਤ ਦੇ ਖਾਤੇ ਵਿੱਚੋਂ ਗਰਾਂਟ ਕਢਵਾਉਣ ਉਪਰੰਤ ਨਹੀਂ ਕੀਤਾ ਗਿਆ ਅਤੇ ਰਿਕਾਰਡ ਨੂੰ ਵੀ ਖੁਰਦ ਬੁਰਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸਰਪੰਚ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਇਆ। ਜਿਸ ਦੇ ਚਲਦਿਆਂ ਪੰਚਾਇਤੀ ਰਾਜ ਐਕਟ ਦੇ ਤਹਿਤ ਕਾਰਵਾਈ ਕਰਦਿਆਂ ਸਰਪੰਚ ਕੇਵਲ ਕ੍ਰਿਸ਼ਨ ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਭਾਗ ਨਹੀਂ ਲੈ ਸਕੇਗਾ।